ਸ਼੍ਰੀ ਦਸਮ ਗ੍ਰੰਥ

ਅੰਗ - 1193


ਹੋ ਦਾਤਨ ਲੇਤ ਉਠਾਇ ਸਿਵਹਿ ਬਿਸਰਾਇ ਕੈ ॥੧੮॥

ਤਾਂ ਸ਼ਿਵ ਨੂੰ ਭੁਲਾ ਕੇ ਦੰਦਾਂ ਨਾਲ ਉਠਾ ਲੈਂਦਾ ਹੈਂ ॥੧੮॥

ਕਬਿਤੁ ॥

ਕਬਿੱਤ:

ਔਰਨੁਪਦੇਸ ਕਰੈ ਆਪੁ ਧ੍ਯਾਨ ਕੌ ਨ ਧਰੈ ਲੋਗਨ ਕੌ ਸਦਾ ਤ੍ਯਾਗ ਧਨ ਕੋ ਦ੍ਰਿੜਾਤ ਹੈ ॥

ਹੋਰਾਂ ਨੂੰ ਉਪਦੇਸ਼ ਕਰਦਾ ਹੈਂ, ਪਰ ਆਪ ਧਿਆਨ ਨੂੰ ਧਾਰਨ ਨਹੀਂ ਕਰਦਾ ਹੈਂ ਅਤੇ ਲੋਕਾਂ ਨੂੰ ਸਦਾ ਧਨ ਦਾ ਤਿਆਗ ਦ੍ਰਿੜ੍ਹ ਕਰਾਉਂਦਾ ਹੈਂ।

ਤੇਹੀ ਧਨ ਲੋਭ ਊਚ ਨੀਚਨ ਕੇ ਦ੍ਵਾਰ ਦ੍ਵਾਰ ਲਾਜ ਕੌ ਤ੍ਯਾਗ ਜੇਹੀ ਤੇਹੀ ਪੈ ਘਿਘਾਤ ਹੈ ॥

ਉਸ ਧਨ ਦੇ ਲੋਭ ਕਰ ਕੇ, ਊਚ ਨੀਚ ਦੇ ਦੁਆਰ ਦੁਆਰ ਤੇ ਸ਼ਰਮ ਨੂੰ ਤਿਆਗ ਕੇ ਹਰ ਕਿਸੇ ਅਗੇ ਗਿੜਗਿੜਾਉਂਦਾ ਫਿਰਦਾ ਹੈਂ।

ਕਹਤ ਪਵਿਤ੍ਰ ਹਮ ਰਹਤ ਅਪਵਿਤ੍ਰ ਖਰੇ ਚਾਕਰੀ ਮਲੇਛਨ ਕੀ ਕੈ ਕੈ ਟੂਕ ਖਾਤ ਹੈ ॥

ਕਹਿੰਦਾ ਹੈਂ ਕਿ ਮੈਂ ਪਵਿਤ੍ਰ ਰਹਿੰਦਾ ਹਾਂ, (ਪਰ ਹੁੰਦਾ) ਬਹੁਤ ਅਪਵਿਤ੍ਰ ਹੈਂ (ਕਿਉਂਕਿ) ਮਲੇਛਾਂ ਦੀ ਨੌਕਰੀ ਕਰ ਕੇ ਟੁਕੜੇ ਖਾਉਂਦਾ ਹੈਂ।

ਬਡੇ ਅਸੰਤੋਖੀ ਹੈਂ ਕਹਾਵਤ ਸੰਤੋਖੀ ਮਹਾ ਏਕ ਦ੍ਵਾਰ ਛਾਡਿ ਮਾਗਿ ਦ੍ਵਾਰੇ ਦ੍ਵਾਰ ਜਾਤ ਹੈ ॥੧੯॥

(ਤੂੰ) ਬਹੁਤ ਅਸੰਤੋਖੀ ਹੈਂ, (ਪਰ ਆਪਣੇ ਆਪ ਨੂੰ) ਵੱਡਾ ਸੰਤੋਖੀ ਅਖਵਾਉਂਦਾ ਹੈਂ (ਕਿਉਂਕਿ ਤੂੰ) ਪਰਮਾਤਮਾ ਦੇ ਇਕ ਦੁਆਰ ਨੂੰ ਛਡ ਕੇ ਦੁਆਰ ਦੁਆਰ ਉਤੇ ਮੰਗਦਾ ਫਿਰਦਾ ਹੈਂ ॥੧੯॥

ਮਾਟੀ ਕੇ ਸਿਵ ਬਨਾਏ ਪੂਜਿ ਕੈ ਬਹਾਇ ਆਏ ਆਇ ਕੈ ਬਨਾਏ ਫੇਰਿ ਮਾਟੀ ਕੇ ਸੁਧਾਰਿ ਕੈ ॥

(ਤੂੰ) ਮਿੱਟੀ ਦੇ ਸ਼ਿਵ ਬਣਾ ਕੇ ਪੂਜ ਕੇ ਰੋੜ੍ਹ ਆਉਂਦਾ ਹੈਂ ਅਤੇ ਫਿਰ ਆ ਕੇ ਮਿੱਟੀ ਨੂੰ ਗੁੰਨ੍ਹ ਕੇ (ਹੋਰ) ਬਣਾਉਂਦਾ ਹੈਂ।

ਤਾ ਕੇ ਪਾਇ ਪਰਿਯੋ ਮਾਥੋ ਘਰੀ ਦ੍ਵੈ ਰਗਰਿਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੋਹਿ ਕੌ ਬਿਚਾਰਿ ਕੈ ॥

ਉਸ (ਮੂਰਤੀ) ਦੇ ਪੈਰੀਂ ਪੈਂਦਾ ਹੈਂ ਅਤੇ ਦੋ ਘੜੀਆਂ ਤਕ ਮੱਥੇ ਨੂੰ ਰਗੜਦਾ ਹੈਂ, ਓਏ (ਮੂਰਖ!) ਵਿਚਾਰ ਕਰ ਲੈ ਕਿ ਉਨ੍ਹਾਂ ਵਿਚ ਕੀ ਹੈ ਜੋ ਤੈਨੂੰ ਦੇਣਗੇ।

ਲਿੰਗ ਕੀ ਤੂ ਪੂਜਾ ਕਰੈ ਸੰਭੁ ਜਾਨਿ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਿਕਾਰਿ ਕੈ ॥

ਤੂੰ (ਉਸ ਦੇ) ਲਿੰਗ ਦੀ ਪੂਜਾ ਕਰਦਾ ਹੈਂ ਅਤੇ ਸ਼ਿਵ ਸਮਝ ਕੇ ਪੈਰੀਂ ਪੈਂਦਾ ਹੈਂ। (ਫਿਰ) ਉਹੀ ਅੰਤ ਵਿਚ ਕਢ ਕੇ ਤੇਰੇ ਹੱਥ ਵਿਚ ਦੇਵੇਗਾ।

ਦੁਹਿਤਾ ਕੌ ਦੈ ਹੈ ਕੀ ਤੂ ਆਪਨ ਖਬੈ ਹੈ ਤਾ ਕੌ ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਵਾਰਿ ਕੈ ॥੨੦॥

ਕੀ ਤੂੰ ਉਸ (ਲਿੰਗ) ਨੂੰ ਧੀ ਨੂੰ ਦੇਵੇਂਗਾ, ਜਾਂ ਉਸ ਨੂੰ ਆਪ ਖਾਏਂਗਾ। ਇਸ ਤਰ੍ਹਾਂ ਹੀ ਤੈਨੂੰ ਸਦਾ ਸ਼ਿਵ (ਪਰਮਾਤਮਾ) ਖੁਆਰ ਕਰ ਕੇ ਮਾਰੇਗਾ ॥੨੦॥

ਬਿਜੈ ਛੰਦ ॥

ਬਿਜੈ ਛੰਦ:

ਪਾਹਨ ਕੌ ਸਿਵ ਤੂ ਜੋ ਕਹੈ ਪਸੁ ਯਾ ਤੇ ਕਛੂ ਤੁਹਿ ਹਾਥ ਨ ਐ ਹੈ ॥

ਹੇ ਮੂਰਖ! ਤੂੰ ਜੋ ਪੱਥਰ ਨੂੰ ਸ਼ਿਵ ਕਹਿੰਦਾ ਹੈਂ, ਪਰ ਉਸ ਕੋਲੋਂ ਤੇਰੇ ਹੱਥ ਕੁਝ ਨਹੀਂ ਲਗਣਾ।

ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ ॥

ਜੋ ਆਪ ਟੇਢਾ ਚਲਣ ਵਾਲੀ ਜੂਨ ਵਿਚ ਪਿਆ ਹੋਇਆ ਹੈ, ਉਹ ਖ਼ੁਸ਼ ਹੋ ਕੇ ਤੈਨੂੰ ਕੀ ਵਰ ਦੇਵੇਗਾ।

ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ ॥

ਤੈਨੂੰ ਕਿਤੇ ਆਪਣੇ ਵਰਗਾ ਕਰ ਦੇਵੇਗਾ, ਤਦ (ਤੂੰ) ਪੱਥਰ ਦੀ ਪਦਵੀ ਪਾਏਂਗਾ।

ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ ॥੨੧॥

ਹੇ ਮਹਾ ਮੂਰਖ! ਸਮਝ ਲੈ। ਜੇ ਜਾਨ ਚਲੀ ਗਈ, ਫਿਰ ਤੂੰ ਕੁਝ ਵੀ ਜਾਣ ਨਹੀਂ ਸਕੇਂਗਾ ॥੨੧॥

ਬੈਸ ਗਈ ਲਰਿਕਾਪਨ ਮੋ ਤਰੁਨਾਪਨ ਮੈ ਨਹਿ ਨਾਮ ਲਯੋ ਰੇ ॥

ਓਏ! (ਪਹਿਲਾਂ ਤੇਰੀ) ਬਾਲਪਣੇ ਵਿਚ ਉਮਰ ਬੀਤ ਗਈ ਅਤੇ ਜਵਾਨੀ ਵਿਚ (ਤੂੰ) ਉਸ ਦਾ ਨਾਮ ਨਹੀਂ ਲਿਆ।

ਔਰਨ ਦਾਨ ਕਰਾਤ ਰਹਾ ਕਰ ਆਪ ਉਠਾਇ ਨ ਦਾਨ ਦਯੋ ਰੇ ॥

(ਤੂੰ) ਹੋਰਨਾਂ ਤੋਂ ਦਾਨ ਕਰਾਉਂਦਾ ਰਿਹਾ, ਪਰ ਆਪ ਹੱਥ ਚੁਕ ਕੇ ਕਿਸੇ ਨੂੰ ਦਾਨ ਨਹੀਂ ਦਿੱਤਾ।

ਪਾਹਨ ਕੋ ਸਿਰ ਨ੍ਰਯਾਤਨ ਤੈ ਪਰਮੇਸ੍ਵਰ ਕੌ ਸਿਰ ਨ੍ਰਯਾਤ ਭਯੋ ਰੇ ॥

ਤੂੰ ਪੱਥਰ ਅਗੇ ਸਿਰ ਝੁਕਾ ਕੇ ਪਰਮੇਸ਼੍ਵਰ ਦੇ ਸਿਰ ਨੂੰ ਨੀਵਾਂ ਕਰ ਦਿੱਤਾ।

ਕਾਮਹਿ ਕਾਮ ਫਸਾ ਘਰ ਕੇ ਜੜ ਕਾਲਹਿ ਕਾਲ ਕੈ ਕਾਲ ਗਯੋ ਰੇ ॥੨੨॥

ਹੇ ਮੂਰਖ! (ਤੂੰ) ਘਰ ਦੇ ਕੰਮਾਂ ਵਿਚ ਹੀ ਫਸਿਆ ਰਿਹਾ ਅਤੇ ਕਲ੍ਹ ਕਲ੍ਹ ਕਰਦਿਆਂ ਸਮਾਂ ਬਤੀਤ ਕਰ ਦਿੱਤਾ ॥੨੨॥

ਦ੍ਵੈਕ ਪੁਰਾਨਨ ਕੌ ਪੜਿ ਕੈ ਤੁਮ ਫੂਲਿ ਗਏ ਦਿਜ ਜੂ ਜਿਯ ਮਾਹੀ ॥

ਹੇ ਬ੍ਰਾਹਮਣ! ਤੂੰ ਦੋ ਕੁ ਪੁਰਾਣ ਪੜ੍ਹ ਕੇ ਮਨ ਵਿਚ ਫੁਲ ਗਿਆ ਹੈਂ।

ਸੋ ਨ ਪੁਰਾਨ ਪੜਾ ਜਿਹ ਕੇ ਇਹ ਠੌਰ ਪੜੇ ਸਭ ਪਾਪ ਪਰਾਹੀ ॥

ਪਰ ਉਹ ਪੁਰਾਣ ਨਹੀਂ ਪੜ੍ਹਿਆ, ਜਿਸ ਦੇ ਪੜ੍ਹਿਆਂ ਇਸ ਸੰਸਾਰ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਡਿੰਭ ਦਿਖਾਇ ਕਰੋ ਤਪਸਾ ਦਿਨ ਰੈਨਿ ਬਸੈ ਜਿਯਰਾ ਧਨ ਮਾਹੀ ॥

ਤੂੰ ਪਾਖੰਡ ਵਿਖਾ ਕੇ ਤਪਸਿਆ ਕਰਦਾ ਹੈਂ, (ਪਰ ਤੇਰਾ) ਮਨ ਦਿਨ ਰਾਤ ਧਨ ਵਿਚ ਵਸਦਾ ਹੈ।

ਮੂਰਖ ਲੋਗ ਪ੍ਰਮਾਨ ਕਰੈ ਇਨ ਬਾਤਨ ਕੌ ਹਮ ਮਾਨਤ ਨਾਹੀ ॥੨੩॥

ਮੂਰਖ ਲੋਗ (ਤੇਰੀਆਂ ਗੱਲਾਂ ਨੂੰ) ਪ੍ਰਮਾਣਿਕ ਮੰਨਣ, ਪਰ ਅਸੀਂ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ॥੨੩॥

ਕਾਹੇ ਕੋ ਕਾਜ ਕਰੋ ਇਤਨੀ ਤੁਮ ਪਾਹਨ ਕੋ ਕਿਹ ਕਾਜ ਪੁਜਾਵੋ ॥

ਤੂੰ ਕਿਸ ਕੰਮ ਲਈ ਇਤਨੀ (ਪੂਜਾ) ਕਰਦਾ ਹੈਂ ਅਤੇ ਪੱਥਰ ਨੂੰ ਕਿਸ ਲਈ ਪੂਜਦਾ ਹੈਂ।

ਕਾਹੇ ਕੋ ਡਿੰਭ ਕਰੋ ਜਗ ਮੈ ਇਹ ਲੋਕ ਗਯੋ ਪਰਲੋਕ ਗਵਾਵੋ ॥

ਜਗਤ ਵਿਚ ਕਿਸ ਲਈ ਪਾਖੰਡ ਕਰਦਾ ਹੈਂ। (ਤੇਰਾ) ਇਹ ਲੋਕ ਤਾਂ ਨਸ਼ਟ ਹੋ ਗਿਆ (ਹੁਣ) ਪਰਲੋਕ ਵੀ ਗੰਵਾ ਲਵੇਂਗਾ।

ਝੂਠੇ ਨ ਮੰਤ੍ਰ ਉਪਦੇਸ ਕਰੋ ਜੋਊ ਚਾਹਤ ਹੋ ਧਨ ਲੌ ਹਰਖਾਵੋ ॥

(ਮੈਨੂੰ) ਝੂਠੇ ਮੰਤ੍ਰਾਂ ਦਾ ਉਪਦੇਸ਼ ਨਾ ਕਰ। ਜਿਤਨਾ ਚਾਹੁੰਦਾ ਹੈਂ, (ਉਤਨਾ) ਧਨ ਲੈ ਕੇ ਪ੍ਰਸੰਨ ਹੋ ਜਾ।

ਰਾਜ ਕੁਮਾਰਨ ਮੰਤ੍ਰ ਦਿਯੋ ਸੁ ਦਿਯੋ ਬਹੁਰੌ ਹਮ ਕੌ ਨ ਸਿਖਾਵੋ ॥੨੪॥

ਰਾਜ ਕੁਮਾਰਾਂ ਨੂੰ ਜੋ ਮੰਤ੍ਰ ਦਿੱਤਾ ਗਿਆ, ਸੋ ਦਿੱਤਾ ਗਿਆ, ਪਰ ਫਿਰ ਸਾਨੂੰ ਕੋਈ (ਮੰਤ੍ਰ) ਨਾ ਸਿਖਾਣਾ ॥੨੪॥

ਦਿਜ ਬਾਚ ॥

ਬ੍ਰਾਹਮਣ ਨੇ ਕਿਹਾ:

ਚੌਪਈ ॥

ਚੌਪਈ:

ਕਹਾ ਬਿਪ੍ਰ ਸੁਨੁ ਰਾਜ ਦੁਲਾਰੀ ॥

ਬ੍ਰਾਹਮਣ ਨੇ ਆਖਿਆ, ਹੇ ਰਾਜ ਕੁਮਾਰੀ! ਸੁਣ,

ਤੈ ਸਿਵ ਕੀ ਮਹਿਮਾ ਨ ਬਿਚਾਰੀ ॥

ਤੂੰ ਸ਼ਿਵ ਦੀ ਮਹਿਮਾ ਨੂੰ ਨਹੀਂ ਵਿਚਾਰਿਆ ਹੈ।

ਬ੍ਰਹਮਾ ਬਿਸਨ ਰੁਦ੍ਰ ਜੂ ਦੇਵਾ ॥

ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਆਦਿ, ਜੋ ਦੇਵਤੇ ਹਨ,

ਇਨ ਕੀ ਸਦਾ ਕੀਜਿਯੈ ਸੇਵਾ ॥੨੫॥

ਇਨ੍ਹਾਂ (ਦੇਵਤਿਆਂ) ਦੀ ਸਦਾ ਸੇਵਾ ਕਰਨੀ ਚਾਹੀਦੀ ਹੈ ॥੨੫॥

ਤੈ ਯਾ ਕੇ ਭੇਵਹਿ ਨ ਪਛਾਨੈ ॥

ਤੂੰ ਇਨ੍ਹਾਂ ਦੇ ਭੇਦ ਨੂੰ ਨਹੀਂ ਪਛਾਣਿਆ

ਮਹਾ ਮੂੜ ਇਹ ਭਾਤਿ ਬਖਾਨੈ ॥

ਅਤੇ ਮਹਾ ਮੂਰਖਾਂ ਵਾਂਗ ਇਸ ਤਰ੍ਹਾਂ ਬਖਾਨ ਕਰਦੀ ਹੈਂ।

ਇਨ ਕੋ ਪਰਮ ਪੁਰਾਤਨ ਜਾਨਹੁ ॥

ਇਨ੍ਹਾਂ (ਦੇਵਤਿਆਂ) ਨੂੰ ਪਰਮ ਪੁਰਾਤਨ ਜਾਣੋ

ਪਰਮ ਪੁਰਖ ਮਨ ਮਹਿ ਪਹਿਚਾਨਹੁ ॥੨੬॥

ਅਤੇ (ਇਨ੍ਹਾਂ ਨੂੰ) ਮਨ ਵਿਚ ਪਰਮ ਪੁਰਸ਼ ਸਮਝੋ ॥੨੬॥

ਹਮ ਹੈ ਕੁਅਰਿ ਬਿਪ੍ਰ ਬ੍ਰਤ ਧਾਰੀ ॥

ਹੇ ਰਾਜ ਕੁਮਾਰੀ! ਮੈਂ ਬ੍ਰਤਧਾਰੀ ਬ੍ਰਾਹਮਣ ਹਾਂ

ਊਚ ਨੀਚ ਸਭ ਕੇ ਹਿਤਕਾਰੀ ॥

ਅਤੇ ਉਚੇ ਨੀਵੇਂ ਸਭ ਦਾ ਹਿਤੈਸ਼ੀ ਹਾਂ।

ਜਿਸੀ ਕਿਸੀ ਕਹ ਮੰਤ੍ਰ ਸਿਖਾਵੈ ॥

ਜਿਸ ਕਿਸੇ ਨੂੰ ਮੰਤ੍ਰ (ਵਿਦਿਆ) ਸਿਖਾਉਂਦਾ ਹਾਂ,

ਮਹਾ ਕ੍ਰਿਪਨ ਤੇ ਦਾਨ ਕਰਾਵੈ ॥੨੭॥

ਅਤੇ ਵੱਡੇ ਕੰਜੂਸਾਂ ਤੋਂ ਦਾਨ ਕਰਵਾਉਂਦਾ ਹਾਂ ॥੨੭॥

ਕੁਅਰਿ ਬਾਚ ॥

ਰਾਜ ਕੁਮਾਰੀ ਨੇ ਕਿਹਾ:

ਮੰਤ੍ਰ ਦੇਤ ਸਿਖ ਅਪਨ ਕਰਤ ਹਿਤ ॥

ਤੁਸੀਂ ਆਪਣੇ ਸੇਵਕ ਬਣਾਉਣ ਲਈ ਮੰਤ੍ਰ ਦਿੰਦੇ ਹੋ

ਜ੍ਯੋਂ ਤ੍ਯੋਂ ਭੇਟ ਲੈਤ ਤਾ ਤੇ ਬਿਤ ॥

ਅਤੇ ਜਿਵੇਂ ਕਿਵੇਂ ਉਨ੍ਹਾਂ ਤੋਂ ਦਾਨ ਲੈਂਦੇ ਹੋ।

ਸਤਿ ਬਾਤ ਤਾ ਕਹ ਨ ਸਿਖਾਵਹੁ ॥

ਉਨ੍ਹਾਂ ਨੂੰ ਸੱਚੀ (ਵਾਸਤਵਿਕ) ਗੱਲ ਨਹੀਂ ਸਿਖਾਉਂਦੇ।

ਤਾਹਿ ਲੋਕ ਪਰਲੋਕ ਗਵਾਵਹੁ ॥੨੮॥

(ਇਸ ਤਰ੍ਹਾਂ) ਉਨ੍ਹਾਂ ਦੇ ਲੋਕ ਅਤੇ ਪਰਲੋਕ ਗੰਵਾ ਦਿੰਦੇ ਹੋ ॥੨੮॥

ਸੁਨਹੁ ਬਿਪ ਤੁਮ ਮੰਤ੍ਰ ਦੇਤ ਜਿਹ ॥

ਹੇ ਬ੍ਰਾਹਮਣ! ਸੁਣੋ। ਜਿਨ੍ਹਾਂ ਨੂੰ ਤੁਸੀਂ ਮੰਤ੍ਰ ਦਿੰਦੇ ਹੋ,

ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ ॥

ਉਨ੍ਹਾਂ ਦੇ ਘਰਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੁਟ ਲੈਂਦੇ ਹੋ।