ਸ਼੍ਰੀ ਦਸਮ ਗ੍ਰੰਥ

ਅੰਗ - 1045


ਬਿਹਸਿ ਬਿਹਸਿ ਬਹੁ ਭਾਤਿਨ ਬਚਨ ਬਖਾਨਹੀ ॥

ਹਸ ਹਸ ਕੇ ਕਈ ਤਰ੍ਹਾਂ ਨਾਲ ਬਚਨ ਬਿਲਾਸ ਕਰਦੇ ਸਨ।

ਤ੍ਰਿਯਾ ਤਿਹਾਰੋ ਆਸਨ ਤਜਿਯੋ ਨ ਜਾਵਈ ॥

(ਪ੍ਰੀਤਮ ਕਹਿਣ ਲਗਿਆ) ਹੇ ਪ੍ਰਿਯਾ! ਤੇਰਾ ਆਸਣ ਛਡਿਆ ਨਹੀਂ ਜਾ ਸਕਦਾ

ਹੋ ਕਹਿ ਕਹਿ ਐਸੀ ਭਾਤਿ ਗਲੇ ਲਪਟਾਵਈ ॥੨੬॥

ਅਤੇ ਇਸ ਤਰ੍ਹਾਂ ਕਹਿ ਕਹਿ ਕੇ ਗਲੇ ਨਾਲ ਲਿਪਟ ਰਿਹਾ ਸੀ ॥੨੬॥

ਭਾਤਿ ਭਾਤਿ ਅਬਲਾ ਕੇ ਆਸਨ ਲੇਤ ਭਯੋ ॥

ਉਹ ਭਾਂਤ ਭਾਂਤ ਨਾਲ ਇਸਤਰੀ ਨਾਲ ਆਸਣਾਂ ਦੀ ਵਰਤੋਂ ਕਰਨ ਲਗਾ

ਲਪਟਿ ਲਪਟਿ ਕਰਿ ਗਰੇ ਤਾਹਿ ਸੁਖ ਦੇਤ ਭਯੋ ॥

ਅਤੇ ਉਸ ਦੇ ਗਲੇ ਨਾਲ ਲਿਪਟ ਲਿਪਟ ਕੇ ਸੁਖ ਦੇਣ ਲਗਾ।

ਚਿਮਟਿ ਚਿਮਟਿ ਰਤਿ ਕਰੈ ਦੋਊ ਮੁਸਕਾਇ ਕੈ ॥

ਦੋਵੇਂ ਹਸ ਹਸ ਕੇ ਅਤੇ ਚਿਮਟ ਚਿਮਟ ਕੇ ਰਤੀ ਕਰਦੇ ਸਨ

ਹੌ ਸਕਲ ਕੋਕ ਕੋ ਮਤ ਕੌ ਕਹੈ ਬਨਾਇ ਕੈ ॥੨੭॥

ਅਤੇ ਕੋਕ ਸ਼ਾਸਤ੍ਰ ਦੀਆਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਮਾਣ ਰਹੇ ਸਨ ॥੨੭॥

ਚੌਪਈ ॥

ਚੌਪਈ:

ਲੈ ਮੁਕਲਾਵੋ ਅਤਿ ਸੁਖ ਪਾਯੋ ॥

ਉਹ ਮੁਕਲਾਵਾ ਲੈ ਕੇ ਅਤੇ ਬਹੁਤ ਆਨੰਦਿਤ ਹੋ ਕੇ

ਨਰਵਰ ਗੜ ਕੀ ਓਰ ਸਿਧਾਯੋ ॥

ਨਰਵਰ ਗੜ੍ਹ ਵਲ ਚਲ ਪਿਆ।

ਬ੍ਯਾਹਿਤ ਦੂਤ ਤ੍ਰਿਯਾ ਕੋ ਧਾਯੋ ॥

(ਤਦ) ਦੂਜੀ ਵਿਆਹੀ ਹੋਈ ਇਸਤਰੀ ਦਾ ਦੂਤ ਭਜਿਆ

ਸਕਲ ਜਾਇ ਤਿਹ ਭੇਦ ਜਤਾਯੋ ॥੨੮॥

ਅਤੇ ਉਸ ਨੇ ਸਾਰਾ ਭੇਦ ਜਾ ਕੇ (ਉਸ ਨੂੰ) ਦਸ ਦਿੱਤਾ ॥੨੮॥

ਦੋਹਰਾ ॥

ਦੋਹਰਾ:

ਤਬ ਬ੍ਯਾਹਿਤ ਅਗਲੀ ਤ੍ਰਿਯਹਿ ਭੇਦ ਸਕਲ ਸੁਨਿ ਪਾਇ ॥

ਜਦ ਅਗਲੀ ਵਿਆਹੀ ਹੋਈ ਇਸਤਰੀ ਨੇ ਸਾਰਾ ਭੇਦ ਜਾਣ ਲਿਆ।

ਕੋਪਿ ਅਧਿਕ ਚਿਤ ਮੈ ਕੀਯੋ ਸੁਨਿ ਸੰਮਸ ਕੋ ਨਾਇ ॥੨੯॥

ਸ਼ਮਸ ਦਾ ਨਾਂ ਸੁਣ ਕੇ ਚਿਤ ਵਿਚ ਬਹੁਤ ਕ੍ਰੋਧ ਕੀਤਾ ॥੨੯॥

ਸ੍ਵਰਨਮਤੀ ਬ੍ਯਾਹਿਤ ਅਗਲਿ ਚਿਤ ਅਤਿ ਕੋਪ ਬਢਾਇ ॥

ਪਹਿਲਾਂ ਵਿਆਹੀ ਹੋਈ ਸ੍ਵਰਨਮਤੀ ਨੇ ਮਨ ਵਿਚ ਬਹੁਤ ਗੁੱਸਾ ਕੀਤਾ

ਬੀਰ ਸੈਨ ਪਤਿ ਪਿਤੁ ਭਏ ਐਸ ਕਹਤ ਭੀ ਜਾਇ ॥੩੦॥

ਅਤੇ ਪਤੀ ਦੇ ਪਿਤਾ ਬੀਰ ਸੈਨ ਨੂੰ ਇਸ ਤਰ੍ਹਾਂ ਜਾ ਕੇ ਕਿਹਾ ॥੩੦॥

ਕਹੋਂ ਬਚਨ ਚਿਤ ਦੈ ਸੁਨੋ ਬੈਨ ਏਸ ਕੇ ਏਸ ॥

ਹੇ ਰਾਜਿਆਂ ਦੇ ਰਾਜੇ! ਮੇਰੀ ਗੱਲ ਧਿਆਨ ਨਾਲ ਸੁਣੋ!

ਭਜਿ ਢੋਲਾ ਤੁਮ ਤੇ ਗਯੋ ਲੇਨ ਤਿਹਾਰੋ ਦੇਸ ॥੩੧॥

ਤੁਹਾਡਾ ਦੇਸ ਹਥਿਆਣ ਲਈ ਢੋਲਾ ਤੁਹਾਡੇ ਕੋਲੋਂ ਭਜ ਗਿਆ ਹੈ ॥੩੧॥

ਚੌਪਈ ॥

ਚੌਪਈ:

ਜੋ ਤੂ ਜਿਯ ਤੇ ਤਾਹਿ ਨ ਮਰਿ ਹੈ ॥

ਜੇ ਤੁਸੀਂ ਉਸ ਨੂੰ ਜਾਨੋ ਨਹੀਂ ਮਾਰੋਗੇ

ਤੌ ਤੇਰੋ ਸੋਊ ਬਧ ਕਰਿ ਹੈ ॥

ਤਾਂ ਉਹ ਤੁਹਾਨੂੰ ਮਾਰ ਦੇਵੇਗਾ।

ਕੈ ਰਾਜਾ ਜਿਯ ਤੇ ਤਿਹ ਮਾਰੋ ॥

ਹੇ ਰਾਜਨ! ਜਾਂ ਤਾਂ ਉਸ ਨੂੰ ਜਾਨ ਤੋਂ ਮਾਰ ਦਿਓ,

ਨਾਤਰ ਅਬ ਹੀ ਦੇਸ ਨਿਕਾਰੋ ॥੩੨॥

ਨਹੀਂ ਤਾਂ ਹੁਣੇ ਦੇਸ-ਨਿਕਾਲਾ ਦੇ ਦਿਓ ॥੩੨॥

ਜਬ ਇਹ ਭਾਤਿ ਰਾਵ ਸੁਨਿ ਪਾਈ ॥

ਜਦ ਰਾਜੇ ਨੇ ਇਸ ਤਰ੍ਹਾਂ (ਦੀ ਗੱਲ) ਸੁਣੀ

ਚਿਤ ਕੇ ਬਿਖੈ ਸਤਿ ਠਹਰਾਈ ॥

ਤਾਂ ਚਿਤ ਵਿਚ ਸਚ ਕਰ ਕੇ ਮਨ ਲਈ।

ਜੌ ਤ੍ਰਿਯ ਲ੍ਯਾਵਨ ਕਾਜ ਸਿਧਾਵਤ ॥

(ਸੋਚਣ ਲਗਾ ਕਿ) ਜੇ ਉਹ ਇਸਤਰੀ ਨੂੰ ਲੈਣ ਲਈ ਗਿਆ ਹੁੰਦਾ

ਮੇਰੇ ਕਹੇ ਬਿਨਾ ਨਹਿ ਜਾਵਤ ॥੩੩॥

ਤਾਂ ਮੇਰੇ ਕਹੇ ਬਿਨਾ ਨਾ ਜਾਂਦਾ ॥੩੩॥

ਪੁਤ੍ਰ ਬਧੂ ਮੁਹਿ ਸਾਚੁ ਉਚਾਰੋ ॥

ਮੈਨੂੰ ਨੂੰਹ ਨੇ ਸਚ ਦਸਿਆ ਹੈ।

ਲਿਯੋ ਚਹਤ ਸੁਤ ਰਾਜ ਹਮਾਰੋ ॥

ਮੇਰਾ ਪੁੱਤਰ ਮੇਰਾ ਰਾਜ ਲੈਣਾ ਚਾਹੁੰਦਾ ਹੈ।

ਯਾ ਕੌ ਕਹੌਂ ਨ ਮੁਖ ਦਿਖਰਾਵੈ ॥

(ਉਸ ਨੇ ਹੁਕਮ ਦੇ ਦਿੱਤਾ ਕਿ) ਉਸ ਨੂੰ ਕਹੋ ਕਿ ਮੈਨੂੰ ਮੂੰਹ ਨਾ ਵਿਖਾਵੇ

ਦ੍ਵਾਦਸ ਬਰਖ ਬਨਹਿ ਬਸਿ ਆਵੈ ॥੩੪॥

ਅਤੇ ਬਾਰ੍ਹਾਂ ਸਾਲ ਬਨ ਵਿਚ ਕਟ ਕੇ ਆਵੇ ॥੩੪॥

ਦੋਹਰਾ ॥

ਦੋਹਰਾ:

ਪਲਟਿ ਖਰਾਵਨ ਕੌ ਧਰਿਯੋ ਪਠੈ ਮਨੁਛ ਇਕ ਦੀਨ ॥

(ਉਸ ਨੇ) ਖੜਾਵਾਂ ਨੂੰ ਪੁਠਾ ਕਰ ਦਿੱਤਾ ਅਤੇ ਇਕ ਵਿਅਕਤੀ ਨੂੰ ਭੇਜਿਆ।

ਮੋਹਿ ਮਿਲੇ ਬਿਨੁ ਬਨ ਬਸੈ ਰਾਵ ਬਚਨ ਇਹ ਕੀਨ ॥੩੫॥

ਰਾਜੇ ਨੇ ਇਸ ਤਰ੍ਹਾਂ ਬਚਨ ਕੀਤਾ ਕਿ ਮੈਨੂੰ ਮਿਲੇ ਬਿਨਾ ਬਨ ਵਿਚ ਚਲਾ ਜਾਏ ॥੩੫॥

ਸੁਨਤ ਭ੍ਰਿਤ ਨ੍ਰਿਪ ਕੇ ਬਚਨ ਤਾਹਿ ਕਹਿਯੋ ਸਮਝਾਇ ॥

ਰਾਜੇ ਦੇ ਬੋਲ ਸੁਣ ਕੇ ਨੌਕਰ ਨੇ ਜਾ ਕੇ ਸਮਝਾਇਆ

ਦੇਸ ਨਿਕਾਰੋ ਤੁਹਿ ਦਿਯੋ ਮਿਲਹੁ ਨ ਮੋ ਕੋ ਆਇ ॥੩੬॥

ਕਿ (ਰਾਜੇ ਨੇ) ਤੈਨੂੰ ਦੇਸ-ਨਿਕਾਲਾ ਦਿੱਤਾ ਹੈ (ਅਤੇ ਕਹਿੰਦਾ ਹੈ ਕਿ) ਮੈਨੂੰ ਆ ਕੇ ਨਾ ਮਿਲੇ ॥੩੬॥

ਤਬ ਢੋਲਨ ਅਤਿ ਦੁਖਿਤ ਹ੍ਵੈ ਐਸੇ ਕਹਿਯੋ ਪੁਕਾਰਿ ॥

ਤਦ ਢੋਲਨ ਨੇ ਬਹੁਤ ਦੁਖੀ ਹੋ ਕੇ ਇਸ ਤਰ੍ਹਾਂ ਪੁਕਾਰ ਕੇ ਕਿਹਾ,

ਜੀਵਹਿਗੇ ਤੌ ਮਿਲਹਿਗੇ ਨਰਵਰ ਕੋਟ ਜੁਹਾਰ ॥੩੭॥

ਹੇ ਨਰਵਰਕੋਟ! ਤੈਨੂੰ ਨਮਸਕਾਰ ਹੈ, ਜੇ ਜੀਉਂਦੇ ਰਹੇ ਤਾਂ (ਫਿਰ) ਮਿਲਾਂਗੇ ॥੩੭॥

ਤਬ ਸੁੰਦਰਿ ਸੰਗਿ ਉਠਿ ਚਲੀ ਸੁਨਿ ਕਰਿ ਐਸੋ ਬੈਨ ॥

ਤਦ ਸੁੰਦਰੀ ਵੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਨਾਲ ਚਲ ਪਈ।

ਹਿਯੋ ਫਟਤ ਅੰਤਰ ਘਟਤ ਬਾਰਿ ਚੁਆਵਤ ਨੈਨ ॥੩੮॥

ਉਸ ਦਾ ਹਿਰਦਾ ਫਟ ਰਿਹਾ ਸੀ, ਦਿਲ ਡੋਬੇ ਖਾ ਰਿਹਾ ਸੀ ਅਤੇ ਅੱਖਾਂ ਹੰਝੂ ਵਹਾ ਰਹੀਆਂ ਸਨ ॥੩੮॥

ਅੜਿਲ ॥

ਅੜਿਲ:

ਸੁਨਿ ਢੋਲਨ ਏ ਬੈਨ ਨਰਵਰਹਿ ਤਜਿ ਗਯੋ ॥

ਢੋਲਨ ਨੇ (ਪਿਤਾ ਦੇ) ਇਹ ਬਚਨ ਸੁਣ ਕੇ ਨਰਵਰਕੋਟ ਨੂੰ ਛਡ ਦਿੱਤਾ

ਦ੍ਵਾਦਸ ਬਰਖ ਪ੍ਰਮਾਨ ਬਸਤ ਬਨ ਮੈ ਭਯੋ ॥

ਅਤੇ ਬਾਰ੍ਹਾਂ ਸਾਲ ਤਕ ਜੰਗਲ ਵਿਚ ਰਿਹਾ।

ਬਨ ਉਪਬਨ ਮੈ ਭ੍ਰਮਤ ਫਲਨ ਕੋ ਖਾਇ ਕੈ ॥

ਉਹ ਫਲਾਂ ਨੂੰ ਖਾਉਂਦਾ ਹੋਇਆ ਬਨਾਂ ਉਪਬਨਾਂ ਵਿਚ ਫਿਰਦਾ ਰਿਹਾ।

ਹੋ ਤ੍ਰਿਯਾ ਸਹਿਤ ਤਹ ਬਸ੍ਯੋ ਮ੍ਰਿਗਨ ਕਹ ਘਾਇ ਕੈ ॥੩੯॥

ਹਿਰਨਾਂ ਦਾ ਸ਼ਿਕਾਰ ਕਰਦਾ ਹੋਇਆ ਇਸਤਰੀ ਸਹਿਤ ਉਥੇ ਵਸਦਾ ਰਿਹਾ ॥੩੯॥

ਬਰਖ ਤ੍ਰਿਦਸਏ ਬੀਰ ਸੈਨ ਤਨ ਤਜਿ ਦਯੋ ॥

ਤੇਰ੍ਹਵੇਂ ਵਰ੍ਹੇ ਬੀਰ ਸੈਨ ਨੇ ਸ਼ਰੀਰ ਛਡ ਦਿੱਤਾ

ਮ੍ਰਿਤੁ ਲੋਕ ਕਹ ਛੋਰਿ ਸ੍ਵਰਗਬਾਸੀ ਭਯੋ ॥

ਅਤੇ (ਇਸ) ਮ੍ਰਿਤ ਲੋਕ ਨੂੰ ਤਿਆਗ ਕੇ ਸਵਰਗ-ਵਾਸੀ ਹੋ ਗਿਆ।

ਤਬ ਢੋਲਨ ਫਿਰਿ ਆਨਿ ਰਾਜ ਅਪਨੋ ਲਿਯੌ ॥

ਤਦ ਢੋਲਨ ਨੇ ਆ ਕੇ ਆਪਣਾ ਰਾਜ ਹਾਸਲ ਕਰ ਲਿਆ

ਹੋ ਰਾਨੀ ਸੰਮਸ ਸਾਥ ਬਰਖ ਬਹੁ ਸੁਖ ਕਿਯੌ ॥੪੦॥

ਅਤੇ ਰਾਣੀ ਸ਼ਮਸ ਨਾਲ ਬਹੁਤ ਵਰ੍ਹਿਆਂ ਤਕ ਸੁਖ ਮਾਣਿਆ ॥੪੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੧॥੩੨੧੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੧॥੩੨੧੧॥ ਚਲਦਾ॥

ਦੋਹਰਾ ॥

ਦੋਹਰਾ:

ਦੇਸ ਤਪੀਸਾ ਕੇ ਰਹੈ ਆਠ ਚੋਰਟੀ ਨਾਰਿ ॥

ਤਪੀਸਾ ਦੇਸ ਵਿਚ ਅੱਠ ਚੋਰ ਇਸਤਰੀਆਂ (ਚੋਰਟੀਆਂ) ਰਹਿੰਦੀਆਂ ਸਨ।

ਰੈਨਿ ਦਿਵਸ ਚੋਰੀ ਕਰੈ ਸਕੈ ਨ ਕਊ ਬਿਚਾਰਿ ॥੧॥

(ਉਹ) ਰਾਤ ਦਿਨ ਚੋਰੀ ਕਰਦੀਆਂ ਸਨ, ਪਰ ਕੋਈ ਵੀ (ਉਨ੍ਹਾਂ ਨੂੰ) ਸਮਝ ਨਹੀਂ ਸਕਦਾ ਸੀ ॥੧॥

ਚਿਤ੍ਰਮਤੀ ਤਸਕਰ ਕੁਅਰਿ ਦ੍ਵੈ ਤਿਨ ਕੀ ਸਿਰਦਾਰ ॥

ਚਿਤ੍ਰਮਤੀ ਅਤੇ ਤਸਕਰ ਕੁਅਰਿ ਦੋਵੇਂ ਉਨ੍ਹਾਂ ਚੋਰਟੀਆਂ ਦੀਆਂ ਸਿਰਦਾਰ ਸਨ।

ਮਾਰਗ ਮੈ ਇਸਥਿਤ ਰਹੈ ਘਾਵਹਿ ਲੋਗ ਹਜਾਰ ॥੨॥

(ਉਹ) ਮਾਰਗ ਵਿਚ ਬੈਠੀਆਂ ਰਹਿੰਦੀਆਂ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਲੁਟਦੀਆਂ ਸਨ ॥੨॥

ਨਾਰਾਇਨ ਦਾਮੋਦ੍ਰ ਭਨਿ ਬਿੰਦ੍ਰਾਬਨਹਿ ਉਚਾਰਿ ॥

ਨਾਰਾਇਨ ਅਤੇ ਦਾਮੋਦ੍ਰ (ਸ਼ਬਦ) ਕਹਿ ਕੇ (ਫਿਰ) ਬਿੰਦ੍ਰਾਬਨ (ਸ਼ਬਦ) ਉਚਾਰਦੀਆਂ ਸਨ।

ਸੁਨਿ ਸਾਰਤ ਐਸੇ ਤ੍ਰਿਯਾ ਸਭ ਹੀ ਜਾਹਿ ਬਿਚਾਰਿ ॥੩॥

ਇਸ ਤਰ੍ਹਾਂ ਸੰਕੇਤ ('ਸਾਰਤ') ਸੁਣਾ ਕੇ ਸਭ ਹੀ ਸਮਝ ਜਾਂਦੀਆਂ ਸਨ ॥੩॥

ਨਾਰਾਇਨ ਨਰ ਆਇਯੌ ਦਾਮੋਦਰ ਦਾਮੰਗ ॥

'ਨਾਰਾਇਨ' (ਤੋਂ ਉਨ੍ਹਾਂ ਦਾ ਭਾਵ ਸੀ) 'ਨਰ ਆਇਆ ਹੈ', 'ਦਾਮੋਦਰ' (ਤੋਂ ਸੰਕੇਤ ਸੀ ਕਿ ਇਸ ਦੇ) ਅੰਗ (ਲਕ) ਨਾਲ ਦਾਮ (ਧਨ) ਹੈ।

ਬਿੰਦ੍ਰਾਬਨ ਲੈ ਜਾਇ ਬਨ ਮਾਰਹੁ ਯਾਹਿ ਨਿਸੰਗ ॥੪॥

'ਬਿੰਦ੍ਰਾਬਨ' (ਤੋਂ ਭਾਵ ਸੀ ਕਿ ਇਸ ਨੂੰ) ਬਨ ਵਿਚ ਲੈ ਜਾ ਕੇ ਨਿਸੰਗ ਮਾਰ ਦਿਓ ॥੪॥

ਚੌਪਈ ॥

ਚੌਪਈ:

ਜਬ ਅਬਲਾ ਐਸੇ ਸੁਨਿ ਪਾਵੈ ॥

ਜਦ (ਬਾਕੀ) ਇਸਤਰੀਆਂ ਇਸ ਤਰ੍ਹਾਂ ਸੁਣ ਲੈਂਦੀਆਂ

ਤਾ ਨਰ ਕੌ ਬਨ ਮੈ ਲੈ ਜਾਵੈ ॥

ਤਾਂ ਉਸ ਆਦਮੀ ਨੂੰ ਬਨ ਵਿਚ ਲੈ ਜਾਂਦੀਆਂ।

ਫਾਸੀ ਡਾਰਿ ਪ੍ਰਥਮ ਤਿਹ ਘਾਵੈ ॥

ਪਹਿਲਾਂ ਫਾਹੀ ਪਾ ਕੇ ਉਸ ਨੂੰ ਮਾਰ ਦਿੰਦੀਆਂ,

ਤਾ ਪਾਛੈ ਤਿਹ ਦਰਬੁ ਚੁਰਾਵੈ ॥੫॥

ਫਿਰ ਪਿਛੋਂ ਉਸ ਦਾ ਧਨ ਚੁਰਾ ਲੈਂਦੀਆਂ ॥੫॥

ਆਵਤ ਏਕ ਨਾਰ ਤਹ ਭਈ ॥

ਉਥੇ ਇਕ ਇਸਤਰੀ ਆਈ।

ਫਾਸੀ ਡਾਰਿ ਤਿਸੂ ਕੌ ਲਈ ॥

ਉਸ ਦੇ ਗਲੇ ਵਿਚ (ਉਨ੍ਹਾਂ ਨੇ) ਫਾਹੀ ਪਾ ਦਿੱਤੀ।

ਤਬ ਅਬਲਾ ਤਿਨ ਬਚਨ ਉਚਾਰੇ ॥

ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਬਚਨ ਕਿਹਾ,

ਸੁ ਮੈ ਕਹਤ ਹੌ ਤੀਰ ਤਿਹਾਰੇ ॥੬॥

(ਹੇ ਰਾਜਨ!) ਉਹ (ਬਚਨ) ਮੈਂ ਤੁਹਾਡੇ ਕੋਲ ਕਹਿੰਦੀ ਹਾਂ ॥੬॥

ਅੜਿਲ ॥

ਅੜਿਲ:

ਕਹਿ ਨਿਮਿਤਿ ਮੁਹਿ ਮਾਰੋ ਅਤਿ ਧਨ ਦੇਤ ਹੌ ॥

(ਤੁਸੀਂ) ਮੈਨੂੰ ਕਿਸ ਲਈ ਮਾਰਦੀਆਂ ਹੋ? (ਮੈਂ ਤੁਹਾਨੂੰ) ਬਹੁਤ ਧਨ ਦਿੰਦੀ ਹਾਂ।

ਤੁਮਰੋ ਕਛੂ ਨ ਦਰਬੁ ਚੁਰਾਏ ਲੇਤ ਹੌ ॥

ਮੈਂ ਤੁਹਾਡਾ ਕੋਈ ਧਨ ਨਹੀਂ ਚੁਰਾਇਆ ਹੈ।


Flag Counter