ਸ਼੍ਰੀ ਦਸਮ ਗ੍ਰੰਥ

ਅੰਗ - 217


ਭਲ ਭਲ ਕੁਅਰ ਚੜੇ ਸਜ ਸੈਨਾ ॥

ਚੰਗੇ-ਚੰਗੇ ਰਾਜ ਕੁਮਾਰ ਸੈਨਾ ਸਜਾ ਕੇ ਚੜ੍ਹ ਪਏ ਸਨ।

ਕੋਟਕ ਚੜੇ ਸੂਰ ਜਨੁ ਗੈਨਾ ॥੧੬੪॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਰੋੜਾਂ ਸੂਰਜ ਆਕਾਸ਼ ਵਿੱਚ ਚੜ੍ਹੇ ਹੋਏ ਹੋਣ ॥੧੬੪॥

ਭਰਥ ਸਹਿਤ ਸੋਭਤ ਸਭ ਭ੍ਰਾਤਾ ॥

ਭਰਤ ਸਮੇਤ ਸਾਰੇ ਭਰਾ ਸ਼ੋਭਾ ਪਾ ਰਹੇ ਸਨ।

ਕਹਿ ਨ ਪਰਤ ਮੁਖ ਤੇ ਕਛੁ ਬਾਤਾ ॥

(ਉਨ੍ਹਾਂ ਬਾਰੇ) ਮੁਖ ਤੋਂ ਕੁਝ ਵੀ ਵਰਣਨ ਨਹੀਂ ਕੀਤਾ ਜਾ ਸਕਦਾ ਸੀ।

ਮਾਤਨ ਮਨ ਸੁੰਦਰ ਸੁਤ ਮੋਹੈਂ ॥

ਸੁੰਦਰ ਪੁੱਤਰ ਮਾਵਾਂ ਦੇ ਮਨ ਮੋਹ ਰਹੇ ਸਨ।

ਜਨੁ ਦਿਤ ਗ੍ਰਹ ਰਵਿ ਸਸ ਦੋਊ ਸੋਹੈਂ ॥੧੬੫॥

(ਇੰਜ ਲੰਗਦਾ ਸੀ) ਮਾਨੋ ਦਿੱਤੀ (ਅਦਿਤੀ) ਦੇ ਘਰ ਚੰਦ ਤੇ ਸੂਰਜ ਦੋਵੇਂ ਸ਼ੋਭ ਰਹੇ ਹੋਣ ॥੧੬੫॥

ਇਹ ਬਿਧ ਕੈ ਸਜ ਸੁਧ ਬਰਾਤਾ ॥

ਇਸ ਤਰ੍ਹਾਂ ਦੀ ਜੁਗਤ ਨਾਲ ਜੰਞ ਸੋਹਣੀ ਸੱਜੀ ਹੋਈ ਸੀ

ਕਛੁ ਨ ਪਰਤ ਕਹਿ ਤਿਨ ਕੀ ਬਾਤਾ ॥

ਕਿ ਉਨ੍ਹਾਂ ਦਾ ਕੁਝ ਵੀ ਵਰਣਨ ਨਹੀਂ (ਹੋ) ਸਕਦਾ ਸੀ।

ਬਾਢਤ ਕਹਤ ਗ੍ਰੰਥ ਬਾਤਨ ਕਰ ॥

(ਕਿਉਂਕਿ) ਇਹ ਗੱਲਾਂ ਕਹਿਣ ਨਾਲ ਗ੍ਰੰਥ ਦਾ ਆਕਾਰ ਵੱਡਾ ਹੋ ਜਾਏਗਾ।

ਬਿਦਾ ਹੋਨ ਸਿਸ ਚਲੇ ਤਾਤ ਘਰ ॥੧੬੬॥

ਇਸ ਤਰ੍ਹਾਂ ਰਾਜ ਕੁਮਾਰ (ਪੁੱਤਰ) ਪਿਤਾ ਦੇ ਘਰ ਵਿਦਾ ਹੋਣ ਲਈ ਜਾ ਰਹੇ ਸਨ ॥੧੬੬॥

ਆਇ ਪਿਤਾ ਕਹੁ ਕੀਨ ਪ੍ਰਨਾਮਾ ॥

(ਪੁੱਤਰਾਂ ਨੇ) ਆ ਕੇ ਪਿਤਾ ਨੂੰ ਪ੍ਰਣਾਮ ਕੀਤਾ।

ਜੋਰਿ ਪਾਨ ਠਾਢੇ ਬਨਿ ਧਾਮਾ ॥

ਤਿੰਨੇ ਬਲਵਾਨ ਪੁੱਤਰ ਹੱਥ ਜੋੜ ਕੇ ਖੜੇ ਹੋ ਗਏ।

ਨਿਰਖਿ ਪੁਤ੍ਰ ਆਨੰਦ ਮਨ ਭਰੇ ॥

ਪੁੱਤਰਾਂ ਨੂੰ ਵੇਖ ਕੇ (ਪਿਤਾ ਦਾ) ਮਨ ਆਨੰਦ ਨਾਲ ਭਰ ਗਿਆ।

ਦਾਨ ਬਹੁਤ ਬਿਪਨ ਕਹ ਕਰੇ ॥੧੬੭॥

(ਉਸ ਨੇ) ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤਾ ॥੧੬੭॥

ਤਾਤ ਮਾਤ ਲੈ ਕੰਠਿ ਲਗਾਏ ॥

ਮਾਤਾ ਤੇ ਪਿਤਾ ਨੇ ਪੁੱਤਰਾਂ ਨੂੰ (ਇਉਂ) ਗਲ ਨਾਲ ਲਾ ਲਿਆ,

ਜਨ ਦੁਇ ਰਤਨ ਨਿਰਧਨੀ ਪਾਏ ॥

ਮਾਨੋ ਦੋ ਜਨਮਾਂ ਦੇ ਕੰਗਲਿਆਂ ਨੇ ਰਤਨ ਲਭ ਲਏ ਹੋਣ।

ਬਿਦਾ ਮਾਗ ਜਬ ਗਏ ਰਾਮ ਘਰ ॥

ਜਦੋਂ ਵਿਦਾ ਹੋਣ ਲਈ (ਭਰਾ) ਰਾਮ ਦੇ ਘਰ ਗਏ

ਸੀਸ ਰਹੇ ਧਰਿ ਚਰਨ ਕਮਲ ਪਰ ॥੧੬੮॥

ਤਾਂ ਉਨ੍ਹਾਂ ਦੇ ਚਰਨ-ਕਮਲਾਂ ਉੱਤੇ ਸਿਰ ਰੱਖ ਦਿੱਤਾ ॥੧੬੮॥

ਕਬਿਤ ॥

ਕਬਿੱਤ

ਰਾਮ ਬਿਦਾ ਕਰੇ ਸਿਰ ਚੂਮਯੋ ਪਾਨ ਪੀਠ ਧਰੇ ਆਨੰਦ ਸੋ ਭਰੇ ਲੈ ਤੰਬੋਰ ਆਗੇ ਧਰੇ ਹੈਂ ॥

ਰਾਮ ਨੇ (ਭਰਾਵਾਂ ਨੂੰ) ਵਿਦਾ ਕਰਨ ਲੱਗਿਆਂ (ਉਨ੍ਹਾਂ ਦਾ) ਸਿਰ ਚੁੰਮਿਆ ਅਤੇ ਪਿੱਠ 'ਤੇ ਹੱਥ ਫੇਰਿਆ ਅਤੇ ਆਨੰਦ ਪੂਰਵਕ ਪਾਨ ਬੀੜੇ ਅੱਗੇ ਰੱਖੇ।

ਦੁੰਦਭੀ ਬਜਾਇ ਤੀਨੋ ਭਾਈ ਯੌ ਚਲਤ ਭਏ ਮਾਨੋ ਸੂਰ ਚੰਦ ਕੋਟਿ ਆਨ ਅਵਤਰੇ ਹੈਂ ॥

ਧੌਂਸਾ ਵਜਾ ਕੇ ਤਿੰਨੇ ਭਰਾ ਇਸ ਤਰ੍ਹਾਂ ਤੁਰ ਪਏ, ਮਾਨੋ ਕਰੋੜਾਂ ਸੂਰਜ ਤੇ ਚੰਦ੍ਰਮਾ ਆ ਉਤਰੇ ਹੋਣ।

ਕੇਸਰ ਸੋ ਭੀਜੇ ਪਟ ਸੋਭਾ ਦੇਤ ਐਸੀ ਭਾਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈਂ ॥

ਕੇਸਰ ਨਾਲ ਭਿੱਜੇ ਹੋਏ ਕੱਪੜੇ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ, ਮਾਨੋ ਰੂਪ ਰਾਗ, ਸੁਹਾਗ ਅਤੇ ਭਾਗ ਦੇ ਭਰੇ ਹੋਏ ਹੋਣ।

ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂ ਨੇ ਕੋਟਿਕ ਕਲਿਯੋਰਾ ਕੈਧੌ ਕਰੇ ਹੈਂ ॥੧੬੯॥

ਰਾਜਾ ਦਸ਼ਰਥ ਦੇ ਪੁੱਤਰ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ ਕਿ ਕਿਧਰੇ ਕਾਮ ਜੀ ਨੇ ਕਰੋੜਾਂ ਸਰੀਰ ('ਕਲਿਯੋਰਾ') ਧਾਰਨ ਕੀਤੇ ਹੋਣ ॥੧੬੯॥

ਕਬਿਤ ॥

ਕਬਿੱਤ

ਅਉਧ ਤੇ ਨਿਸਰ ਚਲੇ ਲੀਨੇ ਸੰਗਿ ਸੂਰ ਭਲੇ ਰਨ ਤੇ ਨ ਟਲੇ ਪਲੇ ਸੋਭਾ ਹੂੰ ਕੇ ਧਾਮ ਕੇ ॥

ਉਹ ਅਯੁੱਧਿਆ ਤੋਂ ਨਿਕਲ ਤੁਰੇ ਹਨ, ਚੰਗੇ-ਚੰਗੇ ਸੂਰਮੇ ਨਾਲ ਲਏ ਹੋਏ ਹਨ, ਯੁੱਧ ਤੋਂ ਕਦੇ ਟਲਣ ਵਾਲੇ ਨਹੀਂ ਹਨ ਅਤੇ ਸ਼ੋਭਾ ਦੇ ਘਰ ਹਨ।

ਸੁੰਦਰ ਕੁਮਾਰ ਉਰ ਹਾਰ ਸੋਭਤ ਅਪਾਰ ਤੀਨੋ ਲੋਗ ਮਧ ਕੀ ਮੁਹਯਾ ਸਭ ਬਾਮ ਕੇ ॥

ਸੁੰਦਰ ਰਾਜ ਕੁਮਾਰਾਂ ਦੇ ਗਲ਼ਾਂ ਵਿੱਚ ਅਪਾਰ ਹਾਰ ਸ਼ੋਭਾ ਪਾ ਰਹੇ ਹਨ। ਤਿੰਨ ਲੋਕਾਂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨੂੰ ਮੋਹਣ ਵਾਲੇ ਹਨ।

ਦੁਰਜਨ ਦਲਯਾ ਤੀਨੋ ਲੋਕ ਕੇ ਜਿਤਯਾ ਤੀਨੋ ਰਾਮ ਜੂ ਕੇ ਭਯਾ ਹੈਂ ਚਹਯਾ ਹਰ ਨਾਮ ਕੇ ॥

ਤਿੰਨੇ ਭਰਾ ਵੈਰੀਆਂ ਨੂੰ ਦਲ ਸੁੱਟਣ ਵਾਲੇ ਅਤੇ ਤਿੰਨਾਂ ਲੋਕਾਂ ਨੂੰ ਜਿੱਤਣ ਵਾਲੇ ਹਨ। ਰਾਮ ਜੀ ਦੇ ਭਰਾ ਹਨ ਅਤੇ ਹਰਿ ਨਾਮ ਨੂੰ ਚਾਹੁੰਣ ਵਾਲੇ ਹਨ।

ਬੁਧ ਕੇ ਉਦਾਰ ਹੈਂ ਸਿੰਗਾਰ ਅਵਤਾਰ ਦਾਨ ਸੀਲ ਕੇ ਪਹਾਰ ਕੈ ਕੁਮਾਰ ਬਨੇ ਕਾਮ ਕੇ ॥੧੭੦॥

ਬੁੱਧੀ ਦੇ ਉਦਾਰ ਹਨ, ਸ਼ਿੰਗਾਰ (ਰਸ) ਦੇ ਅਵਤਾਰ ਹਨ, ਦਾਨ ਤੇ ਸ਼ੀਲ ਦੇ ਪਹਾੜ ਹਨ ਜਾਂ ਕਾਮ ਦੇ ਕੁਮਾਰ ਬਣੇ ਹੋਏ ਹਨ ॥੧੭੦॥

ਅਸ੍ਵ ਬਰਨਨੰ ॥

ਘੋੜਿਆਂ ਦਾ ਵਰਣਨ

ਕਬਿਤੁ ॥

ਕਬਿੱਤ

ਨਾਗਰਾ ਕੇ ਨੈਨ ਹੈਂ ਕਿ ਚਾਤਰਾ ਕੇ ਬੈਨ ਹੈਂ ਬਘੂਲਾ ਮਾਨੋ ਗੈਨ ਕੈਸੇ ਤੈਸੇ ਥਹਰਤ ਹੈਂ ॥

(ਉਹ ਘੋੜੇ ਨਹੀਂ) ਮਾਨੋ ਚੰਚਲ ਇਸਤਰੀ ਦੇ ਨੇਤ੍ਰ ਹੋਣ ਜਾਂ ਚਤੁਰ ਇਸਤਰੀ ਦੇ ਬੋਲ ਹੋਣ ਜਾਂ ਆਕਾਸ਼ ਦਾ ਵਾਵਰੋਲਾ ਹੋਣ, (ਕਿਉਂਕਿ) ਉਸੇ ਤਰ੍ਹਾਂ ਥਰਕ ਰਹੇ ਹਨ,

ਨ੍ਰਿਤਕਾ ਕੇ ਪਾਉ ਹੈਂ ਕਿ ਜੂਪ ਕੈਸੇ ਦਾਉ ਹੈਂ ਕਿ ਛਲ ਕੋ ਦਿਖਾਉ ਕੋਊ ਤੈਸੇ ਬਿਹਰਤ ਹੈਂ ॥

ਮਾਨੋ ਨਾਚੀ ਦੇ ਪੈਰ ਹੋਣ ਜਾਂ ਜੂਏ ਵਰਗੇ ਦਾਓ ਹੋਣ ਜਾਂ ਛਲ ਦਾ ਵਿਖਾਵਾ ਹੋਣ, (ਕਿਉਂਕਿ) ਉਸੇ ਤਰ੍ਹਾਂ ਵਿਚਰ ਰਹੇ ਹਨ,

ਹਾਕੇ ਬਾਜ ਬੀਰ ਹੈਂ ਤੁਫੰਗ ਕੈਸੇ ਤੀਰ ਹੈਂ ਕਿ ਅੰਜਨੀ ਕੇ ਧੀਰ ਹੈਂ ਕਿ ਧੁਜਾ ਸੇ ਫਹਰਤ ਹੈਂ ॥

(ਉਹ) ਹਾਕੇ ਵਾਲੇ ਸੂਰਮਿਆਂ ਦੇ ਹੋਕੇ ਹੋਏ ਹਨ ਜਾਂ ਬੰਦੂਕ (ਦੀ ਗੋਲੀ) ਜਾਂ (ਧਨੁਸ਼ ਵਿਚੋਂ ਨਿਕਲੇ) ਤੀਰ ਹਨ ਜਾਂ ਅੰਜਨੀ ਦੇ ਪੁੱਤਰ ਹਨੂਮਾਨ ਹਨ ਜਾਂ ਧੁਜਾ ਦੇ ਫਰਹਾ ਹਨ,

ਲਹਰੈਂ ਅਨੰਗ ਕੀ ਤਰੰਗ ਜੈਸੇ ਗੰਗ ਕੀ ਅਨੰਗ ਕੈਸੇ ਅੰਗ ਜਯੋਂ ਨ ਕਹੂੰ ਠਹਰਤ ਹੈਂ ॥੧੭੧॥

ਕਾਮ ਦੀਆਂ ਲਹਿਰਾਂ ਹਨ, ਜਾਂ ਗੰਗਾ ਦੀਆਂ ਤਰੰਗਾਂ ਹਨ ਜਾਂ ਕਾਮ ਦਾ ਸਰੀਰ ਹਨ, (ਕਿਉਂਕਿ) ਕਿਤੇ ਠਹਿਰਦੇ ਨਹੀਂ ਹਨ ॥੧੭੧॥

ਨਿਸਾ ਨਿਸਨਾਥਿ ਜਾਨੈ ਦਿਨ ਦਿਨਪਤਿ ਮਾਨੈ ਭਿਛਕਨ ਦਾਤਾ ਕੈ ਪ੍ਰਮਾਨੇ ਮਹਾ ਦਾਨ ਹੈਂ ॥

(ਉਨ੍ਹਾਂ ਰਾਜਕੁਮਾਰਾਂ ਨੂੰ) ਰਾਤ ਨੇ ਚੰਦ੍ਰਮਾ ਕਰਕੇ, ਦਿਨ ਨੇ ਸੂਰਜ ਕਰਕੇ ਅਤੇ ਮੰਗਤਿਆਂ ਨੇ ਮਹਾਦਾਨੀ ਕਰਕੇ ਮੰਨਿਆ ਹੈ,

ਅਉਖਧੀ ਕੇ ਰੋਗਨ ਅਨੰਤ ਰੂਪ ਜੋਗਨ ਸਮੀਪ ਕੈ ਬਿਯੋਗਨ ਮਹੇਸ ਮਹਾ ਮਾਨ ਹੈਂ ॥

ਰੋਗੀਆਂ ਨੇ ਔਖਧੀ ਕਰਕੇ, ਯੋਗੀਆਂ ਨੇ ਅਨੰਤ ਰੂਪ ਕਰਕੇ, ਵਿਯੋਗਣਾਂ ਨੇ ਅਤਿ ਨਿਕਟ ਮਹੇਸ਼ ਕਰਕੇ ਮੰਨਿਆ ਹੈ,

ਸਤ੍ਰੈ ਖਗ ਖਯਾਤਾ ਸਿਸ ਰੂਪਨ ਕੇ ਮਾਤਾ ਮਹਾ ਗਯਾਨੀ ਗਯਾਨ ਗਯਾਤਾ ਕੈ ਬਿਧਾਤਾ ਕੈ ਸਮਾਨ ਹੈਂ ॥

ਸ਼ਤਰੂਆਂ ਨੇ ਤਲਵਾਰ ਦੇ ਧਨੀ ਕਰਕੇ, ਮਾਤਾਵਾਂ ਨੇ ਬਾਲਕ ਕਰਕੇ, ਗਿਆਨੀਆਂ ਨੇ ਗਿਆਨ ਦੇ ਗਿਆਤਾ ਕਰਕੇ, ਜਾਂ ਵਿਧਾਤਾ ਦੇ ਸਮਾਨ ਮੰਨਿਆ ਹੈ।

ਗਨਨ ਗਨੇਸ ਮਾਨੈ ਸੁਰਨ ਸੁਰੇਸ ਜਾਨੈ ਜੈਸੇ ਪੇਖੈ ਤੈਸੇ ਈ ਲਖੇ ਬਿਰਾਜਮਾਨ ਹੈਂ ॥੧੭੨॥

ਗਣਾਂ ਨੇ ਗਣੇਸ਼ ਕਰਕੇ, ਦੇਵਤਿਆਂ ਨੇ ਇੰਦਰ ਕਰਕੇ ਪਛਾਣਿਆ ਹੈ। ਜਿਸ ਤਰ੍ਹਾਂ ਨਾਲ ਵੇਖੋ, ਉਹ ਉਸੇ ਤਰ੍ਹਾਂ ਦੇ ਰੂਪ ਵਿੱਚ ਬਿਰਾਜਮਾਨ ਦਿਸਦੇ ਹਨ ॥੧੭੨॥

ਸੁਧਾ ਸੌ ਸੁਧਾਰੇ ਰੂਪ ਸੋਭਤ ਉਜਿਯਾਰੇ ਕਿਧੌ ਸਾਚੇ ਬੀਚ ਢਾਰੇ ਮਹਾ ਸੋਭਾ ਕੈ ਸੁਧਾਰ ਕੈ ॥

(ਉਨ੍ਹਾਂ ਦੇ) ਰੂਪ ਅੰਮ੍ਰਿਤ ਤੋਂ ਸੁਧਾਰੇ ਗਏ ਹਨ ਜਾਂ ਉਜਾਲੇ ਵਾਂਗ ਸ਼ੋਭਦੇ ਹਨ ਜਾਂ ਵੱਡੀ ਭਾਰੀ ਸੁੰਦਰਤਾ ਨੂੰ ਕਿਸੇ ਸੱਚੇ ਵਿੱਚ ਢਾਲ ਕੇ ਸੁਧਾਰਿਆ ਗਿਆ ਹੈ।

ਕਿਧੌ ਮਹਾ ਮੋਹਨੀ ਕੇ ਮੋਹਬੇ ਨਮਿਤ ਬੀਰ ਬਿਧਨਾ ਬਨਾਏ ਮਹਾ ਬਿਧ ਸੋ ਬਿਚਾਰ ਕੈ ॥

ਜਾਂ ਮਹਾਮੋਹਨੀ ਨੂੰ ਮੋਹਣ ਵਾਸਤੇ ਬਿਧਾਤਾ ਨੇ ਵੱਡੀ ਜੁਗਤ ਨਾਲ ਵਿਚਾਰ ਕੇ ਸੂਰਮੇ ਬਣਾਏ ਹਨ।

ਕਿਧੌ ਦੇਵ ਦੈਤਨ ਬਿਬਾਦ ਛਾਡ ਬਡੇ ਚਿਰ ਮਥ ਕੈ ਸਮੁੰਦ੍ਰ ਛੀਰ ਲੀਨੇ ਹੈ ਨਿਕਾਰ ਕੈ ॥

ਕਿਤੇ ਦੇਵਤਿਆਂ ਅਤੇ ਦੈਂਤਾਂ ਨੇ ਆਪੋ ਵਿਚਲਾ ਝਗੜਾ ਛੱਡ ਕੇ ਅਤੇ ਛੀਰ ਸਮੁੰਦਰ ਨੂੰ ਬਹੁਤ ਚਿਰ ਤਕ ਰਿੜਕ ਕੇ (ਉਸ ਵਿੱਚੋਂ) ਕੱਢ ਲਿਆ ਹੈ,

ਕਿਧੌ ਬਿਸ੍ਵਨਾਥ ਜੂ ਬਨਾਏ ਨਿਜ ਪੇਖਬੇ ਕਉ ਅਉਰ ਨ ਸਕਤ ਐਸੀ ਸੂਰਤੈ ਸੁਧਾਰ ਕੈ ॥੧੭੩॥

ਜਾਂ ਵਿਸ਼ਵ ਦੇ ਸੁਆਮੀ ਨੇ ਆਪਣੇ ਵੇਖਣ ਲਈ (ਇਹ) ਬਣਾਏ ਹਨ (ਕਿਉਂਕਿ) ਅਜਿਹੀਆਂ ਸੂਰਤਾਂ ਨੂੰ ਬਣਾਉਣ ਦੀ ਸ਼ਕਤੀ ਹੋਰ ਕਿਸੇ ਵਿੱਚ ਨਹੀਂ ॥੧੭੩॥

ਸੀਮ ਤਜਿ ਆਪਨੀ ਬਿਰਾਨੇ ਦੇਸ ਲਾਘ ਲਾਘ ਰਾਜਾ ਮਿਥਲੇਸ ਕੇ ਪਹੂਚੇ ਦੇਸ ਆਨ ਕੈ ॥

ਆਪਣੇ (ਰਾਜ) ਦੀ ਹੱਦ ਛੱਡ ਕੇ, ਬਿਗਾਨੇ ਦੇਸ਼ਾਂ ਨੂੰ ਲੰਘ-ਲੰਘ ਕੇ, (ਅੰਤ ਨੂੰ) ਰਾਜਾ ਜਨਕ ਦੇ ਦੇਸ਼ ਵਿੱਚ ਆ ਕੇ ਪਹੁੰਚ ਗਏ।

ਤੁਰਹੀ ਅਨੰਤ ਬਾਜੈ ਦੁੰਦਭੀ ਅਪਾਰ ਗਾਜੈ ਭਾਤਿ ਭਾਤਿ ਬਾਜਨ ਬਜਾਏ ਜੋਰ ਜਾਨ ਕੈ ॥

ਅਨੇਕਾਂ ਤੁਰੀਆਂ ਵੱਜਦੀਆਂ ਸਨ, ਅਪਾਰਾਂ ਧੌਂਸੇ ਗੂੰਜਦੇ ਸਨ, ਤਰ੍ਹਾਂ-ਤਰ੍ਹਾਂ ਦੇ ਵਾਜੇ ਜਾਣ ਬੁੱਝ ਕੇ ਜ਼ੋਰ ਨਾਲ ਵਜਾਉਂਦੇ ਸਨ।

ਆਗੈ ਆਨਿ ਤੀਨੈ ਨ੍ਰਿਪ ਕੰਠ ਲਾਇ ਲੀਨੇ ਰੀਤ ਰੂੜ ਸਭੈ ਕੀਨੇ ਬੈਠੇ ਬੇਦ ਕੈ ਬਿਧਾਨ ਕੈ ॥

ਅੱਗੋਂ ਰਾਜਾ ਜਨਕ ਨੇ ਆ ਕੇ ਤਿੰਨਾਂ ਭਰਾਵਾਂ ਨੂੰ ਗਲ਼ ਨਾਲ ਲਾ ਲਿਆ। ਵੇਦਾਂ ਵਿੱਚ ਦਰਸਾਈਆਂ ਸਾਰੀਆਂ ਪਰੰਪਰਾਗਤ ਰੀਤ ਰਸਮਾਂ ਕਰਕੇ ਬੈਠ ਗਏ।

ਬਰਿਖਯੋ ਧਨ ਕੀ ਧਾਰ ਪਾਇਯਤ ਨ ਪਾਰਾਵਾਰ ਭਿਛਕ ਭਏ ਨ੍ਰਿਪਾਰ ਐਸੇ ਪਾਇ ਦਾਨ ਕੈ ॥੧੭੪॥

ਧਨ ਦਾ ਇਤਨਾ ਮੀਂਹ ਵਸਿਆ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਜਿਹੇ ਦਾਨ ਨੂੰ ਪ੍ਰਾਪਤ ਕਰਕੇ ਮੰਗਤੇ ਵੀ ਰਾਜੇ ਹੋ ਗਏ ॥੧੭੪॥

ਬਾਨੇ ਫਹਰਾਨੇ ਘਹਰਾਨੇ ਦੁੰਦਭ ਅਰਰਾਨੇ ਜਨਕ ਪੁਰੀ ਕੌ ਨੀਅਰਾਨੇ ਬੀਰ ਜਾਇ ਕੈ ॥

ਰੰਗਾਂ ਰੰਗਾਂ ਦੇ ਝੰਡੇ ਲਹਿਰਾਉਂਦਿਆਂ, ਨਗਾਰਿਆਂ ਦੀ ਗੰਭੀਰ ਆਵਾਜ਼ ਕਰਦਿਆਂ ਧੌਂਸਿਆਂ ਨੂੰ ਵਜਾਉਂਦਿਆਂ ਵੀਰ ਸੂਰਮੇ ਜਨਕਪੁਰੀ ਦੇ ਨੇੜੇ ਪਹੁੰਚ ਗਏ।

ਕਹੂੰ ਚਉਰ ਢਾਰੈ ਕਹੂੰ ਚਾਰਣ ਉਚਾਰੈ ਕਹੂੰ ਭਾਟ ਜੁ ਪੁਕਾਰੈ ਛੰਦ ਸੁੰਦਰ ਬਨਾਇ ਕੈ ॥

ਕਿਤੇ ਚੌਰ ਝੁਲਾਏ ਜਾ ਰਹੇ ਹਨ, ਕਿਤੇ ਚਾਰਨ (ਵਿਰਦਾਵਲੀ) ਉਚਾਰ ਰਹੇ ਹਨ, ਕਿਤੇ ਭੱਟ ਸੁੰਦਰ ਛੰਦ ਬਣਾ ਕੇ ਗਾ ਰਹੇ ਹਨ।


Flag Counter