ਸ਼੍ਰੀ ਦਸਮ ਗ੍ਰੰਥ

ਅੰਗ - 305


ਸੰਗ ਸਖਾ ਲੈ ਕਪਿ ਸਭੈ ਆਏ ਸੈਨ ਬਨਾਇ ॥੧੪੦॥

ਬਾਲਕਾਂ ਅਤੇ ਬੰਦਰਾਂ ਨੂੰ ਨਾਲ ਲੈ ਕੇ, ਸੈਨਾ ਬਣਾ ਕੇ ਘਰ ਪਰਤੇ ॥੧੪੦॥

ਪਾਥਰ ਕੋ ਗਹਿ ਕੈ ਕਰੈ ਦੀਨੋ ਮਟੁ ਸੁ ਭਗਾਇ ॥

ਵਟਿਆਂ ਨੂੰ ਹੱਥ ਵਿਚ ਫੜ ਕੇ ਮਟ ਨੂੰ ਭੰਨ ਦਿੱਤਾ

ਖੀਰ ਦਸੋ ਦਿਸ ਬਹਿ ਚਲਿਯੋ ਅਉ ਪੀਨੋ ਹਰਿ ਧਾਇ ॥੧੪੧॥

ਅਤੇ ਦੁੱਧ ਹਰ ਪਾਸੇ ਵਹਿ ਚਲਿਆ ਅਤੇ ਬੰਦਰ ('ਹਰਿ') (ਉਸ ਨੂੰ) ਪੀਣ ਲਈ ਭਜ ਪਏ ॥੧੪੧॥

ਸਵੈਯਾ ॥

ਸਵੈਯਾ:

ਸੈਨ ਬਨਾਇ ਭਲੋ ਹਰਿ ਜੀ ਜਸੁਦਾ ਦਧਿ ਕੋ ਮਿਲਿ ਲੂਟਨ ਲਾਏ ॥

ਸ੍ਰੀ ਕ੍ਰਿਸ਼ਨ (ਬਾਲਕਾਂ ਅਤੇ ਬੰਦਰਾਂ ਦੀ) ਚੰਗੀ ਫੌਜ ਬਣਾ ਕੇ ਜਸੋਧਾ ਦੇ ਦਹੀ ਨੂੰ ਮਿਲ ਕੇ ਲੁੱਟਣ ਲਗ ਗਏ।

ਹਾਥਨ ਮੈ ਗਹਿ ਕੈ ਸਭ ਬਾਸਨ ਕੈ ਬਲ ਕੋ ਚਹੂੰ ਓਰਿ ਬਗਾਏ ॥

ਹੱਥਾਂ ਵਿਚ ਸਾਰੇ ਬਰਤਨ ਫੜ ਕੇ ਜ਼ੋਰ ਨਾਲ ਚੌਹਾਂ ਪਾਸੇ ਵਗਾ ਮਾਰੇ।

ਫੂਟ ਗਏ ਵਹ ਫੈਲ ਪਰਿਓ ਦਧਿ ਭਾਵ ਇਹੈ ਕਬਿ ਕੇ ਮਨਿ ਆਏ ॥

(ਜਿਸ ਕਰ ਕੇ) ਬਰਤਨ ਫੁਟ ਗਏ ਅਤੇ (ਉਨ੍ਹਾਂ ਵਿਚਲਾ) ਦਹੀ ਖਿਲਰ ਗਿਆ। ਇਸ ਦਾ ਭਾਵ ਕਵੀ ਦੇ ਮਨ ਵਿਚ (ਇੰਜ) ਆਇਆ

ਕੰਸ ਕੋ ਮੀਝ ਨਿਕਾਰਨ ਕੋ ਅਗੂਆ ਜਨੁ ਆਗਮ ਕਾਨ੍ਰਹ ਜਨਾਏ ॥੧੪੨॥

ਮਾਨੋ ਕੰਸ ਦੀ ਮਿਝ ਕਢਣ ਦਾ ਅਗਾਊਂ ਸੰਕੇਤ ਸ੍ਰੀ ਕ੍ਰਿਸ਼ਨ ਨੇ ਜਣਾ ਦਿੱਤਾ ਹੋਵੇ ॥੧੪੨॥

ਫੋਰ ਦਏ ਤਿਨ ਜੋ ਸਭ ਬਾਸਨ ਕ੍ਰੋਧ ਭਰੀ ਜਸੁਦਾ ਤਬ ਧਾਈ ॥

ਉਨ੍ਹਾਂ ਨੇ (ਜਦ) ਸਾਰੇ ਬਰਤਨ ਤੋੜ ਦਿੱਤੇ (ਤਦ) ਗੁੱਸੇ ਨਾਲ ਭਰੀ ਜਸੋਧਾ ਉਨ੍ਹਾਂ (ਨੂੰ ਪਕੜਨ ਲਈ ਪਿਛੇ) ਦੌੜੀ।

ਫਾਧਿ ਚੜੇ ਕਪਿ ਰੂਖਨ ਰੂਖਨ ਗ੍ਵਾਰਨ ਗ੍ਵਾਰਨ ਸੈਨ ਭਗਾਈ ॥

ਬੰਦਰ ਛਾਲਾਂ ਮਾਰ ਕੇ ਦਰਖਤੋ ਦਰਖਤ ਚੜ੍ਹ ਕੇ ਖਿਸਕ ਗਏ ਅਤੇ ਗਵਾਲ ਬਾਲਕਾਂ ਦੀ ਸੈਨਾ ਵੀ (ਸੰਕੇਤ ਨਾਲ ਸ੍ਰੀ ਕ੍ਰਿਸ਼ਨ ਨੇ) ਭਜਾ ਦਿੱਤੀ।

ਦਉਰਤ ਦਉਰਿ ਤਬੈ ਹਰਿ ਜੀ ਬਸੁਧਾ ਪਰਿ ਆਪਨੀ ਮਾਤ ਹਰਾਈ ॥

ਸ੍ਰੀ ਕ੍ਰਿਸ਼ਨ ਵੀ ਦੌੜੇ ਅਤੇ ਦੌੜ ਦੌੜ ਕੇ (ਉਨ੍ਹਾਂ ਨੇ) ਆਪਣੀ ਮਾਤਾ (ਜਸੋਧਾ) ਨੂੰ ਹਰਾ ਦਿੱਤਾ (ਭਾਵ ਥੱਕਾ ਦਿੱਤਾ)।

ਸ੍ਯਾਮ ਕਹੈ ਫਿਰ ਕੈ ਬ੍ਰਿਜ ਕੈ ਪਤਿ ਊਖਲ ਸੋ ਫੁਨਿ ਦੇਹਿ ਬੰਧਾਈ ॥੧੪੩॥

ਸ਼ਿਆਮ ਕਵੀ ਕਹਿੰਦੇ ਹਨ, ਫਿਰ ਸ੍ਰੀ ਕ੍ਰਿਸ਼ਨ ਨੇ (ਆਪਣੀ) ਦੇਹ ਉਖਲ (ਚਾਵਲ ਛੱਟਣ ਵਾਲਾ ਚੱਟੂ) ਨਾਲ ਬੰਨ੍ਹਵਾ ਦਿੱਤੀ ॥੧੪੩॥

ਦਉਰਿ ਗਹੇ ਹਰਿ ਜੀ ਜਸੁਦਾ ਜਬ ਬਾਧਿ ਰਹੀ ਰਸੀਆ ਨਹੀ ਮਾਵੈ ॥

ਜਦ ਜਸੋਧਾ ਨੇ ਭਜ ਕੇ ਸ੍ਰੀ ਕ੍ਰਿਸ਼ਨ ਨੂੰ ਪਕੜ ਲਿਆ ਤਾਂ ਬੰਨ੍ਹਣ ਲਗੀ, ਪਰ ਰੱਸੀ ਹੀ ਪੂਰੀ ਨਾ ਹੋਈ।

ਕੈ ਇਕਠੀ ਬ੍ਰਿਜ ਕੀ ਰਸੀਆ ਸਭ ਜੋਰਿ ਰਹੀ ਕਛੁ ਥਾਹਿ ਨ ਪਾਵੈ ॥

ਬ੍ਰਜ ਦੀਆਂ ਸਾਰੀਆਂ ਰੱਸੀਆਂ (ਉਸ ਨੇ) ਇਕੱਠੀਆਂ ਕਰ ਲਈਆਂ, ਪਰ (ਬੰਨ੍ਹੇ ਜਾਣ ਦੀ) ਕੁਝ ਥਹੁ ਨਾ ਮਿਲੀ (ਅਰਥਾਤ ਕ੍ਰਿਸ਼ਨ ਬੰਨ੍ਹੇ ਨਾ ਜਾ ਸਕੇ)।

ਫੇਰਿ ਬੰਧਾਇ ਭਏ ਬ੍ਰਿਜ ਕੇ ਪਤਿ ਊਖਲ ਸੋ ਧਰਿ ਊਪਰ ਧਾਵੈ ॥

ਫਿਰ ਸ੍ਰੀ ਕ੍ਰਿਸ਼ਨ ਨੇ (ਆਪਣੇ ਆਪ ਨੂੰ) ਉਖਲ ਨਾਲ ਬੰਨ੍ਹਵਾ ਲਿਆ ਅਤੇ ਧਰਤੀ ਉਤੇ (ਇਧਰ ਉਧਰ) ਭਜਣ ਲਗੇ।

ਸਾਧ ਉਧਾਰਨ ਕੋ ਜੁਮਲਾਰਜੁਨ ਤਾਹਿਾਂ ਨਿਮਿਤ ਕਿਧੋ ਵਹ ਜਾਵੈ ॥੧੪੪॥

(ਇੰਜ ਪ੍ਰਤੀਤ ਹੁੰਦਾ ਹੈ) ਸ਼ਾਇਦ (ਨਲ ਅਤੇ ਕੂਵਰ ਨਾਂ ਦੇ ਦੋ) ਸਾਧਾਂ ਦੇ ਉੱਧਾਰ ਲਈ ਜਮਲਾਰਜਨ (ਕਊ ਦੇ ਜੋੜੇ ਬ੍ਰਿਛ) ਵਲ ਜਾ ਰਹੇ ਹੋਣ ॥੧੪੪॥

ਦੋਹਰਾ ॥

ਦੋਹਰਾ:

ਘੀਸਤਿ ਘੀਸਤਿ ਉਖਲਹਿ ਕਾਨ੍ਰਹ ਉਧਾਰਤ ਸਾਧ ॥

ਉਖਲ ਨੂੰ ਘਸੀਟਦੇ ਘਸੀਟਦੇ ਸ੍ਰੀ ਕ੍ਰਿਸ਼ਨ (ਨਲ ਅਤੇ ਕੂਵਰ ਨਾਂ ਦੇ ਦੋ) ਸਾਧਾਂ ਦਾ ਉੱਧਾਰ ਕਰਦੇ ਹਨ

ਨਿਕਟਿ ਤਬੈ ਤਿਨ ਕੇ ਗਏ ਜਾਨਨਹਾਰ ਅਗਾਧ ॥੧੪੫॥

ਅਤੇ (ਇਸੇ ਲਈ) ਅਗਾਧ ਨੂੰ ਜਾਣਨ ਵਾਲੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਨੇੜੇ ਚਲੇ ਗਏ ਹਨ ॥੧੪੫॥

ਸਵੈਯਾ ॥

ਸਵੈਯਾ:

ਊਖਲ ਕਾਨ੍ਰਹ ਅਰਾਇ ਕਿਧੌ ਬਲ ਕੈ ਤਨ ਕੋ ਤਰੁ ਤੋਰ ਦਏ ਹੈ ॥

(ਜਮਲਾਰਜਨ ਦੇ ਵਿਚਕਾਰ) ਉਖਲ ਨੂੰ ਅੜਾ ਕੇ ਅਤੇ ਸ਼ਰੀਰ ਦੇ ਬਲ ਨਾਲ ਦੋਹਾਂ ਬ੍ਰਿਛਾਂ ਨੂੰ ਸ੍ਰੀ ਕ੍ਰਿਸ਼ਨ ਨੇ ਤੋੜ ਦਿੱਤਾ ਹੈ।

ਤਉ ਨਿਕਸੇ ਤਿਨ ਤੇ ਜੁਮਲਾਰਜਨ ਕੈ ਬਿਨਤੀ ਸੁਰ ਲੋਕ ਗਏ ਹੈ ॥

ਤਦੋਂ ਉਸ ਜੋੜੇ ਕਊ ਬ੍ਰਿਛ ਵਿਚੋਂ ਨਲ ਅਤੇ ਕੂਵਰ ਨਿਕਲੇ ਹਨ ਅਤੇ ਬੇਨਤੀ ਕਰ ਕੇ ਸੁਅਰਗ ਨੂੰ ਚਲੇ ਗਏ ਹਨ।

ਤਾ ਛਬਿ ਕੋ ਜਸੁ ਉਚ ਮਹਾ ਕਬਿ ਕੇ ਮਨ ਮੈ ਇਹ ਭਾਤਿ ਭਏ ਹੈ ॥

ਉਸ ਘਟਨਾ ਦੀ ਸ਼ੋਭਾ ਦਾ ਸ੍ਰੇਸ਼ਠ ਅਤੇ ਮਹਾਨ ਯਸ਼ ਕਵੀ ਦੇ ਮਨ ਵਿਚ ਇਸ ਤਰ੍ਹਾਂ (ਅਨੁਭਵ) ਹੋਇਆ ਹੈ,

ਨਾਗਨ ਕੇ ਪੁਰਿ ਤੇ ਮਧੁ ਕੇ ਮਟ ਕੈ ਮਤਿ ਕੀ ਲਜੁ ਐਚ ਲਏ ਹੈ ॥੧੪੬॥

ਮਾਨੋ ਨਾਗਾਂ ਦੇ ਸ਼ਹਿਰ ਵਿਚੋਂ ਅੰਮ੍ਰਿਤ ਦੇ ਮਟ ਨੂੰ (ਇੰਦਰ ਨੇ) ਮੰਤ੍ਰ ਦੀ ਰੱਸੀ ਨਾਲ ਖਿਚ ਲਿਆ ਹੋਵੇ ॥੧੪੬॥

ਕਉਤਕ ਦੇਖਿ ਸਭੈ ਬ੍ਰਿਜ ਕੇ ਜਨ ਜਾਇ ਤਬੈ ਜਸੁਦਾ ਪਹਿ ਆਖੀ ॥

(ਉਸ) ਕੌਤਕ ਨੂੰ ਵੇਖ ਕੇ, ਬ੍ਰਜ-ਭੂਮੀ ਦੇ ਸਾਰਿਆਂ ਲੋਕਾਂ ਨੇ ਜਸੋਧਾ ਕੋਲ ਜਾ ਕੇ (ਸਾਰੀ ਗੱਲ) ਕਹੀ

ਤੋਰ ਦਏ ਤਨ ਕੋ ਬਲ ਕੈ ਤਰ ਭਾਤਿ ਭਲੀ ਹਰਿ ਕੀ ਸੁਭ ਸਾਖੀ ॥

ਕਿ (ਸ੍ਰੀ ਕ੍ਰਿਸ਼ਨ ਨੇ) ਸ਼ਰੀਰ ਦੇ ਬਲ ਨਾਲ (ਜਮਲਾਰਜਨ) ਬ੍ਰਿਛ ਨੂੰ ਤੋੜ ਦਿੱਤਾ ਹੈ। ਇਹ ਸਾਰੀ ਸ਼ੁਭ ਵਾਰਤਾ ਚੰਗੀ ਤਰ੍ਹਾਂ ਦਸ ਦਿੱਤੀ।

ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ ਅਪੁਨੇ ਮੁਖ ਤੇ ਇਮ ਭਾਖੀ ॥

ਉਸ ਦ੍ਰਿਸ਼ ਦੀ ਅਤਿ ਅਧਿਕ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਈ

ਫੇਰਿ ਕਹੀ ਭਹਰਾਇ ਤਿਤੈ ਉਡੇ ਜਿਉ ਧਰ ਤੇ ਉਡ ਜਾਤ ਹੈ ਮਾਖੀ ॥੧੪੭॥

ਕਿ ਧਰਤੀ ਤੋਂ ਉਡ ਕੇ ਜਾਣ ਵਾਲੀ ਮੱਖੀ ਵਾਂਗ (ਸਾਰੇ ਲੋਕ) ਫਿਰ ਭਿਣਭਿਣਾ ਕੇ (ਇਹ ਘਟਨਾ) ਦਸਣ ਲਈ ਆ ਗਏ ਹਨ ॥੧੪੭॥

ਦੂਤਨ ਕੇ ਬਧ ਕੋ ਸਿਵ ਮੂਰਤਿ ਹੈ ਨਿਜ ਸੋ ਕਰਤਾ ਸੁਖ ਦਇਯਾ ॥

ਯਮਦੂਤਾਂ ਨੂੰ ਮਾਰਨ ਲਈ ਜੋ ਸ਼ਿਵ-ਰੂਪ ਹੈ ਅਤੇ ਆਪਣੇ ਵਰਗਾ ਕਰ ਕੇ ਸੁਖ ਦੇਣ ਵਾਲਾ ਹੈ

ਲੋਗਨ ਕੋ ਬਰਤਾ ਹਰਤਾ ਦੁਖ ਹੈ ਕਰਤਾ ਮੁਸਲੀਧਰ ਭਇਯਾ ॥

ਅਤੇ ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁੱਖਾਂ ਨੂੰ ਹਰਨ ਵਾਲਾ ਹੈ ਅਤੇ ਬਲਭਦਰ ਦਾ ਭਰਾ ਹੈ,

ਡਾਰ ਦਈ ਮਮਤਾ ਹਰਿ ਜੀ ਤਬ ਬੋਲ ਉਠੀ ਇਹ ਹੈ ਮਮ ਜਾਇਯਾ ॥

(ਉਸ) ਸ੍ਰੀ ਕ੍ਰਿਸ਼ਨ ਨੇ (ਜਸੋਧਾ ਉਤੇ ਮਮਤਾ ਦੀ ਭਾਵਨਾ) ਪਸਾਰ ਦਿੱਤੀ ਅਤੇ ਉਹ ਕਹਿਣ ਲਗੀ ਕਿ ਇਹ ਮੇਰਾ ਪੁੱਤਰ ਹੈ।

ਖੇਲ ਬਨਾਇ ਦਯੋ ਹਮ ਕੋ ਬਿਧਿ ਜੋ ਜਨਮ੍ਯੋ ਗ੍ਰਿਹਿ ਪੂਤ ਕਨਇਯਾ ॥੧੪੮॥

(ਅਸਲੋਂ) ਵਿਧਾਤਾ ਨੇ ਲੀਲ੍ਹਾ ਰਚ ਕੇ ਕਨ੍ਹੀਆ ਨੂੰ ਸਾਡੇ ਘਰ ਪੁੱਤਰ ਰੂਪ ਵਿਚ ਜਨਮ ਦਿੱਤਾ ਹੈ ॥੧੪੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਤਰੁ ਤੋਰ ਜਮਲਾਰਜਨ ਉਧਾਰਬੋ ਬਰਨਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਤਰੁ ਤੋਰ ਜਮਲਾਰਜਨ ਉਧਾਰ ਪ੍ਰਸੰਗ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਤੋਰਿ ਦਏ ਤਰੁ ਜੋ ਤਿਹ ਹੀ ਤਬ ਗੋਪਨ ਬੂਢਨ ਮੰਤ੍ਰ ਬਿਚਾਰੋ ॥

ਜੋ (ਜਮਲਾਰਜਨ) ਬ੍ਰਿਛ ਤੋੜੇ ਸਨ, ਉਸ ਥਾਂ ਤੇ ਬਜ਼ੁਰਗ ਗਵਾਲਿਆਂ ਨੇ (ਬੈਠ ਕੇ) ਇਹ ਸਲਾਹ-ਮਸ਼ਵਰਾ ਕੀਤਾ

ਗੋਕੁਲ ਕੋ ਤਜੀਐ ਚਲੀਐ ਬ੍ਰਿਜ ਹ੍ਵੈ ਈਹਾ ਭਾਵ ਤੇ ਭਾਵਨ ਭਾਰੋ ॥

ਕਿ ਗੋਕੁਲ ਨੂੰ ਛਡ ਕੇ ਬ੍ਰਜ-ਭੂਮੀ ਨੂੰ ਚਲੇ ਜਾਈਏ (ਕਿਉਂਕਿ) ਇਥੇ ਭਾਵੀ ਵਲੋਂ ਭਾਰੇ ਭਾਣੇ ਵਰਤਣ ਲਗ ਗਏ ਹਨ।

ਬਾਤ ਸੁਨੀ ਜਸੁਦਾ ਅਰੁ ਨੰਦਹਿ ਬ੍ਯੋਤ ਭਲੋ ਮਨ ਮਧਿ ਬਿਚਾਰੋ ॥

(ਜਦੋਂ) ਇਹ ਗੱਲ ਜਸੋਧਾ ਅਤੇ ਨੰਦ ਨੇ ਸੁਣੀ (ਤਾਂ ਉਨ੍ਹਾਂ ਨੇ ਵੀ) ਮਨ ਵਿਚ ਵਿਚਾਰਿਆ ਕਿ ਇਹ ਵਿਉਂਤ ਚੰਗੀ ਹੈ।

ਅਉਰ ਭਲੀ ਇਹ ਤੇ ਨ ਕਛੂ ਜਿਹ ਤੇ ਸੁ ਬਚੇ ਸੁਤ ਸ੍ਯਾਮ ਹਮਾਰੋ ॥੧੪੯॥

ਇਸ ਤੋਂ ਹੋਰ ਚੰਗੀ ਗੱਲ ਕੋਈ ਨਹੀਂ ਜਿਸ ਕਰ ਕੇ ਸਾਡਾ ਕਾਨ੍ਹ ਸੁਰਖਿਅਤ ਰਹਿ ਸਕੇ ॥੧੪੯॥

ਘਾਸਿ ਭਲੋ ਦ੍ਰੁਮ ਛਾਹ ਭਲੀ ਜਮੁਨਾ ਢਿਗ ਹੈ ਨਗ ਹੈ ਤਟਿ ਜਾ ਕੇ ॥

(ਬ੍ਰਜ-ਭੂਮੀ ਵਿਚ) ਘਾਹ ਚੰਗਾ ਹੈ, ਬ੍ਰਿਛਾਂ ਦੀ ਛਾਂ ਸੁਹਾਵਣੀ ਹੈ, ਜਮਨਾ ਨਦੀ ਨੇੜੇ ਹੈ ਅਤੇ ਜਿਸ ਦੇ ਕੰਢੇ ਉਤੇ ਪਹਾੜ ਹਨ

ਕੋਟਿ ਝਰੈ ਝਰਨਾ ਤਿਹ ਤੇ ਜਗ ਮੈ ਸਮਤੁਲਿ ਨਹੀ ਕਛੁ ਤਾ ਕੇ ॥

ਜਿਨ੍ਹਾਂ ਵਿਚੋਂ ਕਰੋੜਾਂ ਝਰਨੇ ਝਰ ਰਹੇ ਹਨ ਅਤੇ ਜਿਸ (ਬ੍ਰਜ-ਭੂਮੀ) ਦੇ ਬਰਾਬਰ ਸੰਸਾਰ ਵਿਚ ਹੋਰ ਕੋਈ ਨਹੀਂ ਹੈ।

ਬੋਲਤ ਹੈ ਪਿਕ ਕੋਕਿਲ ਮੋਰ ਕਿਧੌ ਘਨ ਮੈ ਚਹੁੰ ਓਰਨ ਵਾ ਕੇ ॥

ਉਸ ਦੇ ਚੌਹਾਂ ਪਾਸੇ ਬਰਖਾ ਰੁਤ ਵਿਚ ਕੋਇਲ, ਹਰੀਅਲ ਅਤੇ ਮੋਰ ਬੋਲਦੇ ਹਨ।

ਬੇਗ ਚਲੋ ਤੁਮ ਗੋਕੁਲ ਕੋ ਤਜਿ ਪੁੰਨ ਹਜਾਰ ਅਬੈ ਤੁਮ ਗਾ ਕੇ ॥੧੫੦॥

ਤੁਸੀਂ ਗੋਕੁਲ ਨੂੰ ਛਡ ਕੇ ਛੇਤੀ ਨਾਲ ਤੁਰ ਚਲੋ (ਕਿਉਂਕਿ) ਹੁਣ ਤੁਹਾਡੇ ਪਿੰਡ ਦੇ ਹਜ਼ਾਰਾਂ ਪੁੰਨ (ਜਾਗੇ ਹਨ) ॥੧੫੦॥

ਦੋਹਰਾ ॥

ਦੋਹਰਾ:

ਨੰਦ ਸਭੈ ਗੋਪਨ ਸਨੈ ਬਾਤ ਕਹੀ ਇਹ ਠਉਰ ॥

ਨੰਦ ਨੇ (ਉਸ) ਸਥਾਨ ਤੇ ਸਾਰਿਆਂ ਗਵਾਲਿਆਂ ਨੂੰ ਮਿਲ ਕੇ ਇਹ ਗੱਲ ਕਹੀ

ਤਜਿ ਗੋਕੁਲ ਬ੍ਰਿਜ ਕੋ ਚਲੇ ਇਹ ਤੇ ਭਲੀ ਨ ਅਉਰ ॥੧੫੧॥

ਕਿ ਗੋਕੁਲ ਨੂੰ ਛਡ ਕੇ ਬ੍ਰਜ-ਭੂਮੀ ਨੂੰ ਚਲੇ ਜਾਈਏ। (ਕਿਉਂਕਿ) ਇਸ ਤੋਂ ਚੰਗੀ ਹੋਰ (ਕੋਈ ਗੱਲ) ਨਹੀਂ ॥੧੫੧॥

ਲਟਪਟ ਬਾਧੇ ਉਠਿ ਚਲੇ ਆਏ ਜਬ ਬ੍ਰਿਜਿ ਹੀਰ ॥

ਸਾਰਾ ਸਾਮਾਨ ਬੰਨ੍ਹ ਕੇ (ਗੋਕੁਲ ਤੋਂ) ਉਠ ਕੇ ਜਦੋਂ (ਸਾਰੇ) ਗਵਾਲੇ ਬ੍ਰਜ ਵਿਚ ਆ ਗਏ

ਦੇਖਿਓ ਅਪਨੇ ਨੈਨ ਭਰਿ ਬਹਿਤੋ ਜਮੁਨਾ ਤੀਰ ॥੧੫੨॥

(ਤਾਂ ਉਨ੍ਹਾਂ ਨੇ) ਆਪਣੀਆਂ ਅੱਖਾਂ ਨਾਲ ਜਮਨਾ ਦਾ ਜਲ ਵਗਦਾ ਹੋਇਆ ਵੇਖ ਲਿਆ ॥੧੫੨॥

ਸਵੈਯਾ ॥

ਸਵੈਯਾ: