ਤੂੰ ਵਿਅਰਥ ਵਿਚ ਕ੍ਰੋਧ ਕਰ ਰਹੀ ਹੈਂ, ਮੇਰੇ ਮਨ ਵਿਚ ਕਿਸੇ ਹੋਰ ਇਸਤਰੀ ਦਾ ਖਿਆਲ ਤਕ ਨਹੀਂ ਹੈ।
ਹੇ ਬਲ੍ਹੀਏ! ਇਸ ਕਰ ਕੇ ਪ੍ਰਸੰਨਤਾ ਪੂਰਵਕ ਸੁਣ, (ਚਲ) ਨਦੀ ਦੇ ਕੰਢੇ ਸਾਰੇ ਗ਼ਮ ਸੁਟ ਆਈਏ।
ਇਸ ਤੋਂ ਹੋਰ ਚੰਗੀ (ਗੱਲ) ਕੋਈ ਨਹੀਂ ਕਿ ਅਸੀਂ ਮਿਲ ਕੇ ਕਾਮਦੇਵ ਦੇ ਅਭਿਮਾਨ ਨੂੰ ਦੂਰ ਕਰ ਦੇਈਏ ॥੭੩੬॥
ਕਾਮ ਕਰ ਕੇ ਆਤੁਰ ਹੋਏ ਕ੍ਰਿਸ਼ਨ ਨੇ ਰਾਧਾ ਕੋਲ (ਇਹ) ਗੱਲ ਕਹੀ।
ਉਸ (ਰਾਧਾ) ਨੇ ਕ੍ਰਿਸ਼ਨ ਦੀ ਗੱਲ ਮੰਨ ਲਈ ਅਤੇ (ਮਨ ਵਿਚੋਂ) ਰੋਸੇ ਦੀ ਗੱਲ ਨੂੰ ਦੂਰ ਕਰ ਦਿੱਤਾ।
(ਉਸ ਦੀ) ਬਾਂਹ ਹੱਥ ਨਾਲ ਪਕੜ ਕੇ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ ਕਿਹਾ, (ਆ) ਹੁਣ 'ਯਾਰੀ' ਖੇਡੀਏ।
ਤਦ (ਫਿਰ) ਕ੍ਰਿਸ਼ਨ ਨੇ ਰਾਧਾ ਨੂੰ ਕਿਹਾ, ਹੇ ਮੇਰੀ ਪਿਆਰੀ! ਮੇਰੇ ਨਾਲ ਕੇਲ ਕਰ ॥੭੩੭॥
ਰਾਧਾ ਨੇ ਕ੍ਰਿਸ਼ਨ ਨੂੰ ਕਿਹਾ:
ਸਵੈਯਾ:
ਇਸ ਤਰ੍ਹਾਂ ਸੁਣ ਕੇ ਰਾਧਾ ਨੇ ਪਿਆਰੇ ਕ੍ਰਿਸ਼ਨ ਨੂੰ ਉੱਤਰ ਦਿੱਤਾ।
ਹੇ ਕ੍ਰਿਸ਼ਨ ਜੀ! ਉਸੇ ਨਾਲ ਗੱਲ ਕਰੋ, ਜਿਸ ਨਾਲ ਤੁਸੀਂ ਬਹੁਤ ਪ੍ਰੀਤ ਕੀਤੀ ਹੈ।
ਕਿਸ ਵਾਸਤੇ ਮੇਰੀ ਬਾਂਹ ਫੜਦੇ ਹੋ ਅਤੇ ਕਿਸ ਵਾਸਤੇ ਮੇਰੇ ਦਿਲ ਨੂੰ ਦੁਖਾਉਂਦੇ ਹੋ।
ਇਹ ਗੱਲ ਕਹਿ ਕੇ, ਅੱਖੀਆਂ (ਹੰਝੂਆਂ ਨਾਲ) ਭਰ ਲਈਆਂ ਅਤੇ ਦੁਖ ਦਾ ਸਾਹ ਲੈ ਕੇ ਹੌਕਾ ਭਰਿਆ ॥੭੩੮॥
(ਫਿਰ ਕਹਿਣ ਲਗੀ) ਉਸ ਗੋਪੀ ਨਾਲ ਕੇਲ ਕਰੋ, ਜਿਸ ਨਾਲ ਤੁਹਾਡਾ ਮਨ ਰਚਿਆ ਹੋਇਆ ਹੈ।
ਰਾਧਾ ਨੇ ਲੰਬੇ ਸਾਹ ਲੈ ਕੇ ਅਤੇ (ਹੰਝੂਆਂ ਨਾਲ) ਅੱਖੀਆਂ ਭਰ ਕੇ ਇਸ ਤਰ੍ਹਾਂ ਕਿਹਾ,
ਮੈਂ ਤੁਹਾਡੇ ਨਾਲ ਨਹੀਂ ਚਲਾਂਗੀ, (ਭਾਵੇਂ) ਸ਼ਸਤ੍ਰ ਲੈ ਕੇ ਮਾਰ ਹੀ ਕਿਉਂ ਨਾ ਸੁਟੋ।
(ਮੈਂ) ਤੁਹਾਨੂੰ ਸੱਚੀ ਗੱਲ ਕਹਿੰਦੀ ਹਾਂ, ਹੇ ਕ੍ਰਿਸ਼ਨ! ਮੈਨੂੰ ਛਡ ਕੇ ਚਲੇ ਜਾਓ ॥੭੩੯॥
ਕ੍ਰਿਸ਼ਨ ਜੀ ਨੇ ਰਾਧਾ ਨੂੰ ਕਿਹਾ:
ਸਵੈਯਾ:
ਹੇ ਸਖੀ! ਉਠ ਕੇ ਮੇਰੇ ਨਾਲ ਚਲ ਅਤੇ ਮਨ ਵਿਚ ਬਿਲਕੁਲ ਰੋਸਾ ਨਾ ਲਿਆ।
ਮੈਂ ਸੰਗ ਨੂੰ ਛਡ ਕੇ ਅਤੇ ਨਿਸੰਗ ਹੋ ਕੇ ਤੇਰੇ ਪਾਸ ਆਇਆ ਹਾਂ, ਇਸ ਤੋਂ ਹੀ ਰਸ ਦੀ ਕੁਝ ਰੀਤ ਪਛਾਣ ਲੈ।
ਹੇ ਸਖੀ! ਇਹ ਪ੍ਰੀਤ ਦੀ ਕਹਾਣੀ ਕੰਨਾਂ ਨਾਲ ਸੁਣ, ਮਿਤਰ ਦੇ ਵੇਚਿਆਂ (ਆਪ) ਵਿਕ ਜਾਈਏ (ਜੇ ਪ੍ਰੇਮ ਸਿਰੇ ਚੜ੍ਹ ਸਕਦਾ ਹੋਵੇ)।
ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ, ਹੇ ਸਖੀ! ਮੇਰਾ ਕਿਹਾ ਮੰਨ ਲੈ, ਹੁਣ (ਅਵੱਸ਼) ਮੰਨ ਲੈ ॥੭੪੦॥
ਰਾਧਾ ਨੇ ਕਿਹਾ:
ਸਵੈਯਾ:
ਇਸ ਤਰ੍ਹਾਂ ਕ੍ਰਿਸ਼ਨ ਦੀ ਗੱਲ ਸੁਣ ਕੇ (ਰਾਧਾ ਨੇ) ਕ੍ਰਿਸ਼ਨ ਨੂੰ ਇਸ ਢੰਗ ਨਾਲ ਜਵਾਬ ਦਿੱਤਾ।
ਮੇਰੇ ਨਾਲ ਹੁਣ ਤੁਹਾਡੀ ਪ੍ਰੀਤ ਕਿਥੇ ਰਹੀ ਹੈ। ਇਸ ਤਰ੍ਹਾਂ ਕਹਿਣ ਤੇ ਅੱਖੀਆਂ ਵਿਚ ਜਲ ਭਰ ਗਿਆ।
(ਤੁਸੀਂ) ਚੰਦ੍ਰਭਗਾ ਨਾਲ ਪ੍ਰੀਤ ਕੀਤੀ ਹੈ, ਜਿਸ ਕਰ ਕੇ ਮੇਰੇ ਮਨ ਵਿਚ ਬਹੁਤ ਕ੍ਰੋਧ ਵਧ ਗਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਕਹਿ ਕੇ (ਉਸ ਨੇ) ਹੌਕਾ ਲਿਆ, ਜੋ ਬਹੁਤ ਫਰੇਬਣ ਹੈ ॥੭੪੧॥
ਕ੍ਰੋਧ ਨਾਲ ਭਰੀ ਹੋਈ ਰਾਧਾ ਫਿਰ ਆਪਣੇ ਸੁੰਦਰ ਮੁਖ ਨਾਲ ਬੋਲ ਪਈ।
ਤੁਹਾਡਾ ਮੇਰੇ ਨਾਲ ਕਿਹੜਾ (ਪ੍ਰੇਮ) ਰਸ ਰਹਿ ਗਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਕਿਹੜੀ ਬਿਧੀ ਨਾਲ ਰਹਿ ਗਿਆ ਹੈ, (ਦਸੋ)।
ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, ਮੇਰਾ ਹਿਤ ਤੇਰੇ ਨਾਲ ਹੈ। (ਉੱਤਰ ਵਿਚ) ਉਸ (ਰਾਧਾ) ਨੇ ਕ੍ਰੋਧਿਤ ਹੋ ਕੇ ਕਿਹਾ, ਮੇਰੇ ਨਾਲ, ਦਸੋ ਕਿਵੇਂ ਹੈ।
(ਕ੍ਰਿਸ਼ਨ ਨੇ ਕਿਹਾ) ਹੇ ਬਲ੍ਹੀਏ! ਮੇਰੀ ਗੱਲ ਸੁਣ, (ਮੈਂ) ਤੇਰੇ ਨਾਲ ਬਨ ਵਿਚ ਕੇਲ-ਕ੍ਰੀੜਾ ਕੀਤੀ ਹੈ, ਇਸ ਤਰ੍ਹਾਂ (ਮੈਂ ਤੇਰੇ ਨਾਲ ਪਿਆਰ ਕੀਤਾ ਹੈ) ॥੭੪੨॥
ਕ੍ਰਿਸ਼ਨ ਜੀ ਨੇ ਰਾਧਾ ਨੂੰ ਕਿਹਾ:
ਸਵੈਯਾ:
ਹੇ ਸਖੀ! ਤੇਰੀ ਚਾਲ ਨੂੰ ਵੇਖ ਕੇ ਮੈਂ ਮੋਹਿਆ ਗਿਆ ਹਾਂ, ਤੇਰੇ ਨੈਣਾਂ ਨੂੰ ਵੀ ਵੇਖਦਿਆਂ ਮੋਹਿਆ ਗਿਆ ਹਾਂ,
ਤੇਰੀਆਂ ਜ਼ੁਲਫ਼ਾਂ ਵੇਖ ਕੇ ਮੋਹਿਆ ਗਿਆ ਹਾਂ; ਹੁਣ ਇਨ੍ਹਾਂ ਨੂੰ ਛਡ ਕੇ ਡੇਰੇ ਨਹੀਂ ਜਾਇਆ ਜਾਂਦਾ।
ਤੇਰੇ ਸ਼ਰੀਰ ਨੂੰ ਵੇਖ ਕੇ ਮੋਹਿਆ ਗਿਆ ਹਾਂ; ਇਸੇ ਕਰ ਕੇ ਮੇਰੇ ਮਨ ਵਿਚ ਪ੍ਰੀਤ ਵਧ ਗਈ ਹੈ।
ਮੈਂ ਤੇਰਾ ਮੁਖ ਵੇਖ ਕੇ ਮੋਹਿਆ ਗਿਆ ਹਾਂ, ਜਿਉ ਚਕੋਰਾਂ ਦੀ ਡਾਰ ਚੰਦ੍ਰਮਾ ਨੂੰ ਵੇਖਦੀ ਰਹਿੰਦੀ ਹੈ ॥੭੪੩॥
ਇਸ ਕਰ ਕੇ ਹੇ ਸਜਨੀ! ਰੋਸਾ ਨਾ ਕਰ, ਹੁਣ ਹੀ ਉਠ ਕੇ ਮੇਰੇ ਨਾਲ ਚਲ।
ਹੇ ਸਖੀ! ਮੇਰੀ ਤੇਰੇ ਨਾਲ ਡੂੰਘੀ ਪੀਤ ਹੈ, ਸਾਰਾ ਕ੍ਰੋਧ ਤਿਆਗ ਕੇ ਗੱਲ ਕਰ।
ਉਸ (ਰੋਸੇ) ਕਰ ਕੇ ਕਿਹਾ ਹੈ ਕਿ ਇਹ ਘਟੀਆ ਗੱਲ ਦੀ ਰੀਤ ਹੈ, ਤੈਨੂੰ ਅੜੀਏ ਸੋਭਦੀ ਨਹੀਂ।
ਇਸ ਕਰ ਕੇ ਮੇਰੀ ਬੇਨਤੀ ਸੁਣ, ਚਲ; ਇਸ ਤਰ੍ਹਾਂ ਦਾ ਕੰਮ ਕਰਨ ਨਾਲ ਕੁਝ ਨਹੀਂ ਲਭਣਾ ॥੭੪੪॥
ਜਦ ਕ੍ਰਿਸ਼ਨ ਨੇ ਬਹੁਤ ਹੀ ਅਰਜ਼ੋਈ ਕੀਤੀ, ਤਦੋਂ ਹੀ ਉਸ ਇਸਤਰੀ (ਰਾਧਾ) ਨੇ ਮਨ ਵਿਚ ਥੋੜੀ ਜਿੰਨੀ ਗੱਲ ਮੰਨ ਲਈ।
ਜਦੋਂ ਉਸ ਨੇ ਸ੍ਰੀ ਕ੍ਰਿਸ਼ਨ ਦੀ ਪ੍ਰੀਤ ਨੂੰ ਪਛਾਣ ਲਿਆ (ਤਾਂ) ਮਨ ਦੀ ਦੁਬਿਧਾ ਦੂਰ ਕਰ ਦਿੱਤੀ।
ਤਦ ਉਹ ਇਸ ਤਰ੍ਹਾਂ ਉੱਤਰ ਦੇਣ ਲਗੀ ਜੋ ਸੁੰਦਰਤਾ ਵਿਚ ਇਸਤਰੀਆਂ ਦੀ ਰਾਣੀ ਹੈ।
(ਉਸ ਨੇ) ਮਨ ਦੀ ਦੁਚਿਤੀ ਨੂੰ ਤਿਆਗ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਨਾਲ (ਪ੍ਰੇਮ) ਰਸ ਦੀ ਗੱਲ ਕਰ ਕੇ ਨੇੜ ਪ੍ਰਾਪਤ ਕਰ ਲਿਆ ॥੭੪੫॥
ਮੈਨੂੰ ਕਹਿੰਦੇ ਹੋ, ਮੇਰੇ ਨਾਲ ਚਲ। (ਮੈਂ) ਜਾਣਦੀ ਹਾਂ (ਤੁਸੀਂ) ਪ੍ਰੇਮ-ਰਸ ਨਾਲ ਛਲ ਜਾਓਗੇ।