(ਉਨ੍ਹਾਂ ਨੂੰ) ਦੁਖ ਅਤੇ ਭੁਖ ਕਦੇ ਵੀ ਨਹੀਂ ਸਤਾਉਂਦੀ
ਅਤੇ ਉਹ ਕਾਲ ਦੇ ਜਾਲ ਵਿਚ ਨਹੀਂ ਫਸਦੇ ॥੬॥
(ਗੁਰੂ) ਨਾਨਕ ਨੇ (ਗੁਰੂ) ਅੰਗਦ (ਦੇ ਰੂਪ ਵਿਚ ਦੂਜਾ) ਸ਼ਰੀਰ ਧਾਰਨ ਕੀਤਾ
ਅਤੇ ਇਸ ਜਗਤ ਵਿਚ ਧਰਮ ਦਾ ਪ੍ਰਚਾਰ ਕੀਤਾ।
ਫਿਰ (ਤੀਜੇ ਰੂਪ ਵਿਚ ਉਹ ਗੁਰੂ) ਅਮਰਦਾਸ ਅਖਵਾਏ,
ਮਾਨੋ ਦੀਪਕ ਨਾਲ ਦੀਪਕ ਜਗਾ ਲਿਆ ਗਿਆ ਹੋਵੇ ॥੭॥
ਜਦ ਵਰਦਾਨ ਦਾ ਉਹ ਸਮਾਂ ਆ ਗਿਆ
ਤਾਂ ਰਾਮਦਾਸ ਗੁਰੂ ਪਦਵੀ ਨਾਲ ਸੁਸ਼ੋਭਿਤ ਹੋਏ।
ਉਨ੍ਹਾਂ ਨੂੰ ਪੁਰਾਤਨ ਵਰਦਾਨ ਦੇ ਕੇ
(ਆਪ ਗੁਰੂ) ਅਮਰਦਾਸ ਸੁਅਰਗ ਨੂੰ ਚਲੇ ਗਏ ॥੮॥
ਗੁਰੂ ਨਾਨਕ ਦੇਵ ਨੂੰ ਅੰਗਦ
ਤੇ ਗੁਰੂ ਅੰਗਦ ਨੂੰ ਅਮਰਦਾਸ (ਵਜੋਂ) ਮੰਨਿਆ ਗਿਆ
ਅਤੇ (ਗੁਰੂ) ਅਮਰਦਾਸ ਨੂੰ (ਗੁਰੂ) ਰਾਮਦਾਸ ਕਰ ਕੇ ਜਾਣਿਆ ਗਿਆ।
ਸਾਧੂ ਲੋਕਾਂ ਨੇ (ਇਸ ਭੇਦ ਨੂੰ) ਸਮਝ ਲਿਆ, ਪਰ ਮੂਰਖ ਪਛਾਣ ਨਹੀਂ ਸਕੇ ॥੯॥
ਸਭ ਲੋਕਾਂ ਨੇ (ਇਨ੍ਹਾਂ ਨੂੰ) ਭਿੰਨ ਭਿੰਨ ਕਰ ਕੇ ਜਾਣਿਆ ਹੈ,
(ਪਰ) ਕਿਸੇ ਵਿਰਲੇ ਨੇ (ਚੌਹਾਂ ਨੂੰ) ਇਕ ਰੂਪ ਕਰ ਕੇ ਪਛਾਣਿਆ ਹੈ।
ਜਿਨ੍ਹਾਂ ਨੇ (ਇਨ੍ਹਾਂ ਨੂੰ ਇਕ ਰੂਪ ਕਰਕੇ) ਜਾਣਿਆ ਹੈ, ਉਨ੍ਹਾਂ ਨੇ ਹੀ ਮੁਕਤੀ (ਸਿੱਧੀ) ਪ੍ਰਾਪਤ ਕੀਤੀ ਹੈ।
(ਇਸ ਭੇਦ ਨੂੰ) ਸਮਝੇ ਬਿਨਾ ਮੁਕਤੀ ਹੱਥ ਨਹੀਂ ਲਗਦੀ ॥੧੦॥
(ਗੁਰੂ) ਰਾਮਦਾਸ ਹਰਿ ਨਾਲ ਅਭੇਦ ਹੋ ਗਏ
ਅਤੇ ਗੁਰਿਆਈ (ਗੁਰੂ) ਅਰਜਨ ਨੂੰ ਦੇ ਗਏ।
ਜਦੋਂ (ਗੁਰੂ) ਅਰਜਨ ਪ੍ਰਭੂ-ਲੋਕ ਨੂੰ ਚਲੇ ਗਏ,
(ਤਾਂ) ਉਨ੍ਹਾਂ ਦੀ ਥਾਂ ਤੇ (ਗੁਰੂ) ਹਰਿਗੋਬਿੰਦ ਨੂੰ ਠਹਿਰਾਇਆ ਗਿਆ ॥੧੧॥
ਜਦੋਂ (ਗੁਰੂ) ਹਰਿਗੋਬਿੰਦ ਪਰਮਾਤਮਾ ਪਾਸ ਚਲੇ ਗਏ,
(ਤਾਂ ਗੁਰੂ) ਹਰੀ ਰਾਇ ਨੂੰ ਉਨ੍ਹਾਂ ਦੇ ਸਥਾਨ ਉਤੇ ਬਿਠਾਇਆ ਗਿਆ।
ਉਨ੍ਹਾਂ ਦੇ ਪੁੱਤਰ (ਗੁਰੂ) ਹਰਿ ਕ੍ਰਿਸ਼ਨ ਹੋਏ।
ਉਨ੍ਹਾਂ ਤੋਂ ਬਾਦ (ਗੁਰੂ) ਤੇਗ ਬਹਾਦੁਰ ਹੋਏ ॥੧੨॥
(ਗੁਰੂ) ਤੇਗ ਬਹਾਦੁਰ ਨੇ ਉਨ੍ਹਾਂ (ਬ੍ਰਾਹਮਣਾਂ) ਦੇ ਤਿਲਕ ਅਤੇ ਜੰਜੂ ਦੀ ਰਖਿਆ ਕੀਤੀ।
(ਇਸ ਰੂਪ ਵਿਚ ਉਨ੍ਹਾਂ ਨੇ) ਕਲਿਯੁਗ ਵਿਚ ਇਕ ਵੱਡਾ ਸਾਕਾ ਕਰ ਵਿਖਾਇਆ।
ਸਾਧੂ-ਪੁਰਸ਼ਾਂ ਲਈ ਜਿਨ੍ਹਾਂ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ
ਕਿ ਸੀਸ ਦੇ ਦਿੱਤਾ, ਪਰ (ਮੂੰਹੋਂ) ਸੀ ਤਕ ਨਹੀਂ ਕੱਢੀ ॥੧੩॥
ਧਰਮ (ਦੀ ਰਖਿਆ) ਲਈ ਜਿਨ੍ਹਾਂ ਨੇ ਅਜਿਹਾ ਸਾਕਾ ਕੀਤਾ
ਕਿ ਸੀਸ ਦੇ ਦਿੱਤਾ, ਪਰ (ਧਰਮ ਉਤੇ ਅਟਲ ਰਹਿਣ ਦਾ) ਹਠ ਨਹੀਂ ਛਡਿਆ।
(ਧਰਮ-ਕਰਮ ਕਰਨ ਲਈ) ਜੋ (ਸਾਧਕ) ਨਾਟਕ ਅਤੇ ਚੇਟਕ ਕਰਦੇ ਹਨ
(ਅਜਿਹੇ ਪ੍ਰਪੰਚਾਂ ਨੂੰ ਵੇਖ ਕੇ) ਹਰਿ-ਭਗਤਾਂ ਨੂੰ ਸ਼ਰਮ ਆਉਂਦੀ ਹੈ (ਪਰ ਗੁਰੂ ਜੀ ਨੇ ਹਰ ਗੱਲ ਸਚ ਕਰ ਵਿਖਾਈ) ॥੧੪॥
ਦੋਹਰਾ:
(ਗੁਰੂ ਜੀ ਨੇ ਸ਼ਰੀਰ ਰੂਪੀ) ਠੀਕਰਾ ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ) ਦੇ ਸਿਰ ਉਤੇ ਭੰਨ ਕੇ ਪ੍ਰਭੂ-ਲੋਕ ਲਈ ਪ੍ਰਸਥਾਨ ਕੀਤੀ।
(ਗੁਰੂ) ਤੇਗ ਬਹਾਦੁਰ ਵਰਗਾ ਮਹਾਨ ਕਾਰਜ ਕਿਸੇ ਹੋਰ ਤੋਂ ਨਹੀਂ ਹੋਇਆ ॥੧੫॥
(ਗੁਰੂ) ਤੇਗ ਬਹਾਦੁਰ ਦੇ ਚਲਾਣੇ ਦੇ ਕੌਤੁਕ ਨਾਲ ਸਾਰੇ ਜਗਤ ਵਿਚ ਸੋਗ ਛਾ ਗਿਆ।
ਜਗਤ ਵਿਚ ਹਾ-ਹਾ-ਕਾਰ ਮਚ ਗਿਆ, ਪਰ ਦੇਵ-ਪੁਰੀ ਵਿਚ ਜੈ-ਜੈ-ਕਾਰ ਹੋਣ ਲਗ ਗਿਆ ॥੧੬॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਪਾਤਸ਼ਾਹੀ ਬਰਣਨ' ਨਾਂ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੫॥੨੧੫॥
ਚੌਪਈ:
ਹੁਣ ਮੈਂ ਆਪਣੀ ਵਾਰਤਾ ਦਾ ਬਖਾਨ ਕਰਦਾ ਹਾਂ,
ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ।
ਜਿਥੇ ਹੇਮਕੁੰਟ ਪਰਬਤ ਹੈ
ਅਤੇ ਜਿਥੇ ਸੱਤ (ਪਰਬਤੀ) ਚੋਟੀਆਂ ਸੁਭਾਇਮਾਨ ਹਨ ॥੧॥
ਉਸ (ਸਥਾਨ ਦਾ) ਨਾਂ 'ਸਪਤਸ੍ਰਿੰਗ' ਕਿਹਾ ਜਾਣ ਲਗਿਆ
ਜਿਥੇ ਪਾਂਡਵਾਂ ਨੇ ਰਾਜ-ਯੋਗ ਦੀ ਸਾਧਨਾ ਕੀਤੀ ਸੀ।
ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪਸਿਆ ਕੀਤੀ
ਅਤੇ ਮਹਾਕਾਲ ਅਤੇ ਕਾਲਿਕਾ ਦੀ ਆਰਾਧਨਾ ਕੀਤੀ ॥੨॥
ਇਸ ਤਰ੍ਹਾਂ ਤਪਸਿਆ ਕਰਦੇ ਰਹੇ (ਅਤੇ ਅੰਤ ਵਿਚ ਤਪਸਿਆ ਦੇ ਫਲਸਰੂਪ)
ਦ੍ਵੈਤ ਤੋਂ ਅਦ੍ਵੈਤ ਰੂਪ ਹੋ ਗਏ।
ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ
ਅਤੇ ਬਹੁਤ ਤਰ੍ਹਾਂ ਦੀ ਯੋਗ-ਸਾਧਨਾ ਕੀਤੀ ॥੩॥
ਉਨ੍ਹਾਂ ਨੇ ਅਲੱਖ (ਪਰਮਾਤਮਾ) ਦੀ ਜੋ ਸੇਵਾ ਕੀਤੀ,
ਉਸ ਕਰਕੇ ਗੁਰਦੇਵ (ਪ੍ਰਭੂ) ਪ੍ਰਸੰਨ ਹੋਏ।
ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ
ਤਦੋਂ ਅਸੀਂ ਕਲਿਯੁਗ ਵਿਚ ਜਨਮ ਲਿਆ ॥੪॥
ਸਾਡਾ ਆਉਣ ਨੂੰ ਚਿੱਤ ਨਹੀਂ ਕਰਦਾ ਸੀ
ਕਿਉਂਕਿ (ਸਾਡੀ) ਸੁਰਤਿ ਪ੍ਰਭੂ ਦੇ ਚਰਨਾਂ ਵਿਚ ਲਗੀ ਹੋਈ ਸੀ।
ਜਿਵੇਂ ਕਿਵੇਂ ਪ੍ਰਭੂ ਨੇ ਸਾਨੂੰ ਸਮਝਾਇਆ
ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿਚ ਭੇਜਿਆ ॥੫॥
ਅਕਾਲ ਪੁਰਖ ਨੇ ਇਸ ਕੀਟ ਪ੍ਰਤਿ (ਇਸ ਤਰ੍ਹਾਂ) ਕਿਹਾ:
ਚੌਪਈ:
ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ,
(ਸਭ ਤੋਂ ਪਹਿਲਾਂ) ਦੁਸ਼ਟ ਅਤੇ ਦੋਖੀ ਦੈਂਤਾਂ ਦੀ ਰਚਨਾ ਕੀਤੀ।
ਉਹ ਆਪਣੇ ਭੁਜ-ਬਲ 'ਤੇ ਪਾਗਲ ਹੋ ਗਏ
ਅਤੇ ਪਰਮਾਤਮਾ ਦੀ ਪੂਜਾ ਕਰਨੋ ਹਟ ਗਏ ॥੬॥
ਉਨ੍ਹਾਂ ਨੂੰ ਅਸੀਂ ਕ੍ਰੋਧਵਾਨ ਹੋ ਕੇ ਛਿਣ ਭਰ ਵਿਚ ਖਪਾ ਦਿੱਤਾ।
ਉਨ੍ਹਾਂ ਦੀ ਥਾਂ ਤੇ ਦੇਵਤਿਆਂ ਦੀ ਸਥਾਪਨਾ ਕੀਤੀ।
ਉਹ ਵੀ ਆਪਣੀ ਬਲੀ ਅਤੇ ਪੂਜਾ ਵਿਚ ਉਲਝ ਗਏ
ਅਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਉਣ ਲਗੇ ॥੭॥
ਸ਼ਿਵ ਨੇ (ਆਪਣੇ ਆਪ ਨੂੰ) ਅਡਿਗ ('ਅਚੁਤ') ਅਖਵਾਇਆ