(ਇਹੋ ਜਿਹਾ ਨਾ ਹੋਵੇ) ਕਿ ਢਿਡ ਵਿਚ ਹੋਰ ਹੋਵੇ ਅਤੇ ਮੂੰਹ ਵਿਚ ਕੁਝ ਹੋਰ ॥੫੫॥
ਜੋ ਕਾਜ਼ੀ ਨੇ ਮੈਨੂੰ ਕਿਹਾ ਹੈ, (ਮੈਂ ਉਸ ਤੋਂ) ਬਾਹਰ ਨਹੀਂ ਹਾਂ।
ਜੇ ਤੇਰੇ ਵਿਚ ਸਚਾਈ ਹੈ (ਤਾਂ ਇਥੇ) ਆਪ ਆ ਕੇ ਕਦਮ ਰਖ ॥੫੬॥
ਜੇ ਤੈਨੂੰ ਕੁਰਾਨ ਵਾਲਾ ਕਸਮਨਾਮਾ ਚਾਹੀਦਾ ਹੈ,
ਤਾਂ (ਮੈਂ) ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ ॥੫੭॥
(ਹੇ ਬਾਦਸ਼ਾਹ!) ਜੇ ਤੂੰ ਕਾਂਗੜ ਕਸਬੇ ਵਿਚ ਆ ਜਾਵੇਂ,
ਤਾਂ ਉਸ ਪਿਛੋਂ ਆਪਸ ਵਿਚ ਮੁਲਾਕਾਤ ਹੋ ਜਾਵੇਗੀ ॥੫੮॥
(ਹੇ ਬਾਦਸ਼ਾਹ!) ਤੈਨੂੰ ਇਸ ਰਾਹ ਤੇ ਆਉਣ ਵਿਚ ਜ਼ਰਾ ਜਿੰਨਾ ਵੀ ਖ਼ਤਰਾ ਨਹੀਂ
(ਕਿਉਂਕਿ) ਸਾਰੀ ਬਰਾੜ ਕੌਮ ਮੇਰੇ ਹੁਕਮ ਵਿਚ ਹੈ ॥੫੯॥
(ਇਥੇ) ਆ ਤਾਂ ਜੋ ਖ਼ੁਦ ਜ਼ਬਾਨੀ ਗੱਲ-ਬਾਤ ਕਰੀਏ
ਅਤੇ ਮੈਂ ਤੇਰੇ ਮੂੰਹ ਉਤੇ ਮਿਹਰਬਾਨੀ ਕਰਾਂ ॥੬੦॥
ਇਕ ਹਜ਼ਾਰ ਰੁਪੈਏ (ਮੁੱਲ ਵਾਲਾ) ਇਕ ਸੁੰਦਰ ਘੋੜਾ ਲਿਆਈਂ
ਅਤੇ ਫਿਰ ਮੇਰੇ ਕੋਲੋਂ ਇਹ ਇਲਾਕਾ ਲੈ ਲਵੀਂ ॥੬੧॥
ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ
(ਜੇ ਉਸ ਦਾ) ਹੁਕਮ ਆ ਜਾਵੇ, ਤਾਂ ਜਾਨ ਸਮੇਤ ਹਾਜ਼ਰ ਹਾਂ ॥੬੨॥
ਜੇ ਕਰ (ਉਸ ਪਰਮਾਤਮਾ ਦਾ) ਮੈਨੂੰ ਫ਼ਰਮਾਨ ਆ ਗਿਆ,
ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸ਼ਰੀਰ ਸਹਿਤ ਆ ਜਾਵਾਂਗਾ ॥੬੩॥
ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈਂ,
ਤਾਂ ਮੇਰੇ ਕੰਮ (ਨੂੰ ਕਰਨ) ਵਿਚ ਸੁਸਤੀ ਨਾ ਕਰੀਂ ॥੬੪॥
ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਣ
ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨਾ ਕਰ ॥੬੫॥
ਤੂੰ ਕਾਇਨਾਤ (ਖ਼ਲਕਤ) ਦਾ ਸਰਦਾਰ ਹੈਂ ਅਤੇ ਗੱਦੀਨਸ਼ੀਨ (ਬਾਦਸ਼ਾਹ) ਹੈਂ।
(ਤੇਰਾ) ਇਨਸਾਫ਼ ਅਜੀਬ ਹੈ ਅਤੇ (ਤੇਰੀਆਂ) ਸਿਫ਼ਤਾਂ ਵੀ ਅਜੀਬ ਹਨ ॥੬੬॥
ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ-ਪਾਲਨਾ ਵੀ ਅਸਚਰਜ ਹੈ।