ਫਿਰ ਕਿਸੇ ਹੋਰ ਥਾਂ ਕਿਸੇ ਨੂੰ (ਆਕੜਿਆ ਹੋਇਆ) ਸੁਣਦਾ ਸੀ ਤਾਂ ਬੜੀ ਦਲੇਰੀ ਨਾਲ ਉਸ ਉਤੇ ਜਾ ਪੈਂਦਾ ਸੀ ॥੯੦॥
ਉਹ ਜਿਥੇ ਵੀ ਆਪਣੇ ਭੱਥੇ ਤੋਂ ਤੀਰ ਸੁਟਦਾ ਸੀ,
ਤਾਂ ਵੈਰੀ ਨੂੰ ਜਾਂ ਮਾਰ ਦਿੰਦਾ ਸੀ ਜਾਂ ਕੈਦੀ ਬਣਾ ਲੈਂਦਾ ਸੀ ॥੯੧॥
ਉਹ ਇਕ ਸਾਲ ਅਤੇ ਚਾਰ ਮਹੀਨਿਆਂ ਵਿਚ
ਪੁੰਨਿਆਂ ਦੇ ਚੰਦ੍ਰਮਾ ਵਾਂਗ ਹਰ ਪਾਸੇ ਚਮਕ ਪਿਆ ॥੯੨॥
ਉਹ ਜਿਨ੍ਹਾਂ ਦੁਸ਼ਮਣਾਂ ਨੂੰ (ਤੀਰਾਂ ਵਿਚ) ਪਰੋਂਦਾ ਸੀ, ਉਨ੍ਹਾਂ ਦੇ ਸ਼ਰੀਰਾਂ ਨੂੰ ਸਾੜ ਦਿੰਦਾ ਸੀ।
ਇੰਜ ਕਰਦਿਆਂ ਉਸ ਨੂੰ ਬੀਤੇ ਦੀ ਯਾਦ ਆ ਗਈ ॥੯੩॥
ਇਕ ਦਿਨ ਵਜ਼ੀਰ ਦੀ ਲੜਕੀ ਨੇ ਉਸ ਨੂੰ ਕਿਹਾ,
ਐ ਬਾਦਸ਼ਾਹਾਂ ਦੇ ਬਾਦਸ਼ਾਹ ਰੌਸ਼ਨ ਜ਼ਮੀਰ! ॥੯੪॥
ਤੂੰ ਇਕੋ ਵਾਰ ਹੀ ਆਪਣਾ ਦੇਸ਼ ਭੁਲ ਗਿਆ ਹੈਂ
ਅਤੇ ਇਸ ਮਸਤੀ ਵਿਚ ਇਤਨਾ ਡੁਬਿਆ ਹੈਂ ਕਿ ਸਾਰੀ ਹੋਸ਼ ਜਾਂਦੀ ਰਹੀ ਹੈ ॥੯੫॥
ਤੂੰ ਆਪਣੇ ਪਿਛਲੇ ਮੁਲਕ ਨੂੰ ਯਾਦ ਕਰ
ਅਤੇ ਪਿਤਾ ਦੇ ਸ਼ਹਿਰ ਨੂੰ ਆਬਾਦ ਕਰ ॥੯੬॥
ਉਸ ਨੇ ਆਪਣੀ ਸਾਰੀ ਫ਼ੌਜ ਅਤੇ ਲਸ਼ਕਰ ਉਤੇ ਨਜ਼ਰ ਮਾਰੀ
ਜਿਨ੍ਹਾਂ ਨੂੰ ਸਦਾ ਆਪਣੇ ਖ਼ਜ਼ਾਨੇ ਵਿਚੋਂ (ਧਨ) ਵੰਡਦਾ ਹੁੰਦਾ ਸੀ ॥੯੭॥
ਉਸ ਨੇ ਬਸੰਤ ਰੁਤ ਵਾਂਗ ਇਕ ਸੈਨਾ ਦਲ ਤਿਆਰ ਕੀਤਾ
ਅਤੇ ਹਜ਼ਾਰਾਂ ਖ਼ੰਜਰ, ਗੁਰਜ ਅਤੇ ਕਵਚ ਤਿਆਰ ਕਰਵਾਏ ॥੯੮॥
ਉਸ ਨੇ ਕਵਚ, ਸਿਰ ਦੇ ਟੋਪ, ਚਿਲਤੇ, ਪੇਟੀਆਂ ਅਤੇ ਹਿੰਦੁਸਤਾਨੀ ਤਲਵਾਰਾਂ,
ਜੋ ਬਹੁਤ ਮੁੱਲਵਾਨ ਅਤੇ ਭਾਰੀਆਂ ਸਨ, ਇਕੱਠੀਆਂ ਕਰਵਾਈਆਂ ॥੯੯॥
ਮਸਹਦ ਦੇਸ਼ ਦੀਆਂ ਬੰਦੂਕਾਂ, ਚੀਨ ਦੀਆਂ ਕਮਾਨਾਂ,
ਰੂਮ ਵਿਚ ਬਣੇ ਕਵਚ ਅਤੇ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਇਕਤ੍ਰ ਕੀਤੀਆਂ ॥੧੦੦॥
ਉਸ ਨੇ ਫ਼ੌਲਾਦੀ ਖੁਰੀਆਂ ਵਾਲੇ ਅਰਬੀ ਘੋੜੇ
ਅਤੇ ਕਾਲੇ ਰੰਗ ਦੇ ਅਦੁੱਤੀ ਹਾਥੀ ਇਕੱਠੇ ਕਰਵਾਏ ॥੧੦੧॥
ਉਸ ਦੀ ਫ਼ੌਜ ਦੇ ਸਿਪਾਹੀ ਬਹੁਤ ਸ਼ੇਰ-ਮਰਦ ਅਤੇ ਸ਼ਕਤੀਸ਼ਾਲੀ ਸਨ
ਜੋ ਸ਼ੇਰਾਂ ਨੂੰ ਮਾਰਨ ਵਾਲੇ ਅਤੇ ਵੱਡੀਆਂ ਵੱਡੀਆਂ ਕਤਾਰਾਂ ਨੂੰ ਡਿਗਾਉਣ ਵਾਲੇ ਸਨ ॥੧੦੨॥
ਉਹ ਆਪ ਜੰਗ ਵਿਚ ਹਾਥੀ ਨੂੰ ਢਾਹ ਲੈਂਦਾ ਸੀ।
ਮਜਲਿਸ ਵਿਚ ਸੂਝਵਾਨ ਅਤੇ ਹੱਥਾਂ ਦਾ ਬਹੁਤ ਚੁਸਤ ਸੀ ॥੧੦੩॥
ਉਸ ਦੇ ਨੇਜ਼ੇ ਦੀ ਨੋਕ ਨਾਲ ਨਿਕਲਿਆ ਖ਼ੂਨ (ਵੈਰੀ ਦੀ ਮੌਤ ਦੀ) ਹੀ ਖ਼ਬਰ ਦਿੰਦਾ ਸੀ।
ਉਸ ਦੀਆਂ ਤਿਖੀਆਂ ਕੀਤੀਆਂ ਹੋਈਆਂ ਤਲਵਾਰਾਂ ਨੂੰ ਵਿਸ਼ ਦੀ ਪਾਣ ਲਗੀ ਹੋਈ ਸੀ ॥੧੦੪॥
ਉਸ ਨੇ ਪਹਾੜ ਵਰਗੀ ਇਕ ਸੈਨਾ ਦੀ ਵਿਵਸਥਾ ਕੀਤੀ,
ਜੋ ਬਹੁਤ ਸਜੀਲੇ ਨੌਜਵਾਨਾਂ ਦਾ ਇਕ ਜੱਥਾ ਸੀ ॥੧੦੫॥
ਵਜ਼ੀਰ ਦੀ ਲੜਕੀ ਨੇ ਸਿਰ ਉਤੇ ਪਗੜੀ ਬੰਨ੍ਹ ਲਈ,
ਲਕ ਨਾਲ ਤਲਵਾਰ ਕਸ ਲਈ ਅਤੇ ਭੱਥੇ ਵਿਚ ਤੀਰ ਭਰ ਲਏ ॥੧੦੬॥
ਉਸ (ਲੜਕੀ) ਨੂੰ ਫ਼ੌਜ ਦਾ ਸਰਦਾਰ ਬਣਾ ਦਿੱਤਾ
ਅਤੇ ਦਰਿਆ ਦੀਆਂ ਲਹਿਰਾਂ ਵਾਂਗ ਫ਼ੌਜ ਨੂੰ ਤੋਰ ਦਿੱਤਾ ॥੧੦੭॥
ਉਸ ਨੇ ਕਾਲੇ ਬਦਲ ਵਾਂਗ ਇਕ ਵੱਡਾ ਦਲ ਬਣਾ ਕੇ ਚਲਾ ਦਿੱਤਾ।
ਉਸ ਨੂੰ ਵੇਖ ਕੇ ਚੰਦ੍ਰਮਾ ਕੰਬ ਗਿਆ ਅਤੇ ਧਰਤੀ ਡੋਲਣ ਲਗੀ ॥੧੦੮॥
ਜਦ ਉਹ ਫ਼ੌਜ ਨੂੰ ਰਾਜ ਦੀ ਹਦ ਉਤੇ ਲੈ ਆਈ
ਤਾਂ ਹੋਰ ਅਸਲੇ ਅਤੇ ਸ਼ਸਤ੍ਰ ਦੀ ਲੋੜ ਹੀ ਨਾ ਪਈ ॥੧੦੯॥
ਸਾਰੀ ਸੈਨਾ ਨੂੰ ਸ਼ਸਤ੍ਰਾਂ-ਅਸਤ੍ਰਾਂ ਨਾਲ ਸੁਸਜਿਤ ਕੀਤਾ ਹੋਇਆ ਸੀ।
ਉਸ ਕੋਲ (ਬੇਸ਼ੁਮਾਰ) ਖ਼ੰਜਰ ਅਤੇ ਗੁਰਜ ਸਨ ਜਿਨ੍ਹਾਂ ਨੂੰ 'ਗੋਪਾਲ' ਵੀ ਕਿਹਾ ਜਾਂਦਾ ਹੈ ॥੧੧੦॥
ਉਸ ਦੇਸ਼ ਦੇ ਤਖ਼ਤ ਨੂੰ ਬੁਰੀ ਤਰ੍ਹਾਂ ਲੁਟਿਆ
ਅਤੇ ਹਵਾ ਵਾਂਗ ਤੇਜ਼ ਚਲਣ ਵਾਲੇ ਘੋੜੇ ਅਤੇ ਬਾਕੀ ਸਾਮਾਨ ਵੀ ਲੁਟ ਲਿਆ ॥੧੧੧॥
ਜੰਗ ਕਰ ਕੇ ਮੁਲਕ ਦੀ ਹਾਲਤ ਅਜਿਹੀ ਕਰ ਦਿੱਤੀ
ਜਿਹੋ ਜਿਹੀ ਪਤਝੜ ਦੀ ਹਵਾ ਦਰਖ਼ਤਾਂ ਨੂੰ (ਰੁੰਡ-ਮੁੰਡ) ਕਰ ਦਿੰਦੀ ਹੈ ॥੧੧੨॥
ਉਨ੍ਹਾਂ ਨੇ ਦੁਸ਼ਮਣਾਂ ਨੂੰ ਮਾਰ ਕੇ ਅਗੇ ਦਾ ਰਸਤਾ ਖੋਲ੍ਹ ਲਿਆ।
ਜੋ ਲੋਕ ਮੁਲਕ ਤੋਂ ਬਾਹਰ ਸਨ, ਉਨ੍ਹਾਂ ਦੇ ਮੂੰਹ ਛਿਲ ਦਿੱਤੇ (ਅਰਥਾਤ-ਮੁੰਨ ਦਿੱਤੇ) ॥੧੧੩॥
ਪਰੀ ਵਰਗੀ ਸੁੰਦਰ ਵਜ਼ੀਰ ਦੀ ਲੜਕੀ ਨੂੰ ਸ਼ੇਰ ਵਾਂਗ ਜੋਸ਼ ਚੜ੍ਹਿਆ ਹੋਇਆ ਸੀ