ਸ਼੍ਰੀ ਦਸਮ ਗ੍ਰੰਥ

ਅੰਗ - 464


ਯੌ ਬਰਖੈ ਸਰ ਜਾਲ ਮਨੋ ਪਰਲੇ ਘਨ ਆਏ ॥੧੬੬੪॥

ਬਾਣਾਂ ਦੀ ਇਸ ਤਰ੍ਹਾਂ ਝੜੀ ਲਗੀ ਹੈ ਮਾਨੋ ਪਰਲੋ ਦੇ ਬਦਲ ਆ ਗਏ ਹੋਣ ॥੧੬੬੪॥

ਦੋਹਰਾ ॥

ਦੋਹਰਾ:

ਬਾਨਨ ਸੋ ਬਾਨਨ ਕਟੇ ਕੋਪ ਤਚੇ ਜੁਗ ਨੈਨ ॥

ਬਾਣਾਂ ਨਾਲ ਬਾਣਾਂ ਨੂੰ ਕਟ ਦਿੱਤਾ ਹੈ ਅਤੇ ਦੋਵੇਂ ਅੱਖਾਂ ਕ੍ਰੋਧ ਨਾਲ ਚੜ੍ਹੀਆਂ ਹੋਈਆਂ ਹਨ।

ਸ੍ਰੀ ਹਰਿ ਸੋ ਖੜਗੇਸ ਤਬ ਰਿਸ ਕਰਿ ਬੋਲਿਯੋ ਬੈਨ ॥੧੬੬੫॥

ਉਸ ਵੇਲੇ ਸ੍ਰੀ ਕ੍ਰਿਸ਼ਨ ਨੂੰ ਖੜਗ ਸਿੰਘ ਨੇ ਕ੍ਰੋਧ ਕਰ ਕੇ (ਇਸ ਤਰ੍ਹਾਂ) ਬਚਨ ਕਿਹਾ ॥੧੬੬੫॥

ਸਵੈਯਾ ॥

ਸਵੈਯਾ:

ਕਿਉ ਰੇ ਗੁਮਾਨ ਕਰੈ ਘਨ ਸ੍ਯਾਮ ਅਬੈ ਰਨ ਤੇ ਪੁਨਿ ਤੋਹਿ ਭਜੈਹੋ ॥

ਹੇ ਘਨ ਸ਼ਿਆਮ! (ਤੂੰ) ਕਿਉਂ ਗੁਮਾਨ ਕਰਦਾ ਹੈਂ। ਹੁਣੇ ਹੀ (ਮੈਂ) ਤੈਨੂੰ ਰਣ-ਭੂਮੀ ਤੋਂ ਫਿਰ ਭਜਾਉਂਦਾ ਹਾਂ।

ਕਾਹੇ ਕੌ ਆਨਿ ਅਰਿਯੋ ਸੁਨ ਰੇ ਸਿਰ ਕੇਸਨਿ ਤੇ ਬਹੁਰੋ ਗਹਿ ਲੈਹੋ ॥

ਓਏ! ਸੁਣ, (ਤੂੰ) ਕਿਸ ਲਈ (ਮੇਰੇ ਨਾਲ) ਆ ਕੇ ਅੜਿਆ ਹੈਂ। (ਮੈਂ) ਫਿਰ (ਤੈਨੂੰ) ਕੇਸਾਂ ਤੋਂ ਪਕੜ ਲਵਾਂਗਾ।

ਐ ਰੇ ਅਹੀਰ ਅਧੀਰ ਡਰੇ ਨਹਿ ਤੋ ਕਹਿ ਜੀਵਤ ਜਾਨ ਨ ਦੈਹੋ ॥

ਓਏ ਗਵਾਲੇ! (ਤੂੰ) ਅਧੀਰ ਹੋ ਕੇ ਵੀ ਡਰਦਾ ਨਹੀਂ। (ਹੁਣ ਮੈਂ) ਤੈਨੂੰ ਜੀਉਂਦੇ ਜਾਣ ਨਹੀਂ ਦੇਵਾਂਗਾ।

ਇੰਦ੍ਰ ਬਿਰੰਚ ਕੁਬੇਰ ਜਲਾਧਿਪ ਕੋ ਸਸਿ ਕੋ ਸਿਵ ਕੋ ਹਤ ਕੈ ਹੋ ॥੧੬੬੬॥

ਇੰਦਰ, ਬ੍ਰਹਮਾ, ਕੁਬੇਰ, ਵਰੁਨ, ਚੰਦ੍ਰਮਾ ਅਤੇ ਸ਼ਿਵ ਨੂੰ ਵੀ ਮਾਰ ਦੇਵਾਂਗਾ ॥੧੬੬੬॥

ਤਉ ਹੀ ਲਉ ਬੀਰ ਮਹੋਤ ਕਟ ਸਿੰਘ ਹੁਤੋ ਰਨ ਮੈ ਮਨਿ ਕੋਪ ਭਰਿਓ ॥

ਉਦੋਂ ਤਕ ਮਹੋਤ ਕਟ ਸਿੰਘ (ਨਾਂ ਦਾ) ਸ਼ੂਰਵੀਰ ਯੁੱਧ-ਭੂਮੀ ਵਿਚ ਸੀ (ਜਿਸ ਦਾ) ਮਨ ਕ੍ਰੋਧ ਨਾਲ ਭਰਿਆ ਹੋਇਆ ਸੀ,

ਕਰ ਮੈ ਕਰਵਾਰਿ ਲੈ ਧਾਇ ਚਲਿਓ ਕਬਿ ਸ੍ਯਾਮ ਕਹੈ ਨਹੀ ਨੈਕੁ ਡਰਿਓ ॥

ਕਵੀ ਸ਼ਿਆਮ ਕਹਿੰਦੇ ਹਨ, (ਉਹ) ਹੱਥ ਵਿਚ ਤਲਵਾਰ ਲੈ ਕੇ ਅਗੇ ਵਧਿਆ ਹੈ ਅਤੇ ਕਿਸੇ ਪਾਸੋਂ ਰਤਾ ਜਿੰਨਾ ਵੀ ਡਰਿਆ ਨਹੀਂ ਹੈ।

ਅਸਿ ਜੁਧ ਦੁਹੂੰ ਨ੍ਰਿਪ ਕੀਨ ਬਡੋ ਨ ਕੋਊ ਰਨ ਤੇ ਪਗ ਏਕ ਟਰਿਓ ॥

ਦੋਹਾਂ ਰਾਜਿਆਂ ਨੇ ਤਲਵਾਰ ਦਾ ਖ਼ੂਬ ਯੁੱਧ ਕੀਤਾ ਹੈ, ਕੋਈ ਵੀ ਰਣ-ਭੂਮੀ ਤੋਂ ਇਕ ਕਦਮ ਵੀ ਨਹੀਂ ਟਲਿਆ ਹੈ।

ਖੜਗੇਸ ਕ੍ਰਿਪਾਨ ਕੀ ਤਾਨਿ ਦਈ ਬਿਨੁ ਪ੍ਰਾਨ ਕਰਿਓ ਗਿਰ ਭੂਮਿ ਪਰਿਓ ॥੧੬੬੭॥

(ਆਖੀਰ ਵਿਚ) ਖੜਗ ਸਿੰਘ ਨੇ ਸ਼ਿਦਤ ਨਾਲ ਤਲਵਾਰ ਦਾ ਵਾਰ ਕੀਤਾ ਹੈ ਅਤੇ (ਮਹੋਤ ਕਟ ਸਿੰਘ ਨੂੰ) ਪ੍ਰਾਣਾਂ ਤੋਂ ਰਹਿਤ ਕਰ ਕੇ ਧਰਤੀ ਉਤੇ ਡਿਗਾ ਦਿੱਤਾ ਹੈ ॥੧੬੬੭॥

ਦੇਖਿ ਦਸਾ ਤਿਹ ਸਿੰਘ ਬਚਿਤ੍ਰ ਸੁ ਠਾਢੋ ਹੁਤੋ ਰਿਸ ਕੈ ਵਹ ਧਾਯੋ ॥

ਉਸ ਦੀ ਹਾਲਤ ਨੂੰ ਵੇਖ ਕੇ, ਕੋਲ ਖੜੋਤੇ ਬਚਿਤ੍ਰ ਸਿੰਘ ਨੇ ਕ੍ਰੋਧਵਾਨ ਹੋ ਕੇ ਧਾਵਾ ਕਰ ਦਿੱਤਾ ਹੈ।

ਸ੍ਯਾਮ ਭਨੈ ਧਨੁ ਬਾਨਨ ਲੈ ਤਿਹ ਭੂਪਤਿ ਸਿਉ ਅਤਿ ਜੁਧ ਮਚਾਯੋ ॥

ਸ਼ਿਆਮ (ਕਵੀ) ਕਹਿੰਦੇ ਹਨ, ਉਸ ਨੇ ਧਨੁਸ਼ ਬਾਣ ਲੈ ਕੇ ਰਾਜੇ ਨਾਲ ਬਹੁਤ ਯੁੱਧ ਮਚਾਇਆ ਹੈ।

ਸ੍ਰੀ ਖੜਗੇਸ ਬਲੀ ਧਨ ਤਾਨਿ ਮਹਾ ਬਰ ਬਾਨ ਪ੍ਰਕੋਪ ਚਲਾਯੋ ॥

ਬਲਵਾਨ ਖੜਗ ਸਿੰਘ ਨੇ ਧਨੁਸ਼ ਤਣ ਕੇ ਅਤੇ ਬਹੁਤ ਕ੍ਰੋਧਿਤ ਹੋ ਕੇ ਇਕ ਪ੍ਰਚੰਡ ਤੀਰ ਚਲਾ ਦਿੱਤਾ ਹੈ।

ਲਾਗਿ ਗਯੋ ਤਿਹ ਕੇ ਉਰ ਮੈ ਸਰ ਘੂਮਿ ਗਿਰਿਓ ਧਰਿ ਇਉ ਅਰਿ ਘਾਯੋ ॥੧੬੬੮॥

(ਉਹ ਬਾਣ) ਉਸ ਦੇ ਸੀਨੇ ਵਿਚ ਲਗਿਆ ਹੈ ਅਤੇ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਹੈ। ਇਸ ਤਰ੍ਹਾਂ (ਖੜਗ ਸਿੰਘ ਨੇ) ਵੈਰੀ ਨੂੰ ਮਾਰ ਦਿੱਤਾ ਹੈ ॥੧੬੬੮॥

ਚੌਪਈ ॥

ਚੌਪਈ:

ਤਬ ਅਜੀਤ ਸਿੰਘ ਆਪ ਹੀ ਧਾਯੋ ॥

ਤਦ ਅਜੀਤ ਸਿੰਘ ਆਪ ਹੀ ਹਮਲਾ ਕਰ ਕੇ ਪਿਆ

ਧਨੁਖ ਬਾਨ ਲੈ ਰਨ ਮਧਿ ਆਯੋ ॥

ਅਤੇ ਧਨੁਸ਼ ਬਾਣ ਲੈ ਕੇ ਯੁੱਧ-ਖੇਤਰ ਵਿਚ ਆ ਗਿਆ।

ਭੂਪਤਿ ਕੋ ਤਿਨ ਬਚਨ ਸੁਨਾਯੋ ॥

ਉਸ ਨੇ ਰਾਜੇ ਨੂੰ ਇਹ ਬੋਲ ਸੁਣਾਏ

ਤੋ ਬਧ ਹਿਤ ਸਿਵ ਮੁਹਿ ਉਪਜਾਯੋ ॥੧੬੬੯॥

ਕਿ ਤੈਨੂੰ ਮਾਰਨ ਲਈ ਹੀ ਸ਼ਿਵ ਨੇ ਮੈਨੂੰ ਸਿਰਜਿਆ ਹੈ ॥੧੬੬੯॥

ਅਜੀਤ ਸਿੰਘ ਯੌ ਬਚਨ ਉਚਾਰਿਓ ॥

ਅਜੀਤ ਸਿੰਘ ਨੇ ਇਸ ਤਰ੍ਹਾਂ ਬਚਨ ਉਚਾਰੇ

ਖੜਗ ਸਿੰਘ ਰਨ ਮਾਹਿ ਹਕਾਰਿਓ ॥

ਅਤੇ ਖੜਗ ਸਿੰਘ ਨੂੰ ਰਣ-ਭੂਮੀ ਵਿਚ ਵੰਗਾਰਿਆ।

ਨ੍ਰਿਪ ਏ ਬੈਨ ਸੁਨਤ ਨਹੀ ਡਰਿਓ ॥

ਰਾਜਾ (ਖੜਗ ਸਿੰਘ) ਇਨ੍ਹਾਂ ਬੋਲਾਂ ਨੂੰ ਸੁਣ ਕੇ ਡਰਿਆ ਨਹੀਂ ਹੈ,

ਮਹਾਬੀਰ ਪਗੁ ਆਗੈ ਧਰਿਓ ॥੧੬੭੦॥

(ਸਗੋਂ ਉਸ) ਮਹਾਵੀਰ ਨੇ ਕਦਮ ਅਗੇ ਹੀ ਧਰਿਆ ਹੈ ॥੧੬੭੦॥

ਅਜੀਤ ਸਿੰਘ ਰਛਾ ਹਿਤ ਧਾਏ ॥

ਅਜੀਤ ਸਿੰਘ ਦੀ ਰਖਿਆ ਲਈ (ਇਹ) ਦੌੜੇ ਹਨ।

ਗ੍ਯਾਰਹ ਰੁਦ੍ਰ ਭਾਨ ਸਭ ਆਏ ॥

ਗਿਆਰਾਂ ਰੁਦਰ ਅਤੇ ਸਾਰੇ ਸੂਰਜ ਆਏ ਹਨ।

ਇੰਦ੍ਰ ਕ੍ਰਿਸਨ ਜਮ ਬਸੁ ਰਿਸ ਭਰੇ ॥

ਇੰਦਰ, ਕ੍ਰਿਸ਼ਨ, ਯਮ ਅਤੇ ਅੱਠ ਬਸੂ,

ਬਰੁਨ ਕੁਬੇਰ ਘੇਰਿ ਸਭ ਖਰੇ ॥੧੬੭੧॥

ਵਰੁਨ, ਕੁਬੇਰ ਆਦਿ ਸਾਰੇ (ਰਾਜੇ ਨੂੰ) ਘੇਰ ਕੇ ਖੜੋਤੇ ਹਨ ॥੧੬੭੧॥

ਸਵੈਯਾ ॥

ਸਵੈਯਾ:

ਸਿੰਘ ਅਜੀਤ ਜਬੈ ਖੜਗੇਸ ਸੋ ਸ੍ਯਾਮ ਕਹੈ ਅਤਿ ਜੁਧੁ ਮਚਾਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਅਜੀਤ ਸਿੰਘ ਨੇ ਜਦੋਂ ਖੜਗ ਸਿੰਘ ਨਾਲ ਬਹੁਤ ਭਿਆਨਕ ਯੁੱਧ ਮਚਾਇਆ,

ਸੰਗਿ ਸਿਵਾਦਿਕ ਸੂਰਜਿ ਤੇ ਅਰਿ ਮਾਰਨ ਕੋ ਤਿਹ ਹਾਥ ਉਚਾਯੋ ॥

(ਉਦੋਂ) ਸ਼ਿਵ, ਸੂਰਜ ਆਦਿ ਜਿਤਨੇ ਉਸ ਦੇ ਨਾਲ ਸਨ, ਵੈਰੀ ਨੂੰ ਮਾਰਨ ਲਈ ਉਨ੍ਹਾਂ ਨੇ ਹੱਥ ਉਲਾਰੇ।

ਬਾਨ ਚਲੇ ਅਤਿ ਹੀ ਰਨ ਮੈ ਨ੍ਰਿਪ ਕਾਟਿ ਸਬੈ ਮਨਿ ਰੋਸਿ ਤਚਾਯੋ ॥

ਯੁੱਧ-ਭੂਮੀ ਵਿਚ ਬਹੁਤ ਬਾਣ ਚਲੇ ਹਨ, ਰਾਜੇ ਨੇ (ਉਨ੍ਹਾਂ) ਸਾਰਿਆਂ ਨੂੰ ਕਟ ਕੇ ਮਨ ਵਿਚ ਰੋਸ ਕੀਤਾ ਹੈ।

ਲੈ ਧਨੁ ਬਾਨ ਮਹਾ ਬਲਵਾਨ ਹਨ੍ਯੋ ਭਟ ਕੋ ਕਿਨਹੂੰ ਨ ਬਚਾਯੋ ॥੧੬੭੨॥

ਉਸ ਮਹਾਨ ਬਲਵਾਨ (ਰਾਜੇ) ਨੇ ਧਨੁਸ਼-ਬਾਣ ਲੈ ਕੇ ਉਸ ਸੂਰਮੇ ਨੂੰ ਮਾਰਿਆ ਹੈ ਅਤੇ ਕਿਸੇ ਨੇ ਵੀ (ਉਸ ਨੂੰ) ਬਚਾਇਆ ਨਹੀਂ ਹੈ ॥੧੬੭੨॥

ਚੌਪਈ ॥

ਚੌਪਈ:

ਜਬ ਅਜੀਤ ਸਿੰਘ ਮਾਰਿ ਗਿਰਾਯੋ ॥

ਜਦ ਅਜੀਤ ਸਿੰਘ ਨੂੰ ਮਾਰ ਕੇ ਡਿਗਾ ਦਿੱਤਾ ਗਿਆ,

ਸੁ ਭਟਨ ਮਨ ਭਟਕਿਓ ਡਰ ਪਾਯੋ ॥

(ਤਦ ਸਾਰਿਆਂ) ਯੋਧਿਆਂ ਦਾ ਮਨ ਡੋਲ ਗਿਆ ਅਤੇ (ਸਭ) ਡਰ ਗਏ।

ਬਹੁਰੋ ਭੂਪਤਿ ਖੜਗ ਸੰਭਾਰਿਓ ॥

ਫਿਰ ਰਾਜੇ ਨੇ ਖੜਗ ਧਾਰਨ ਕਰ ਲਿਆ।

ਚਕ੍ਰਤ ਤੇ ਸਬਹੂੰ ਬਲੁ ਹਾਰਿਓ ॥੧੬੭੩॥

ਸਾਰੇ ਹੈਰਾਨ ਹੋ ਗਏ ਅਤੇ (ਸਭ ਦਾ) ਬਲ ਛੀਣ ਹੋ ਗਿਆ ॥੧੬੭੩॥

ਤਬ ਹਰਿ ਹਰਿ ਬਿਧਿ ਮੰਤ੍ਰ ਬਿਚਾਰਿਓ ॥

ਤਦ ਵਿਸ਼ਣੂ, ਸ਼ਿਵ ਅਤੇ ਬ੍ਰਹਮਾ ਨੇ ਸਲਾਹ ਕੀਤੀ

ਮਰੈ ਨ ਜਰੈ ਅਗਨ ਤੇ ਜਾਰਿਓ ॥

ਕਿ (ਇਹ) ਨਾ ਮਰਦਾ ਹੈ ਅਤੇ ਨਾ ਹੀ ਅੱਗ ਨਾਲ ਸਾੜਿਆਂ ਸੜਦਾ ਹੈ।

ਤਾ ਤੇ ਜਤਨ ਕਛੂ ਅਬ ਕੀਜੈ ॥

ਇਸ ਲਈ ਕੋਈ ਹੋਰ ਯਤਨ ਕਰਨਾ ਚਾਹੀਦਾ ਹੈ,

ਯਾ ਤੇ ਮਾਰਿ ਭੂਪ ਇਹ ਲੀਜੈ ॥੧੬੭੪॥

ਤਾਂ ਜੋ ਇਸ ਰਾਜੇ ਨੂੰ ਮਾਰ ਲਿਆ ਜਾਵੇ ॥੧੬੭੪॥

ਬ੍ਰਹਮੇ ਕਹਿਓ ਸੁ ਇਹ ਬਿਧਿ ਕੀਜੈ ॥

ਬ੍ਰਹਮਾ ਨੇ ਕਿਹਾ ਕਿ ਇਹ ਵਿਧੀ ਕਰੋ

ਮੋਹਿਤ ਹ੍ਵੈ ਮਨ ਤਬ ਬਲੁ ਛੀਜੈ ॥

ਕਿ ਇਸ ਦਾ ਮਨ ਮੋਹਿਤ ਹੋ ਜਾਏ, ਤਦ (ਇਸ ਦਾ) ਬਲ ਛੀਣ ਹੋ ਜਾਏਗਾ।

ਜਬ ਇਹ ਭੂਪ ਗਿਰਿਓ ਲਖਿ ਲਈਯੈ ॥

ਜਦ ਇਸ ਰਾਜੇ ਨੂੰ ਡਿਗਿਆ ਹੋਇਆ ਵੇਖ ਲਈਏ,

ਤਬ ਇਹ ਜਮ ਕੋ ਧਾਮ ਪਠਈਯੈ ॥੧੬੭੫॥

ਤਦ ਇਸ ਨੂੰ ਯਮ ਲੋਕ ਵਿਚ ਭੇਜ ਦੇਈਏ ॥੧੬੭੫॥


Flag Counter