ਸ਼੍ਰੀ ਦਸਮ ਗ੍ਰੰਥ

ਅੰਗ - 568


ਰਾਜਾ ਸੂਦ੍ਰ ਬਾਚ ॥

ਸ਼ੂਦ੍ਰ ਰਾਜੇ ਨੇ ਕਿਹਾ:

ਨਹੀ ਹਨਤ ਤੋਹ ਦਿਜ ਕਹੀ ਆਜ ॥

ਹੇ ਬ੍ਰਾਹਮਣ! ਨਹੀਂ ਤਾਂ ਅਜ ਤੈਨੂੰ ਮਾਰ ਦਿਆਂਗਾ,

ਨਹੀ ਬੋਰ ਬਾਰ ਮੋ ਪੂਜ ਸਾਜ ॥

ਨਹੀਂ ਤਾਂ ਤੈਨੂੰ ਪੂਜਾ ਦੀ ਸਾਮਗ੍ਰੀ ਸਮੇਤ ਸਮੁੰਦਰ ਵਿਚ ਡੋਬ ਦਿਆਂਗਾ।

ਕੈ ਤਜਹੁ ਸੇਵ ਦੇਵੀ ਪ੍ਰਚੰਡ ॥

ਜਾਂ ਤਾਂ ਪ੍ਰਚੰਡ ਦੇਵੀ ਦੀ ਸੇਵਾ ਕਰਨੀ ਛਡ ਦੇ,

ਨਹੀ ਕਰਤ ਆਜ ਤੋ ਕੋ ਦੁਖੰਡ ॥੧੭੨॥

ਨਹੀਂ ਤਾਂ ਅਜ ਤੇਰੇ ਦੋ ਟੋਟੇ ਕਰ ਦਿਆਂਗਾ ॥੧੭੨॥

ਬਿਪ੍ਰ ਬਾਚ ਰਾਜਾ ਸੌ॥

ਬ੍ਰਾਹਮਣ ਨੇ ਰਾਜੇ ਨੂੰ ਕਿਹਾ:

ਕੀਜੈ ਦੁਖੰਡ ਨਹਿ ਤਜੋ ਸੇਵ ॥

(ਤੂੰ ਬਿਨਾ ਝਿਝਕ ਮੇਰੇ) ਦੋ ਟੋਟੇ ਕਰ ਦੇ, (ਪਰ ਮੈਂ ਦੇਵੀ ਦੀ) ਸੇਵਾ ਨਹੀਂ ਛਡਾਂਗਾ।

ਸੁਨਿ ਲੇਹੁ ਸਾਚ ਤੁਹਿ ਕਹੋ ਦੇਵ ॥

ਹੇ ਰਾਜਨ! ਸੁਣ ਲੌ, (ਮੈਂ) ਤੁਹਾਨੂੰ ਸਚ ਕਹਿੰਦਾ ਹਾਂ।

ਕਿਉ ਨ ਹੋਹਿ ਟੂਕ ਤਨ ਕੇ ਹਜਾਰ ॥

(ਮੇਰੇ) ਤਨ ਦੇ ਕਿਉਂ ਨਾ ਹਜ਼ਾਰ ਟੁਕੜੇ ਹੋ ਜਾਣ।

ਨਹੀ ਤਜੋ ਪਾਇ ਦੇਵੀ ਉਦਾਰ ॥੧੭੩॥

(ਫਿਰ ਵੀ ਮੈਂ) ਮਹਾਨ ਦੇਵੀ ਦੇ ਚਰਨਾਂ ਨੂੰ ਨਹੀਂ ਛਡਾਂਗਾ ॥੧੭੩॥

ਸੁਨ ਭਯੋ ਬੈਨ ਸੂਦਰ ਸੁ ਕ੍ਰੁਧ ॥

(ਇਹ) ਬੋਲ ਸੁਣ ਕੇ ਸ਼ੂਦ੍ਰ (ਰਾਜਾ) ਕ੍ਰੋਧਿਤ ਹੋ ਗਿਆ

ਜਣ ਜੁਟ੍ਰਯੋ ਆਣਿ ਮਕਰਾਛ ਜੁਧ ॥

ਮਾਨੋ ਮਕਰਾਛ (ਦੈਂਤ) ਆ ਕੇ ਯੁੱਧ ਵਿਚ ਜੁਟ ਗਿਆ ਹੋਵੇ।

ਦੋਊ ਦ੍ਰਿਗ ਸਕ੍ਰੁਧ ਸ੍ਰੋਣਤ ਚੁਚਾਨ ॥

(ਉਸ ਦੀਆਂ) ਦੋਹਾਂ ਅੱਖਾਂ ਤੋਂ ਕ੍ਰੋਧ ਕਰ ਕੇ ਲਹੂ ਚੋਂਦਾ ਸੀ,

ਜਨ ਕਾਲ ਤਾਹਿ ਦੀਨੀ ਨਿਸਾਨ ॥੧੭੪॥

ਮਾਨੋ ਉਸ ਦੀ ਮ੍ਰਿਤੂ ('ਕਾਲ') ਨੇ ਨਗਾਰਾ ਵਜਾ ਦਿੱਤਾ ਹੋਵੇ ॥੧੭੪॥

ਅਤਿ ਗਰਬ ਮੂੜ ਭ੍ਰਿਤਨ ਬੁਲਾਇ ॥

ਮੂਰਖ (ਰਾਜੇ) ਨੇ ਸੇਵਕਾਂ ਨੂੰ ਬੁਲਾ ਕੇ

ਉਚਰੇ ਬੈਨ ਇਹ ਹਣੋ ਜਾਇ ॥

ਬਹੁਤ ਹੰਕਾਰ ਨਾਲ ਬੋਲ ਉਚਾਰੇ ਕਿ ਇਸ ਨੂੰ (ਲੈ) ਜਾ ਕੇ ਮਾਰ ਦਿਓ।

ਲੈ ਗਏ ਤਾਸੁ ਦ੍ਰੋਹੀ ਦੁਰੰਤ ॥

ਉਹ ਭਿਆਨਕ ਧ੍ਰੋਹੀ ਜਲਾਦ (ਉਸ ਨੂੰ) ਉਥੇ ਲੈ ਗਏ

ਜਹ ਸੰਭ੍ਰ ਸੁਭ ਦੇਵਲ ਸੁਭੰਤ ॥੧੭੫॥

ਜਿਥੇ ਸੰਭਲ ('ਸੰਭ੍ਰ') ਦਾ ਦੇਵਾਲਾ ਸੁਸ਼ੋਭਿਤ ਸੀ ॥੧੭੫॥

ਤਿਹ ਬਾਧ ਆਂਖ ਮੁਸਕੈਂ ਚੜਾਇ ॥

ਉਸ ਦੀਆਂ ਅੱਖਾਂ (ਉਤੇ ਪਟੀ) ਬੰਨ੍ਹ ਦਿੱਤੀ ਅਤੇ ਮੁਸ਼ਕਾਂ ਕਸ ਦਿੱਤੀਆਂ।

ਕਰਿ ਲੀਨ ਕਾਢਿ ਅਸਿ ਕੋ ਨਚਾਇ ॥

(ਫਿਰ) ਹੱਥ ਨਾਲ ਤਲਵਾਰ ਖਿਚ ਕੇ ਹੱਥ ਨਾਲ ਘੁਮਾਈ।

ਜਬ ਲਗੇ ਦੇਨ ਤਿਹ ਤੇਗ ਤਾਨ ॥

ਜਦ ਤੇਗ਼ ਦਾ ਵਾਰ ਕਰਨ ਲਗੇ,

ਤਬ ਕੀਓ ਕਾਲ ਕੋ ਬਿਪ੍ਰ ਧਿਆਨ ॥੧੭੬॥

ਤਦ ਬ੍ਰਾਹਮਣ ਨੇ ਕਾਲ-ਪੁਰਖ ਦਾ ਧਿਆਨ ਕੀਤਾ ॥੧੭੬॥

ਜਬ ਕੀਯੋ ਚਿਤ ਮੋ ਬਿਪ੍ਰ ਧਿਆਨ ॥

ਜਦ ਬ੍ਰਾਹਮਣ ਨੇ ਚਿਤ ਵਿਚ (ਕਾਲ ਪੁਰਖ ਦਾ) ਧਿਆਨ ਕੀਤਾ

ਤਿਹ ਦੀਨ ਦਰਸ ਤਬ ਕਾਲ ਆਨਿ ॥

ਤਦ ਕਾਲ ਪੁਰਖ ਨੇ ਆ ਕੇ ਉਸ ਨੂੰ ਦਰਸ਼ਨ ਦਿੱਤਾ।