ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਮੈਂ) ਸਭ ਤੋਂ ਪਹਿਲਾਂ ਓਅੰਕਾਰ ਸਰੂਪ ਨੂੰ ਪ੍ਰਨਾਮ ਕਰਦਾ ਹਾਂ
(ਜਿਸ ਨੇ) ਜਲ, ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ।
ਉਹ ਆਦਿ ਪੁਰਖ, ਦੇਹ-ਰਹਿਤ ਅਤੇ ਅਵਿਨਾਸ਼ੀ ਹੈ
ਅਤੇ ਚੌਦਾਂ ਲੋਕਾਂ ਨੂੰ (ਉਸ ਨੇ ਆਪਣੀ) ਜੋਤਿ ਨਾਲ ਪ੍ਰਕਾਸ਼ਮਾਨ ਕਰ ਰਖਿਆ ਹੈ ॥੧॥
ਜੋ ਹਾਥੀ ਤੋਂ ਲੈ ਕੇ ਕੀੜੇ ਤਕ (ਸਭ ਵਿਚ) ਸਮਾਇਆ ਹੋਇਆ ਹੈ
ਅਤੇ ਰਾਜੇ ਤੇ ਭਿਖਾਰੀ ਨੂੰ ਇਕ-ਸਮਾਨ ਸਮਝਦਾ ਹੈ,
ਉਹ ਦ੍ਵੈਤ-ਰਹਿਤ, ਅਦ੍ਰਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ
ਅਤੇ ਹਰ ਇਕ ਦੇ ਦਿਲ ਦੀਆਂ ਜਾਣਨ ਵਾਲਾ ਹੈ ॥੨॥
ਉਹ ਦਿਸਣ ਤੋਂ ਪਰੇ, ਨਾ ਨਸ਼ਟ ਹੋਣ ਵਾਲਾ ਅਤੇ ਭੇਖਾਂ ਤੋਂ ਰਹਿਤ ਹੈ,
ਉਸ ਦਾ ਕਿਸੇ ਪ੍ਰਤਿ ਮੋਹ (ਨਹੀਂ ਹੈ, ਉਸ ਦਾ) ਰੰਗ ਰੂਪ ਜਾਂ ਰੇਖਾ ਨਹੀਂ ਹੈ,
ਉਹ ਵਰਨ, ਚਿੰਨ੍ਹ (ਆਦਿ) ਸਭ ਤੋਂ ਨਿਆਰਾ ਹੈ;
ਉਹ ਆਦਿ ਪੁਰਖ, ਅਦ੍ਵੈਤ-ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ ॥੩॥
ਜਿਸ ਦੇ ਵਰਨ, ਚਿੰਨ੍ਹ, ਜਾਤਿ ਅਤੇ ਬਰਾਦਰੀ ਨਹੀਂ ਹੈ,
ਜਿਸ ਦੇ ਵੈਰੀ, ਮਿਤਰ, ਮਾਤਾ ਅਤੇ ਪਿਤਾ ਨਹੀਂ ਹਨ,
ਜੋ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ,
ਜਿਸ ਦਾ ਜਲ, ਥਲ ਅਤੇ ਆਕਾਸ਼ ਵਿਚ ਨਿਵਾਸ ਹੈ ॥੪॥
ਉਸ ਦਾ ਸਰੂਪ ਸੀਮਾ-ਰਹਿਤ (ਅਪਰ ਅਪਾਰ) ਅਤੇ ਉਸ ਦੀ ਬਾਣੀ ਬਿਨਾ ਕਿਸੇ ਆਘਾਤ ਤੋਂ ਪੈਦਾ ਹੋਣ ਵਾਲੀ ਹੈ।
ਉਸ ਦੇ ਚਰਨਾਂ ਦੀ ਓਟ ਵਿਚ ਮਾਇਆ ('ਭਵਾਨੀ') ਵਸਦੀ ਹੈ।
ਬ੍ਰਹਮਾ ਅਤੇ ਵਿਸ਼ਣੂ ਨੇ ਉਸ ਦਾ ਅੰਤ ਨਹੀਂ ਪਾਇਆ
ਸਗੋਂ (ਬ੍ਰਹਮਾ ਨੇ ਆਪਣੇ) ਚੌਹਾਂ ਮੁੱਖਾਂ ਤੋਂ ਉਸ ਨੂੰ ਬੇਅੰਤ ਬੇਅੰਤ (ਨੇਤਿ ਨੇਤਿ) ਕਿਹਾ ਹੈ ॥੫॥
ਉਸ ਨੇ ਕਰੋੜਾਂ ਇੰਦਰ ਅਤੇ ਉਪਇੰਦਰ (ਵਾਮਨ ਅਵਤਾਰ) ਪੈਦਾ ਕੀਤੇ ਹਨ,
ਉਸ ਨੇ ਬ੍ਰਹਮਾ, ਰੁਦ੍ਰ (ਸ਼ਿਵ) ਨੂੰ ਸਿਰਜਿਆ ਅਤੇ ਸੰਘਾਰਿਆ ਹੈ;
ਉਸ ਨੇ ਚੌਦਾਂ ਲੋਕਾਂ ਦੀ ਖੇਡ ਰਚੀ ਹੋਈ ਹੈ
ਅਤੇ ਫਿਰ ਆਪਣੇ ਵਿਚ ਹੀ ਉਸ ਨੂੰ ਸਮੇਟ ਲੈਂਦਾ ਹੈ ॥੬॥
ਉਸ ਨੇ ਬੇਅੰਤ ਦੈਂਤ, ਦੇਵਤੇ, ਸ਼ੇਸ਼ਨਾਗ,
ਗੰਧਰਬ ਅਤੇ ਸ਼ੁਭ ਆਚਾਰ ਵਾਲੇ ਯਕਸ਼ਾਂ ਦੀ ਰਚਨਾ ਕੀਤੀ;
ਭੂਤ, ਭਵਿਸ਼ ਅਤੇ ਵਰਤਮਾਨ (ਦੀਆਂ ਘਟਨਾਵਾਂ) ਦੀ ਕਥਾ ਕਹਾਣੀ ਵੀ ਉਹ ਆਪ ਹੀ ਹੈ;
ਉਹ ਹਰ ਇਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ ਹੈ ॥੭॥
ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਉਸ ਦੀ ਕੋਈ ਜਾਤਿ ਹੈ ਅਤੇ ਨਾ ਹੀ ਬਰਾਦਰੀ;
ਉਹ ਕਿਸੇ ਇਕ ਨਾਲ (ਵਿਸ਼ੇਸ਼ ਰੂਪ ਵਿਚ) ਸੰਬੰਧਿਤ ਨਹੀਂ ਹੈ।
ਉਹ ਸਭ ਦੀਆਂ ਜੋਤਾਂ ਵਿਚ ਸਮਾਇਆ ਹੋਇਆ ਹੈ;
(ਮੈਂ) ਉਸ ਨੂੰ ਸਭ ਵਿਚ ਅਤੇ ਸਾਰੀਆਂ ਥਾਂਵਾਂ ਵਿਚ (ਵਸਦਾ ਹੋਇਆ) ਪਛਾਣਿਆ ਹੈ ॥੮॥
ਉਹ ਕਾਲ (ਮ੍ਰਿਤੂ) ਤੋਂ ਪਰੇ ਅਤੇ ਉਸ ਦਾ ਸਰੂਪ ਕਾਲ (ਦੀਆਂ ਸੀਮਾਵਾਂ) ਤੋਂ ਮੁਕਤ ਹੈ;
ਉਹ ਨਾ ਜਾਣਿਆ ਜਾ ਸਕਣ ਵਾਲਾ, ਅਵਿਅਕਤ, ਮਾਇਆਵੀ ਪ੍ਰਭਾਵ ਤੋਂ ਮੁਕਤ ਪੁਰਸ਼ ਹੈ।
ਉਸ ਦੀ ਜਾਤਿ, ਬਰਾਦਰੀ, ਚਿੰਨ੍ਹ ਅਤੇ ਵਰਨ ਨਹੀਂ ਹੈ।
ਉਹ ਅਵਿਅਕਤ, ਅਵਿਨਾਸ਼ੀ ਅਤੇ ਭਰਮਾਂ ਤੋਂ ਰਹਿਤ ਪਰਮ-ਸੱਤਾ ਹੈ ॥੯॥
ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ;
ਉਹ ਰੋਗ, ਸੋਗ ਅਤੇ ਦੋਖਾਂ (ਪਾਪਾਂ) ਨੂੰ ਨਾਸ਼ ਕਰਨ ਵਾਲਾ ਹੈ।
ਉਸ ਦਾ ਜਿਸ ਨੇ ਇਕਾਗ੍ਰ ਚਿੱਤ ਇਕ ਛਿਣ ਲਈ ਵੀ ਧਿਆਨ ਕੀਤਾ ਹੈ,
ਉਹ ਫਿਰ ਕਾਲ (ਮ੍ਰਿਤੂ) ਦੇ ਫੰਧੇ ਵਿਚ ਨਹੀਂ ਫਸਦਾ ॥੧੦॥
ਤੇਰੀ ਕ੍ਰਿਪਾ ਨਾਲ: ਕਬਿਤ:
(ਹੇ ਪ੍ਰਭੂ! ਤੂੰ) ਕਿਤੇ ਸੁਚੇਤ ਹੋ ਕੇ ਚੇਤਨਾ ਨੂੰ ਸੁੰਦਰ (ਮਨੋਹਰ) ਬਣਾਇਆ ਹੈ ਅਤੇ ਕਿਤੇ ਨਿਸਚਿੰਤ ਹੋ ਕੇ ਘੂਕ ਸੁੱਤਾ ਹੋਇਆ ਹੈਂ।