ਸ਼੍ਰੀ ਦਸਮ ਗ੍ਰੰਥ

ਅੰਗ - 614


ਸੁਨਿ ਲੇਹੁ ਬ੍ਰਹਮ ਕੁਮਾਰ ॥੩੯॥

ਹੇ ਬ੍ਰਹਮਾ ਪੁੱਤਰ! (ਧਿਆਨ ਪੂਰਵਕ) ਸੁਣ ਲੈ ॥੩੯॥

ਨਰਾਜ ਛੰਦ ॥

ਨਰਾਜ ਛੰਦ:

ਸੁ ਧਾਰਿ ਮਾਨੁਖੀ ਬਪੁੰ ਸੰਭਾਰਿ ਰਾਮ ਜਾਗਿ ਹੈ ॥

ਉਹ (ਵਿਸ਼ਣੂ) ਮਨੁੱਖ ਸ਼ਰੀਰ ਧਾਰ ਕੇ ਰਾਮ (ਰੂਪ ਵਿਚ ਸ਼ਸਤ੍ਰ) ਸੰਭਾਲ ਕੇ ਸਚੇਤ ਹੋਵੇਗਾ।

ਬਿਸਾਰਿ ਸਸਤ੍ਰ ਅਸਤ੍ਰਣੰ ਜੁਝਾਰ ਸਤ੍ਰੁ ਭਾਗਿ ਹੈ ॥

(ਉਸ ਅਗੇ) ਜੁਝਾਰੂ ਵੈਰੀ ਵੀ ਸ਼ਸਤ੍ਰਾਂ ਅਸਤ੍ਰਾਂ ਨੂੰ ਤਿਆਗ ਕੇ ਭਜ ਜਾਣਗੇ।

ਬਿਚਾਰ ਜੌਨ ਜੌਨ ਭਯੋ ਸੁਧਾਰਿ ਸਰਬ ਭਾਖੀਯੋ ॥

ਜੋ ਜੋ (ਉਸ ਪਾਸੋਂ ਪਰਾਕ੍ਰਮ ਹੋਣਗੇ) ਉਨ੍ਹਾਂ ਸਾਰਿਆਂ ਦਾ ਵਿਚਾਰ ਪੂਰਵਕ ਸੁਧਾਰ ਕੇ ਵਰਣਨ ਕਰਨਾ।

ਹਜਾਰ ਕੋਊ ਨ ਕਿਯੋ ਕਰੋ ਬਿਚਾਰਿ ਸਬਦ ਰਾਖੀਯੋ ॥੪੦॥

(ਉਹ ਭਾਵੇਂ) ਹਜ਼ਾਰ ਕੌਤਕ ਕਿਉਂ ਨਾ ਕਰੇ, (ਉਨ੍ਹਾਂ ਨੂੰ) ਵਿਚਾਰ ਪੂਰਵਕ ਸ਼ਬਦਾਂ ਵਿਚ ਗੁੰਦਣਾ ॥੪੦॥

ਚਿਤਾਰਿ ਬੈਣ ਵਾਕਿਸੰ ਬਿਚਾਰਿ ਬਾਲਮੀਕ ਭਯੋ ॥

ਬ੍ਰਹਮਾ ('ਵਾਕਿਸੰ') ਨੇ ਆਕਾਸ਼ ਬਾਣੀ ਦੇ ਬੋਲਾਂ ਨੂੰ ਯਾਦ ਕਰ ਕੇ ਵਿਚਾਰਵਾਨ ਬਾਲਮੀਕ ਦੇ ਰੂਪ ਵਿਚ ਪ੍ਰਗਟ ਹੋਇਆ।

ਜੁਝਾਰ ਰਾਮਚੰਦ੍ਰ ਕੋ ਬਿਚਾਰ ਚਾਰੁ ਉਚਰ੍ਯੋ ॥

ਸ੍ਰੀ ਰਾਮ ਚੰਦਰ ਦੇ ਯੁੱਧ ਨੂੰ ਸੁੰਦਰ ਵਿਚਾਰ ਨਾਲ ਕਥਨ ਕੀਤਾ।

ਸੁ ਸਪਤ ਕਾਡਣੋ ਕਥ੍ਯੋ ਅਸਕਤ ਲੋਕੁ ਹੁਇ ਰਹ੍ਯੋ ॥

ਉਸ (ਕਥਾ) ਨੂੰ ਸੱਤ ਕਾਂਡਾਂ ਵਿਚ ਬਿਆਨ ਕੀਤਾ (ਜਿਸ ਨੂੰ ਪੜ੍ਹ ਕੇ) ਲੋਕੀਂ ਮੋਹਿਤ ਹੋ ਗਏ।

ਉਤਾਰ ਚਤ੍ਰਆਨਨੋ ਸੁਧਾਰਿ ਐਸ ਕੈ ਕਹ੍ਯੋ ॥੪੧॥

ਇਹ ਚੌ-ਮੁਖੀਏ ਬ੍ਰਹਮਾ ਦਾ ਅਵਤਾਰ ਸੀ। (ਇਸ ਨੂੰ) ਇਸ ਤਰ੍ਹਾਂ ਸੁਧਾਰ ਕੇ ਕਥਨ ਕੀਤਾ ਹੈ ॥੪੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਪ੍ਰਤਿ ਆਗਿਆ ਸਮਾਪਤੰ ॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੀ ਬ੍ਰਹਮਾ ਪ੍ਰਤਿ ਆਗਿਆ ਦੀ ਸਮਾਪਤੀ।

ਨਰਾਜ ਛੰਦ ॥

ਨਰਾਜ ਛੰਦ:

ਸੁ ਧਾਰਿ ਅਵਤਾਰ ਕੋ ਬਿਚਾਰ ਦੂਜ ਭਾਖਿ ਹੈ ॥

ਉਸ (ਬ੍ਰਹਮਾ) ਨੇ ਅਵਤਾਰ ਧਾਰਨ ਕਰ ਕੇ ਵਿਚਾਰ ਪੂਰਵਕ (ਉਸ ਦੀ ਕਥਾ ਦਾ) ਹੋਰ ਢੰਗ ਨਾਲ ਵਰਣਨ ਕੀਤਾ ਹੈ।

ਬਿਸੇਖ ਚਤ੍ਰਾਨ ਕੇ ਅਸੇਖ ਸ੍ਵਾਦ ਚਾਖਿ ਹੈ ॥

ਵਿਸ਼ੇਸ਼ ਪ੍ਰਕਾਰ ਦੀਆਂ ਚਤੁਰਾਈਆਂ (ਸਿਆਣਪਾਂ) ਦਾ ਅਦੁੱਤੀ ('ਅਸੇਖ') ਸੁਆਦ ਚਖਾਇਆ ਹੈ।

ਅਕਰਖ ਦੇਵਿ ਕਾਲਿਕਾ ਅਨਿਰਖ ਸਬਦ ਉਚਰੋ ॥

ਦੇਵੀ ਕਾਲਿਕਾ ਨੂੰ ਆਪਣੇ ਵਲ ਆਕਰਸ਼ਿਤ ('ਆਕਰਖ') ਕਰ ਕੇ ਅਦਭੁਤ ਸ਼ਬਦਾਂ ਦਾ ਉਚਾਰਨ ਕੀਤਾ ਹੈ।

ਸੁ ਬੀਨ ਬੀਨ ਕੈ ਬਡੇ ਪ੍ਰਾਬੀਨ ਅਛ੍ਰ ਕੋ ਧਰੋ ॥੧॥

ਉਸ ਨੇ ਚੁਣਚੁਣ ਕੇ ਬੜੇ ਢੁੱਕਵੇਂ ਅੱਖਰਾਂ (ਸ਼ਬਦਾਂ) ਨੂੰ ਸੰਯੋਜਿਤ ਕੀਤਾ ਹੈ ॥੧॥

ਬਿਚਾਰਿ ਆਦਿ ਈਸ੍ਵਰੀ ਅਪਾਰ ਸਬਦੁ ਰਾਖੀਐ ॥

ਪਹਿਲਾਂ ਈਸ਼ਵਰ ਦਾ ਵਿਚਾਰ ਕਰ ਕੇ (ਫਿਰ) ਅਪਾਰ ਸ਼ਬਦਾਂ ਦੀ ਯੋਜਨਾ ਕੀਤੀ ਹੈ।

ਚਿਤਾਰਿ ਕ੍ਰਿਪਾ ਕਾਲ ਕੀ ਜੁ ਚਾਹੀਐ ਸੁ ਭਾਖੀਐ ॥

(ਉਸ ਨੇ) ਕਾਲ ਪੁਰਖ ਨੂੰ ਯਾਦ ਕਰ ਕੇ ਜੋ ਚਾਹੀਦਾ ਸੀ, (ਉਸ ਦਾ) ਵਰਣਨ ਕੀਤਾ।

ਨ ਸੰਕ ਚਿਤਿ ਆਨੀਐ ਬਨਾਇ ਆਪ ਲੇਹਗੇ ॥

ਚਿਤ ਵਿਚ ਕੋਈ ਸ਼ੰਕਾ ਨਹੀਂ ਲਿਆਣੀ ਚਾਹੀਦੀ, (ਪ੍ਰਭੂ) ਆਪ ਹੀ ਸੰਵਾਰਨ (ਦੀ ਸ਼ਕਤੀ ਦੇ ਦੇਣਗੇ)।

ਸੁ ਕ੍ਰਿਤ ਕਾਬਿ ਕ੍ਰਿਤ ਕੀ ਕਬੀਸ ਔਰ ਦੇਹਗੇ ॥੨॥

ਉਸ ਦੇ ਕੀਤੇ ਹੋਏ ਕਾਵਿ ਦਾ ਯਸ਼ ਹੋਰ ਕਵੀ ਜਨ ਕਰਨਗੇ ॥੨॥

ਸਮਾਨ ਗੁੰਗ ਕੇ ਕਵਿ ਸੁ ਕੈਸੇ ਕਾਬਿ ਭਾਖ ਹੈ ॥

ਕਵੀ (ਬਾਲਮੀਕ) ਗੁੰਗੇ ਦੇ ਸਮਾਨ ਹੈ, ਕਿਸ ਤਰ੍ਹਾਂ ਕਵਿਤਾ ਉਚਾਰੇਗਾ।

ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ ॥

(ਪਰ) ਕਾਲ ਪੁਰਖ ਦੀ ਕ੍ਰਿਪਾ ਨਾਲ (ਉਸ ਨੇ) ਗ੍ਰੰਥ ਬਣਾ ਦਿੱਤਾ ਹੈ।

ਸੁ ਭਾਖ੍ਯ ਕਉਮਦੀ ਪੜੇ ਗੁਨੀ ਅਸੇਖ ਰੀਝ ਹੈ ॥

ਉਸ ਨੂੰ (ਵੇਦਾਂ ਦੇ) ਭਾਸ਼ ਅਤੇ ਕੌਮਦੀ ਨੂੰ ਪੜ੍ਹੇ ਹੋਏ ਗੁਣੀ ਜਨ (ਵਾਚ ਕੇ) ਵਿਸ਼ੇਸ਼ ਰੂਪ ਵਿਚ ਪ੍ਰਸੰਨ ਹੁੰਦੇ ਹਨ।

ਬਿਚਾਰਿ ਆਪਨੀ ਕ੍ਰਿਤੰ ਬਿਸੇਖ ਚਿਤਿ ਖੀਝਿ ਹੈ ॥੩॥

(ਫਿਰ) ਆਪਣੀਆਂ ਰਚਨਾਵਾਂ ਨੂੰ ਵਿਚਾਰ ਕੇ ਚਿਤ ਵਿਚ ਬਹੁਤ ਖਿਝਦੇ ਹਨ ॥੩॥

ਬਚਿਤ੍ਰ ਕਾਬ੍ਰਯ ਕੀ ਕਥਾ ਪਵਿਤ੍ਰ ਆਜ ਭਾਖੀਐ ॥

(ਉਸ) ਵਿਚਿਤ੍ਰ ਕਾਵਿ ਦੀ ਕਥਾ (ਸੰਸਾਰ ਵਿਚ) ਅਜ ਤਕ ਪਵਿਤ੍ਰ ਕਹੀ ਜਾਂਦੀ ਹੈ।

ਸੁ ਸਿਧ ਬ੍ਰਿਧ ਦਾਇਨੀ ਸਮ੍ਰਿਧ ਬੈਨ ਰਾਖੀਐ ॥

ਉਹ (ਕਥਾ) ਸਿੱਧੀ ਅਤੇ ਬ੍ਰਿੱਧੀ ਦੇਣ ਵਾਲੀ ਹੈ (ਅਤੇ ਉਸ ਵਿਚ) ਸਮ੍ਰਿਧ ਬਚਨ ਰਖੇ ਹੋਏ ਹਨ।

ਪਵਿਤ੍ਰ ਨਿਰਮਲੀ ਮਹਾ ਬਚਿਤ੍ਰ ਕਾਬ੍ਰਯ ਕਥੀਐ ॥

(ਬਾਲਮੀਕ ਨੇ ਜਿਸ) ਵਿਚਿਤ੍ਰ ਕਾਵਿ ਦਾ ਕਥਨ ਕੀਤਾ ਹੈ, (ਉਹ) ਬਹੁਤ ਹੀ ਪਵਿਤ੍ਰ ਅਤੇ ਨਿਰਮਲ ਹੈ।

ਪਵਿਤ੍ਰ ਸਬਦ ਊਪਜੈ ਚਰਿਤ੍ਰ ਕੌ ਨ ਕਿਜੀਐ ॥੪॥

(ਉਸ ਵਿਚੋਂ) ਪਵਿਤ੍ਰ ਸ਼ਬਦ ਪੈਦਾ ਹੁੰਦਾ ਹੈ। (ਉਸ ਵਿਚਲੇ) ਚਰਿਤ੍ਰ (ਭਾਵ-ਰਾਮ ਦੇ ਸਰੂਪ ਦੀ ਉਪਮਾ) ਨਹੀਂ ਕੀਤੀ ਜਾ ਸਕਦੀ ॥੪॥

ਸੁ ਸੇਵ ਕਾਲ ਦੇਵ ਕੀ ਅਭੇਵ ਜਾਨਿ ਕੀਜੀਐ ॥

ਇਸ ਲਈ ਕਾਲ ਪੁਰਖ ਨੂੰ 'ਅਭੇਵ' ਜਾਣ ਕੇ ਸੇਵਾ ਕਰਨੀ ਚਾਹੀਦੀ ਹੈ।

ਪ੍ਰਭਾਤ ਉਠਿ ਤਾਸੁ ਕੋ ਮਹਾਤ ਨਾਮ ਲੀਜੀਐ ॥

ਪ੍ਰਭਾਤ ਵੇਲੇ ਉਠ ਕੇ ਉਸ ਦੇ ਮਹਾਨ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।

ਅਸੰਖ ਦਾਨ ਦੇਹਿਗੋ ਦੁਰੰਤ ਸਤ੍ਰੁ ਘਾਇ ਹੈ ॥

(ਉਸ ਦੇ ਨਾਮ ਲੇਵਾ) ਬੇਅੰਤ ਵੈਰੀਆਂ ਨੂੰ ਮਾਰ ਕੇ ਅਸੰਖ (ਲੋਕਾਂ ਨੂੰ) ਦਾਨ ਦੇਣਗੇ।

ਸੁ ਪਾਨ ਰਾਖਿ ਆਪਨੋ ਅਜਾਨ ਕੋ ਬਚਾਇ ਹੈ ॥੫॥

(ਉਸ) ਅਜਾਣ ਨੂੰ (ਕਾਲ ਪੁਰਖ) ਆਪਣਾ ਹੱਥ ਦੇ ਕੇ ਬਚਾਉਣਗੇ ॥੫॥

ਨ ਸੰਤ ਬਾਰ ਬਾਕਿ ਹੈ ਅਸੰਤ ਜੂਝਿ ਹੈ ਬਲੀ ॥

ਸੰਤਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਹੈ ਅਤੇ ਅਸੰਤ ਸੂਰਮੇ ਜੂਝ ਮਰਦੇ ਹਨ।

ਬਿਸੇਖ ਸੈਨ ਭਾਜ ਹੈ ਸਿਤੰਸ ਰੇਣ ਨਿਰਦਲੀ ॥

(ਉਨ੍ਹਾਂ ਦੀ) ਨਾ ਦਲੀ ਜਾ ਸਕਣ ਵਾਲੀ ਵਿਸ਼ੇਸ਼ ਸੈਨਾ ਭਜ ਜਾਂਦੀ ਹੈ, (ਜਿਵੇਂ) ਚੰਦ੍ਰਮਾ ('ਸਿਤੰਸ') ਦੀਆਂ ਕਿਰਨਾਂ (ਅਗੇ) ਰਾਤ (ਦਾ) ਹਨੇਰਾ ਖ਼ਤਮ ਹੋ ਜਾਂਦਾ ਹੈ।

ਕਿ ਆਨਿ ਆਪੁ ਹਾਥ ਦੈ ਬਚਾਇ ਮੋਹਿ ਲੇਹਿੰਗੇ ॥

(ਉਸ ਵੇਲੇ) ਪ੍ਰਭੂ ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈਣਗੇ।

ਦੁਰੰਤ ਘਾਟ ਅਉਘਟੇ ਕਿ ਦੇਖਨੈ ਨ ਦੇਹਿੰਗੇ ॥੬॥

ਬਹੁਤ ਔਖੀਆਂ ਘਟਨਾਵਾਂ ਨੂੰ ਨਹੀਂ ਘਟਣ ਦੇਣਗੇ ਅਤੇ (ਵੈਰੀ ਨੂੰ) ਦੇਖਣ ਵੀ ਨਹੀਂ ਦੇਣਗੇ ॥੬॥

ਇਤਿ ਅਵਤਾਰ ਬਾਲਮੀਕ ਪ੍ਰਿਥਮ ਸਮਾਪਤੰ ॥੧॥

ਇਥੇ ਪ੍ਰਥਮ ਬਾਲਮੀਕ ਅਵਤਾਰ ਦੀ ਸਮਾਪਤੀ ॥੧॥

ਦੁਤੀਯਾ ਅਵਤਾਰ ਬ੍ਰਹਮਾ ਕਸਪ ਕਥਨੰ ॥

ਹੁਣ ਬ੍ਰਹਮਾ ਦੇ ਦੂਜੇ ਅਵਤਾਰ ਕਸ਼ਪ ਦਾ ਕਥਨ

ਪਾਧੜੀ ਛੰਦ ॥

ਪਾਧੜੀ ਛੰਦ:

ਪੁਨਿ ਧਰਾ ਬ੍ਰਹਮ ਕਸਪ ਵਤਾਰ ॥

ਫਿਰ ਬ੍ਰਹਮਾ ਨੇ ਕਸ਼ਪ ਅਵਤਾਰ ਧਾਰਨ ਕੀਤਾ।

ਸ੍ਰੁਤਿ ਕਰੇ ਪਾਠ ਤ੍ਰੀਅ ਬਰੀ ਚਾਰ ॥

(ਉਹ) ਵੇਦਾਂ ਦਾ ਪਾਠ ਕਰਦਾ ਸੀ ਅਤੇ ਚਾਰ ਇਸਤਰੀਆਂ ਵਿਆਹੀਆਂ ਸਨ।

ਮਥਨੀ ਸ੍ਰਿਸਟਿ ਕੀਨੀ ਪ੍ਰਗਾਸ ॥

(ਉਸ ਨੇ) ਮੈਥਨ ਦੁਆਰਾ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਕਾਸ਼ਿਤ ਕੀਤੀ ਸੀ।

ਉਪਜਾਇ ਦੇਵ ਦਾਨਵ ਸੁ ਬਾਸ ॥੭॥

ਉਸ ਨੇ ਦੇਵਤੇ, ਦੈਂਤ ਅਤੇ ਨਗਰ ('ਬਾਸ') ਸਿਰਜੇ ਸਨ ॥੭॥

ਜੋ ਭਏ ਰਿਖਿ ਹ੍ਵੈ ਗੇ ਵਤਾਰ ॥

ਜੋ ਰਿਸ਼ੀ (ਕਸ਼ਪ) ਹੋਏ, ਉਹ ਅਵਤਾਰ ਹੋ ਗਏ;

ਤਿਨ ਕੋ ਬਿਚਾਰ ਕਿਨੋ ਬਿਚਾਰ ॥

ਉਨ੍ਹਾਂ ਦੇ ਵਿਚਾਰ ਨੂੰ ਵਿਚਾਰ ਪੂਰਵਕ ਪ੍ਰਗਟ ਕੀਤਾ ਹੈ।

ਸ੍ਰੁਤਿ ਕਰੇ ਬੇਦ ਅਰੁ ਧਰੇ ਅਰਥ ॥

ਉਸ ਨੇ ਸ੍ਰੁਤੀਆਂ ਤੋਂ ਵੇਦ ਬਣਾਏ ਅਤੇ ਉਨ੍ਹਾਂ ਵਿਚ ਅਰਥ ਭਰੇ

ਕਰ ਦਏ ਦੂਰ ਭੂਅ ਕੇ ਅਨਰਥ ॥੮॥

ਅਤੇ ਧਰਤੀ ਦੇ ਅਨਰਥ ਦੂਰ ਕਰ ਦਿੱਤੇ ॥੮॥

ਇਹ ਭਾਤਿ ਕੀਨ ਦੂਸ੍ਰ ਵਤਾਰ ॥

ਇਸ ਤਰ੍ਹਾਂ (ਬ੍ਰਹਮਾ ਨੇ) ਦੂਜਾ ਅਵਤਾਰ ਧਾਰਨ ਕੀਤਾ।