ਸਵੈਯਾ:
ਸ੍ਰੀ ਕ੍ਰਿਸ਼ਨ ਜੀ ਨੇ ਉਨ੍ਹਾਂ (ਗਵਾਲ ਬਾਲਕਾਂ) ਨੂੰ ਭੁੱਖਿਆਂ ਵੇਖ ਕੇ ਕਿਹਾ ਕਿ (ਤੁਸੀਂ) ਮਿਲ ਕੇ ਇਹ ਕੰਮ ਕਰੋ।
(ਕ੍ਰਿਸ਼ਨ ਨੇ) ਕਿਹਾ, ਤੁਸੀਂ ਉਨ੍ਹਾਂ ਬ੍ਰਾਹਮਣਾਂ ਦੀਆਂ ਇਸਤ੍ਰੀਆਂ ਕੋਲ ਜਾਉ (ਅਤੇ ਖਾਣ ਲਈ ਭੋਜਨ ਮੰਗੋ।) ਇਹ ਬ੍ਰਾਹਮਣ ਤਾਂ ਬਹੁਤ ਪਾਗਲ ਹਨ
(ਕਿਉਂਕਿ) ਜਿਸ ਲਈ ਇਹ ਯੱਗ ਕਰਦੇ ਹਨ, ਹੋਮ ਕਰਦੇ ਹਨ ਅਤੇ 'ਸਤਸਈ' (ਦੁਰਗਾ ਸਪਤਸ਼ਤੀ) ਦਾ ਜਾਪ ਕਰਦੇ ਹਨ,
ਉਸ ਦਾ ਭੇਦ ਨਹੀਂ ਜਾਣਦੇ ਮਿਠਿਆਂ ਖਾਣਿਆਂ ਨੂੰ ਕੌੜਾ ਕਹਿੰਦੇ ਹਨ, ਘਰ ਮੰਗਣ ਆਇਆਂ ਨੂੰ ਨਹੀਂ ਦਿੰਦੇ ॥੩੧੨॥
ਸਾਰੇ ਗਵਾਲ ਬਾਲਕ (ਕਾਨ੍ਹ ਅਗੇ) ਸੀਸ ਨਿਵਾ ਕੇ ਚਲ ਪਏ ਅਤੇ ਚਲਦੇ ਹੋਏ ਬ੍ਰਾਹਮਣਾਂ ਦੇ ਘਰ ਪਹੁੰਚ ਗਏ।
ਤਦੋਂ ਜਾ ਕੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਕਾਨ੍ਹ ਦੇ ਭੁਖੇ ਹੋਣ ਦੀ ਗੱਲ ਦਸ ਦਿੱਤੀ।
ਗੱਲ ਸੁਣਦਿਆਂ ਹੀ ਸਾਰੀਆਂ (ਬ੍ਰਾਹਮਣ) ਪਤਨੀਆਂ ਉਠ ਖੜੋਤੀਆਂ ਅਤੇ ਆਨੰਦਿਤ ਹੋ ਗਈਆਂ।
ਕ੍ਰਿਸ਼ਨ ਨੂੰ ਮਿਲਣ ਲਈ ਭਜ ਪਈਆਂ। ਆਨੰਦ ਕਾਰਨ (ਉਨ੍ਹਾਂ ਦੇ) ਦੁਖ ਦੂਰ ਹੋ ਗਏ ॥੩੧੩॥
ਬ੍ਰਾਹਮਣਾਂ ਦੇ ਰੋਕਿਆਂ ਵੀ (ਉਨ੍ਹਾਂ ਦੀਆਂ) ਇਸਤਰੀਆਂ ਨਾ ਰੁਕੀਆਂ ਅਤੇ ਕਾਨ੍ਹ ਨੂੰ ਮਿਲਣ ਲਈ ਭਜ ਤੁਰੀਆਂ।
ਇਕ ਉਠ ਕੇ ਰਾਹੇ ਪੈ ਗਈਆਂ ਅਤੇ ਇਕ (ਜੋ ਰੋਕ ਦਿੱਤੀਆਂ ਗਈਆਂ, ਉਨ੍ਹਾਂ ਦੀਆਂ) ਦੇਹਾਂ ਉਥੇ ਰਹਿ ਗਈਆਂ ਪਰ ਆਤਮਾਵਾਂ (ਕ੍ਰਿਸ਼ਨ ਕੋਲ) ਪੁਜ ਗਈਆਂ।
ਉਸ ਸ਼ੋਭਾ ਦੀ ਸੁੰਦਰ ਉਪਮਾ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ
ਕਿ ਜ਼ੋਰ ਨਾਲ ਵਗਣ ਵਾਲੀ ਨਦੀ ਵਿਚ ਤੂੜੀ ਦੀ ਕੰਧ ਰੁਕੀ ਨਹੀਂ ਰਹਿ ਸਕਦੀ ॥੩੧੪॥
ਬ੍ਰਾਹਮਣਾਂ ਦੀਆਂ ਵਡ-ਭਾਗਣ ਇਸਤਰੀਆਂ ਕ੍ਰਿਸ਼ਨ ਨੂੰ ਮਿਲਣ ਲਈ ਸਾਰੀਆਂ ਭਜ ਪਈਆਂ,
ਜੋ ਚੰਦ੍ਰਮਾ ਵਰਗੇ ਮੁਖ ਵਾਲੀਆਂ ਅਤੇ ਹਿਰਨ ਜਿਹੀਆਂ ਅੱਖਾਂ ਵਾਲੀਆਂ ਹਨ। ਕਵੀ ਸ਼ਿਆਮ (ਕਹਿੰਦੇ ਹਨ) (ਉਹ) ਕ੍ਰਿਸ਼ਨ ਦੇ ਚਰਨੀ ਲਗਣ ਲਈ ਚਲ ਪਈਆਂ।
ਜਿਨ੍ਹਾਂ ਦੇ ਸਾਰੇ ਅੰਗ ਸ਼ੁਭ ਹਨ ਅਤੇ ਜਿਨ੍ਹਾਂ (ਦੇ ਸ਼ੁਭ ਅੰਗਾਂ ਦੀ) ਗਿਣਤੀ ਬ੍ਰਹਮਾ ਵੀ ਨਹੀਂ ਕਰ ਸਕਦਾ।
ਘਰਾਂ ਵਿਚੋਂ (ਉਹ ਇਸਤਰੀਆਂ) ਇਉਂ ਨਿਕਲੀਆਂ ਹਨ ਜਿਵੇਂ ਮੰਤ੍ਰ ਪੜ੍ਹਨ ਨਾਲ ਬਹੁਤ ਸਾਰੀਆਂ ਨਾਗਣਾਂ ਨਿਕਲ ਆਉਂਦੀਆਂ ਹਨ ॥੩੧੫॥
ਦੋਹਰਾ:
ਸ੍ਰੀ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ ਸਾਰੀਆਂ ਨੂੰ ਚੈਨ ਪ੍ਰਾਪਤ ਹੋ ਗਿਆ
ਜਿਵੇਂ ਕਾਮਆਤੁਰ ਵਿਅਕਤੀ ਨੂੰ ਨੇੜਿਓਂ ਹੀ ਇਸਤਰੀ ਪ੍ਰਾਪਤ ਕਰਨ ਤੇ ਸੁਖ ਮਿਲਦਾ ਹੈ ॥੩੧੬॥
ਸਵੈਯਾ:
(ਜਿਨ੍ਹਾਂ ਦੀਆਂ) ਅੱਖਾਂ ਕਮਲ ਦੇ ਫੁਲ ਵਰਗੀਆਂ ਕੋਮਲ ਹਨ ਅਤੇ ਸਿਰ ਉਤੇ ਮੋਰ ਦੇ ਖੰਭਾਂ (ਦਾ ਮੁਕਟ) ਸੋਭ ਰਿਹਾ ਹੈ,
ਅਤੇ (ਜਿਨ੍ਹਾਂ ਦੀਆਂ) ਪਲਕਾਂ ('ਬਰਨੀ') ਤੀਰਾਂ ਵਰਗੀਆਂ, ਭਰਵੱਟੇ ਧਨੁਸ਼ ਜਿਹੇ ਅਤੇ ਮੁਖੜੇ (ਦੀ ਸੁੰਦਰਤਾ ਦੇ ਸਾਹਮਣੇ) ਕਰੋੜਾਂ ਚੰਦ੍ਰਮੇ ਕੀ ਹਨ।
ਮਿਤਰ ਦੀ ਗੱਲ ਤਾਂ ਕੀ ਕਹਿਣੀ ਹੈ, ਜਿਸ ਨੂੰ ਵੇਖ ਕੇ ਵੈਰੀ ਦਾ ਮਨ ਵੀ ਮੋਹਿਆ ਜਾਂਦਾ ਹੈ।