ਸ਼੍ਰੀ ਦਸਮ ਗ੍ਰੰਥ

ਅੰਗ - 1014


ਫਟਕਾਚਲ ਸਿਵ ਕੇ ਸਹਿਤ ਬਹੁਰਿ ਬਿਰਾਜੀ ਜਾਇ ॥੧੧॥

ਅਤੇ ਫਿਰ ਕੈਲਾਸ਼ ਪਰਬਤ ('ਫਟਕਾਚਲ') ਉਤੇ ਸ਼ਿਵ ਨਾਲ ਜਾ ਬਿਰਾਜੀ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੧॥੨੭੯੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੧॥੨੭੯੯॥ ਚਲਦਾ॥

ਦੋਹਰਾ ॥

ਦੋਹਰਾ:

ਸਹਿਰ ਬੇਸਹਰ ਕੇ ਬਿਖੈ ਬਾਣਾਸੁਰ ਨਰੇਸ ॥

ਬੇਸਹਰ ਸ਼ਹਿਰ ਦਾ ਬਾਣਾਸੁਰ ਨਾਂ ਦਾ ਰਾਜਾ ਸੀ।

ਦੇਸ ਦੇਸ ਏਸ੍ਵਰ ਝੁਕੇ ਜਨੁਕ ਦੁਤਿਯ ਅਲਿਕੇਸ ॥੧॥

ਦੇਸ਼ ਦੇਸ਼ ਦੇ ਰਾਜੇ (ਉਸ ਅਗੇ) ਝੁਕਦੇ ਸਨ, ਇਹ ਸਮਝ ਕੇ (ਕਿ ਉਹ) ਦੂਜਾ ਕੁਬੇਰ ('ਅਲਿਕੇਸ') ਹੈ ॥੧॥

ਚੌਪਈ ॥

ਚੌਪਈ:

ਜੋਗ ਮਤੀ ਤਾ ਕੀ ਪਟਰਾਨੀ ॥

ਜੋਗ ਮਤੀ ਉਸ ਦੀ ਪਟਰਾਣੀ ਸੀ।

ਸੁੰਦਰ ਭਵਨ ਤੀਨ ਹੂੰ ਜਾਨੀ ॥

ਉਹ ਤਿੰਨਾਂ ਲੋਕਾਂ ਵਿਚ ਸਭ ਤੋਂ ਸੁੰਦਰ ਜਾਣੀ ਜਾਂਦੀ ਸੀ।

ਜੋਬਨ ਜੇਬ ਅਧਿਕ ਤਿਸ ਸੋਹੈ ॥

ਉਸ ਦਾ ਜੋਬਨ ਅਤੇ ਸ਼ੋਭਾ ਬਹੁਤ ਸੋਹਜ ਭਰੀ ਸੀ।

ਸੁਰ ਨਰ ਜਛ ਭੁਜੰਗਨ ਮੋਹੈ ॥੨॥

ਦੇਵਤੇ, ਮਨੁੱਖ, ਯਕਸ਼ ਅਤੇ ਭੁਜੰਗ ਉਸ ਉਤੇ ਮੋਹਿਤ ਸਨ ॥੨॥

ਦੋਹਰਾ ॥

ਦੋਹਰਾ:

ਊਖਾ ਨਾਮਾ ਕੰਨਿਕਾ ਉਪਜਤ ਭਈ ਅਪਾਰ ॥

ਉਨ੍ਹਾਂ ਦੇ ਘਰ ਊਖਾ (ਉਸ਼ਾ) ਨਾਂ ਦੀ ਅਪਾਰ (ਸੁੰਦਰਤਾ ਵਾਲੀ) ਲੜਕੀ ਪੈਦਾ ਹੋਈ।

ਲਾਜ ਸੀਲ ਸੁਭ ਸਕੁਚ ਬ੍ਰਤ ਨਿਜੁ ਕਰਿ ਕਿਯ ਕਰਤਾਰ ॥੩॥

ਲੱਜਾ, ਸ਼ੀਲ, ਸ਼ੁਭ ਹੱਯਾ ਅਤੇ ਬ੍ਰਤ ਵਾਲੀ ਨੂੰ (ਮਾਨੋ) ਆਪ ਕਰਤਾਰ ਨੇ ਸਿਰਜਿਆ ਹੋਵੇ ॥੩॥

ਅੜਿਲ ॥

ਅੜਿਲ:

ਤਾ ਕੋ ਰੂਪ ਅਨੂਪ ਸਰੂਪ ਬਿਰਾਜਈ ॥

ਉਸ ਨੂੰ ਆਪਣੇ ਸੁੰਦਰ ਅਤੇ ਅਨੂਪਮ ਸਰੂਪ ਵਿਚ ਬਿਰਾਜਮਾਨ ਵੇਖ ਕੇ

ਸੁਰ ਨਰ ਜਛ ਭੁਜੰਗਨ ਕੋ ਮਨੁ ਲਾਜਈ ॥

ਦੇਵਤੇ, ਮਨੁੱਖ, ਯਕਸ਼ ਅਤੇ ਭੁਜੰਗ ਮਨ ਵਿਚ ਲਜਿਤ ਹੁੰਦੇ ਸਨ।

ਤਾ ਕੋ ਕੋਰ ਕਟਾਛ ਬਿਲੋਕਨ ਪਾਇਯੈ ॥

ਉਸ ਦੀ ਟੇਢੀ ਨਜ਼ਰ ਨੂੰ ਵੇਖ ਕੇ

ਹੋ ਬਿਨ ਦੀਨੋ ਹੀ ਦਾਮਨ ਸਦਾ ਬਿਕਾਇਯੈ ॥੪॥

ਬਿਨਾ ਦਾਮ ਦਿੱਤੇ ਹੀ (ਵਿਅਕਤੀ) ਸਦਾ ਵਿਕ ਜਾਂਦੇ ਸਨ ॥੪॥

ਨੈਨ ਹਰਨ ਸੇ ਸ੍ਯਾਮ ਬਿਸਿਖ ਜਾਨੁਕ ਬਢਿਯਾਰੇ ॥

ਉਸ ਦੇ ਨੈਣ ਹਿਰਨ ਵਰਗੇ ਕਾਲੇ ਅਤੇ ਤੀਰ ਵਾਂਗ ਤਿਖੇ ਸਨ।

ਸੁਭ ਸੁਹਾਗ ਤਨ ਭਰੇ ਚਾਰੁ ਸੋਭਿਤ ਕਜਰਾਰੇ ॥

ਉਹ ਸ਼ੁਭ ਸੌਭਾਗ ਨਾਲ ਭਰੇ ਹੋਏ ਅਤੇ ਬਹੁਤ ਹੀ ਕਜਲਾਖੇ ਸ਼ੋਭਦੇ ਸਨ।

ਕਮਲ ਹੇਰਿ ਛਬਿ ਲਜੈ ਦਿਪਤ ਦਾਮਨ ਕੁਰਰਾਵੈ ॥

ਉਸ ਦੇ (ਮੁਖ ਦੀ) ਛਬੀ ਨੂੰ ਵੇਖ ਕੇ ਕਮਲ ਦਾ ਫੁਲ ਲਜਾਂਦਾ ਸੀ ਅਤੇ ਬਿਜਲੀ ਕੁੜ੍ਹਦੀ ਸੀ।

ਹੋ ਬਨ ਬਨ ਭਰਮੈ ਬਿਹੰਗ ਆਜੁ ਲਗਿ ਅੰਤ ਨ ਪਾਵੈ ॥੫॥

ਬਨ ਬਨ ਵਿਚ ਪੰਛੀ ਭੌਂਦੇ ਫਿਰਦੇ ਸਨ, ਪਰ ਅਜੇ ਤਕ (ਉਸ ਦੀ ਸੁੰਦਰਤਾ ਦਾ) ਅੰਤ ਨਹੀਂ ਪਾ ਸਕੇ ਸਨ ॥੫॥

ਜਨੁਕ ਪਖਰਿਆ ਤੁਰੈ ਜਨੁਕ ਜਮਧਰ ਸੀ ਸੋਹੈ ॥

ਉਹ ਮਾਨੋ ਕਾਠੀਆਂ ਵਾਲੇ ਘੋੜੇ ਹੋਣ ਜਾਂ ਮਾਨੋ ਕਟਾਰ ਵਰਗੇ ਸ਼ੋਭਦੇ ਹੋਣ।

ਖੜਗ ਬਾਢਿ ਜਨੁ ਧਰੇ ਪੁਹਪ ਨਰਗਿਸਿ ਤਟ ਕੋ ਹੈ ॥

ਉਹ ਤਲਵਾਰ ਵਾਂਗ ਵਢਦੇ ਸਨ ਅਤੇ ਨਰਗਸ ਦੇ ਫੁਲ ਵਰਗੇ ਸਨ।

ਜਨੁਕ ਰੈਨਿ ਕੇ ਜਗੇ ਹੇਰਿ ਹਰ ਨਿਜ ਛਬਿ ਹਾਰੇ ॥

ਮਾਨੋ ਰਾਤ ਦੇ ਜਾਗੇ ਹੋਏ (ਦੀਆਂ ਲਾਲ ਅੱਖਾਂ) ਵੇਖ ਕੇ ਅਗਨੀ ('ਹਰ') ਆਪਣੀ ਛਬੀ ਨੂੰ ਤੁਛ ਸਮਝਦੀ ਹੋਵੇ।

ਹੋ ਬਾਲਿ ਤਿਹਾਰੇ ਨੈਨ ਜਨੁਕ ਦੋਊ ਮਤਵਾਰੇ ॥੬॥

ਹੇ ਬਾਲਕਾ! ਤੇਰੇ ਦੋਵੇਂ ਨੈਣ ਮਾਨੋ ਬੜੇ ਮਤਵਾਲੇ ਹੋਣ ॥੬॥

ਚੁੰਚਰੀਟ ਛਬਿ ਹੇਰਿ ਭਏ ਅਬ ਲਗੇ ਦਿਵਾਨੇ ॥

ਭੌਰੇ (ਤੇਰੀ) ਛਬੀ ਨੂੰ ਵੇਖ ਕੇ ਹੁਣ ਤਕ ਦੀਵਾਨੇ ਹੋਈ ਫਿਰਦੇ ਹਨ।

ਮ੍ਰਿਗ ਅਬ ਲੌ ਬਨ ਬਸਤ ਬਹੁਰਿ ਗ੍ਰਿਹ ਕੌ ਨ ਸਿਧਾਨੇ ॥

ਹਿਰਨ ਹੁਣ ਤਕ ਬਨ ਵਿਚ ਵਸੇ ਹੋਏ ਹਨ, ਫਿਰ ਘਰ ਨੂੰ ਨਹੀਂ ਪਰਤੇ ਹਨ।

ਤਪੀਸਨ ਦੁਤਿ ਕੌ ਹੇਰਿ ਜਟਨ ਕੋ ਜੂਟ ਛਕਾਯੋ ॥

ਤਪਸਵੀਆਂ ਨੇ ਵੀ ਤੇਰੀ ਛਬੀ ਨੂੰ ਵੇਖ ਕੇ ਜਟਾਵਾਂ ਦੇ ਜੂੜਿਆਂ ਨੂੰ ਖੋਲ ਦਿੱਤਾ ਹੈ।

ਹੋ ਭ੍ਰਮਤ ਪੰਖੇਰੂ ਗਗਨ ਪ੍ਰਭਾ ਕੋ ਪਾਰ ਨ ਪਾਯੋ ॥੭॥

ਪੰਛੀ ਵੀ ਆਕਾਸ਼ ਵਿਚ ਘੁੰਮ ਰਹੇ ਹਨ, ਪਰ ਉਸ ਦੀ ਛਬੀ ਦਾ ਪਾਰ ਨਹੀਂ ਪਾ ਸਕੇ ॥੭॥

ਤਾ ਕੌ ਰੂਪ ਅਨੂਪ ਬਿਧਾਤੈ ਜੋ ਰਚਿਯੋ ॥

ਉਸ ਦਾ ਜੋ ਅਨੂਪਮ ਰੂਪ ਵਿਧਾਤਾ ਨੇ ਰਚਿਆ ਹੈ,

ਰੂਪ ਚਤੁਰਦਸ ਲੋਗਨ ਕੌ ਯਾ ਮੈ ਗਚਿਯੋ ॥

ਉਸ ਵਿਚ ਚੌਦਾਂ ਲੋਕਾਂ ਦਾ ਸਰੂਪ ਸਮੋ ਦਿੱਤਾ ਹੈ।

ਜੋ ਕੋਊ ਦੇਵ ਅਦੇਵ ਬਿਲੋਕੈ ਜਾਇ ਕੈ ॥

ਜੇ ਉਸ ਨੂੰ ਕੋਈ ਦੇਵਤਾ ਜਾਂ ਦੈਂਤ ਜਾ ਕੇ ਵੇਖਦਾ ਸੀ,

ਹੋ ਗਿਰੈ ਮੂਰਛਨਾ ਖਾਇ ਧਰਨਿ ਪਰ ਆਇ ਕੈ ॥੮॥

ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੮॥

ਦੋਹਰਾ ॥

ਦੋਹਰਾ:

ਸਹਸ੍ਰਬਾਹੁ ਤਾ ਕੋ ਪਿਤਾ ਜਾ ਕੋ ਬੀਰਜ ਅਪਾਰ ॥

ਸਹਸ੍ਰਬਾਹੁ ਉਸ ਦਾ ਪਿਤਾ ਸੀ, ਜਿਸ ਦਾ ਅਪਾਰ ਬਲ ਸੀ।

ਬਾਹੁ ਸਹਸ ਆਯੁਧ ਧਰੇ ਜਨੁ ਦੂਜੋ ਕਰਤਾਰ ॥੯॥

ਉਹ (ਆਪਣੀਆਂ) ਬਾਂਹਵਾਂ ਵਿਚ ਹਜ਼ਾਰ ਸ਼ਸਤ੍ਰ ਧਾਰਨ ਕਰਦਾ ਸੀ ਮਾਨੋ ਦੂਜਾ ਕਰਤਾਰ ਹੋਵੇ ॥੯॥

ਛਿਤ ਕੇ ਜਿਤੇ ਛਿਤੇਸ ਸਭ ਬਡੇ ਛਤ੍ਰਿਯਨ ਘਾਇ ॥

ਧਰਤੀ ਉਤੇ ਜਿਤਨੇ ਰਾਜੇ ਸਨ, ਉਨ੍ਹਾਂ ਸਾਰਿਆਂ ਵਡਿਆਂ ਛਤ੍ਰੀਆਂ ਨੂੰ ਮਾਰ ਕੇ

ਬਿਪ੍ਰਨ ਕੌ ਦਛਿਨਾ ਦਈ ਭੂਰਿ ਗਾਇ ਸੈ ਦਾਇ ॥੧੦॥

ਬ੍ਰਾਹਮਣਾਂ ਨੂੰ ਦੱਛਣਾ ਦਿੱਤੀ ਅਤੇ ਬਹੁਤ ਸਾਰੀਆਂ ਸੈਂਕੜੇ ਗਊਆਂ ਦਾਨ ਦਿੱਤੀਆਂ ॥੧੦॥

ਚੌਪਈ ॥

ਚੌਪਈ:

ਜਾ ਕੌ ਖੰਡ ਡੰਡ ਨਿਤਿ ਭਰੈ ॥

ਜਿਸ ਦਾ (ਸਾਰੇ) ਖੰਡਾਂ (ਦੇ ਰਾਜੇ) ਦੰਡ ਭਰਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ)।

ਤੇ ਸਿਵ ਕੀ ਪੂਜਾ ਨਿਤਿ ਕਰੈ ॥

ਉਹ ਨਿੱਤ ਸ਼ਿਵ ਦੀ ਪੂਜਾ ਕਰਦਾ ਸੀ।

ਏਕ ਦਿਵਸ ਪਸੁਰਾਟ ਰਿਝਾਯੋ ॥

(ਉਸ ਨੇ) ਇਕ ਦਿਨ ਸ਼ਿਵ ('ਪਸੁਰਾਟ') ਨੂੰ ਪ੍ਰਸੰਨ ਕੀਤਾ

ਤੁਮਲ ਜੁਧ ਮਾਗ੍ਯੋ ਮੁਖ ਪਾਯੋ ॥੧੧॥

ਅਤੇ ਘੋਰ ਯੁੱਧ ਦਾ ਮੂੰਹ ਮੰਗਿਆ ਵਰਦਾਨ ਪ੍ਰਾਪਤ ਕੀਤਾ ॥੧੧॥

ਸਿਵ ਬਾਚ ॥

ਸ਼ਿਵ ਨੇ ਕਿਹਾ:

ਦੋਹਰਾ ॥

ਦੋਹਰਾ:

ਜਬ ਤੇਰੇ ਗ੍ਰਿਹ ਤੇ ਧਰਨਿ ਧੁਜਾ ਪਰੈਗੀ ਆਨ ॥

ਜਦ ਤੇਰੇ ਘਰ ਦੀ ਧੁਜਾ ਧਰਤੀ ਉਤੇ ਡਿਗ ਪਵੇਗੀ,

ਤੁਮਲ ਜੁਧ ਤਬ ਹੀ ਭਯੋ ਲੀਜੌ ਸਮਝਿ ਸੁਜਾਨਿ ॥੧੨॥

ਹੇ ਸੁਜਾਨ! ਸਮਝ ਲਵੋ ਕਿ ਉਸੇ ਦਿਨ ਘਮਸਾਨ ਯੁੱਧ ਹੋਵੇਗਾ ॥੧੨॥

ਚੌਪਈ ॥

ਚੌਪਈ:

ਸੋਵਤ ਸੁਤਾ ਸੁਪਨ ਯੌਂ ਪਾਯੋ ॥

ਉਸ ਦੀ ਪੁੱਤਰੀ ਨੇ ਸੁਤੇ ਹੋਇਆਂ ਇਹ ਸੁਪਨਾ ਵੇਖਿਆ।

ਜਾਨੁਕ ਮੈਨ ਰੂਪ ਧਰਿ ਆਯੋ ॥

ਮਾਨੋ (ਉਸ ਦੇ ਘਰ) ਕਾਮ ਦਾ ਰੂਪ ਧਾਰ ਕੇ (ਕੋਈ) ਆਇਆ ਹੈ।

ਤਾਹਿ ਛੋਰਿ ਤਾ ਕੋ ਸੁਤ ਬਰਿਯੋ ॥

ਉਸ (ਕਾਮ-'ਪ੍ਰਦੁਮਨ') ਨੂੰ ਛਡ ਕੇ ਉਸ ਦੇ ਪੁੱਤਰ (ਅਨਰੁੱਧ) ਨੂੰ ਵਰ ਲਿਆ

ਨਗਰ ਦ੍ਵਾਰਿਕਾ ਚਿਤਵਨ ਕਰਿਯੋ ॥੧੩॥

ਅਤੇ ਦ੍ਵਾਰਿਕਾ ਨਗਰ ਨੂੰ ਯਾਦ ਕੀਤਾ (ਕਿਉਂਕਿ ਅਨਰੁੱਧ ਉਥੇ ਰਹਿੰਦਾ ਸੀ) ॥੧੩॥

ਦੋਹਰਾ ॥

ਦੋਹਰਾ:

ਚਮਕ ਪਰੀ ਅਬਲਾ ਤਬੈ ਪ੍ਰੀਤਿ ਪਿਯਾ ਕੇ ਸੰਗ ॥

ਤਦ ਉਸ ਅਬਲਾ ਦਾ ਪ੍ਰੀਤਮ ਨਾਲ ਪ੍ਰੇਮ ਭੜਕ ਪਿਆ।

ਪੁਲਿਕ ਪਸੀਜਤ ਤਨ ਭਯੋ ਬਿਰਹ ਬਿਕਲ ਭਯੋ ਅੰਗ ॥੧੪॥

ਉਸ ਦਾ ਸ਼ਰੀਰ ਰੋਮਾਂਚਿਤ ਹੋ ਗਿਆ ਅਤੇ ਬਿਰਹੋਂ ਕਰ ਕੇ ਅੰਗ ਵਿਆਕੁਲ ਹੋ ਗਏ ॥੧੪॥

ਚੌਪਈ ॥

ਚੌਪਈ:

ਪਿਯ ਪਿਯ ਉਠ ਅਬਲਾਹਿ ਉਚਰੀ ॥

ਅਬਲਾ ਉਠ ਕੇ 'ਪ੍ਰਿਯ ਪ੍ਰਿਯ' ਕਹਿਣ ਲਗੀ।

ਛਿਤ ਗਿਰਿ ਗਈ ਦਾਤਨੀ ਪਰੀ ॥

ਧਰਤੀ ਉਤੇ ਡਿਗ ਪਈ ਅਤੇ ਦੰਦੜ ਪੈ ਗਿਆ।

ਤਬ ਸਖਿਯਨ ਤਿਹ ਲਯੋ ਉਚਾਈ ॥

ਤਦ ਸਖੀਆਂ ਨੇ ਉਸ ਨੂੰ ਉਠਾ ਲਿਆ।

ਰੇਖਾ ਚਿਤ੍ਰ ਕਥਾ ਸੁਨਿ ਪਾਈ ॥੧੫॥

ਚਿਤ੍ਰ ਰੇਖਾ (ਨਾਂ ਦੀ) ਸਖੀ ਨੇ ਉਸ ਦੀ (ਸਾਰੀ) ਗੱਲ ਸੁਣੀ ॥੧੫॥

ਸਵੈਯਾ ॥

ਸਵੈਯਾ:

ਘੂਮਤ ਨੈਨ ਖੁਮਾਰੀ ਸੀ ਮਾਨਹੁ ਗੂੜ ਅਗੂੜਨ ਭੇਦ ਬਤਾਵੈ ॥

(ਉਸ ਦੇ) ਮਸਤ ਨੈਣ (ਇੰਜ) ਘੁੰਮਦੇ ਸਨ ਮਾਨੋ ਕੋਈ ਗੂੜ ਭੇਦ ਪ੍ਰਗਟ ਕਰ ਰਿਹਾ ਹੋਵੇ।

ਤਾਪ ਚੜੀ ਤਿਹ ਕੋ ਤਨ ਕੌ ਸਖੀ ਹਾਰ ਸਿੰਗਾਰ ਕਿਯੋ ਨ ਸੁਹਾਵੈ ॥

(ਵਿਯੋਗ ਦਾ) ਉਸ ਦੇ ਸ਼ਰੀਰ ਨੂੰ ਤਾਪ ਚੜ੍ਹ ਗਿਆ ਸੀ, ਹੇ ਸਖੀ! ਹਾਰ ਸ਼ਿੰਗਾਰ ਕੀਤੇ (ਉਸ ਨੂੰ) ਚੰਗੇ ਨਹੀਂ ਲਗਦੇ ਸਨ।

ਬੇਗਿ ਚਲੋ ਸੁਨਿ ਬੈਨ ਬਲਾਇ ਲਿਉ ਤੇਰੀ ਦਸਾ ਕਹਿ ਮੁਹਿ ਨ ਆਵੈ ॥

(ਮੈਂ) ਤੇਰੀਆਂ ਬਲਾਵਾਂ ਲੈਂਦੀ ਹਾਂ, ਬਚਨ ਸੁਣ ਕੇ ਜਲਦੀ ਚਲੋ, ਤੇਰੀ ਹਾਲਤ ਮੇਰੇ ਕੋਲੋਂ ਵੇਖੀ ਨਹੀਂ ਜਾਂਦੀ।

ਪੀਯ ਕੀ ਪੀਰ ਕਿ ਪੀਰ ਕਛੂ ਨਿਰਖੋ ਪਲ ਮੈ ਕਿ ਮਰਿਯੋ ਬਚਿ ਆਵੈ ॥੧੬॥

(ਉਸ ਨੂੰ) ਪ੍ਰੀਤਮ ਦੀ ਪੀੜ ਹੈ, ਜਾਂ ਕੋਈ ਹੋਰ ਪੀੜ ਹੈ, (ਜਲਦੀ ਚਲ ਕੇ) ਵੇਖੋ, ਉਹ ਪਲ ਭਰ ਵਿਚ ਬਚਦੀ ਹੈ ਜਾਂ ਮਰਦੀ ਹੈ ॥੧੬॥

ਬੋਲਤ ਹੋ ਮਤਵਾਰੇ ਜ੍ਯੋ ਮਾਨਨਿ ਡਾਰਤ ਆਂਖਨਿ ਤੇ ਜਲ ਜੈਹੈ ॥

ਉਹ ਮਾਣਮਤੀ ਮਤਵਾਲਿਆਂ ਵਾਂਗ ਬੋਲਦੀ ਹੈ ਅਤੇ ਅੱਖਾਂ ਵਿਚੋਂ ਹੰਝੂ ਵਗਦੇ ਹਨ।

ਘੋਰਿ ਹਲਾਹਲ ਆਜੁ ਪਿਯੈ ਨਹਿ ਕਾਸੀ ਬਿਖੈ ਕਰਵਤ੍ਰਹਿ ਲੈਹੈ ॥

ਉਸ ਨੇ ਅਜ ਜ਼ਹਿਰ ਘੋਲ ਕੇ ਪੀ ਲਈ ਹੈ ਜਾਂ ਕਾਸ਼ੀ ਵਿਚ ਕਲਵਤ੍ਰ ਲੈ ਕੇ (ਆਪਣੇ ਆਪ ਨੂੰ ਚਿਰਵਾ) ਲਿਆ ਹੈ।

ਜਾਨਤ ਹੋ ਗ੍ਰਿਹ ਛਾਡਿ ਸਖੀ ਸਭ ਹੀ ਪਟ ਫਾਰਿ ਅਤੀਤਨਿ ਹ੍ਵੈਹੈ ॥

ਹੇ ਸਖੀ! ਮੈਨੂੰ ਲਗਦਾ ਹੈ ਉਹ ਅਜ ਹੀ ਘਰ ਛਡ ਕੇ ਅਤੇ ਬਸਤ੍ਰ ਫਾੜ ਕੇ ਜੋਗਣ ਹੋ ਜਾਵੇਗੀ।

ਲੇਹੁ ਬਿਲੋਕਿ ਪਿਯਾਰੀ ਕੋ ਆਨਨ ਊਖ ਕਲਾ ਮਰਿਗੇ ਦੁਖੁ ਪੈਹੈ ॥੧੭॥

ਅਜ (ਉਸ) ਪਿਆਰੀ ਦੇ ਮੁਖ ਨੂੰ ਆ ਕੇ ਵੇਖ ਲੈ, ਨਹੀਂ ਤਾਂ ਊਖ ਕਲਾ ਦੁਖ ਪਾ ਕੇ ਮਰ ਜਾਵੇਗੀ ॥੧੭॥

ਦੋਹਰਾ ॥

ਦੋਹਰਾ: