ਤੂੰ ਆਪਣਾ ਰਾਜ ਆਪ ਹੀ ਸੁਖ ਪੂਰਵਕ ਕਰ ਅਤੇ ਇਨ੍ਹਾਂ ਮਹੱਲਾਂ ਵਿਚ ਵਸ।
ਜਦੋਂ ਦਾ ਮੈਂ ਪ੍ਰਗਟ ਹੋਇਆ ਹਾਂ, ਉਦੋਂ ਤੋਂ ਮਰਯਾਦਾ ਛਡ ਕੇ ਕਿਸੇ ਹੋਰ ਇਸਤਰੀ ਨੂੰ ਨਹੀਂ ਵੇਖਿਆ।
ਤੂੰ ਮੇਰੇ ਖ਼ਿਆਲ ਕਿਉਂ ਪੈ ਗਈ ਹੈਂ, ਮਨ ਵਿਚ ਧੀਰਜ ਧਾਰਨ ਕਰ ਅਤੇ ਰਘੂਨਾਥ ਦਾ ਭਜਨ ਕਰ ॥੪੪॥
ਹੇ ਮੇਰੇ ਪਿਆਰੇ! (ਤੁਸੀਂ) ਕਰੋੜਾਂ ਉਪਾ ਕਰੋ, ਪਰ ਮੈਂ ਤੁਹਾਡੇ ਨਾਲ ਕਾਮ-ਕੇਲ ਕਰਨ ਤੋਂ ਨਹੀਂ ਟਲਾਂਗੀ।
ਤੁਸੀਂ ਮੈਥੋਂ ਭਜ ਕੇ ਕਿਥੇ ਰਹੋਗੇ, (ਮੈਂ) ਅਜ ਚੰਗੀ ਤਰ੍ਹਾਂ ਤੁਹਾਨੂੰ ਵਰਾਂਗੀ।
ਜੇ ਤੁਸੀਂ ਮੈਨੂੰ ਅਜ ਨਹੀਂ ਮਿਲੋਗੇ, ਤਦ ਮੈਂ ਹੁਣੇ ਹੀ ਜ਼ਹਿਰ ਖਾ ਕੇ ਮਰ ਜਾਵਾਂਗੀ।
ਆਪਣੇ ਪ੍ਰੀਤਮ ਨੂੰ ਵੇਖੇ ਅਤੇ ਮਾਣੇ ਬਿਨਾ ਮੈਂ ਅਗਨੀ ਵਿਚ ਪ੍ਰਵੇਸ਼ ਕਰ ਲਵਾਂਗੀ ॥੪੫॥
ਮੋਹਨ ਨੇ ਕਿਹਾ:
ਚੌਪਈ:
ਸਾਡੀ ਕੁਲ ਦੀ ਇਹੀ ਰੀਤ ਹੈ,
ਜੋ ਮੈਂ ਤੇਰੇ ਕੋਲ ਕਹਿੰਦਾ ਹਾਂ।
ਆਪ ਕਿਸੇ ਦੇ ਘਰ ਨਹੀਂ ਜਾਣਾ
ਅਤੇ ਜੋ ਚਲ ਕੇ ਆ ਜਾਵੇ, ਉਸ ਨੂੰ ਛਡਣਾ ਨਹੀਂ ॥੪੬॥
ਜਦ ਇਹ ਗੱਲ ਇਸਤਰੀ ਨੇ ਸੁਣੀ
ਤਾਂ ਆਪਣੀ ਬੁੱਧੀ ਵਿਚ ਇਹ ਸੋਚਿਆ
ਕਿ ਮੈਂ ਚਲ ਕੇ ਮਿਤਰ ਦੇ ਘਰ ਜਾਵਾਂਗੀ
ਅਤੇ ਮਨ ਭਾਉਂਦੇ ਭੋਗ ਕਰਾਂਗੀ ॥੪੭॥
ਸਵੈਯਾ:
(ਇਸਤਰੀ ਕਹਿਣ ਲਗੀ) ਹੇ ਸਖੀ! ਮੈਂ ਅਜ ਗਹਿਣੇ ਅਤੇ ਬਸਤ੍ਰ ਧਾਰਨ ਕਰ ਕੇ ਅਨੂਪਮ ਸ਼ਿੰਗਾਰ ਕਰਾਂਗੀ
ਅਤੇ (ਪ੍ਰੀਤਮ ਦੇ ਘਰ ਵਲ) ਜਾਵਾਂਗੀ। ਮਿਤਰ ਨੇ ਘਰ ਮਿਲਣ ਲਈ ਕਿਹਾ ਹੈ, ਰਾਤ ਨਹੀਂ ਹੁੰਦੀ, ਨਹੀਂ ਤਾਂ ਹੁਣੇ ਮਿਲ ਆਉਂਦੀ।
ਸਾਵਣ ਦੇ ਮਹੀਨੇ ਵਿਚ ਪ੍ਰੀਤਮ ਨੂੰ ਮਿਲਣ ਲਈ ਸੱਤ ਸਮੁੰਦਰ ਵੀ ਤਰ ਸਕਦੀ ਹਾਂ।
ਹੇ ਸਜਨੀ! ਕਰੋੜਾਂ ਉਪਾ ਕਰ ਕੇ ਪ੍ਰੀਤਮ ਦੇ ਸ਼ਰੀਰ ਨਾਲ ਸੰਯੋਗ ਪ੍ਰਾਪਤ ਕਰਾਂਗੀ ॥੪੮॥
ਚੌਪਈ:
(ਉਰਬਸੀ ਨੇ ਉੱਤਰ ਦਿੱਤਾ) ਜਦ ਦਾ ਮੈਂ ਸੰਸਾਰ ਵਿਚ ਪ੍ਰਗਟ ਹੋਇਆ ਹਾਂ,
ਕਿਸੇ ਹੋਰ ਇਸਤਰੀ ਨਾਲ ਭੋਗ ਨਹੀਂ ਕੀਤਾ।
ਜੇ ਤੇਰੇ ਮਨ ਵਿਚ ਇਹ ਭਾਵਨਾ ਪੈਦਾ ਹੋ ਗਈ
ਤਾਂ ਮੇਰਾ ਕੀ ਵਸ ਚਲ ਸਕਦਾ ਹੈ ॥੪੯॥
(ਮੈਂ) ਤੇਰੇ ਘਰ ਇਸ ਲਈ ਨਹੀਂ ਆ ਰਿਹਾ
ਕਿ ਨਰਕ ਵਿਚ ਪੈਣ ਤੋਂ ਡਰਦਾ ਹਾਂ।
ਤੂੰ ਹੀ ਮੇਰੇ ਘਰ ਆ ਜਾ
ਅਤੇ ਮਨ ਭਾਉਂਦੇ ਭੋਗ ਕਮਾ ਲੈ ॥੫੦॥
ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ
ਅਤੇ ਇਸਤਰੀ (ਦੇ ਮਨ ਵਿਚ) ਕਾਮ ਕਲਾ ਬਹੁਤ ਵੱਧ ਗਈ।
(ਉਸ ਨੇ) ਬਹੁਤ ਸੁੰਦਰ ਭੇਸ ਬਣਾਇਆ
ਅਤੇ ਉਸ (ਮੋਹਨ) ਨੂੰ ਆਪਣੇ ਘਰ ਭੇਜ ਦਿੱਤਾ ॥੫੧॥
ਤਦ ਮੋਹਨ ਚਲ ਕੇ ਆਪਣੇ ਘਰ ਆ ਗਿਆ
ਅਤੇ ਸੁੰਦਰ ਭੇਸ ਬਣਾ ਲਿਆ।
ਉਰਬਸੀ ਨੇ ਟਕਿਆਂ ਦੀ ਗੁਥਲੀ (ਦਾ ਨਕਲੀ ਲਿੰਗ ਬਣਾ ਲਿਆ)
ਅਤੇ ਮੋਮ ਲਗਾ ਕੇ ਕਾਮ ਆਸਣ (ਗੁਪਤ ਅੰਗ) ਉਤੇ ਕਸ ਲਿਆ ॥੫੨॥
ਉਸ ਉਤੇ ਵਿਸ਼ ਦਾ ਲੇਪ ਕਰ ਦਿੱਤਾ।
ਉਸ ਨੇ ਸ਼ਿਵ ਨੂੰ ਪ੍ਰਸੰਨ ਕਰ ਕੇ (ਵਰ) ਮੰਗ ਲਿਆ
ਕਿ ਉਹ ਜਿਸ ਦੇ ਅੰਗ ਨਾਲ ਲਗੇ
ਤਾਂ ਜਮ ਉਸ ਦੇ ਪ੍ਰਾਣ ਲੈ ਕੇ ਭਜ ਜਾਏ ॥੫੩॥
ਤਦ ਤਕ ਉਹ ਇਸਤਰੀ ਉਥੇ ਆ ਗਈ
ਅਤੇ ਕਾਮ ਨਾਲ ਆਤੁਰ ਹੋ ਕੇ (ਉਸ ਨਾਲ) ਲਿਪਟ ਗਈ।
ਉਸ ਦਾ ਭੇਦ ਉਹ ਨਹੀਂ ਸਮਝਦੀ ਸੀ
ਅਤੇ ਉਰਬਸੀ ਨੂੰ ਪੁਰਸ਼ ਕਰ ਕੇ ਪਛਾਣਦੀ ਸੀ ॥੫੪॥
ਜਦ ਉਸ ਨਾਲ ਬਹੁਤ ਭੋਗ ਕੀਤਾ
ਅਤੇ ਮਨ ਵਿਚ ਅਧਿਕ ਸੁਖ ਮਨਾ ਲਿਆ।
ਤਦ ਜ਼ਹਿਰ ਦੇ ਚੜ੍ਹਨ ਨਾਲ ਬੇਹੋਸ਼ ਹੋ ਗਈ
ਅਤੇ ਜਮ ਦੇ ਘਰ ਨੂੰ ਚਲੀ ਗਈ ॥੫੫॥
ਜਦ ਉਰਬਸੀ ਨੇ ਉਸ ਦਾ ਬਧ ਕਰ ਦਿੱਤਾ
ਤਦ ਉਸ ਨੇ ਸਵਰਗ ਦਾ ਰਾਹ ਪਕੜਿਆ।
ਜਿਥੇ ਕਾਲ ਨੇ ਸ਼ੁਭ ਸਭਾ ਲਗਾਈ ਹੋਈ ਸੀ,
ਉਰਬਸੀ ਚਲ ਕੇ ਉਥੇ ਆ ਗਈ ॥੫੬॥
(ਕਾਲ ਨੇ) ਉਸ ਨੂੰ ਬਹੁਤ ਧਨ ਦਿੱਤਾ
(ਅਤੇ ਕਿਹਾ ਕਿ) ਤੂੰ ਮੇਰਾ ਬਹੁਤ ਵੱਡਾ ਕੰਮ ਕੀਤਾ ਹੈ।
ਜਿਸ ਇਸਤਰੀ ਨੇ ਆਪਣੇ ਪਤੀ ਨੂੰ ਮਾਰਿਆ ਹੈ,
ਉਸ ਦਾ ਤੂੰ ਇਸ ਤਰ੍ਹਾਂ ਦਾ ਨਾਸ਼ ਕੀਤਾ ਹੈ ॥੫੭॥
ਦੋਹਰਾ:
ਜਿਸ ਦੁਖ ਨਾਲ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਕ੍ਰੋਧਿਤ ਹੋ ਕੇ ਮਾਰਿਆ ਹੈ,
ਉਸ ਨੂੰ ਉਸੇ ਦੁਖ ਨਾਲ ਮਾਰਿਆ ਹੈ। ਜਮਰਾਜ ਧੰਨ ਹੈ ॥੫੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਨੌਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੯॥੨੦੮੩॥ ਚਲਦਾ॥
ਸਵੈਯਾ:
ਪੂਰਬ ਦੇਸ ਦਾ ਇਕ ਰੂਪੇਸ੍ਵਰ ਰਾਜਾ ਕੁਬੇਰ ('ਅਲਕੇਸ੍ਵਰ') ਵਰਗਾ ਲਗਦਾ ਸੀ।
ਕਰਤਾਰ ਨੇ ਉਸ ਦਾ ਰੂਪ ਬਹੁਤ (ਸੁੰਦਰ) ਬਣਾਇਆ ਸੀ ਕਿ ਦੈਂਤਾਂ ਦਾ ਵੈਰੀ ਇੰਦਰ ਵੀ ਉਸ ਵਰਗਾ ਨਹੀਂ ਸੀ।
ਉਹ ਪਰਬਤ ਵਰਗੇ ਵੱਡੇ ਆਕਾਰ ਵਾਲਾ ਸੀ, ਭੀੜ ਪੈਣ ਤੇ ਉਹ ਇਕਲਾ ਹੀ ਰਣ ਵਿਚ ਕਾਫੀ ਸੀ।
ਯੁੱਧ ਕਰਨ ਵਾਲਿਆਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੰਦਾ ਸੀ ਅਤੇ ਕਾਮ ਦੇਵ ('ਮਕਰਧ੍ਵਜ') ਵਰਗਾ ਸੁੰਦਰ ਸੀ ॥੧॥
ਚੌਪਈ:
ਉਸ ਦੇ ਘਰ ਕੋਈ ਪੁੱਤਰ ਨਹੀਂ ਹੁੰਦਾ ਸੀ।
ਇਹੀ ਚਿੰਤਾ ਪ੍ਰਜਾ ਦੇ ਮਨ ਵਿਚ ਸੀ।
ਤਦ ਉਸ ਦੀ ਮਾਂ ਨੇ ਬਹੁਤ ਵਿਆਕੁਲ ਹੋ ਕੇ