ਵੀਹ ਹੱਥ, ਇਕੀ ਹੱਥ, ਪੰਝੀ ਹੱਥ,
ਤੀਹ ਹੱਥ, ਬੱਤੀ ਹੱਥ, ਛੱਤੀ ਹੱਥ ਜਿੰਨੇ ਲੰਬੇ ਸੱਪ (ਆ ਆ ਕੇ ਹਵਨ ਵਿਚ) ਡਿਗਦੇ ਸਨ।
ਉਥੇ (ਜੋ ਜੋ ਸੱਪ) ਆ ਆ ਦੇ ਡਿਗਦੇ ਸਨ, ਸਭ ਸੜ ਕੇ ਸੁਆਹ ਹੋਈ ਜਾਂਦੇ ਸਨ ॥੩॥੧੬੭॥
ਇਕ ਸੌ ਹੱਥ ਜਿੰਨੇ, ਦੋ ਸੌ ਹੱਥ ਜੇਡੇ,
ਤਿੰਨ ਸੌ ਹੱਥ ਜੇਡੇ, ਚਾਰ ਸੌ ਹੱਥਾਂ ਦੇ ਬਾਰਾਬਰ,
ਪੰਜ ਸੌ, ਛੇ ਸੌ (ਹੱਥਾਂ) ਜਿੰਨੇ ਉਸ (ਕੁੰਡ) ਵਿਚ ਆ ਕੇ ਡਿਗਦੇ ਸਨ।
ਹਜ਼ਾਰਾਂ ਹੱਥਾਂ ਦੀ ਲੰਬਾਈ ਤਕ ਦੇ ਸਭ ਸੱਪ (ਉਸ ਵਿਚ ਡਿਗ ਕੇ) ਸੜਦੇ ਜਾ ਰਹੇ ਸਨ ॥੪॥੧੬੮॥
ਭੁਜੰਗ ਪ੍ਰਯਾਤ ਛੰਦ:
(ਇਸ ਤਰ੍ਹਾਂ) ਰਾਜੇ ਨੇ ਮਹਾਨ ਸਰਪ-ਮੇਧ-ਯੱਗ ਰਚਿਆ।
ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਬ੍ਰਾਹਮਣ ਹੋਮ ਕਰ ਰਹੇ ਸਨ।
ਅਨੰਤ ਕਿਸਮਾਂ ਦੇ ਸਾਰੇ ਸੱਪ ਉਸ ਵਿਚ ਸੜ ਮੋਏ ਸਨ।
(ਮੰਤਰਾਂ ਦੇ ਬਲ ਨਾਲ ਖਿਚੇ ਹੋਏ) ਜੋ ਅਨੰਤ ਸੱਪ ('ਭੋਗ') ਰਾਜ-ਦੁਆਰ ਤੇ ਗਏ (ਸਭ) ਸੜ ਗਏ ॥੧॥੧੬੯॥
ਕਿਤਨੇ ਅੱਠ ਹੱਥ ਦੇ ਅਤੇ (ਕਿਤਨੇ) ਸੱਤ ਹੱਥ ਦੇ ਲਗਭਗ ('ਪ੍ਰਾਇ') ਮੋਟੀ ਗਰਦਨ ਵਾਲੇ,
ਕਿਤਨੇ ੧੨ ਹੱਥਾਂ ਜਿਤਨੇ ਮੋਟੇ ('ਭਾਰੰ')
ਕਿਤਨੇ ਦੋ ਹਜ਼ਾਰ ਹੱਥ ਲੰਬੇ ਅਤੇ ਕਿਤਨੇ ਹੀ ਇਕ ਯੋਜਨ ਲੰਬੇ
ਬੇਅੰਤ (ਸੱਪ) ਅਚੇਤ ਹੋ ਕੇ ਹਵਨ-ਕੁੰਡ ਵਿਚ ਡਿਗ ਰਹੇ ਸਨ ॥੨॥੧੭੦॥
ਕਿਤਨੇ ਦੋ ਯੋਜਨ, ਕਿਤਨੇ ਤਿੰਨ ਯੋਜਨ,
ਕਿਤਨੇ ਚਾਰ ਯੋਜਨ ਜਿੰਨੇ ਲੰਬੇ ਸੱਪ ('ਭੋਗਨ')
ਕਿਤਨੇ ਮੁਠ (ਜਿੰਨੇ) (ਕਿਤਨੇ) ਅੰਗੂਠੇ (ਜੇਡੇ, ਕਿਤਨੇ) ਗਿਠ ਜਿੰਨੇ,
ਕਿਤਨੇ ਡੇਢ ਗਿਠ (ਜੇਡੇ ਅਤੇ ਕਿਤਨੇ) ਅਧੇ ਅੰਗੂਠੇ (ਜਿੰਨੇ) ॥੩॥੧੭੧॥
ਕਿਤਨੇ ਚਾਰ ਯੋਜਨਾਂ ਅਤੇ ਚਾਰ ਕੋਹਾਂ ਜੇਡੇ ਅੱਗ ਵਿਚ
ਇਸ ਤਰ੍ਹਾਂ ਹੋਮ ਹੋ ਰਹੇ ਸਨ, ਜਿਵੇਂ (ਅੱਗ ਵਿਚ) ਘਿਓ (ਪੈਂਦਾ ਹੋਵੇ)।
(ਹਵਨ ਵਿਚ ਸੜਦੇ ਹੋਏ ਸੱਪ) ਫਣਾਂ ਨੂੰ ਪਟਕਦੇ ਸਨ, ਝੱਗ ਸੁਟਦੇ ਸਨ ਅਤੇ ਫੁੰਕਾਰੇ ਮਾਰਦੇ ਸਨ।
(ਜਦੋਂ) ਸੱਪ ਵਿਚ ਡਿਗਦੇ ਹਨ ਤਾਂ ਅੱਗ ਦੀ ਲਾਟ ਮਚਦੀ ਹੈ ॥੪॥੧੭੨॥
ਕਿਤਨੇ ਹੀ ਸੱਤ ਯੋਜਨਾਂ ਜਿੰਨੇ ਅਤੇ ਅੱਠ ਕੋਹਾਂ ਜੇਡੇ,
ਕਿਤਨੇ ਹੀ ਅੱਠ ਯੋਜਨਾਂ ਜੇਡੇ ਮੋਟੇ ਸੱਪਾਂ ਦਾ ਭਿਆਨਕ ਬੱਧ (ਇਸ ਯੱਗ ਵਿਚ ਹੋਇਆ ਅਤੇ)
ਕਰੋੜਾਂ ਸੜ ਕੇ ਸੁਆਹ ਹੋ ਗਏ।
ਤੱਛਕ ਡਰ ਕੇ (ਇੰਜ) ਭਜ ਗਿਆ, ਜਿਉਂ ਕਾਂ ਬਾਜ਼ (ਭੱਛਕ ਨੂੰ ਵੇਖ ਕੇ ਖਿਸਕ ਜਾਂਦਾ ਹੈ) ॥੫॥੧੭੩॥
(ਸੱਪਾਂ ਦੀਆਂ) ਕਰੋੜਾਂ ਕੁਲਾਂ ਹਵਨ-ਕੁੰਡ ਵਿਚ ਸੜ ਮਰੀਆਂ।
ਜੋ ਬਚ ਗਏ, ਉਨ੍ਹਾਂ ਨੂੰ ਬੰਨ੍ਹ ਕੇ ਇਕੱਠਿਆਂ ਹਵਨ-ਕੁੰਡ ਵਿਚ ਸੁਟ ਦਿੱਤਾ ਗਿਆ।
ਨਾਗ-ਰਾਜ ਤੱਛਕ ਭਜ ਕੇ ਇੰਦਰ ਲੋਕ ਜਾ ਪਹੁੰਚਿਆ।
ਵੇਦ-ਮੰਤਰਾਂ (ਦੀ ਸ਼ਕਤੀ ਕਰ ਕੇ ਇੰਦਰ ਲੋਕ) ਸੜਨ ਲਗਿਆ, (ਫਲਸਰੂਪ) ਇੰਦਰ ਚਿੰਤਾਵਾਨ ਹੋ ਗਿਆ ॥੬॥੧੭੪॥
(ਆਖਿਰ ਵਿਚ ਤੱਛਕ ਨਾਗ ਵੀ) ਮੰਤਰਾਂ-ਜੰਤਰਾਂ ਦਾ ਬੰਨ੍ਹਿਆ ਹੋਇਆ ਭੂਮੀ ਉਤੇ ਆ ਡਿਗਿਆ।
(ਉਸ ਨੂੰ ਡਿਗਦਾ ਵੇਖ ਕੇ) ਆਸਤੀਕ ਨਾਂ ਦਾ ਸਿੱਧ ਬ੍ਰਾਹਮਣ (ਰਾਜੇ ਅਗੇ) ਅੜ ਖੜੋਤਾ।
(ਉਸ ਨੇ) ਰਾਜੇ ਨਾਲ ਖ਼ੂਬ ਭੇੜ ਭਿੜਿਆ ਅਤੇ ਝਗੜਾ ਕਰਦਿਆਂ ਕਰਦਿਆਂ ਖਿਝ ਗਿਆ।
(ਉਸ ਦੇ ਹਿਰਦੇ ਵਿਚ) ਬਹੁਤ ਕ੍ਰੋਧ ਪੈਦਾ ਹੋਇਆ (ਅਤੇ ਆਪਣੇ ਜਾਮੇ ਦੀ) ਤਣੀ ਤੋੜ ਕੇ (ਰਾਜੇ ਨੂੰ) ਤਾੜਨ ਲਗਾ ॥੭॥੧੭੫॥
(ਕਿ) ਸੱਪਾਂ ਦਾ ਯੱਗ ਛਡ ਦਿਓ (ਅਤੇ ਕੇਵਲ) ਇਕ ਸੁਆਮੀ ਦਾ ਭਜਨ ਕਰੋ।
(ਜਿਸ ਦੀ) ਕ੍ਰਿਪਾ ਨਾਲ ਮੰਤਰ ਸੁਝਦੇ ਹਨ ਅਤੇ ਸ੍ਰਿਸ਼ਟੀ ਦੇ ਸਾਰੇ ਸਾਜ (ਸਜਦੇ ਹਨ)।
ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖ਼ਜ਼ਾਨੇ! ਸੁਣ, (ਜੇ ਤੂੰ ਮੇਰਾ ਕਿਹਾ ਮੰਨੇਗਾ,
ਤਾਂ ਤੇਰਾ ਤੇਜ ਸੂਰਜ ਅਤੇ ਅਗਨੀ ਵਾਂਗ ਤਪੇਗਾ ॥੮॥੧੭੬॥
ਧਰਤੀ ਵਿਚ ਚੰਦ੍ਰਮਾ ('ਮਾਹ') (ਵਰਗਾ ਤੇਰਾ) ਰੂਪ ਅਤੇ ਸੂਰਜ ਦੇ ਸਮਾਨ ਤੇਰਾ ਤੇਜ ਚਮਕੇਗਾ।
(ਤੂੰ) ਦਸ, ਚਾਰ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਹੋਵੇਂਗਾ।
ਹੇ ਸ਼ਾਸਤ੍ਰ ਦੇ ਗਿਆਤਾ ਅਤੇ ਧਨੁਸ਼ਧਾਰੀ ਰਾਜੇ! ਸੁਣੋ,
ਸੱਪਾਂ ਦਾ ਯੱਗ ਛਡ ਦਿਓ, ਇਹੀ ਮੈਨੂੰ ਦਾਨ ਦਿਓ ॥੯॥੧੭੭॥
ਜੇ (ਤੂੰ) ਸੱਪਾਂ (ਦੇ ਯੱਗ ਨੂੰ) ਨਹੀਂ ਛਡੇਂਗਾ ਤਾਂ (ਹਵਨ ਦੀ) ਅੱਗ ਵਿਚ ਮੈਂ ਆਪ ਸੜ ਮਰਾਂਗਾ।
ਅਤੇ ਤੈਨੂੰ ਅਜਿਹਾ ਸ੍ਰਾਪ ਦਿਆਂਗਾ (ਜਿਸ ਨਾਲ ਤੂੰ ਵੀ) ਸੜ ਜਾਵੇਂਗਾ।
(ਜਾਂ ਮੈਂ ਆਪਣੇ) ਪੇਟ ਵਿਚ ਛੁਰੀ ਜਾਂ ਕਟਾਰ ਮਾਰ ਲਵਾਂਗਾ।
ਹੇ ਰਾਜਨ! ਸੁਣੋ, (ਫਿਰ) ਤੈਨੂੰ (ਬ੍ਰਹਮ-ਹਤਿਆ ਦਾ) ਵੱਡਾ ਪਾਪ ਲਗੇਗਾ ॥੧੦॥੧੭੮॥