ਸ਼੍ਰੀ ਦਸਮ ਗ੍ਰੰਥ

ਅੰਗ - 698


ਇਹ ਬਿਧਿ ਤਨ ਸੂਰਾ ਸੁ ਧਰਿ ਧੈ ਹੈ ਨ੍ਰਿਪ ਅਬਿਬੇਕ ॥

ਇਸ ਤਰ੍ਹਾਂ ਅਬਿਬੇਕ ਰਾਜੇ ਦੇ ਸੂਰਮੇ ਸ਼ਰੀਰ ਧਾਰ ਕੇ (ਜਦ) ਹਮਲਾ ਕਰਨਗੇ,

ਨ੍ਰਿਪ ਬਿਬੇਕ ਕੀ ਦਿਸਿ ਸੁਭਟ ਠਾਢ ਨ ਰਹਿ ਹੈ ਏਕ ॥੨੨੭॥

(ਤਦ) ਬਿਬੇਕ ਰਾਜੇ ਦੇ ਪਖ ਦੇ ਸੂਰਮਿਆਂ ਵਿਚੋਂ ਇਕ ਵੀ (ਰਣ-ਭੂਮੀ ਵਿਚ) ਖੜੋਤਾ ਨਹੀਂ ਰਹੇਗਾ ॥੨੨੭॥

ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਪਾਰਸ ਮਛਿੰਦ੍ਰ ਸੰਬਾਦੇ ਨ੍ਰਿਪ ਅਬਿਬੇਕ ਆਗਮਨ ਨਾਮ ਸੁਭਟ ਬਰਨਨੰ ਨਾਮ ਧਿਆਇ ਸਮਾਪਤਮ ਸਤ ਸੁਭਮ ਸਤ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਾਰਸ ਮਛਿੰਦ੍ਰ ਸੰਵਾਦ ਦੇ ਅਬਿਬੇਕ ਰਾਜਾ ਦੇ 'ਆਗਮਨ ਨਾਮ ਵਾਲੇ ਸੁਭਟ ਬਰਨਨ' ਨਾਂ ਵਾਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ।

ਅਥ ਨ੍ਰਿਪ ਬਿਬੇਕ ਦੇ ਦਲ ਕਥਨੰ ॥

ਹੁਣ ਬਿਬੇਕ ਰਾਜੇ ਦੇ ਦਲ ਦਾ ਕਥਨ:

ਛਪਯ ਛੰਦ ॥

ਛਪਯ ਛੰਦ:

ਜਿਹ ਪ੍ਰਕਾਰ ਅਬਿਬੇਕ ਨ੍ਰਿਪਤਿ ਦਲ ਸਹਿਤ ਬਖਾਨੇ ॥

ਜਿਸ ਤਰ੍ਹਾਂ 'ਅਬਿਬੇਕ' ਰਾਜੇ ਦਾ ਦਲ ਸਹਿਤ ਵਰਣਨ ਕੀਤਾ ਹੈ

ਨਾਮ ਠਾਮ ਆਭਰਨ ਸੁ ਰਥ ਸਭ ਕੇ ਹਮ ਜਾਨੇ ॥

ਅਤੇ ਸਾਰਿਆਂ ਦੇ ਨਾਂ, ਠਿਕਾਣੇ, ਗਹਿਣੇ, ਰਥ ਆਦਿ ਅਸੀਂ ਜਾਣ ਲਏ ਹਨ।

ਸਸਤ੍ਰ ਅਸਤ੍ਰ ਅਰੁ ਧਨੁਖ ਧੁਜਾ ਜਿਹ ਬਰਣ ਉਚਾਰੀ ॥

ਸ਼ਸਤ੍ਰ, ਅਸਤ੍ਰ, ਧਨੁਸ਼, ਧੁਜਾ, ਰੰਗ ਆਦਿ ਦਾ ਜਿਹੜਾ (ਤੁਸੀਂ) ਕ੍ਰਿਪਾ ਪੂਰਵਕ ਵਰਣਨ ਕੀਤਾ ਹੈ,

ਤ੍ਵਪ੍ਰਸਾਦਿ ਮੁਨਿ ਦੇਵ ਸਕਲ ਸੁ ਬਿਬੇਕ ਬਿਚਾਰੀ ॥

ਹੇ ਮੁਨੀ ਦੇਵ! ਉਸੇ ਤਰ੍ਹਾਂ 'ਬਿਬੇਕ' ਦਾ ਸਾਰਾ ਵਿਚਾਰ ਕਰੋ।

ਕਰਿ ਕ੍ਰਿਪਾ ਸਕਲ ਜਿਹ ਬਿਧਿ ਕਹੇ ਤਿਹ ਬਿਧਿ ਵਹੈ ਬਖਾਨੀਐ ॥

ਕ੍ਰਿਪਾ ਕਰ ਕੇ ਜਿਸ ਤਰ੍ਹਾਂ (ਅਬਿਬੇਕ ਦਾ) ਸਾਰਾ ਵਰਣਨ ਕੀਤਾ ਹੈ, ਉਸੇ ਤਰ੍ਹਾਂ (ਬਿਬੇਕ ਦਾ) ਬਖਾਨ ਕਰੋ।

ਕਿਹ ਛਬਿ ਪ੍ਰਭਾਵ ਕਿਹ ਦੁਤਿ ਨ੍ਰਿਪਤਿ ਨ੍ਰਿਪ ਬਿਬੇਕ ਅਨੁਮਾਨੀਐ ॥੨੨੮॥

ਕਿਸ ਤਰ੍ਹਾਂ ਦੀ ਛਬੀ, ਪ੍ਰਭਾਵ ਅਤੇ ਕਿਹੋ ਜਿਹੀ ਚਮਕ ਰਾਜਿਆਂ ਦੇ ਰਾਜੇ ਬਿਬੇਕ ਦੀ ਹੈ। (ਉਸ ਦਾ) ਅਨੁਮਾਨਿਕ ਸਰੂਪ ਦਸੋ (ਅਰਥਾਤ-ਵਰਣਨ ਕਰੋ) ॥੨੨੮॥

ਅਧਿਕ ਨ੍ਯਾਸ ਮੁਨਿ ਕੀਨ ਮੰਤ੍ਰ ਬਹੁ ਭਾਤਿ ਉਚਾਰੇ ॥

(ਮਛਿੰਦ੍ਰ) ਮੁਨੀ ਨੇ ਬਹੁਤ ਸਾਰੇ ਸਾਧਨ ਕੀਤੇ ਅਤੇ ਬਹੁਤ ਭਾਂਤ ਦੇ ਮੰਤ੍ਰ ਉਚਾਰੇ।

ਤੰਤ੍ਰ ਭਲੀ ਬਿਧਿ ਸਧੇ ਜੰਤ੍ਰ ਬਹੁ ਬਿਧਿ ਲਿਖਿ ਡਾਰੇ ॥

ਚੰਗੀ ਤਰ੍ਹਾਂ ਤੰਤ੍ਰਾਂ ਨੂੰ ਸਾਧਿਆ ਅਤੇ ਬਹੁਤ ਤਰ੍ਹਾਂ ਦੇ ਜੰਤ੍ਰ ਲਿਖ ਦਿੱਤੇ।

ਅਤਿ ਪਵਿਤ੍ਰ ਹੁਐ ਆਪ ਬਹੁਰਿ ਉਚਾਰ ਕਰੋ ਤਿਹ ॥

(ਪਹਿਲਾਂ) ਆਪ ਬਹੁਤ ਪਵਿਤ੍ਰ ਹੋਏ ਅਤੇ ਫਿਰ ਉਨ੍ਹਾਂ ਦਾ ਉਚਾਰਨ ਕੀਤਾ।

ਨ੍ਰਿਪ ਬਿਬੇਕ ਅਬਿਬੇਕ ਸਹਿਤ ਸੈਨ ਕਥ੍ਯੋ ਜਿਹ ॥

ਰਾਜਾ 'ਬਿਬੇਕ' (ਦਾ ਉਸੇ ਤਰ੍ਹਾਂ ਵਰਣਨ ਕੀਤਾ) ਜਿਸ ਤਰ੍ਹਾਂ 'ਅਬਿਬੇਕ' ਦਾ ਸੈਨਾ ਸਹਿਤ ਕਥਨ ਕੀਤਾ ਸੀ।

ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ ਅਨਲ ਪਵਨ ਸਸਿ ਸੂਰ ਸਬ ॥

ਚੌਹਾਂ ਪਾਸੇ ਦੇਵਤੇ, ਦੈਂਤ, ਅਗਨੀ, ਵਾਯੂ, ਚੰਦ੍ਰਮਾ, ਸੂਰਜ ਆਦਿ ਸਾਰੇ ਹੈਰਾਨ ਹੋ ਗਏ।

ਕਿਹ ਬਿਧਿ ਪ੍ਰਕਾਸ ਕਰਿ ਹੈ ਸੰਘਾਰ ਜਕੇ ਜਛ ਗੰਧਰਬ ਸਬ ॥੨੨੯॥

ਕਿਸ ਤਰ੍ਹਾਂ (ਮੁਨੀ) ਭਿਆਨਕ ਸੰਘਰਸ਼ ('ਸੰਘਾਰ') ਦਾ ਪ੍ਰਕਾਸ਼ ਕਰਨਗੇ, (ਇਹ ਵਿਚਾਰ ਕੇ) ਸਾਰੇ ਯਕਸ਼ ਤੇ ਗੰਧਰਬ ਹੈਰਾਨ ਹੋ ਰਹੇ ਸਨ ॥੨੨੯॥

ਸੇਤ ਛਤ੍ਰ ਸਿਰ ਧਰੈ ਸੇਤ ਬਾਜੀ ਰਥ ਰਾਜਤ ॥

ਚਿੱਟਾ ਛਤ੍ਰ ਸਿਰ ਉਤੇ ਧਰਿਆ ਹੋਇਆ ਹੈ ਅਤੇ ਚਿੱਟੇ ਰਥ ਅਗੇ ਚਿੱਟੇ ਰੰਗ ਦੇ ਘੋੜੇ (ਜੁਤੇ ਹੋਏ ਹਨ)।

ਸੇਤ ਸਸਤ੍ਰ ਤਨ ਸਜੇ ਨਿਰਖਿ ਸੁਰ ਨਰ ਭ੍ਰਮਿ ਭਾਜਤ ॥

ਚਿੱਟੇ ਰੰਗ ਦੇ ਸ਼ਸਤ੍ਰ ਸ਼ਰੀਰ ਉਤੇ ਸਜੇ ਹੋਏ ਹਨ, (ਜਿਸ ਨੂੰ) ਵੇਖ ਕੇ ਦੇਵਤੇ ਅਤੇ ਮਨੁੱਖ ਭਰਮ ਵਿਚ ਭਜੇ ਫਿਰਦੇ ਹਨ।

ਚੰਦ ਚਕ੍ਰਿਤ ਹ੍ਵੈ ਰਹਤ ਭਾਨੁ ਭਵਤਾ ਲਖਿ ਭੁਲਤ ॥

ਚੰਦ੍ਰਮਾ ਹੈਰਾਨ ਹੋ ਰਿਹਾ ਹੈ, ਸੂਰਜ ਪ੍ਰਭੁਤਾ ਵੇਖ ਕੇ (ਆਪਣਾ ਕਾਰਜ) ਭੁਲ ਗਿਆ ਹੈ।

ਭ੍ਰਮਰ ਪ੍ਰਭਾ ਲਖਿ ਭ੍ਰਮਤ ਅਸੁਰ ਸੁਰ ਨਰ ਡਗ ਡੁਲਤ ॥

ਭੌਰੇ (ਉਸ ਦੇ) ਪ੍ਰਕਾਸ਼ ਨੂੰ ਵੇਖ ਕੇ ਭਰਮਦੇ ਫਿਰਦੇ ਹਨ ਅਤੇ ਦੈਂਤ, ਦੇਵਤੇ ਤੇ ਮਨੁੱਖ ਡਾਵਾਂ ਡੋਲ ਹੋਏ ਫਿਰਦੇ ਹਨ।

ਇਹ ਛਬਿ ਬਿਬੇਕ ਰਾਜਾ ਨ੍ਰਿਪਤਿ ਅਤਿ ਬਲਿਸਟ ਤਿਹ ਮਾਨੀਐ ॥

ਹੇ ਰਾਜਨ! ਇਹ ਛਬੀ 'ਬਿਬੇਕ' ਰਾਜਾ ਦੀ ਹੈ। ਉਸ ਨੂੰ ਅਤਿਅੰਤ ਬਲਵਾਨ ਮੰਨਿਆ ਜਾਂਦਾ ਹੈ।

ਮੁਨਿ ਗਨ ਮਹੀਪ ਬੰਦਤ ਸਕਲ ਤੀਨਿ ਲੋਕਿ ਮਹਿ ਜਾਨੀਐ ॥੨੩੦॥

ਮੁਨੀਆਂ ਦੀਆਂ ਮੰਡਲੀਆਂ ਅਤੇ ਸਾਰੇ ਰਾਜੇ (ਉਸ ਨੂੰ) ਬੰਦਨਾਂ ਕਰਦੇ ਹਨ। (ਇਸ ਤਰ੍ਹਾਂ ਉਹ) ਤਿੰਨਾਂ ਲੋਕਾਂ ਵਿਚ ਜਾਣਿਆ ਜਾਂਦਾ ਹੈ ॥੨੩੦॥

ਚਮਰ ਚਾਰੁ ਚਹੂੰ ਓਰ ਢੁਰਤ ਸੁੰਦਰ ਛਬਿ ਪਾਵਤ ॥

ਚੌਹਾਂ ਪਾਸੇ ਸੁੰਦਰ ਚੌਰ ਝੁਲਦਾ ਹੈ, ਜੋ ਬਹੁਤ ਹੀ ਸੁੰਦਰ ਛਬੀ ਪ੍ਰਾਪਤ ਕਰ ਰਿਹਾ ਹੈ।

ਨਿਰਖਿ ਹੰਸ ਤਿਹ ਢੁਰਨਿ ਮਾਨ ਸਰਵਰਹਿ ਲਜਾਵਤ ॥

(ਚੌਰ ਦੇ) ਢੁਰਨ ਨੂੰ ਵੇਖ ਕੇ ਮਾਨ-ਸਰੋਵਰ ਦੇ ਹੰਸ ਲਜਾਉਂਦੇ ਹਨ।

ਅਤਿ ਪਵਿਤ੍ਰ ਸਬ ਗਾਤ ਪ੍ਰਭਾ ਅਤਿ ਹੀ ਜਿਹ ਸੋਹਤ ॥

(ਉਸ ਦਾ) ਸਾਰਾ ਸ਼ਰੀਰ ਬਹੁਤ ਪਵਿਤ੍ਰ ਹੈ ਅਤੇ ਜਿਸ ਦੀ ਚਮਕ ਬਹੁਤ ਸ਼ੋਭਾ ਪਾ ਰਹੀ ਹੈ।

ਸੁਰ ਨਰ ਨਾਗ ਸੁਰੇਸ ਜਛ ਕਿੰਨਰ ਮਨ ਮੋਹਤ ॥

(ਉਹ) ਦੇਵਤਿਆਂ, ਮਨੁੱਖਾਂ, ਨਾਗਾਂ, ਇੰਦਰ, ਯਕਸ਼ਾਂ ਅਤੇ ਕਿੰਨਰਾਂ ਦੇ ਮਨ ਨੂੰ ਮੋਹ ਰਿਹਾ ਹੈ।

ਇਹ ਛਬਿ ਬਿਬੇਕ ਰਾਜਾ ਨ੍ਰਿਪਤਿ ਜਿਦਿਨ ਕਮਾਨ ਚੜਾਇ ਹੈ ॥

ਇਹ ਹੈ ਰਾਜਿਆਂ ਦੇ ਰਾਜੇ ਬਿਬੇਕ ਰਾਜੇ ਦੀ (ਛਬੀ) ਜਿਸ ਦਿਨ ਉਹ ਧਨੁਸ਼ ਚੜ੍ਹਾਏਗਾ,

ਬਿਨੁ ਅਬਿਬੇਕ ਸੁਨਿ ਹੋ ਨ੍ਰਿਪਤਿ ਸੁ ਅਉਰ ਨ ਬਾਨ ਚਲਾਇ ਹੈ ॥੨੩੧॥

ਹੇ ਰਾਜਨ! ਸੁਣੋ, ਬਿਨਾ ਇਕ 'ਅਬਿਬੇਕ' ਦੇ, ਹੋਰ ਕੋਈ ਵੀ (ਉਸ ਦੇ ਸਾਹਮਣੇ) ਬਾਣ ਨਹੀਂ ਚਲਾ ਸਕੇਗਾ ॥੨੩੧॥

ਅਤਿ ਪ੍ਰਚੰਡ ਅਬਿਕਾਰ ਤੇਜ ਆਖੰਡ ਅਤੁਲ ਬਲ ॥

(ਜਿਸ ਦਾ) ਬਹੁਤ ਤਿਖਾ ਅਤੇ ਵਿਕਾਰ-ਰਹਿਤ ਤੇਜ ਹੈ ਅਤੇ ਨਾ ਖੰਡੇ ਜਾ ਸਕਣ ਵਾਲਾ ਬਲ ਹੈ।

ਅਤਿ ਪ੍ਰਤਾਪ ਅਤਿ ਸੂਰ ਤੂਰ ਬਾਜਤ ਜਿਹ ਜਲ ਥਲ ॥

(ਜਿਸ ਦਾ) ਬਹੁਤ ਪ੍ਰਤਾਪ ਹੈ ਅਤੇ (ਜੋ) ਬਹੁਤ ਸੂਰਮਾ ਹੈ, ਜਿਸ ਦਾ ਨਰਸਿੰਘਾ ਜਲ ਥਲ ਵਿਚ ਵਜਦਾ ਹੈ।

ਪਵਨ ਬੇਗ ਰਥ ਚਲਤ ਪੇਖਿ ਚਪਲਾ ਚਿਤ ਲਾਜਤ ॥

ਪੌਣ ਦੇ ਵੇਗ ਨਾਲ (ਜਿਸ ਦਾ) ਰਥ ਚਲਦਾ ਹੈ, (ਜਿਸ ਨੂੰ) ਵੇਖ ਕੇ ਬਿਜਲੀ ਚਿਤ ਵਿਚ ਸ਼ਰਮਸਾਰ ਹੁੰਦੀ ਹੈ।

ਸੁਨਤ ਸਬਦ ਚਕ ਚਾਰ ਮੇਘ ਮੋਹਤ ਭ੍ਰਮ ਭਾਜਤ ॥

(ਜਿਸ ਦੇ) ਸ਼ਬਦ ਨੂੰ ਸੁਣ ਕੇ ਚੌਹਾਂ ਪਾਸੇ ਬਦਲ (ਦੇ ਗਜਣ ਦਾ) ਭਰਮ ਹੋ ਜਾਂਦਾ ਹੈ ਅਤੇ (ਸਭ) ਮੋਹਿਤ ਹੋ ਕੇ ਭਜ ਜਾਂਦੇ ਹਨ।

ਜਲ ਥਲ ਅਜੇਅ ਅਨਭੈ ਭਟ ਅਤਿ ਉਤਮ ਪਰਵਾਨੀਐ ॥

(ਜੋ) ਜਲ ਥਲ ਵਿਚ ਜਿਤਿਆ ਨਹੀਂ ਜਾਂਦਾ, (ਕਿਸੇ ਦਾ) ਡਰ ਨਹੀਂ ਮੰਨਦਾ, (ਉਸ ਨੂੰ) ਅਤਿ ਉਤਮ ਸੂਰਮਾ ਪ੍ਰਵਾਨ ਕਰਨਾ ਚਾਹੀਦਾ ਹੈ।

ਧੀਰਜੁ ਸੁ ਨਾਮ ਜੋਧਾ ਬਿਕਟ ਅਤਿ ਸੁਬਾਹੁ ਜਗ ਮਾਨੀਐ ॥੨੩੨॥

(ਇਸ) ਵਿਕਟ ਯੋਧੇ ਦਾ ਨਾਂ 'ਧੀਰਜ' ਹੈ ਜੋ ਜਗ ਵਿਚ ਬਹੁਤ ਬਲ ਵਾਲਾ ਮੰਨਿਆ ਗਿਆ ਹੈ ॥੨੩੨॥

ਧਰਮ ਧੀਰ ਬੀਰ ਜਸਮੀਰ ਅਨਭੀਰ ਬਿਕਟ ਮਤਿ ॥

ਧਰਮੀ, ਧੀਰਜਵਾਨ, ਸੂਰਮਾ ਅਤੇ ਯਸ਼ਵਾਨ ਹੈ, (ਜੋ) ਡਰਪੋਕ ਨਹੀਂ ਅਤੇ ਕਠੋਰ ਮਤ ਵਾਲਾ ਹੈ।

ਕਲਪ ਬ੍ਰਿਛ ਕੁਬ੍ਰਿਤਨ ਕ੍ਰਿਪਾਨ ਜਸ ਤਿਲਕ ਸੁਭਟ ਅਤਿ ॥

ਕਲਪ ਬ੍ਰਿਛ (ਵਾਂਗ ਇੱਛਾਵਾਂ ਪੂਰੀਆਂ ਕਰਨ ਵਾਲਾ) ਕੁਵ੍ਰਿੱਤੀਆਂ ਨੂੰ ਕ੍ਰਿਪਾਨ (ਨਾਲ ਕਟਣ ਵਾਲਾ) ਜਸ ਦਾ ਤਿਲਕ ਰੂਪ ਬਹੁਤ ਤਕੜਾ ਸੂਰਮਾ ਹੈ।

ਅਤਿ ਪ੍ਰਤਾਪੁ ਅਤਿ ਓਜ ਅਨਲ ਸਰ ਤੇਜ ਜਰੇ ਰਣ ॥

(ਉਸ ਦਾ) ਅਤਿਅੰਤ ਪ੍ਰਤਾਪ ਅਤੇ ਅਧਿਕ ਹੈ ਅਤੇ ਰਣ ਨੂੰ ਅੱਗ ਜਿਹੇ ਤੇਜ ਨਾਲ ਸਾੜਨ ਵਾਲਾ ਹੈ।

ਬ੍ਰਹਮ ਅਸਤ੍ਰ ਸਿਵ ਅਸਤ੍ਰ ਨਹਿਨ ਮਾਨਤ ਏਕੈ ਬ੍ਰਣ ॥

ਬ੍ਰਹਮ ਅਸਤ੍ਰ ਅਤੇ ਸ਼ਿਵ ਅਸਤ੍ਰ ਨੂੰ ਮੰਨਦਾ ਨਹੀਂ, (ਬਸ) ਇਕ ਘਾਉ (ਲਾਣਾ ਹੀ ਜਾਣਦਾ ਹੈ)।

ਇਹ ਦੁਤਿ ਪ੍ਰਕਾਸ ਬ੍ਰਿਤ ਛਤ੍ਰ ਨ੍ਰਿਪ ਸਸਤ੍ਰ ਅਸਤ੍ਰ ਜਬ ਛੰਡਿ ਹੈ ॥

(ਇਹ) ਇਕ ਚਮਕ ਅਤੇ ਪ੍ਰਤਾਪ ਵਾਲਾ 'ਬ੍ਰਤ' ਨਾਂ ਵਾਲਾ ਛਤ੍ਰੀ ਰਾਜਾ ਹੈ, (ਜੋ) ਜਦੋਂ (ਰਣਭੂਮੀ ਵਿਚ) ਅਸਤ੍ਰ ਸ਼ਸਤ੍ਰ ਨੂੰ ਛੰਡਦਾ ਹੈ,

ਬਿਨੁ ਏਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ ਅਵਰ ਨ ਆਹਵ ਮੰਡਿ ਹੈ ॥੨੩੩॥

(ਤਦ) ਹੇ ਰਾਜਨ! ਬਿਨਾ ਇਕ 'ਅਬ੍ਰਿਤ' ਅਤੇ 'ਸੁਬ੍ਰਿਤ' ਦੇ ਹੋਰ ਕੋਈ ਯੁੱਧ ਵਿਚ ਨਹੀਂ ਟਿਕ ਸਕੇਗਾ ॥੨੩੩॥

ਅਛਿਜ ਗਾਤ ਅਨਭੰਗ ਤੇਜ ਆਖੰਡ ਅਨਿਲ ਬਲ ॥

(ਜਿਸ ਦਾ) ਸ਼ਰੀਰ ਛਿਜਣ ਵਾਲਾ ਨਹੀਂ, ਨਾ ਭੰਗ ਹੋਣ ਵਾਲਾ ਤੇਜ ਹੈ, ਨਾ ਖੰਡੇ ਜਾ ਸਕਣ ਵਾਲਾ ਅਗਨੀ ਦੇ ਸਮਾਨ ਬਲ ਹੈ।

ਪਵਨ ਬੇਗ ਰਥ ਕੋ ਪ੍ਰਤਾਪੁ ਜਾਨਤ ਜੀਅ ਜਲ ਥਲ ॥

ਪੌਣ ਦੇ ਵੇਗ ਵਾਂਗ ਚਲਣ ਵਾਲੇ ਰਥ ਦੇ ਪ੍ਰਤਾਪ ਨੂੰ ਜਲ ਥਲ ਦੇ ਸਾਰੇ ਜੀਵ ਜਾਣਦੇ ਹਨ।

ਧਨੁਖ ਬਾਨ ਪਰਬੀਨ ਛੀਨ ਸਬ ਅੰਗ ਬ੍ਰਿਤਨ ਕਰਿ ॥

(ਜੋ) ਧਨੁਸ਼ ਬਾਣ ਚਲਾਉਣ ਵਿਚ ਪ੍ਰਬੀਨ ਹੈ, ਪਰ ਵ੍ਰਿੱਤੀਆਂ ਕਾਰਨ ਸਾਰੇ ਅੰਗ ਛੀਣ ਹਨ।

ਅਤਿ ਸੁਬਾਹ ਸੰਜਮ ਸੁਬੀਰ ਜਾਨਤ ਨਾਰੀ ਨਰ ॥

(ਇਹ) ਅਤਿ ਸੁੰਦਰ ਬਾਂਹਵਾਂ ਵਾਲਾ 'ਸੰਜਮ' ਨਾਮ ਦਾ ਸੂਰਮਾ ਹੈ ਜਿਸ ਨੂੰ ਸਾਰੇ ਨਰ ਨਾਰੀ ਜਾਣਦੇ ਹਨ।


Flag Counter