ਸ਼੍ਰੀ ਦਸਮ ਗ੍ਰੰਥ

ਅੰਗ - 640


ਅਤਿ ਗਿਆਨਵੰਤ ਕਰਮਨ ਪ੍ਰਬੀਨ ॥

ਅਤਿ ਗਿਆਨਵਾਨ ਹੈ ਅਤੇ ਕਰਮਾਂ ਵਿਚ ਪ੍ਰਬੀਨ ਹੈ।

ਅਨ ਆਸ ਗਾਤ ਹਰਿ ਕੋ ਅਧੀਨ ॥

ਕਿਸੇ ਦੀ ਆਸ ਤੋਂ ਰਹਿਤ ਅਤੇ ਹਰਿ ਦੇ ਅਧੀਨ ਹੈ।

ਛਬਿ ਦਿਪਤ ਕੋਟ ਸੂਰਜ ਪ੍ਰਮਾਨ ॥

ਕਰੋੜਾਂ ਸੂਰਜਾਂ ਦੇ ਸਮਾਨ ਜਿਸ ਦੀ ਛਬੀ ਦਾ ਪ੍ਰਕਾਸ਼ ਹੋ ਰਿਹਾ ਹੈ।

ਚਕ ਰਹਾ ਚੰਦ ਲਖਿ ਆਸਮਾਨ ॥੬੦॥

ਚੰਦ੍ਰਮਾ ਵੇਖ ਕੇ ਆਕਾਸ਼ ਵਿਚ ਹੈਰਾਨ ਹੋ ਰਿਹਾ ਹੈ ॥੬੦॥

ਉਪਜਿਯਾ ਆਪ ਇਕ ਜੋਗ ਰੂਪ ॥

(ਉਹ) ਆਪ ਹੀ 'ਇਕ' ਯੋਗ ਰੂਪ ਵਿਚ ਪੈਦਾ ਹੋਇਆ ਹੈ।

ਪੁਨਿ ਲਗੋ ਜੋਗ ਸਾਧਨ ਅਨੂਪ ॥

ਫਿਰ ਅਨੂਪਮ ਯੋਗ ਸਾਧਨਾ ਕਰਨ ਲਗਾ ਹੈ।

ਗ੍ਰਿਹ ਪ੍ਰਿਥਮ ਛਾਡਿ ਉਠਿ ਚਲਾ ਦਤ ॥

ਦੱਤ ਪਹਿਲਾਂ ਘਰ ਨੂੰ ਛਡ ਕੇ ਉਠ ਚਲਿਆ ਹੈ।

ਪਰਮੰ ਪਵਿਤ੍ਰ ਨਿਰਮਲੀ ਮਤਿ ॥੬੧॥

(ਉਹ) ਪਰਮ ਪਵਿਤ੍ਰ ਅਤੇ ਨਿਰਮਲ ਬੁੱਧੀ ਵਾਲਾ ਹੈ ॥੬੧॥

ਜਬ ਕੀਨ ਜੋਗ ਬਹੁ ਦਿਨ ਪ੍ਰਮਾਨ ॥

ਜਦ ਉਸ ਨੇ ਬਹਤੁ ਦਿਨਾਂ ਤਕ ਯੋਗ ਕਰ ਲਿਆ,

ਤਬ ਕਾਲ ਦੇਵ ਰੀਝੇ ਨਿਦਾਨ ॥

ਤਦ ਅੰਤ ਵਿਚ ਕਾਲ ਦੇਵ ਉਸ ਉਤੇ ਪ੍ਰਸੰਨ ਹੋਇਆ।

ਇਮਿ ਭਈ ਬਿਓਮ ਬਾਨੀ ਬਨਾਇ ॥

ਇਸ ਤਰ੍ਹਾਂ ਦੀ ਆਕਾਸ਼ ਬਾਣੀ ਹੋਈ,

ਤੁਮ ਸੁਣਹੁ ਬੈਨ ਸੰਨ੍ਯਾਸ ਰਾਇ ॥੬੨॥

ਹੇ ਸੰਨਿਆਸ ਰਾਜ! ਤੁਸੀਂ ਧਿਆਨ ਦੇ ਕੇ ਸੁਣੋ ॥੬੨॥

ਆਕਾਸ ਬਾਨੀ ਬਾਚਿ ਦਤ ਪ੍ਰਤਿ ॥

ਆਕਾਸ਼ ਬਾਣੀ ਨੇ ਦੱਤ ਪ੍ਰਤਿ ਕਿਹਾ -

ਪਾਧੜੀ ਛੰਦ ॥

ਪਾਧੜੀ ਛੰਦ:

ਗੁਰ ਹੀਣ ਮੁਕਤਿ ਨਹੀ ਹੋਤ ਦਤ ॥

ਹੇ ਦੱਤ! ਗੁਰੂ ਤੋਂ ਹੀਣ (ਅਵਸਥਾ ਵਿਚ) ਮੁਕਤੀ ਨਹੀਂ ਹੋਏਗੀ।

ਤੁਹਿ ਕਹੋ ਬਾਤ ਸੁਨਿ ਬਿਮਲ ਮਤ ॥

ਹੇ ਨਿਰਮਲ ਬੁੱਧੀ ਵਾਲੇ! ਤੈਨੂੰ ਗੱਲ ਕਹਿੰਦਾ ਹਾਂ, (ਧਿਆਨ ਨਾਲ) ਸੁਣ।

ਗੁਰ ਕਰਹਿ ਪ੍ਰਿਥਮ ਤਬ ਹੋਗਿ ਮੁਕਤਿ ॥

ਪਹਿਲਾਂ ਗੁਰੂ ਧਾਰਨ ਕਰ, ਤਦ ਮੁਕਤ ਹੋਵੇਂਗਾ।

ਕਹਿ ਦੀਨ ਕਾਲ ਤਿਹ ਜੋਗ ਜੁਗਤ ॥੬੩॥

ਕਾਲਦੇਵ ਨੇ ਉਸ ਨੂੰ (ਇਹ) ਯੋਗ ਦੀ ਜੁਗਤ ਕਹਿ ਦਿੱਤੀ ॥੬੩॥

ਬਹੁ ਭਾਤਿ ਦਤ ਦੰਡਵਤ ਕੀਨ ॥

(ਆਕਾਸ਼ ਬਾਣੀ ਸੁਣ ਕੇ) ਦੱਤ ਨੇ ਬਹੁਤ ਤਰ੍ਹਾਂ ਨਾਲ ਦੰਡਵਤ (ਪ੍ਰਨਾਮ) ਕੀਤਾ

ਆਸਾ ਬਿਰਹਤਿ ਹਰਿ ਕੋ ਅਧੀਨ ॥

ਅਤੇ ਆਸ ਤੋਂ ਰਹਿਤ ਹਰਿ ਦੇ ਅਧੀਨ (ਹੋ ਗਿਆ)।

ਬਹੁ ਭਾਤ ਜੋਗ ਸਾਧਨਾ ਸਾਧਿ ॥

(ਫਿਰ) ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕਰਨ ਲਗਾ

ਆਦਗ ਜੋਗ ਮਹਿਮਾ ਅਗਾਧ ॥੬੪॥

(ਜੋ) ਯੋਗ ਕਲੰਕ ਤੋਂ ਮੁਕਤ ਅਗਾਧ ਮਹਿਮਾ ਵਾਲਾ ਹੈ ॥੬੪॥

ਤਬ ਨਮਸਕਾਰ ਕਰਿ ਦਤ ਦੇਵ ॥

ਤਦ ਦੱਤ ਦੇਵ ਨੇ ਨਮਸਕਾਰ ਕੀਤੀ

ਉਚਰੰਤ ਪਰਮ ਉਸਤਤਿ ਅਭੇਵ ॥

ਅਤੇ ਫਿਰ ਪਰਮ ਦੇਵ ਅਤੇ ਅਭੇਵ ਦੀ ਉਸਤਤ ਉਚਾਰੀ।

ਜੋਗੀਨ ਜੋਗ ਰਾਜਾਨ ਰਾਜ ॥

(ਜੋ) ਜੋਗੀਆਂ ਦਾ ਜੋਗੀ ਅਤੇ ਰਾਜਿਆਂ ਦਾ ਰਾਜਾ ਹੈ

ਅਨਭੂਤ ਅੰਗ ਜਹ ਤਹ ਬਿਰਾਜ ॥੬੫॥

ਅਤੇ ਤੱਤ੍ਵਰਹਿਤ ਸ਼ਰੀਰ ਜਿਥੇ ਕਿਥੇ ਬਿਰਾਜ ਰਿਹਾ ਹੈ ॥੬੫॥

ਜਲ ਥਲ ਬਿਯਾਪ ਜਿਹ ਤੇਜ ਏਕ ॥

ਜਿਸ ਇਕ ਦਾ ਤੇਜ ਜਲ ਥਲ ਵਿਚ ਵਿਆਪ ਰਿਹਾ ਹੈ।

ਗਾਵੰਤ ਜਾਸੁ ਮੁਨਿ ਗਨ ਅਨੇਕ ॥

ਜਿਸ ਦੇ (ਗੁਣਾਂ ਨੂੰ) ਅਨੇਕਾਂ ਮੁਨੀ ਲੋਗ ਗਾਉਂਦੇ ਹਨ।

ਜਿਹ ਨੇਤਿ ਨੇਤਿ ਭਾਖੰਤ ਨਿਗਮ ॥

ਜਿਸ ਨੂੰ ਵੇਦ ਨੇਤਿ ਨੇਤਿ ਕਹਿੰਦੇ ਹਨ।

ਤੇ ਆਦਿ ਅੰਤ ਮਧਹ ਅਗਮ ॥੬੬॥

ਉਹ ਆਦਿ, ਮੱਧ, ਅੰਤ ਅਤੇ ਪਹੁੰਚ ਤੋਂ ਪਰੇ ਹੈ ॥੬੬॥

ਜਿਹ ਏਕ ਰੂਪ ਕਿਨੇ ਅਨੇਕ ॥

ਜਿਸ ਇਕ ਨੇ ਅਨੇਕ ਰੂਪ ਧਾਰਨ ਕੀਤੇ ਹਨ।

ਪੁਹਮੀ ਅਕਾਸ ਕਿਨੇ ਬਿਬੇਕ ॥

(ਜਿਸ ਨੇ) ਵਿਵੇਕ ਪੂਰਵਕ ਆਕਾਸ਼ ਅਤੇ ਧਰਤੀ ਬਣਾਈ ਹੈ।

ਜਲ ਬਾ ਥਲੇਸ ਸਬ ਠੌਰ ਜਾਨ ॥

ਜੋ ਜਲ, ਥਲ ਵਿਚ ਸਭ ਥਾਂਵਾਂ ਉਤੇ ਜਾਣਿਆ ਜਾਂਦਾ ਹੈ।

ਅਨਭੈ ਅਜੋਨਿ ਅਨਿ ਆਸ ਮਾਨ ॥੬੭॥

ਜੋ ਭੈ ਰਹਿਤ, ਜੂਨ ਤੋਂ ਮੁਕਤ ਅਤੇ ਹੋਰ ਕਿਸੇ ਦੀ ਆਸ ਤੋਂ ਬਿਨਾ ਹੈ ॥੬੭॥

ਪਾਵਨ ਪ੍ਰਸਿਧ ਪਰਮੰ ਪੁਨੀਤ ॥

ਉਹ ਪ੍ਰਸਿੱਧ, ਪਵਿਤ੍ਰ ਅਤੇ ਪਰਮ ਪੁਨੀਤ ਹੈ।

ਆਜਾਨ ਬਾਹ ਅਨਭਉ ਅਜੀਤ ॥

(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ, ਭੈ ਤੋਂ ਰਹਿਤ ਅਤੇ ਨਾ ਜਿਤੇ ਜਾ ਸਕਣ ਵਾਲਾ ਹੈ।

ਪਰਮੰ ਪ੍ਰਸਿਧ ਪੂਰਣ ਪੁਰਾਣ ॥

(ਉਹ) ਪਰਮ ਪ੍ਰਸਿੱਧ ਅਤੇ ਪੂਰਨ ਪੁਰਾਣ (ਪੁਰਸ਼) ਹੈ।

ਰਾਜਾਨ ਰਾਜ ਭੋਗੀ ਮਹਾਣ ॥੬੮॥

(ਉਹ) ਰਾਜਿਆਂ ਦਾ ਰਾਜਾ ਅਤੇ ਮਹਾਨ ਭੋਗੀ ਹੈ ॥੬੮॥

ਅਨਛਿਜ ਤੇਜ ਅਨਭੈ ਪ੍ਰਕਾਸ ॥

(ਉਹ) ਨਾ ਛਿਜੇ ਜਾ ਸਕਣ ਵਾਲੇ ਤੇਜ ਵਾਲਾ ਅਤੇ ਸੁਤਹ ਸਿੱਧ ਪ੍ਰਕਾਸ਼ਿਤ ਹੋਣ ਵਾਲਾ ਹੈ।

ਖੜਗਨ ਸਪੰਨ ਪਰਮੰ ਪ੍ਰਭਾਸ ॥

(ਉਹ) ਤਲਵਾਰਾਂ (ਨੂੰ ਵਰਤਣ ਵਿਚ) ਮਾਹਿਰ ਹੈ (ਅਰਥਾਂਤਰ-ਛੇ ਗੁਣਾਂ ਨਾਲ ਭਰਪੂਰ ਹੈ) ਬਹੁਤ ਹੀ ਜਲਾਲ ਵਾਲਾ ਹੈ।

ਆਭਾ ਅਨੰਤ ਬਰਨੀ ਨ ਜਾਇ ॥

(ਉਸ ਦੀ) ਆਭਾ ਅਨੰਤ ਹੈ, ਜੋ ਵਰਣਨ ਨਹੀਂ ਕੀਤੀ ਜਾ ਸਕਦੀ।

ਫਿਰ ਫਿਰੇ ਸਰਬ ਮਤਿ ਕੋ ਚਲਾਇ ॥੬੯॥

ਫਿਰ ਉਹ ਸਾਰਿਆਂ ਮੱਤਾਂ ਨੂੰ ਚਲਾਉਂਦਾ ਫਿਰਦਾ ਹੈ ॥੬੯॥

ਸਬਹੂ ਬਖਾਨ ਜਿਹ ਨੇਤਿ ਨੇਤਿ ॥

ਜਿਸ ਨੂੰ ਸਾਰੇ ਨੇਤਿ ਨੇਤਿ ਕਹਿੰਦੇ ਹਨ।

ਅਕਲੰਕ ਰੂਪ ਆਭਾ ਅਮੇਤ ॥

(ਉਹ) ਅਮਿਤ ਆਭਾ ਵਾਲਾ ਅਤੇ ਨਿਸ਼ਕਲੰਕ ਰੂਪ ਹੈ।

ਸਰਬੰ ਸਮ੍ਰਿਧ ਜਿਹ ਪਾਨ ਲਾਗ ॥

ਜਿਸ ਦੇ ਚਰਨਾਂ ਨਾਲ ਸਾਰੀਆਂ ਸਮ੍ਰਿਧੀਆਂ ਲਗੀਆਂ ਹਨ।

ਜਿਹ ਨਾਮ ਲੇਤ ਸਬ ਪਾਪ ਭਾਗ ॥੭੦॥

ਜਿਸ ਦਾ ਨਾਂ ਲੈਣ ਨਾਲ ਸਾਰੇ ਪਾਪ ਭਜ ਜਾਂਦੇ ਹਨ ॥੭੦॥

ਗੁਨ ਸੀਲ ਸਾਧੁ ਤਾ ਕੇ ਸੁਭਾਇ ॥

ਉਸ ਦਾ ਸੁਭਾ ਗੁਣ, ਸੀਲ ਅਤੇ ਸਾਧੁਤਾ ਵਾਲਾ ਹੈ।

ਬਿਨੁ ਤਾਸ ਸਰਨਿ ਨਹੀ ਕੋਊ ਉਪਾਇ ॥

ਉਸ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਉਪਾ ਨਹੀਂ ਹੈ।


Flag Counter