ਸ਼੍ਰੀ ਦਸਮ ਗ੍ਰੰਥ

ਅੰਗ - 631


ਨਹੇ ਪਿੰਗ ਬਾਜੀ ਰਥੰ ਜੇਣਿ ਜਾਨੋ ॥

ਜਿਸ ਦੇ ਰਥ ਨਾਲ ਭੂਰੇ ('ਪਿੰਗ') ਰੰਗ ਦੇ ਘੋੜੇ ਜੁਤੇ ('ਨਹੇ') ਹੋਏ ਮਾਲੂਮ ਹੁੰਦੇ ਹਨ,

ਤਿਸੈ ਦਛਨੇਸੰ ਹੀਐ ਬਾਲ ਮਾਨੋ ॥੫੫॥

ਹੇ ਰਾਜ ਕੁਮਾਰੀ! ਉਸ ਨੂੰ ਹਿਰਦੇ ਵਿਚ ਦੱਖਣ ਦਾ ਰਾਜਾ ਮੰਨੋ ॥੫੫॥

ਮਹਾ ਬਾਹਨੀਸੰ ਨਗੀਸੰ ਨਰੇਸੰ ॥

(ਜੋ) ਮਹਾਨ ਸੈਨਾ ਦਾ ਸੁਆਮੀ ਹੈ, ਉਸ ਨੂੰ ਪਹਾੜੀ ਰਾਜਿਆਂ ਦਾ ਰਾਜਾ ਸਮਝੋ।

ਕਈ ਕੋਟਿ ਪਾਤੰ ਸੁਭੈ ਪਤ੍ਰ ਭੇਸੰ ॥

ਜਿਸ ਨਾਲ ਕਈ ਕਰੋੜ ਸੈਨਾ ਪੱਤਰਾਂ ਦੇ ਰੂਪ ਵਿਚ ਸ਼ੋਭ ਰਹੀ ਹੈ

ਧੁਜਾ ਬਧ ਉਧੰ ਗਜੰ ਗੂੜ ਬਾਕੋ ॥

ਅਤੇ (ਜਿਸ ਦੇ) ਬੜੇ ਉੱਚੇ ਸੁੰਦਰ ਹਾਥੀ ਉਤੇ ਧੁਜਾ ਬੰਨ੍ਹੀ ਹੋਈ ਹੈ,

ਲਖੋ ਉਤਰੀ ਰਾਜ ਕੈ ਨਾਮ ਤਾ ਕੋ ॥੫੬॥

ਉਸ ਦਾ ਉੱਤਰੀ ਦੇਸ ਦੇ ਰਾਜੇ ਵਜੋਂ ਨਾਮ ਸਮਝ ਲਵੋ ॥੫੬॥

ਫਰੀ ਧੋਪ ਪਾਇਕ ਸੁ ਆਗੇ ਉਮੰਗੈ ॥

ਜਿਸ ਨੇ ਹੱਥ ਵਿਚ ਸਿਧੀ ਤਲਵਾਰ ਫੜੀ ਹੋਈ ਹੈ ਅਤੇ ਜਿਸ ਦੇ ਅਗੇ ਉਤਸਾਹੀ ਪੈਦਲ ਸੈਨਾ ਹੈ

ਜਿਣੈ ਕੋਟਿ ਬੰਕੈ ਮੁਰੇ ਨਾਹਿ ਅੰਗੈ ॥

(ਅਤੇ ਜਿਸ ਨੇ) ਕਰੋੜਾਂ ਕਿਲ੍ਹੇ ਜਿਤ ਲਏ ਹਨ ਅਤੇ ਅੰਗ ਨਹੀਂ ਮੋੜਿਆ ਹੈ,

ਹਰੇ ਬਾਜ ਰਾਜੰ ਕਪੋਤੰ ਪ੍ਰਮਾਨੰ ॥

(ਜਿਸ ਦੇ) ਹਰੇ ਰੰਗ ਦੇ ਕਬੂਤਰਾਂ ਵਰਗੇ ਸ਼ਾਹੀ ਘੋੜੇ,

ਨਹੇ ਸ੍ਰਯੰਦਨੀ ਇੰਦ੍ਰ ਬਾਜੀ ਸਮਾਣੰ ॥੫੭॥

ਇੰਦਰ ਦੇ ਰਥ ਨਾਲ ਜੁਤੇ ਹੋਏ ਘੋੜਿਆਂ ਵਰਗੇ ਹਨ ॥੫੭॥

ਬਡੇ ਸ੍ਰਿੰਗ ਜਾ ਕੇ ਧਰੇ ਸੂਰ ਸੋਭੈ ॥

ਜੋ ਵੱਡੇ ਵੱਡੇ ਸਿੰਗ ਧਾਰਨ ਕਰ ਕੇ ਸੂਰਮੇ ਵਜੋਂ ਸ਼ੋਭ ਰਿਹਾ ਹੈ,

ਲਖੇ ਦੈਤ ਕੰਨ੍ਯਾ ਜਿਨੈ ਚਿਤ ਲੋਭੈ ॥

ਜਿਸ ਨੂੰ ਵੇਖ ਕੇ ਦੈਂਤਾਂ ਦੀਆਂ ਕੰਨਿਆਵਾਂ ਵੀ ਲੁਭਾਇਮਾਨ ਹੋ ਜਾਂਦੀਆਂ ਹਨ,

ਕਢੇ ਦੰਤ ਪਤੰ ਸਿਰੰ ਕੇਸ ਉਚੰ ॥

ਜਿਸ ਨੇ ਦੰਦਾਂ ਦੀਆਂ ਬੀੜਾਂ ਬਾਹਰ ਨੂੰ ਕਢੀਆਂ ਹੋਈਆਂ ਹਨ ਅਤੇ ਸਿਰ ਉਤੇ ਕੇਸ ਉੱਚੇ ਕੀਤੇ ਹੋਏ ਹਨ,

ਲਖੇ ਗਰਭਣੀ ਆਣਿ ਕੇ ਗਰਭ ਮੁਚੰ ॥੫੮॥

ਜਿਸ ਨੂੰ ਵੇਖ ਕੇ ਗਰਭਧਾਰੀ ਇਸਤਰੀਆਂ ਦੇ ਗਰਭ ਡਿਗ ਜਾਂਦੇ ਹਨ ॥੫੮॥

ਲਖੋ ਲੰਕ ਏਸੰ ਨਰੇਸੰ ਸੁ ਬਾਲੰ ॥

ਹੇ ਪਿਆਰੀ ਰਾਜ ਕੁਮਾਰੀ! ਉਸ ਰਾਜੇ ਨੂੰ 'ਲੰਕ-ਪਤੀ' ਸਮਝੋ।

ਸਬੈ ਸੰਗ ਜਾ ਕੈ ਸਬੈ ਲੋਕ ਪਾਲੰ ॥

ਉਸ ਨਾਲ ਸਾਰੇ ਲੋਕ ਪਾਲ ਸ਼ੋਭਾ ਪਾ ਰਹੇ ਹਨ।

ਲੁਟਿਓ ਏਕ ਬੇਰੰ ਕੁਬੇਰੰ ਭੰਡਾਰੀ ॥

ਉਸ ਨੇ ਇਕ ਵਾਰ ਕੁਬੇਰ ਦੇ ਖ਼ਜ਼ਾਨੇ ਨੂੰ ਵੀ ਲੁਟ ਲਿਆ ਸੀ।

ਜਿਣਿਓ ਇੰਦ੍ਰ ਰਾਜਾ ਬਡੋ ਛਤ੍ਰਧਾਰੀ ॥੫੯॥

ਉਸ ਵੱਡੇ ਛਤ੍ਰਧਾਰੀ ਰਾਜੇ ਨੇ (ਇਕ ਵਾਰ) ਇੰਦਰ ਨੂੰ ਵੀ ਜਿਤ ਲਿਆ ਸੀ ॥੫੯॥

ਕਹੇ ਜਉਨ ਬਾਲੀ ਨ ਤੇ ਚਿਤ ਆਨੇ ॥

ਜਿਹੜੇ ਰਾਜੇ ਕਹੇ ਗਏ ਹਨ, ਉਨ੍ਹਾਂ ਨੂੰ ਰਾਜ ਕੁਮਾਰੀ ਨੇ ਚਿਤ ਵਿਚ ਨਹੀਂ ਲਿਆਂਦਾ।

ਜਿਤੇ ਭੂਪ ਭਾਰੀ ਸੁ ਪਾਛੇ ਬਖਾਨੇ ॥

ਜਿਤਨੇ ਵੀ ਵੱਡੇ ਵੱਡੇ ਰਾਜੇ ਸਨ, (ਉਨ੍ਹਾਂ ਬਾਰੇ) ਪਿਛੇ ਵਰਣਨ ਕਰ ਆਏ ਹਾਂ।

ਚਹੂੰ ਓਰ ਰਾਜਾ ਕਹੋ ਨਾਮ ਸੋ ਭੀ ॥

ਚੌਹਾਂ ਪਾਸਿਆਂ ਤੋਂ (ਜੋ ਰਾਜੇ ਆਏ ਹਨ) ਉਨ੍ਹਾਂ ਦੇ ਨਾਂ ਵੀ ਕਹਿੰਦਾ ਹਾਂ।

ਤਜੇ ਭਾਤਿ ਜੈਸੀ ਸਬੈ ਰਾਜ ਓ ਭੀ ॥੬੦॥

ਉਨ੍ਹਾਂ ਰਾਜਿਆਂ ਨੂੰ ਵੀ ਪਹਿਲਿਆਂ ਵਾਂਗ (ਰਾਜ ਕੁਮਾਰੀ ਨੇ) ਛਡ ਦਿੱਤਾ ਹੈ ॥੬੦॥

ਲਖੋ ਦਈਤ ਸੈਨਾ ਬਡੀ ਸੰਗਿ ਤਾ ਕੇ ॥

(ਹੇ ਰਾਜ ਕੁਮਾਰੀ!) ਜਿਸ ਨਾਲ ਵੱਡੀ ਦੈਂਤ ਸੈਨਾ ਵੇਖ ਰਹੀ ਹੈ,

ਸੁਭੈ ਛਤ੍ਰ ਧਾਰੀ ਬਡੇ ਸੰਗ ਜਾ ਕੇ ॥

ਅਤੇ ਜਿਸ ਨਾਲ ਵੱਡੇ ਛਤ੍ਰਧਾਰੀ ਸ਼ੋਭ ਰਹੇ ਹਨ,

ਧੁਜਾ ਗਿਧ ਉਧੰ ਲਸੈ ਕਾਕ ਪੂਰੰ ॥

ਜਿਸ ਦੀ ਉੱਚੀ ਧੁਜਾ ਉਤੇ ਗਿਧ ਅਤੇ ਕਾਂ ਦੇ ਚਿੰਨ੍ਹ ਸ਼ੋਭਾ ਪਾ ਰਹੇ ਹਨ,

ਤਿਸੈ ਪਿਆਲ ਰਾਜਾ ਬਲੀ ਬ੍ਰਿਧ ਨੂਰੰ ॥੬੧॥

ਉਸ ਨੂੰ ਪਾਤਾਲ ਦਾ ਬਲੀ ਰਾਜਾ ਸਮਝੋ ਜੋ ਬਹੁਤੇ ਵੱਡੇ ਪ੍ਰਤਾਪ ਅਤੇ ਜੋਤਿ ਵਾਲਾ ਹੈ ॥੬੧॥

ਰਥੰ ਬੇਸਟੰ ਹੀਰ ਚੀਰੰ ਅਪਾਰੰ ॥

ਜਿਸ ਦਾ ਰਥ ਬਹੁਤ ਬਸਤ੍ਰਾਂ ਅਤੇ ਹੀਰਿਆਂ ਨਾਲ ਲਪੇਟਿਆ ਹੋਇਆ ਹੈ,

ਸੁਭੈ ਸੰਗ ਜਾ ਕੇ ਸਭੇ ਲੋਕ ਪਾਰੰ ॥

ਜਿਸ ਦੇ ਨਾਲ ਸਾਰੇ ਲੋਕ ਪਾਲ ਸ਼ੋਭ ਰਹੇ ਹਨ,

ਇਹੈ ਇੰਦ੍ਰ ਰਾਜਾ ਦੁਰੰ ਦਾਨਵਾਰੰ ॥

ਇਹੀ ਭਿਆਨਕ ਦੈਂਤਾਂ ਦਾ ਵੈਰੀ ਰਾਜਾ ਇੰਦਰ ਹੈ।

ਤ੍ਰੀਆ ਤਾਸ ਚੀਨੋ ਅਦਿਤਿਆ ਕੁਮਾਰੰ ॥੬੨॥

ਉਸ ਦੀ ਇਸਤਰੀ ਸਚੀ, ਅਦਿਤੀ ਦੀ ਕੁਮਾਰੀ (ਲੜਕੀ) ਹੈ ॥੬੨॥

ਨਹੇ ਸਪਤ ਬਾਜੀ ਰਥੰ ਏਕ ਚਕ੍ਰੰ ॥

ਜਿਸ ਦਾ ਰਥ ਇਕ ਪਹੀਏ ਵਾਲਾ ਹੈ ਅਤੇ ਜਿਸ ਨਾਲ ਸੱਤ ਘੋੜੇ ਜੁਤੇ ਹੋਏ ਹਨ,

ਮਹਾ ਨਾਗ ਬਧੰ ਤਪੈ ਤੇਜ ਬਕ੍ਰੰ ॥

(ਜਿਸ ਦੇ) ਰਥ ਨਾਲ ਵੱਡੇ ਵੱਡੇ ਨਾਗ ਬੰਨ੍ਹੇ ਹੋਏ ਹਨ (ਅਤੇ ਜੋ) ਬਹੁਤ ਵੱਡੇ ਤੇਜ ਵਾਲਾ ਹੈ,

ਮਹਾ ਉਗ੍ਰ ਧੰਨ੍ਵਾ ਸੁ ਆਜਾਨ ਬਾਹੰ ॥

ਉਹ ਬਹੁਤ ਭਿਆਨਕ ਧਨੁਸ਼ਧਾਰੀ ਹੈ ਅਤੇ ਉਸ ਦੀਆਂ ਗੋਡਿਆਂ ਤਕ ਲੰਬੀਆਂ ਬਾਂਹਵਾਂ ਹਨ,

ਸਹੀ ਚਿਤ ਚੀਨੋ ਤਿਸੈ ਦਿਉਸ ਨਾਹੰ ॥੬੩॥

ਉਸ ਨੂੰ ਚਿਤ ਵਿਚ ਸਹੀ ਕਰ ਕੇ ਸਮਝ ਲਵੋ ਕਿ ਉਹ ਸੂਰਜ ਹੈ ॥੬੩॥

ਚੜਿਓ ਏਣ ਰਾਜੰ ਧਰੇ ਬਾਣ ਪਾਣੰ ॥

ਹੱਥ ਵਿਚ ਬਾਣ ਧਾਰਨ ਕਰਨ ਵਾਲਾ ਅਤੇ ਹਿਰਨ ('ਏਣ ਰਾਜੰ') ਦੀ ਸਵਾਰੀ ਵਾਲਾ ਚੰਦ੍ਰਮਾ ਸਮਝੋ

ਨਿਸਾ ਰਾਜ ਤਾ ਕੋ ਲਖੋ ਤੇਜ ਮਾਣੰ ॥

ਜੋ ਬਹੁਤ ਤੇਜ ਵਾਲਾ ਹੈ।

ਕਰੈ ਰਸਮਿ ਮਾਲਾ ਉਜਾਲਾ ਪਰਾਨੰ ॥

(ਉਹ) ਆਪਣੀਆਂ ਕਿਰਨਾਂ ਦੇ ਜਾਲ ਨੂੰ ਪ੍ਰਾਣੀਆਂ ਲਈ ਪ੍ਰਕਾਸ਼ਿਤ ਕਰਦਾ ਹੈ

ਜਪੈ ਰਾਤ੍ਰ ਦਿਉਸੰ ਸਹੰਸ੍ਰੀ ਭੁਜਾਨੰ ॥੬੪॥

ਅਤੇ ਜੋ ਰਾਤ ਦਿਨ ਹਜ਼ਾਰ ਭੁਜਾਵਾਂ ਵਾਲੀ (ਸ਼ਕਤੀ) ਨੂੰ ਜਪਦਾ ਹੈ ॥੬੪॥

ਚੜੇ ਮਹਿਖੀਸੰ ਸੁਮੇਰੰ ਜੁ ਦੀਸੰ ॥

ਜੋ ਝੋਟੇ ਉਤੇ ਚੜ੍ਹਿਆ ਹੋਇਆ ਹੈ ਅਤੇ ਸੁਮੇਰ ਪਰਬਤ ਵਾਂਗ ਦਿਸਦਾ ਹੈ।

ਮਹਾ ਕ੍ਰੂਰ ਕਰਮੰ ਜਿਣਿਓ ਬਾਹ ਬੀਸੰ ॥

ਉਸ ਨੂੰ ਮਹਾਨ ਕਠੋਰ ਕਰਮ ਕਰਨ ਵਾਲਾ ਅਤੇ ਵੀਹ ਬਾਂਹਵਾਂ (ਵਾਲੇ ਰਾਵਣ ਨੂੰ) ਜਿਤਣ ਵਾਲਾ ਯਮਰਾਜ ਸਮਝੋ।

ਧੁਜਾ ਦੰਡ ਜਾ ਕੀ ਪ੍ਰਚੰਡੰ ਬਿਰਾਜੈ ॥

ਜਿਸ ਦੀ ਧੁਜਾ ਉਤੇ ਪ੍ਰਚੰਡ ਡੰਡੇ ਦਾ ਚਿੰਨ੍ਹ ਬਿਰਾਜ ਰਿਹਾ ਹੈ,

ਲਖੇ ਜਾਸ ਗਰਬੀਨ ਕੋ ਗਰਬ ਭਾਜੈ ॥੬੫॥

ਜਿਸ ਨੂੰ ਵੇਖਣ ਨਾਲ ਗਰਬੀਲਿਆਂ ਦੇ ਹੰਕਾਰ ਨਸ਼ਟ ਹੋ ਜਾਂਦੇ ਹਨ ॥੬੫॥

ਕਹਾ ਲੌ ਬਖਾਨੋ ਬਡੇ ਗਰਬਧਾਰੀ ॥

ਕਿਥੋਂ ਤਕ ਕਹਾਂ ਜੋ ਵੱਡੇ ਹੰਕਾਰ ਵਾਲੇ ਹਨ,

ਸਬੈ ਘੇਰਿ ਠਾਢੇ ਜੁਰੀ ਭੀਰ ਭਾਰੀ ॥

ਸਾਰੇ ਘੇਰ ਕੇ ਖੜੋਤੇ ਹੋਏ ਹਨ ਅਤੇ ਬਹੁਤ ਭਾਰੀ ਭੀੜ ਜੁੜੀ ਹੋਈ ਹੈ।

ਨਚੈ ਪਾਤਰਾ ਚਾਤੁਰਾ ਨਿਰਤਕਾਰੀ ॥

ਚਤੁਰ ਵੇਸਵਾਵਾਂ ਅਤੇ ਨਾਚੀਆਂ (ਨਚਣ ਵਾਲੀਆਂ) ਦੇ ਨਚਣ ਨਾਲ

ਉਠੈ ਝਾਝ ਸਬਦੰ ਸੁਨੈ ਲੋਗ ਧਾਰੀ ॥੬੬॥

ਉਨ੍ਹਾਂ ਦੇ ਪੈਰਾਂ ਤੋਂ ਝੰਕਾਰ ਉਠਦੀ ਹੈ (ਜਿਸ ਨੂੰ) ਸੁਣਨ ਲਈ ਲੋਕੀਂ ਬੈਠੇ ਹੋਏ ਹਨ ॥੬੬॥

ਬਡੋ ਦਿਰਬ ਧਾਰੀ ਬਡੀ ਸੈਨ ਲੀਨੇ ॥

ਬਹੁਤ ਹੀ ਅਧਿਕ ਧਨ ਰਖਣ ਵਾਲੇ ਨੇ ਬਹੁਤ ਵੱਡੀ ਸੈਨਾ ਨਾਲ ਲਈ ਹੋਈ ਹੈ।

ਬਡੋ ਦਿਰਬ ਕੋ ਚਿਤ ਮੈ ਗਰਬ ਕੀਨੇ ॥

(ਉਸ ਨੇ) ਚਿਤ ਵਿਚ ਆਪਣੇ ਧਨ ਦਾ ਹੰਕਾਰ ਪਾਲਿਆ ਹੋਇਆ ਹੈ।


Flag Counter