ਸ਼੍ਰੀ ਦਸਮ ਗ੍ਰੰਥ

ਅੰਗ - 94


ਸਕਲ ਕਟਕ ਕੇ ਭਟਨ ਕੋ ਦਇਓ ਜੁਧ ਕੋ ਸਾਜ ॥

ਸਾਰੀ ਸੈਨਾ ਦੇ ਸੈਨਿਕਾਂ ਨੂੰ ਯੁੱਧ ਦਾ ਸਾਮਾਨ (ਸ਼ਾਸਤ੍ਰ-ਅਸਤ੍ਰ ਆਦਿ) ਦੇ ਦਿੱਤਾ।

ਸਸਤ੍ਰ ਪਹਰ ਕੈ ਇਉ ਕਹਿਓ ਹਨਿਹੋ ਚੰਡਹਿ ਆਜ ॥੧੭੪॥

(ਸੁੰਭ ਨੇ) ਸ਼ਸਤ੍ਰ ਧਾਰਨ ਕਰ ਕੇ ਇੰਜ ਕਿਹਾ ਕਿ (ਮੈਂ) ਚੰਡੀ ਨੂੰ ਅੱਜ ਹੀ ਮਾਰਾਂਗਾ ॥੧੭੪॥

ਸ੍ਵੈਯਾ ॥

ਸ੍ਵੈਯਾ:

ਕੋਪ ਕੈ ਸੁੰਭ ਨਿਸੁੰਭ ਚਢੇ ਧੁਨਿ ਦੁੰਦਭਿ ਕੀ ਦਸਹੂੰ ਦਿਸ ਧਾਈ ॥

ਕ੍ਰੋਧਵਾਨ ਹੋ ਕੇ ਸੁੰਭ ਅਤੇ ਨਿਸੁੰਭ (ਦੋਹਾਂ ਭਰਾਵਾਂ) ਨੇ ਚੜ੍ਹਾਈ ਕਰ ਦਿੱਤੀ ਅਤੇ ਨਗਾਰਿਆਂ ਦੀ ਧੁਨ ਦਸਾਂ ਦਿਸ਼ਾਵਾਂ ਵਿਚ ਪਸਰ ਗਈ।

ਪਾਇਕ ਅਗ੍ਰ ਭਏ ਮਧਿ ਬਾਜ ਰਥੀ ਰਥ ਸਾਜ ਕੈ ਪਾਤਿ ਬਨਾਈ ॥

ਸਭ ਤੋਂ ਅਗੇ ਪੈਦਲ (ਸੈਨਿਕ) ਹੋਏ, ਮੱਧ ਵਿਚ ਘੋੜ-ਚੜ੍ਹੇ (ਅਤੇ ਫਿਰ) ਰਥਾਂ ਵਾਲਿਆਂ ਨੇ ਚੰਗੀ ਤਰ੍ਹਾਂ ਕਤਾਰਾਂ ਬਣਾ ਲਈਆਂ।

ਮਾਤੇ ਮਤੰਗ ਕੇ ਪੁੰਜਨ ਊਪਰਿ ਸੁੰਦਰ ਤੁੰਗ ਧੁਜਾ ਫਹਰਾਈ ॥

ਮਸਤ ਹਾਥੀਆਂ ਦੇ ਝੁੰਡਾਂ ਉਤੇ ਸੁੰਦਰ ਉੱਚੀਆਂ ਧੁਜਾਂ ਝੁਲ ਰਹੀਆਂ ਹਨ।

ਸਕ੍ਰ ਸੋ ਜੁਧ ਕੇ ਹੇਤ ਮਨੋ ਧਰਿ ਛਾਡਿ ਸਪਛ ਉਡੇ ਗਿਰਰਾਈ ॥੧੭੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ (ਸਕ੍ਰ) ਨਾਲ ਯੁੱਧ ਕਰਨ ਲਈ ਖੰਭਾਂ ਵਾਲੇ (ਸਪੱਛ) ਵਡੇ ਵਡੇ ਪਰਬਤ ਧਰਤੀ ਨੂੰ ਛਡ ਕੇ ਉਡੇ (ਜਾ ਰਹੇ ਹੋਣ) ॥੧੭੫॥

ਦੋਹਰਾ ॥

ਦੋਹਰਾ:

ਸੁੰਭ ਨਿਸੁੰਭ ਬਨਾਇ ਦਲੁ ਘੇਰਿ ਲਇਓ ਗਿਰਰਾਜ ॥

ਸੁੰਭ ਅਤੇ ਨਿਸੁੰਭ ਨੇ ਦਲਾਂ ਦੀ ਵਿਉਂਤ ਕਰਕੇ ਸੁਮੇਰ ਪਰਬਤ ('ਗਿਰ ਰਾਜ') ਨੂੰ ਘੇਰ ਲਿਆ ਹੈ

ਕਵਚ ਅੰਗ ਕਸਿ ਕੋਪ ਕਰਿ ਉਠੇ ਸਿੰਘ ਜਿਉ ਗਾਜ ॥੧੭੬॥

ਅਤੇ ਸ਼ਰੀਰਾਂ ਉਤੇ ਕਵਚਾਂ ਨੂੰ ਕਸ ਕੇ ਅਤੇ ਕ੍ਰੋਧਿਤ ਹੋ ਕੇ ਸ਼ੇਰ ਵਾਂਗ ਗਜ ਉਠੇ ਹਨ ॥੧੭੬॥

ਸ੍ਵੈਯਾ ॥

ਸ੍ਵੈਯਾ:

ਸੁੰਭ ਨਿਸੁੰਭ ਸੁ ਬੀਰ ਬਲੀ ਮਨਿ ਕੋਪ ਭਰੇ ਰਨ ਭੂਮਹਿ ਆਏ ॥

ਅਤਿ ਬਲਵਾਨ ਸੂਰਮੇ ਸੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਏ ਹਨ।

ਦੇਖਨ ਮੈ ਸੁਭ ਅੰਗ ਉਤੰਗ ਤੁਰਾ ਕਰਿ ਤੇਜ ਧਰਾ ਪਰ ਧਾਏ ॥

ਦੇਖਣ ਵਿਚ (ਜਿਨ੍ਹਾਂ ਦੇ) ਸ਼ਰੀਰ ਸ਼ੁਭ ਹਨ (ਉਹ) ਉੱਚੇ ਘੋੜਿਆਂ (ਉਤੇ ਸਵਾਰ) ਤੇਜ਼ੀ ਨਾਲ ਧਰਤੀ ਉਤੇ ਭਜੇ ਜਾ ਰਹੇ ਹਨ।

ਧੂਰ ਉਡੀ ਤਬ ਤਾ ਛਿਨ ਮੈ ਤਿਹ ਕੇ ਕਨਕਾ ਪਗ ਸੋ ਲਪਟਾਏ ॥

ਤਦੋਂ ਧੂੜ ਉਡੀ ਹੈ ਅਤੇ ਉਸੇ ਛਿਣ ਵਿਚ ਉਸ ਦੇ ਜ਼ੱਰੇ ਉਨ੍ਹਾਂ ਦੇ ਖੁਰਾਂ ਨੂੰ ਜਾ ਲਗੇ ਹਨ (ਅਰਥਾਤ ਖੁਰਾਂ ਨਾਲ ਧੂੜ ਚੰਬੜ ਗਈ ਹੈ)।

ਠਉਰ ਅਡੀਠ ਕੇ ਜੈ ਕਰਬੇ ਕਹਿ ਤੇਜਿ ਮਨੋ ਮਨ ਸੀਖਨ ਆਏ ॥੧੭੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਣਦਿਸਦੀ ਥਾਂ (ਸੁਅਰਗ) ਨੂੰ ਜਿਤਣ ਲਈ (ਖੁਰਾਂ ਤੋਂ) ਤੀਬਰਤਾ ਸਿਖਣ ਵਾਸਤੇ ਜ਼ੱਰਿਆਂ ਦੇ ਰੂਪ ਵਿਚ ਮਨੁੱਖੀ ਮਨ ਸਿਖਿਆ ਲੈਣ ਆਏ ਹੋਣ ॥੧੭੭॥

ਦੋਹਰਾ ॥

ਦੋਹਰਾ:

ਚੰਡਿ ਕਾਲਿਕਾ ਸ੍ਰਵਨ ਮੈ ਤਨਿਕ ਭਨਕ ਸੁਨਿ ਲੀਨ ॥

(ਦੂਜੇ ਪਾਸੇ) ਚੰਡੀ ਅਤੇ ਕਾਲੀ ਨੇ ਵੀ ਕੰਨਾਂ ਨਾਲ ਥੋੜੀ ਬਿੜਕ ਸੁਣ ਲਈ।

ਉਤਰਿ ਸ੍ਰਿੰਗ ਗਿਰ ਰਾਜ ਤੇ ਮਹਾ ਕੁਲਾਹਲਿ ਕੀਨ ॥੧੭੮॥

(ਇਸ ਲਈ ਉਨ੍ਹਾਂ ਨੇ) ਸੁਮੇਰ ਪਰਬਤ ਦੀ ਚੋਟੀ ਤੋਂ ਉਤਰ ਕੇ ਖੂਬ ਹਲਾ-ਗੁਲਾ ਮਚਾ ਦਿੱਤਾ ਹੈ ॥੧੭੮॥

ਸ੍ਵੈਯਾ ॥

ਸ੍ਵੈਯਾ:

ਆਵਤ ਦੇਖਿ ਕੈ ਚੰਡ ਪ੍ਰਚੰਡਿ ਕੋ ਕੋਪ ਕਰਿਓ ਮਨ ਮੈ ਅਤਿ ਦਾਨੋ ॥

ਪ੍ਰਚੰਡ ਚੰਡੀ ਨੂੰ ਆਉਂਦਿਆਂ ਵੇਖ ਕੇ (ਸ਼ੁੰਭ) ਦੈਂਤ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ।

ਨਾਸ ਕਰੋ ਇਹ ਕੋ ਛਿਨ ਮੈ ਕਰਿ ਬਾਨ ਸੰਭਾਰ ਬਡੋ ਧਨੁ ਤਾਨੋ ॥

ਇਸ (ਦੇਵੀ) ਨੂੰ ਛਿਣ ਵਿਚ ਨਸ਼ਟ ਕਰ ਦੇਵਾਂਗਾ। (ਇਹ ਭਾਵ ਮਨ ਵਿਚ ਧਾਰ ਕੇ) ਬਾਣ ਨੂੰ ਸੰਭਾਲ ਕੇ ਵਡੇ ਧਨੁਸ਼ ਵਿਚ ਖਿਚਿਆ।

ਕਾਲੀ ਕੇ ਬਕ੍ਰ ਬਿਲੋਕਨ ਤੇ ਸੁ ਉਠਿਓ ਮਨ ਮੈ ਭ੍ਰਮ ਜਿਉ ਜਮ ਜਾਨੋ ॥

ਕਾਲੀ ਦੇ ਮੁਖ (ਬਕ੍ਰ) ਨੂੰ ਵੇਖਣ ਨਾਲ (ਉਸ ਦੇ) ਮਨ ਵਿਚ ਭਰਮ ਪੈਦਾ ਹੋਇਆ ਕਿ (ਇਹ) ਜਮ ਵਰਗਾ ਹੈ।

ਬਾਨ ਸਮੂਹ ਚਲਾਇ ਦਏ ਕਿਲਕਾਰ ਉਠਿਓ ਜੁ ਪ੍ਰਲੈ ਘਨ ਮਾਨੋ ॥੧੭੯॥

(ਫਿਰ ਵੀ ਉਸ ਨੇ) ਸਾਰੇ ਬਾਣ ਚਲਾ ਦਿੱਤੇ ਅਤੇ (ਇਸ ਤਰ੍ਹਾਂ) ਚੀਖ਼ ਉਠਿਆ ਮਾਨੋ ਪਰਲੋ ਵੇਲੇ ਦੇ ਬਦਲ (ਗਜਦੇ ਹੋਣ) ॥੧੭੯॥

ਬੈਰਨ ਕੇ ਘਨ ਸੇ ਦਲ ਪੈਠਿ ਲਇਓ ਕਰਿ ਮੈ ਧਨੁ ਸਾਇਕੁ ਐਸੇ ॥

ਵੈਰੀਆਂ ਦੇ ਬਦਲ ਵਰਗੇ ਦਲ ਵਿਚ ਵੜ ਕੇ (ਚੰਡੀ ਨੇ) ਹੱਥ ਵਿਚ ਧਨੁਸ਼ਬਾਣ ਫੜ ਲਿਆ।


Flag Counter