ਉਸੇ ਦੇਵੀ ਦੀ ਪੂਜਾ ਲਈ ਸਾਰੇ ਗਵਾਲੇ ਅਤੇ ਗਵਾਲਣਾਂ ਨਗਰ ਨੂੰ ਛਡ ਕੇ ਤੁਰ ਪਏ ਹਨ ॥੭੫੭॥
ਜਿਸ ਦੀਆਂ ਅੱਠ ਭੁਜਾਵਾਂ ਜਗਤ ਨੂੰ ਪਤਾ ਹਨ ਅਤੇ ਜਿਸ ਦਾ ਨਾਂ 'ਸੁੰਭ ਸੰਘਾਰਨਿ' ਹੈ।
ਕਵੀ ਸ਼ਿਆਮ (ਕਹਿੰਦੇ ਹਨ) (ਜੋ) ਸਾਧਾਂ ਦੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ ਅਤੇ ਕਿਸੇ ਦਾ ਡਰ ਨਹੀਂ ਮੰਨਦੀ ਹੈ।
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ ਉਸੇ ਦੇ ਨਾਮ ਦਾ ਯਸ਼ ਪਸਰ ਰਿਹਾ ਹੈ।
ਉਸੇ ਦੀ ਪੂਜਾ ਦਾ ਦਿਨ ਆ ਗਿਆ ਹੈ ਅਤੇ ਸਾਰੇ ਗਵਾਲੇ ਉਸ ਦਾ ਹਿਤ ਮੰਨ ਕੇ ਚਲੇ ਹਨ ॥੭੫੮॥
ਦੋਹਰਾ:
ਮਹਾ ਰੁਦਰ ਅਤੇ ਚੰਡੀ ਦੀ ਪੂਜਾ ਦੇ ਕੰਮ ਲਈ ਚਲੇ ਹਨ।
ਜਸੋਧਾ ਇਸਤਰੀਆਂ, ਬਲਰਾਮ ਅਤੇ ਕ੍ਰਿਸ਼ਨ ਨੂੰ ਨਾਲ ਲੈ (ਤੁਰੀ ਹੈ) ॥੭੫੯॥
ਸਵੈਯਾ:
ਮਨ ਵਿਚ ਸਾਰੇ ਗਵਾਲੇ ਪ੍ਰਸੰਨ ਹੋ ਕੇ ਨਗਰ ਨੂੰ ਛਡ ਕੇ ਪੂਜਾ ਲਈ ਚਲੇ ਹਨ।
ਚਾਵਲ, ਧੂਪ, ਪੰਚਾਮ੍ਰਿਤ (ਕੜਾਹ) ਅਤੇ ਦੀਪਕ ਚੰਡੀ ਅਤੇ ਸ਼ਿਵ ਦੇ ਅਗੇ ਟਿਕਾ ਦਿੱਤੇ ਹਨ।
ਉਨ੍ਹਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ ਅਤੇ ਜਿਤਨੇ ਵੀ ਦੁਖ ਸਨ, ਸਾਰੇ ਘਟ ਗਏ ਹਨ।
ਕਵੀ ਸ਼ਿਆਮ (ਕਹਿੰਦੇ ਹਨ) ਗਵਾਲਿਆਂ ਦੇ ਜੋ ਉਤਮ ਭਾਗ ਹਨ, ਇਸ ਘੜੀ ਪਰਖੇ ਗਏ ਹਨ ॥੭੬੦॥
ਇਕ ਸਰਪ ਨੇ ਨੰਦ ('ਕਾਨ੍ਹ ਬਬਾ') ਨਿਗਲ ਲਿਆ ਅਤੇ ਥੋੜਾ ਜਿੰਨਾ ਸ਼ਰੀਰ ਵੀ ਨਾ ਛਡਿਆ।
ਕਾਲਾ (ਇਤਨਾ ਸੀ) ਮਾਨੋ ਆਬਨੂਸ (ਖੈਰ) ਦਾ ਬ੍ਰਿਛ ਹੋਵੇ। ਉਸ ਨੇ ਕ੍ਰੋਧ ਕਰ ਕੇ ਬੜੇ ਜ਼ੋਰ ਨਾਲ ਡਸਿਆ ਹੈ।
ਜਿਉਂ ਜਿਉਂ ਨਗਰ ਦੇ ਲੋਕ (ਉਸ ਨੂੰ) ਲਤਾਂ ਮਾਰਦੇ ਹਨ, (ਤਾਂ ਉਹ) ਜ਼ੋਰ ਨਾਲ ਸ਼ਰੀਰ ਨੂੰ ਝੰਝੋੜਦਾ ਹੈ।
ਜਦ ਸਾਰੇ ਹਾਰੇ ਗਏ, ਤਾਂ ਸਾਰਿਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਜਾ ਕੇ ਪੁਕਾਰ ਕੀਤੀ ॥੭੬੧॥
ਸਾਰੇ ਗਵਾਲੇ ਮਿਲ ਕੇ ਪੁਕਾਰਦੇ ਹਨ ਅਤੇ ਕਹਿੰਦੇ ਹਨ, ਹੇ ਬਲਰਾਮ ਦੇ ਭਰਾ ਕ੍ਰਿਸ਼ਨ!
ਹੇ ਦੁਖਾਂ ਨੂੰ ਨਸ਼ਟ ਕਰਨ ਵਾਲੇ! ਹੇ ਸੁਖ ਕਰਨ ਵਾਲੇ! ਆਓ ਅਤੇ ਦੈਂਤ ਨੂੰ ਮਾਰੋ, ਸਾਰੇ (ਇਸ ਤਰ੍ਹਾਂ) ਪੁਕਾਰਦੇ ਹਨ।
(ਨੰਦ ਵੀ ਕਹਿਣ ਲਗੇ) ਮੈਨੂੰ ਵੱਡੇ ਕਾਲੇ ਸਰਪ ਨੇ ਗ੍ਰਸ ਲਿਆ ਹੈ, (ਉਹ ਛਡ ਨਹੀਂ ਰਿਹਾ) ਅਸੀਂ ਸਾਰੇ ਰੋ ਰਹੇ ਹਾਂ, ਇਸ ਨੂੰ ਮਾਰਨ ਦਾ ਕੰਮ ਕਰੋ।
ਜਿਵੇਂ ਰੋਗ ਦੇ ਹੋਣ ਤੇ ਵੈਦ ਨੂੰ ਬੁਲਾਈਦਾ ਹੈ, ਤਿਵੇਂ ਭੀੜ ਪੈਣ ਤੇ (ਕਿਸੇ) ਸੂਰਵੀਰ ਨੂੰ ਬੁਲਾਇਆ ਜਾਂਦਾ ਹੈ ॥੭੬੨॥
ਸ੍ਰੀ ਕ੍ਰਿਸ਼ਨ ਨੇ ਪਿਤਾ ਦੀ ਗੱਲ ਕੰਨਾਂ ਨਾਲ ਸੁਣ ਕੇ, ਉਸ ਸਰਪ ਦੇ ਸ਼ਰੀਰ ਨੂੰ ਕਟ ਦਿੱਤਾ ਹੈ।
ਉਸ ਨੇ ਸਰਪ ਦੀ ਦੇਹ ਛਡ ਦਿੱਤੀ ਅਤੇ ਇਕ ਸੁੰਦਰ ਮਨੁੱਖ ਦੇਹ ਧਾਰਨ ਕਰ ਲਈ ਹੈ।
ਉਸ ਦੀ ਛਬੀ ਦੇ ਮਹਾਨ ਅਤੇ ਸ੍ਰੇਸ਼ਠ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਮੁਖ ਤੋਂ ਉਚਾਰਿਆ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪੁੰਨਾਂ ਦੇ ਪ੍ਰਤਾਪ ਕਰ ਕੇ ਰਾਹੂ ਪਾਸੋਂ ਚੰਦ੍ਰਮਾ ਖੋਹ ਲਿਆ ਹੈ ਅਤੇ ਵੈਰੀ ਨੂੰ ਦੂਰ ਹਟਾ ਦਿੱਤਾ ਹੈ ॥੭੬੩॥
ਫਿਰ (ਉਹ ਮਨੁੱਖ) ਬ੍ਰਾਹਮਣ ਹੋ ਗਿਆ ਅਤੇ ਉਸ ਦਾ ਨਾਂ ਸੁਦਰਸ਼ਨ ਹੈ।
ਕ੍ਰਿਸ਼ਨ ਨੇ ਉਸ ਨੂੰ ਹਸ ਕੇ ਗੱਲ ਕਹੀ, ਓਇ! ਦਸ, ਤੇਰਾ ਠਿਕਾਣਾ ਕਿਥੇ ਹੈ?
(ਉਸ ਨੇ) ਅੱਖਾਂ ਝੁਕਾ ਕੇ ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ ਅਤੇ ਹੱਥ ਜੋੜ ਕੇ ਉਸ (ਕ੍ਰਿਸ਼ਨ) ਨੂੰ ਪ੍ਰਨਾਮ ਕੀਤਾ।
ਕਵੀ ਸ਼ਿਆਮ (ਕਹਿੰਦੇ ਹਨ) ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁਖ ਨਸ਼ਟ ਕਰਨ ਵਾਲਾ ਅਤੇ ਚੌਹਾਂ ਦਿਸ਼ਾਵਾਂ ਦਾ ਸੁਆਮੀ ਹੈ ॥੭੬੪॥
ਬ੍ਰਾਹਮਣ ਨੇ ਕਿਹਾ:
ਸਵੈਯਾ:
(ਮੈਂ ਬ੍ਰਾਹਮਣ ਸਾਂ ਅਤੇ ਇਕ ਵਾਰ) ਅਤ੍ਰੀ ਰਿਸ਼ੀ ਦੇ ਪੁੱਤਰ ਨਾਲ ਬਹੁਤ ਮਜ਼ਾਕ ਕੀਤਾ ਸੀ, ਉਸ ਨੇ (ਮੈਨੂੰ) ਸਰਾਪ ਦਿੱਤਾ ਸੀ।
(ਉਸ ਨੇ) ਕਿਹਾ, ਤੂੰ ਸੱਪ ਹੋ ਜਾ। ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਾ ਬੋਲ ਕਿਹਾ ਸੀ।
ਉਸੇ ਦਾ ਸਰਾਪ ਮੈਨੂੰ ਲਗਿਆ ਹੈ ਅਤੇ (ਮੈਂ) ਬ੍ਰਾਹਮਣ ਸ਼ਰੀਰ ਤੋਂ ਕਾਲਾ ਸੱਪ ਬਣਿਆ ਹਾਂ।
ਹੇ ਸ੍ਰੀ ਕ੍ਰਿਸ਼ਨ! (ਹੁਣ) ਤੇਰਾ ਸ਼ਰੀਰ ਛੋਹੰਦਿਆਂ ਹੀ ਸ਼ਰੀਰ ਦਾ ਸਾਰਾ ਪਾਪ ਦੂਰ ਹੋ ਗਿਆ ਹੈ ॥੭੬੫॥
ਸਾਰੇ ਗਵਾਲੇ ਜਗ ਮਾਤ (ਦੇਵੀ) ਦੀ ਪੂਜਾ ਕਰਨ ਲਗੇ ਅਤੇ ਉਹ ਸਾਰੇ ਪੂਜ ਕੇ ਆਪਣਿਆਂ ਡੇਰਿਆਂ ਨੂੰ ਆ ਗਏ।
ਸ੍ਰੀ ਕ੍ਰਿਸ਼ਨ ਦੇ ਪਰਾਕ੍ਰਮ ਨੂੰ ਮਨ ਵਿਚ ਧਾਰ ਕੇ ਸਾਰੇ ਮਿਲ ਕੇ ਉਸ ਦੇ ਯਸ਼ ਦੀ ਉਪਮਾ ਕਰਨ ਲਗੇ।
ਸੋਰਠ, ਸਾਰੰਗ, ਸ਼ੁੱਧ ਮਲ੍ਹਾਰ, ਬਿਲਾਵਲ (ਆਦਿਕ ਰਾਗਾਂ) ਵਿਚ ਕ੍ਰਿਸ਼ਨ ਨੇ ਤਾਨ ਭਰ ਦਿੱਤੀ।
(ਜਿਸ ਰਾਗ ਨੂੰ) ਸੁਣ ਕੇ ਬ੍ਰਜ ਦੇ ਸਾਰੇ ਲੋਕ ਖ਼ੁਸ਼ ਹੋ ਗਏ ਅਤੇ ਹੋਰ ਵੀ ਜਿਨ੍ਹਾਂ ਨੇ ਸੁਣ ਲਿਆ, (ਉਹ ਵੀ) ਖੁਸ਼ ਹੋ ਗਏ ॥੭੬੬॥
ਦੋਹਰਾ:
ਚੰਡੀ ਦੀ ਪੂਜਾ ਕਰ ਕੇ ਦੋਵੇਂ ਵੱਡੇ ਯੋਧੇ (ਕ੍ਰਿਸ਼ਨ ਅਤੇ ਬਲਰਾਮ) ਇਕੱਠੇ ਘਰ ਆ ਗਏ ਹਨ
ਅਤੇ ਮਾਤਾ ਤੋਂ ਖਾਣਾ ਖਾ ਕੇ ਘਰ ਵਿਚ ਹੀ ਸੌਂ ਰਹੇ ਹਨ ॥੭੬੭॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਤਾਰ ਦੇ ਦਿਜ ਉੱਧਾਰ ਅਤੇ ਚੰਡੀ ਪੂਜਾ ਦੇ ਅਧਿਆਇ ਦੀ ਸਮਾਪਤੀ।
ਹੁਣ ਬ੍ਰਿਖਭਸੁਰ ਦੈਂਤ ਦੇ ਬਧ ਦਾ ਕਥਨ:
ਸਵੈਯਾ:
(ਮਾਤਾ) ਜਸੋਧਾ ਪਾਸੋਂ ਖਾਣਾ ਖਾ ਕੇ, (ਦੋਵੇਂ) ਸੂਰਮੇ ਰਾਤ ਪੈਣ ਤੇ ਸੌਂ ਰਹੇ ਹਨ।
ਸਵੇਰ ਹੋਣ ਤੇ ਉਠ ਕੇ ਬਨ ਵਿਚ ਚਲੇ ਗਏ ਹਨ ਜਿਥੇ ਸ਼ੇਰ ਅਤੇ ਸਹੇ ਫਿਰ ਰਹੇ ਹਨ।
ਉਥੇ ਬ੍ਰਿਖਭਾਸੁਰ ਖੜੋਤਾ ਹੋਇਆ ਸੀ, ਜਿਸ ਦੇ ਦੋਵੇਂ ਸਿੰਗ ਆਕਾਸ਼ ਨੂੰ ਛੋਹ ਰਹੇ ਸਨ।