ਸ਼੍ਰੀ ਦਸਮ ਗ੍ਰੰਥ

ਅੰਗ - 320


ਜੋ ਹਮ ਪ੍ਰੇਮ ਛਕੇ ਅਤਿ ਹੀ ਤੁਮ ਕੋ ਹਮ ਢੂੰਢਤ ਢੂੰਢ ਲਹਾ ਹੈ ॥

ਮੈਂ ਤੁਹਾਡੇ ਪ੍ਰੇਮ ਵਿਚ ਅਤਿ ਮਤਵਾਲਾ ਹੋ ਗਿਆ ਹਾਂ, ਇਸ ਲਈ ਤੁਹਾਨੂੰ ਮੈਂ ਇਥੇ ਢੂੰਢ ਢੂੰਢ ਕੇ ਲਭਿਆ ਹੈ।

ਜੋਰ ਪ੍ਰਨਾਮ ਕਰੋ ਹਮ ਕੋ ਕਰ ਸਉਹ ਲਗੈ ਤੁਮ ਮੇਰੀ ਹਹਾ ਹੈ ॥

ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ (ਅਤੇ ਬਸਤ੍ਰ ਲੈ ਲਵੋ)। (ਜੇ ਨਹੀਂ ਕਰੋਗੀਆਂ ਤਾਂ) ਤੁਹਾਨੂੰ ਮੇਰੀ ਸੌਂਹ ਲਗੇ।

ਕਾਨ੍ਰਹ ਕਹੀ ਹਸਿ ਬਾਤ ਸੁਨੋ ਸੁਭ ਚਾਰ ਭਈ ਤੁ ਬਿਚਾਰ ਕਹਾ ਹੈ ॥੨੭੫॥

ਕਾਨ੍ਹ ਨੇ (ਗੋਪੀਆਂ ਨੂੰ) ਹਸ ਕੇ ਕਿਹਾ ਕਿ ਸ਼ੁਭ ਗੱਲ ਸੁਣੋ, ਜੇ (ਅੱਖਾਂ) ਚਾਰ ਹੋ ਗਈਆਂ ਹਨ, ਤਾਂ (ਫਿਰ ਨਗਨਤਾ ਦਾ) ਵਿਚਾਰ ਕਾਹਦਾ ਹੈ ॥੨੭੫॥

ਸੰਕ ਕਰੋ ਹਮ ਤੇ ਨ ਕਛੂ ਅਰੁ ਲਾਜ ਕਛੂ ਜੀਅ ਮੈ ਨਹੀ ਕੀਜੈ ॥

ਮੇਰੇ ਕੋਲੋਂ ਕੁਝ ਵੀ ਸੰਗ ਨਾ ਕਰੋ ਅਤੇ ਨਾ ਹੀ ਮਨ ਵਿਚ ਕੁਝ ਲਜਾ ਕਰੋ।

ਜੋਰਿ ਪ੍ਰਨਾਮ ਕਰੋ ਹਮ ਕੋ ਕਰ ਦਾਸਨ ਕੀ ਬਿਨਤੀ ਸੁਨਿ ਲੀਜੈ ॥

ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਅਤੇ (ਮੈਂ) ਦਾਸ ਦੀ ਬੇਨਤੀ ਸੁਣ ਲਵੋ।

ਕਾਨ੍ਰਹ ਕਹੀ ਹਸਿ ਕੈ ਤਿਨ ਸੋ ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ ॥

ਕਾਨ੍ਹ ਨੇ ਉਨ੍ਹਾਂ ਨੂੰ ਹਸ ਕੇ ਕਿਹਾ ਕਿ ਮੈਂ ਤੁਹਾਡੀਆਂ ਹਿਰਨ ਵਰਗੀਆਂ ਅੱਖਾਂ ਨੂੰ ਵੇਖ ਕੇ ਜੀਉਂਦਾ ਹਾਂ।

ਡੇਰਨ ਨਾਹਿ ਕਹੈ ਤੁਮਰੇ ਇਹ ਤੇ ਤੁਮਰੋ ਕਛੂ ਨਾਹਿਨ ਛੀਜੈ ॥੨੭੬॥

(ਮੈਂ) ਤੁਹਾਡੇ ਘਰਾਂ ਵਿਚ (ਜਾ ਕੇ ਕੁਝ) ਨਹੀਂ ਕਹਾਂਗਾ, ਇਸ ਲਈ ਤੁਹਾਡੀ ਕੋਈ ਹਾਨੀ ਨਹੀਂ ਹੋਏਗੀ ॥੨੭੬॥

ਦੋਹਰਾ ॥

ਦੋਹਰਾ:

ਕਾਨ੍ਰਹ ਜਬੈ ਪਟ ਨ ਦਏ ਤਬ ਗੋਪੀ ਸਭ ਹਾਰਿ ॥

ਕਾਨ੍ਹ ਨੇ ਜਦ ਬਸਤ੍ਰ ਨਾ ਦਿੱਤੇ, ਤਾਂ ਸਭ ਗੋਪੀਆਂ ਨੇ ਹਾਰ ਕੇ

ਕਾਨ੍ਰਹਿ ਕਹੈ ਸੋ ਕੀਜੀਐ ਕੀਨੋ ਇਹੈ ਬਿਚਾਰ ॥੨੭੭॥

ਇਹ ਵਿਚਾਰ ਕੀਤਾ ਕਿ ਜੋ ਕਾਨ੍ਹ ਕਹਿੰਦਾ ਹੈ, ਉਹੀ ਕਰੀਏ ॥੨੭੭॥

ਸਵੈਯਾ ॥

ਸਵੈਯਾ:

ਜੋਰਿ ਪ੍ਰਨਾਮ ਕਰੋ ਹਰਿ ਕੋ ਕਰ ਆਪਸ ਮੈ ਕਹਿ ਕੈ ਮੁਸਕਾਨੀ ॥

(ਹੱਥ) ਜੋੜ ਕੇ ਸ੍ਰੀ ਕ੍ਰਿਸ਼ਨ ਨੂੰ ਪ੍ਰਣਾਮ ਕਰੋ। (ਇਹ ਗੱਲ) ਆਪਸ ਵਿਚ ਕਰਕੇ (ਗੋਪੀਆਂ) ਹੱਸ ਪਈਆਂ।

ਸ੍ਯਾਮ ਲਗੀ ਕਹਨੇ ਮੁਖ ਤੇ ਸਭ ਹੀ ਗੁਪੀਆ ਮਿਲਿ ਅੰਮ੍ਰਿਤ ਬਾਨੀ ॥

ਸਾਰੀਆਂ ਗੋਪੀਆਂ ਮਿਲ ਕੇ ਮੂੰਹ ਵਿਚੋਂ ਸ਼ਿਆਮ ਨੂੰ ਅੰਮ੍ਰਿਤ (ਵਰਗੇ) ਬੋਲ ਕਹਿਣ ਲਗੀਆਂ।

ਹੋਹੁ ਪ੍ਰਸੰਨ੍ਯ ਕਹਿਯੋ ਹਮ ਪੈ ਕਰੁ ਬਾਤ ਕਹੀ ਤੁਮ ਸੋ ਹਮ ਮਾਨੀ ॥

(ਹੁਣ) ਪ੍ਰਸੰਨ ਹੋਵੋ (ਕਿਉਂਕਿ) ਸਾਨੂੰ ਜੋ ਕੁਝ ਤੁਸੀਂ ਕਿਹਾ ਸੀ, ਉਹ ਗੱਲ ਅਸੀਂ ਮੰਨ ਲਈ ਹੈ।

ਅੰਤਰ ਨਾਹਿ ਰਹਿਯੋ ਇਹ ਜਾ ਅਬ ਸੋਊ ਭਲੀ ਤੁਮ ਜੋ ਮਨਿ ਭਾਨੀ ॥੨੭੮॥

ਇਥੇ ਹੁਣ ਤੁਹਾਡੇ ਅਤੇ ਸਾਡੇ ਵਿਚ ਕੋਈ ਅੰਤਰ ਨਹੀਂ ਰਿਹਾ; ਸਾਡੇ ਲਈ ਉਹੀ (ਗੱਲ) ਚੰਗੀ ਹੈ ਜੋ ਤੁਹਾਡੇ ਮਨ ਭਾਉਂਦੀ ਹੈ ॥੨੭੮॥

ਕਾਮ ਕੇ ਬਾਨ ਬਨੀ ਬਰਛੀ ਭਰੁਟੇ ਧਨੁ ਸੇ ਦ੍ਰਿਗ ਸੁੰਦਰ ਤੇਰੇ ॥

(ਹੇ ਪਿਆਰੀ ਗੋਪੀਓ!) ਤੁਹਾਡੇ ਭਰਵਟੇ ਧਨੁਸ਼ ਵਰਗੇ ਅਤੇ ਸੁੰਦਰ ਨੈਣ ਕਾਮ ਦੇ ਤੀਰ ਦੇ ਸਮਾਨ ਹਨ ਅਤੇ (ਤੁਹਾਡੀ ਚਿਤਵਨ) ਬਰਛੀ (ਜਿਹੀ ਹੈ)।

ਆਨਨ ਹੈ ਸਸਿ ਸੋ ਅਲਕੈ ਹਰਿ ਮੋਹਿ ਰਹੈ ਮਨ ਰੰਚਕ ਹੇਰੇ ॥

ਮੁਖੜਾ ਚੰਦ੍ਰਮਾ ਵਰਗਾ ਅਤੇ ਜ਼ੁਲਫ਼ਾਂ ਨਾਗ ਜਿਹੀਆਂ ਹਨ; ਜ਼ਰਾ ਜਿੰਨਾ ਵੇਖਣ ਨਾਲ ਹੀ ਮਨ ਮੋਹਿਆ ਜਾਂਦਾ ਹੈ।

ਤਉ ਤੁਮ ਸਾਥ ਕਰੀ ਬਿਨਤੀ ਜਬ ਕਾਮ ਕਰਾ ਉਪਜੀ ਜੀਅ ਮੇਰੇ ॥

ਤਦ ਹੀ ਤੁਹਾਡੇ ਅਗੇ ਬੇਨਤੀ ਕੀਤੀ ਹੈ ਜਦ ਮੇਰੇ ਮਨ ਵਿਚ ਕਾਮ-ਕਲਾ ਉਪਜੀ ਹੈ।

ਚੁੰਬਨ ਦੇਹੁ ਕਹਿਓ ਸਭ ਹੀ ਮੁਖ ਸਉਹ ਹਮੈ ਕਹਿ ਹੈ ਨਹਿ ਡੇਰੇ ॥੨੭੯॥

(ਇਸੇ ਲਈ ਮੈਂ) ਕਿਹਾ ਹੈ ਕਿ (ਤੁਸੀਂ) ਸਾਰੀਆਂ ਮੈਨੂੰ ਚੁੰਮੀਆਂ ਦੇਵੋ; ਮੈਨੂੰ ਸੌਂਹ ਲਗੇ, ਤੁਹਾਡੇ ਘਰ ਨਹੀਂ ਦਸਦਾ ॥੨੭੯॥

ਹੋਇ ਪ੍ਰਸੰਨ੍ਯ ਸਭੈ ਗੁਪੀਆ ਮਿਲਿ ਮਾਨ ਲਈ ਜੋਊ ਕਾਨ੍ਰਹ ਕਹੀ ਹੈ ॥

ਸਾਰੀਆਂ ਗੋਪੀਆਂ ਨੇ ਮਿਲ ਕੇ ਪ੍ਰਸੰਨਤਾ ਪੂਰਵਕ ਉਹ (ਗੱਲ) ਮੰਨ ਲਈ ਜੋ ਸ਼ਿਆਮ ਨੇ ਕਹੀ ਹੈ।

ਜੋਰਿ ਹੁਲਾਸ ਬਢਿਯੋ ਜੀਅ ਮੈ ਗਿਨਤੀ ਸਰਿਤਾ ਮਗ ਨੇਹ ਬਹੀ ਹੈ ॥

(ਉਨ੍ਹਾਂ ਦੇ) ਮਨ ਵਿਚ ਜ਼ੋਰ ਨਾਲ ਉਲਾਸ ਵੱਧ ਗਿਆ ਅਤੇ (ਸਾਰੀਆਂ) ਗਿਣਤੀਆਂ ਪ੍ਰੇਮ ਦੇ ਵਹਿਣ ਵਿਚ ਵਹਿ ਗਈਆਂ।

ਸੰਕ ਛੁਟੀ ਦੁਹੂੰ ਕੇ ਮਨ ਤੇ ਹਸਿ ਕੈ ਹਰਿ ਤੋ ਇਹ ਬਾਤ ਕਹੀ ਹੈ ॥

ਜਦੋਂ ਇਨ੍ਹਾਂ ਦੇ ਮਨ ਵਿਚੋਂ ਸੰਗ ਹਟ ਗਈ ਤਦੋਂ ਹੀ (ਸ੍ਰੀ ਕ੍ਰਿਸ਼ਨ ਨੇ) ਹਸ ਕੇ ਇਹ ਗੱਲ ਕਹੀ

ਬਾਤ ਸੁਨੋ ਹਮਰੀ ਤੁਮ ਹੂੰ ਹਮ ਕੋ ਨਿਧਿ ਆਨੰਦ ਆਜ ਲਹੀ ਹੈ ॥੨੮੦॥

ਕਿ ਤੁਸੀਂ ਮੇਰੀ ਗੱਲ ਸੁਣੋ, ਅਜ ਮੈਨੂੰ ਆਨੰਦ ਦਾ ਖ਼ਜ਼ਾਨਾ ਲਭ ਪਿਆ ਹੈ ॥੨੮੦॥

ਤਉ ਫਿਰਿ ਬਾਤ ਕਹੀ ਉਨ ਹੂੰ ਸੁਨਿ ਰੀ ਹਰਿ ਜੂ ਪਿਖਿ ਬਾਤ ਕਹੀ ॥

ਤਦੋਂ ਫਿਰ ਉਨ੍ਹਾਂ (ਗੋਪੀਆਂ) ਨੇ ਗੱਲ ਕੀਤੀ ਕਿ ਹੇ ਸਖੀ! ਸੁਣ, ਵੇਖ ਕ੍ਰਿਸ਼ਨ ਨੇ ਕੀ ਗੱਲ ਕਹੀ ਹੈ।

ਸੁਨਿ ਜੋਰ ਹੁਲਾਸ ਬਢਿਓ ਜੀਅ ਮੈ ਗਿਨਤੀ ਸਰਤਾ ਮਗ ਨੇਹ ਬਹੀ ॥

ਸੁਣ (ਇਨ੍ਹਾਂ ਦੇ) ਮਨ ਵਿਚ ਉਲਾਸ ਵੱਧ ਗਿਆ ਹੈ ਅਤੇ ਗਿਣਤੀਆਂ ਪ੍ਰੇਮ ਦੀ ਨਦੀ ਵਿਚ ਰੁੜ੍ਹ ਗਈਆਂ ਹਨ।

ਅਬ ਸੰਕ ਛੁਟੀ ਇਨ ਕੈ ਮਨ ਕੀ ਤਬ ਹੀ ਹਸਿ ਕੈ ਇਹ ਬਾਤ ਕਹੀ ॥

ਹੁਣ ਇਨ੍ਹਾਂ ਦੇ ਮਨ ਦੀ ਸੰਗ ਖ਼ਤਮ ਹੋ ਗਈ ਹੈ, ਤਦੇ ਹੀ ਤਾਂ ਇਨ੍ਹਾਂ ਨੇ ਹੱਸ ਕੇ ਗੱਲ ਕਹੀ ਹੈ।

ਅਬ ਸਤਿ ਭਯੋ ਹਮ ਕੌ ਦੁਰਗਾ ਬਰੁ ਮਾਤ ਸਦਾ ਇਹ ਸਤਿ ਸਹੀ ॥੨੮੧॥

ਹੁਣ ਦੁਰਗਾ ਦਾ ਦਿੱਤਾ ਵਰ ਸੱਚਾ ਹੋ ਗਿਆ ਹੈ; (ਦੁਰਗਾ) ਮਾਤਾ ਸਦਾ ਸੱਚੀ ਅਤੇ ਸਹੀ ਹੈ ॥੨੮੧॥

ਕਾਨ੍ਰਹ ਤਬੈ ਕਰ ਕੇਲ ਤਿਨੋ ਸੰਗਿ ਪੈ ਪਟ ਦੇ ਕਰਿ ਛੋਰ ਦਈ ਹੈ ॥

ਕ੍ਰਿਸ਼ਨ ਨੇ ਉਨ੍ਹਾਂ ਨਾਲ (ਕਾਮ) ਕ੍ਰੀੜਾ ਕਰ ਕੇ ਅਤੇ ਬਸਤ੍ਰ ਦੇ ਕੇ ਛਡ ਦਿੱਤਾ।

ਹੋਇ ਇਕਤ੍ਰ ਤਬੈ ਗੁਪੀਆ ਸਭ ਚੰਡਿ ਸਰਾਹਤ ਧਾਮ ਗਈ ਹੈ ॥

ਤਦੋਂ ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ, ਚੰਡੀ (ਦੁਰਗਾ) ਦੀ ਸਰਾਹਨਾ ਕਰਦੀਆਂ ਘਰਾਂ ਨੂੰ ਚਲੀਆਂ ਗਈਆਂ ਹਨ।

ਆਨੰਦ ਅਤਿ ਸੁ ਬਢਿਯੋ ਤਿਨ ਕੇ ਜੀਅ ਸੋ ਉਪਮਾ ਕਬਿ ਚੀਨ ਲਈ ਹੈ ॥

ਉਨ੍ਹਾਂ ਦੇ ਮਨ ਵਿਚ ਬਹੁਤ ਆਨੰਦ ਵਧ ਗਿਆ ਹੈ ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਸਮਝੀ ਹੈ

ਜਿਉ ਅਤਿ ਮੇਘ ਪਰੈ ਧਰਿ ਪੈ ਧਰਿ ਜ੍ਯੋ ਸਬਜੀ ਸੁਭ ਰੰਗ ਭਈ ਹੈ ॥੨੮੨॥

ਕਿ ਜਿਉਂ ਧਰਤੀ ਉਤੇ ਬਹੁਤ ਮੀਂਹ ਪੈਣ ਨਾਲ, ਸਾਰੀ ਧਰਤੀ ਹਰੀਆਵਲ ਕਾਰਨ ਸੁੰਦਰ ਰੰਗ ਵਾਲੀ ਹੋ ਜਾਂਦੀ ਹੈ ॥੨੮੨॥

ਗੋਪੀ ਬਾਚ ॥

ਗੋਪੀਆਂ ਕਹਿਣ ਲਗੀਆਂ:

ਅੜਿਲ ॥

ਅੜਿਲ:

ਧੰਨਿ ਚੰਡਿਕਾ ਮਾਤ ਹਮੈ ਬਰੁ ਇਹ ਦਯੋ ॥

ਹੇ ਚੰਡਿਕਾ ਮਾਤਾ! (ਤੂੰ) ਧੰਨ ਹੈਂ ਜਿਸ ਨੇ ਸਾਨੂੰ ਇਹ ਵਰ ਦਿੱਤਾ ਹੈ।

ਧੰਨਿ ਦਿਯੋਸ ਹੈ ਆਜ ਕਾਨ੍ਰਹ ਹਮ ਮਿਤ ਭਯੋ ॥

ਅਜ ਦਾ ਦਿਨ ਧੰਨ ਹੈ ਜਿਸ ਵਿਚ ਕਾਨ੍ਹ ਸਾਡਾ ਮਿਤਰ ਹੋਇਆ ਹੈ।

ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਐ ॥

ਹੇ ਦੁਰਗਾ! ਹੁਣ ਸਾਡੇ ਉਤੇ ਇਹ ਕ੍ਰਿਪਾ ਕਰੋ

ਹੋ ਕਾਨਰ ਕੋ ਬਹੁ ਦਿਵਸ ਸੁ ਦੇਖਨ ਦੀਜੀਐ ॥੨੮੩॥

ਕਿ ਕਾਨ੍ਹ ਦਾ ਸਾਨੂੰ ਬਹੁਤ ਦਿਨਾਂ ਤਕ ਦਰਸ਼ਨ ਹੁੰਦਾ ਰਹੇ ॥੨੮੩॥

ਗੋਪੀ ਬਾਚ ਦੇਵੀ ਜੂ ਸੋ ॥

ਗੋਪੀਆਂ ਦੇਵੀ ਜੀ ਨੂੰ ਕਹਿੰਦੀਆਂ ਹਨ:

ਸਵੈਯਾ ॥

ਸਵੈਯਾ:

ਚੰਡਿ ਕ੍ਰਿਪਾ ਹਮ ਪੈ ਕਰੀਐ ਹਮਰੋ ਅਤਿ ਪ੍ਰੀਤਮ ਹੋਇ ਕਨਈਯਾ ॥

ਹੇ ਚੰਡਿਕਾ! ਸਾਡੇ ਉਤੇ ਕ੍ਰਿਪਾ ਕਰੋ ਕਿ ਕਾਨ੍ਹ ਸਾਡਾ ਪ੍ਰੀਤਮ ਬਣਿਆ ਰਹੇ।

ਪਾਇ ਪਰੇ ਹਮ ਹੂੰ ਤੁਮਰੇ ਹਮ ਕਾਨ੍ਰਹ ਮਿਲੈ ਮੁਸਲੀਧਰ ਭਈਯਾ ॥

ਅਸੀਂ ਤੇਰੇ ਚਰਨੀ ਪੈਂਦੀਆਂ ਹਾਂ (ਕਿਉਂਕਿ) (ਤੇਰੀ ਕ੍ਰਿਪਾ ਨਾਲ) ਸਾਨੂੰ ਕਾਨ੍ਹ ਮਿਲਿਆ ਹੈ ਜੋ ਬਲਰਾਮ ਦਾ ਭਰਾ ਹੈ।

ਯਾਹੀ ਤੇ ਦੈਤ ਸੰਘਾਰਨ ਨਾਮ ਕਿਧੋ ਤੁਮਰੋ ਸਭ ਹੀ ਜੁਗ ਗਈਯਾ ॥

ਇਸੇ ਕਰ ਕੇ ਤੇਰਾ ਨਾਂ ਦੈਂਤ ਨੂੰ ਸੰਘਾਰਨ ਵਾਲੀ ਹੈ ਅਤੇ (ਤੇਰਾ ਨਾਂ ਹੀ) ਜਗ ਵਿਚ ਗਾਇਆ ਜਾਂਦਾ ਹੈ।

ਤਉ ਹਮ ਪਾਇ ਪਰੀ ਤੁਮਰੇ ਜਬ ਹੀ ਤੁਮ ਤੇ ਇਹ ਪੈ ਬਰ ਪਈਯਾ ॥੨੮੪॥

ਇਸ ਲਈ ਅਸੀਂ ਤੇਰੇ ਪੈਰੀਂ ਪੈਂਦੀਆਂ ਹਾਂ, ਜਦੋਂ ਅਸੀਂ ਤੇਰੇ ਤੋਂ ਇਹ ਵਰ ਪਾ ਲਿਆ ਹੈ ॥੨੮੪॥

ਕਬਿਤੁ ॥

ਕਬਿੱਤ:

ਦੈਤਨ ਕੀ ਮ੍ਰਿਤ ਸਾਧ ਸੇਵਕ ਕੀ ਬਰਤਾ ਤੂ ਕਹੈ ਕਬਿ ਸ੍ਯਾਮ ਆਦਿ ਅੰਤ ਹੂੰ ਕੀ ਕਰਤਾ ॥

(ਹੇ ਦੁਰਗਾ ਮਾਤਾ! ਤੂੰ) ਦੈਂਤਾਂ ਦੀ ਮੌਤ ਦੇ ਸਮਾਨ ਹੈਂ ਅਤੇ ਸਾਧਾਂ-ਸੇਵਕਾਂ ਦੀ ਵਰ-ਦਾਤੀ ਹੈਂ; ਸ਼ਿਆਮ ਕਵੀ ਕਹਿੰਦੇ ਹਨ, ਤੂੰ ਆਦਿ ਅੰਤ ਦੀ ਕਰਤਾ ਹੈਂ।

ਦੀਜੈ ਬਰਦਾਨ ਮੋਹਿ ਕਰਤ ਬਿਨੰਤੀ ਤੋਹਿ ਕਾਨ੍ਰਹ ਬਰੁ ਦੀਜੈ ਦੋਖ ਦਾਰਦ ਕੀ ਹਰਤਾ ॥

ਹੇ ਦੁਖਾਂ ਅਤੇ ਕਲੇਸਾਂ ਨੂੰ ਨਸ਼ਟ ਕਰਨ ਵਾਲੀ! ਸਾਨੂੰ ਵਰ ਦਿਓ, ਅਸੀਂ ਬੇਨਤੀ ਕਰਦੀਆਂ ਹਾਂ ਕਿ ਸਾਨੂੰ ਕਾਨ੍ਹ ਵਰ ਦਿਓ।

ਤੂ ਹੀ ਪਾਰਬਤੀ ਅਸਟ ਭੁਜੀ ਤੁਹੀ ਦੇਵੀ ਤੁਹੀ ਤੁਹੀ ਰੂਪ ਛੁਧਾ ਤੁਹੀ ਪੇਟ ਹੂੰ ਕੀ ਭਰਤਾ ॥

ਤੂੰ ਹੀ ਪਾਰਬਤੀ ਹੈਂ, ਤੂੰ ਹੀ ਅਸ਼ਟ ਭੁਜੀ ਹੈਂ, ਤੂੰ ਹੀ ਦੇਵੀ ਹੈਂ, ਤੂੰ ਹੀ ਭੁਖ ਦਾ ਰੂਪ ਹੈਂ ਅਤੇ ਤੂੰ ਹੀ ਪੇਟ ਨੂੰ ਭਰਨ ਵਾਲੀ ਹੈਂ।

ਤੁਹੀ ਰੂਪ ਲਾਲ ਤੁਹੀ ਸੇਤ ਰੂਪ ਪੀਤ ਤੁਹੀ ਤੁਹੀ ਰੂਪ ਧਰਾ ਕੋ ਹੈ ਤੁਹੀ ਆਪ ਕਰਤਾ ॥੨੮੫॥

ਤੂੰ ਹੀ ਲਾਲ ਰੂਪ ਹੈ, ਤੂੰ ਹੀ ਸਫ਼ੈਦ ਰੂਪ ਵਾਲੀ ਹੈਂ ਅਤੇ ਤੂੰ ਹੀ ਪੀਲੇ ਰੂਪ ਵਾਲੀ ਹੈਂ, ਤੂੰ ਹੀ ਧਰਤੀ ਰੂਪ ਹੈਂ ਅਤੇ ਤੂੰ ਹੀ ਸਭ ਨੂੰ ਕਰਨ ਵਾਲੀ ਹੈਂ ॥੨੮੫॥


Flag Counter