ਸ਼੍ਰੀ ਦਸਮ ਗ੍ਰੰਥ

ਅੰਗ - 692


ਸੋਊ ਤਾ ਸਮਾਨੁ ਸੈਨਾਧਿਪਤਿ ਜਿਦਿਨ ਰੋਸ ਵਹੁ ਆਇ ਹੈ ॥

ਉਹ ਅਤੇ ਉਸ ਦੇ ਸਮਾਨ ਹੀ ਸੈਨਾਪਤੀ ਨੂੰ ਜਿਸ ਦਿਨ ਰੋਸ ਆ ਜਾਏਗਾ,

ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ ਅਵਰ ਸਮੁਹਿ ਕੋ ਜਾਇ ਹੈ ॥੧੬੭॥

ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਕੌਣ ਉਸ ਦੇ ਸਾਹਮਣੇ ਜਾਏਗਾ ॥੧੬੭॥

ਪਾਰਸਨਾਥ ਬਾਚ ਮਛਿੰਦ੍ਰ ਸੋ ॥

ਪਾਰਸ ਨਾਥ ਨੇ ਕਿਹਾ ਮਛਿੰਦ੍ਰ ਪ੍ਰਤਿ:

ਛਪੈ ਛੰਦ ॥

ਛਪੈ ਛੰਦ:

ਸੁਨਹੁ ਮਛਿੰਦ੍ਰ ਬੈਨ ਕਹੋ ਤੁਹਿ ਬਾਤ ਬਿਚਛਨ ॥

ਹੇ ਮਛਿੰਦ੍ਰ! (ਮੈਂ) ਤੈਨੂੰ ਇਕ ਬੜੀ ਅਸਚਰਜ-ਮਈ ਗੱਲ ਕਹਿੰਦਾ ਹਾਂ, ਮੇਰੇ ਬੋਲ ਸੁਣੋ।

ਇਕ ਬਿਬੇਕ ਅਬਿਬੇਕ ਜਗਤ ਦ੍ਵੈ ਨ੍ਰਿਪਤਿ ਸੁਲਛਨ ॥

ਇਕ ਬਿਬੇਕ ਅਤੇ ਇਕ ਅਬਿਬੇਕ, ਦੋਵੇਂ ਜਗਤ ਵਿਚ ਚੰਗੇ ਲੱਛਣਾਂ ਵਾਲੇ ਰਾਜੇ ਹਨ।

ਬਡ ਜੋਧਾ ਦੁਹੂੰ ਸੰਗ ਬਡੇ ਦੋਊ ਆਪ ਧਨੁਰਧਰ ॥

ਦੋਹਾਂ ਨਾਲ ਬਹੁਤ ਤਕੜੇ ਯੋਧੇ ਹਨ ਅਤੇ ਆਪ ਵੀ ਦੋਵੇਂ ਬਹੁਤ ਵੱਡੇ ਧਨੁਸ਼ਧਾਰੀ ਹਨ।

ਏਕ ਜਾਤਿ ਇਕ ਪਾਤਿ ਏਕ ਹੀ ਮਾਤ ਜੋਧਾਬਰ ॥

(ਇਨ੍ਹਾਂ) ਸ੍ਰੇਸ਼ਠ ਯੋਧਿਆਂ ਦੀ ਇਕੋ ਜਾਤਿ, ਇਕੋ ਬਰਾਦਰੀ ਅਤੇ ਇਕੋ ਹੀ ਮਾਤਾ ਹੈ।

ਇਕ ਤਾਤ ਏਕ ਹੀ ਬੰਸ ਪੁਨਿ ਬੈਰ ਭਾਵ ਦੁਹ ਕਿਮ ਗਹੋ ॥

ਇਕੋ ਪਿਓ ਅਤੇ ਇਕੋ ਹੀ ਕੁਲ ਹੈ, ਫਿਰ ਦੋਹਾਂ ਨੇ ਵੈਰ ਭਾਵ ਕਿਉਂ ਗ੍ਰਹਿਣ ਕਰ ਲਿਆ ਹੈ।

ਤਿਹ ਨਾਮ ਠਾਮ ਆਭਰਣ ਰਥ ਸਸਤ੍ਰ ਅਸਤ੍ਰ ਸਬ ਮੁਨਿ ਕਹੋ ॥੧੬੮॥

ਹੇ ਮੁਨੀ! ਉਨ੍ਹਾਂ ਦੇ ਸਾਰੇ ਅਸਤ੍ਰਾਂ, ਸ਼ਸਤ੍ਰਾਂ, ਗਹਿਣਿਆਂ, ਰਥਾਂ ਦੇ ਨਾਂ ਅਤੇ ਠਿਕਾਣੇ (ਮੈਨੂੰ) ਦਸ ਦਿਓ ॥੧੬੮॥

ਮਛਿੰਦ੍ਰ ਬਾਚ ਪਾਰਸਨਾਥ ਸੋ ॥

ਮਛਿੰਦ੍ਰ ਨੇ ਕਿਹਾ ਪਾਰਸ ਨਾਥ ਪ੍ਰਤਿ:

ਛਪੈ ਛੰਦ ॥

ਛਪੈ ਛੰਦ:

ਅਸਿਤ ਬਰਣ ਅਬਿਬੇਕ ਅਸਿਤ ਬਾਜੀ ਰਥ ਸੋਭਤ ॥

ਅਬਿਬੇਕ ਦਾ ਕਾਲਾ ('ਅਸਿਤ') ਰੰਗ ਹੈ ਅਤੇ (ਉਸ ਦੇ) ਰਥ ਅਗੇ ਕਾਲੇ ਰੰਗ ਦੇ ਘੋੜੇ ਸ਼ੋਭਦੇ ਹਨ।

ਅਸਿਤ ਬਸਤ੍ਰ ਤਿਹ ਅੰਗਿ ਨਿਰਖਿ ਨਾਰੀ ਨਰ ਲੋਭਤ ॥

ਉਸ ਦੇ ਸ਼ਰੀਰ ਉਤੇ ਕਾਲੇ ਰੰਗ ਦੇ ਬਸਤ੍ਰ ਹਨ ਜਿਨ੍ਹਾਂ ਨੂੰ ਵੇਖ ਕੇ ਇਸਤਰੀ ਅਤੇ ਪੁਰਸ਼ ਮੋਹਿਤ ਹੋ ਜਾਂਦੇ ਹਨ।

ਅਸਿਤ ਸਾਰਥੀ ਅਗ੍ਰ ਅਸਿਤ ਆਭਰਣ ਰਥੋਤਮ ॥

ਉਸ ਦੇ ਅਗੇ (ਬੈਠਾ) ਰਥਵਾਨ ਕਾਲੇ ਰੰਗ ਵਾਲਾ ਹੈ ਅਤੇ (ਉਸ ਦੇ) ਉੱਤਮ ਰਥ ਦੇ ਗਹਿਣੇ ਵੀ ਕਾਲੇ ਰੰਗ ਦੇ ਹਨ।

ਅਸਿਤ ਧਨੁਖ ਕਰਿ ਅਸਿਤ ਧੁਜਾ ਜਾਨੁਕ ਪੁਰਖੋਤਮ ॥

(ਉਸ ਦੇ) ਹੱਥ ਵਿਚ ਕਾਲੇ ਰੰਗ ਦਾ ਧਨੁਸ਼ ਅਤੇ ਕਾਲੇ ਰਗ ਦਾ ਹੀ ਝੰਡਾ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਤਮ ਪੁਰਸ਼ ਹੋਵੇ।

ਇਹ ਛਬਿ ਨਰੇਸ ਅਬਿਬੇਕ ਨ੍ਰਿਪ ਜਗਤ ਜਯੰਕਰ ਮਾਨੀਯੈ ॥

ਹੇ ਰਾਜਨ! ਅਬਿਬੇਕ ਰਾਜੇ ਦੀ ਇਸ ਤਰ੍ਹਾਂ ਦੀ ਛਬੀ ਹੈ, ਜਿਸ ਨੇ ਜਗਤ ਨੂੰ ਜਿਤ ਲਿਆ ਹੋਇਆ ਮੰਨਿਆ ਜਾਂਦਾ ਹੈ।

ਅਨਜਿਤ ਜਾਸੁ ਕਹ ਨ ਤਜੋ ਕ੍ਰਿਸਨ ਰੂਪ ਤਿਹ ਜਾਨੀਯੈ ॥੧੬੯॥

ਜੋ ਜਿਤਿਆ ਨਹੀਂ ਜਾ ਸਕਦਾ, ਜਿਸ ਨੂੰ ਛਡਿਆ ਨਹੀਂ ਜਾ ਸਕਦਾ, ਉਸ ਨੂੰ 'ਕ੍ਰਿਸ਼ਨ' (ਕਾਲਾ) ਰੂਪ ਜਾਣਨਾ ਚਾਹੀਦਾ ਹੈ ॥੧੬੯॥

ਪੁਹਪ ਧਨੁਖ ਅਲਿ ਪਨਚ ਮਤਸ ਜਿਹ ਧੁਜਾ ਬਿਰਾਜੈ ॥

ਫੁਲਾਂ ਦਾ ਧਨੁਸ਼ ਹੈ, ਭੌਂਰਿਆਂ ਦਾ ਚਿਲਾ ਹੈ, ਜਿਸ ਦੇ (ਰਥ ਉਤੇ) ਮੱਛੀ (ਦੇ ਚਿੰਨ੍ਹ ਵਾਲੀ) ਧੁਜਾ ਬਿਰਾਜ ਰਹੀ ਹੈ।

ਬਾਜਤ ਝਾਝਰ ਤੂਰ ਮਧੁਰ ਬੀਨਾ ਧੁਨਿ ਬਾਜੈ ॥

ਝਾਂਝਰ ਅਤੇ ਤੂਰ ਵਜਦੇ ਹਨ ਅਤੇ ਬੀਨਾ ਦੀ ਮਧੁਰ ਧੁਨ ਵਜ ਰਹੀ ਹੈ।

ਸਬ ਬਜੰਤ੍ਰ ਜਿਹ ਸੰਗ ਬਜਤ ਸੁੰਦਰ ਛਬ ਸੋਹਤ ॥

ਜਿਸ ਨਾਲ ਸਾਰੇ ਵੱਜਣ ਯੋਗ ਵਾਜੇ ਵਜਦੇ ਹਨ ਅਤੇ (ਜਿਨ੍ਹਾਂ ਦੀ) ਸੁੰਦਰ ਛਬੀ ਸ਼ੋਭਾ ਪਾ ਰਹੀ ਹੈ।

ਸੰਗ ਸੈਨ ਅਬਲਾ ਸੰਬੂਹ ਸੁਰ ਨਰ ਮੁਨਿ ਮੋਹਤ ॥

ਜਿਸ ਨਾਲ ਇਸਤਰੀਆਂ ਦੀ ਸੈਨਾ ਹੈ, (ਜੋ) ਸਾਰਿਆਂ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਨੂੰ ਮੋਹਿਤ ਕਰ ਰਹੀਆਂ ਹਨ।

ਅਸ ਮਦਨ ਰਾਜ ਰਾਜਾ ਨ੍ਰਿਪਤਿ ਜਿਦਿਨ ਕ੍ਰੁਧ ਕਰਿ ਧਾਇ ਹੈ ॥

ਹੇ ਰਾਜਨ! ਰਾਜਿਆਂ ਦਾ ਰਾਜਾ ਕਾਮਦੇਵ ਇਸ ਤਰ੍ਹਾਂ ਦਾ ਹੈ। ਜਿਸ ਦਿਨ (ਉਹ) ਕ੍ਰੋਧ ਕਰ ਕੇ ਧਾਵਾ ਕਰੇਗਾ,

ਬਿਨੁ ਇਕ ਬਿਬੇਕ ਤਾ ਕੇ ਸਮੁਹਿ ਅਉਰ ਦੂਸਰ ਕੋ ਜਾਇ ਹੈ ॥੧੭੦॥

(ਉਸ ਵੇਲੇ) ਇਕ ਬਿਬੇਕ ਤੋਂ ਬਿਨਾ ਉਸ ਦੇ ਸਾਹਮਣੇ ਹੋਰ ਦੂਜਾ ਕਿਹੜਾ ਜਾਏਗਾ ॥੧੭੦॥

ਕਰਤ ਨ੍ਰਿਤ ਸੁੰਦਰੀ ਬਜਤ ਬੀਨਾ ਧੁਨਿ ਮੰਗਲ ॥

ਸੁੰਦਰੀਆਂ ਨਾਚ ਕਰਦੀਆਂ ਹਨ ਅਤੇ ਬੀਨਾ ਦੀ ਧੁਨ ਵਿਚ ਮੰਗਲਮਈ ਗੀਤ ਹੁੰਦੇ ਹਨ।

ਉਪਜਤ ਰਾਗ ਸੰਬੂਹ ਬਜਤ ਬੈਰਾਰੀ ਬੰਗਲਿ ॥

ਸਭ ਤਰ੍ਹਾਂ ਦੇ ਰਾਗ ਉਤਪੰਨ ਹੁੰਦੇ ਹਨ ਅਤੇ ਬੈਰਾਰੀ ਅਤੇ ਬੰਗਾਲੀ (ਰਾਗਨੀਆਂ) ਵਜਦੀਆਂ ਹਨ।

ਭੈਰਵ ਰਾਗ ਬਸੰਤ ਦੀਪ ਹਿੰਡੋਲ ਮਹਾ ਸੁਰ ॥

ਭੈਰੋ, ਬਸੰਤ, ਦੀਪਕ ਅਤੇ ਹਿੰਡੋਲ ਰਾਗਾਂ ਦੀਆਂ ਮਹਾਨ ਸੁਰਾਂ ਨਾਲ

ਉਘਟਤ ਤਾਨ ਤਰੰਗ ਸੁਨਤ ਰੀਝਤ ਧੁਨਿ ਸੁਰ ਨਰ ॥

ਤਾਨ ਤਰੰਗਾਂ ਪੈਦਾ ਹੁੰਦੀਆਂ ਹਨ, (ਜਿਸ) ਧੁਨ ਨੂੰ ਸੁਣ ਕੇ ਦੇਵਤੇ ਅਤੇ ਮਨੁੱਖ ਰੀਝਦੇ ਹਨ।

ਇਹ ਛਬਿ ਪ੍ਰਭਾਵ ਰਿਤੁ ਰਾਜ ਨ੍ਰਿਪ ਜਿਦਿਨ ਰੋਸ ਕਰਿ ਧਾਇ ਹੈ ॥

ਇਸ ਛਬੀ ਅਤੇ ਪ੍ਰਭਾਵ ਵਾਲਾ 'ਬਸੰਤ' ('ਰਿਤੁ ਰਾਜ') ਰਾਜਾ ਜਿਸ ਦਿਨ ਕ੍ਰੋਧ ਕਰ ਕੇ ਧਾਵਾ ਕਰੇਗਾ,

ਬਿਨੁ ਇਕ ਬਿਬੇਕ ਤਾ ਕੇ ਨ੍ਰਿਪਤਿ ਅਉਰ ਸਮੁਹਿ ਕੋ ਜਾਇ ਹੈ ॥੧੭੧॥

ਤਦ ਇਕ ਬਿਬੇਕ ਤੋਂ ਬਿਨਾ ਹੇ ਰਾਜਨ! ਹੋਰ ਕਿਹੜਾ ਉਸ ਦੇ ਸਾਹਮਣੇ ਜਾਏਗਾ ॥੧੭੧॥

ਸੋਰਠਿ ਸਾਰੰਗ ਸੁਧ ਮਲਾਰ ਬਿਭਾਸ ਸਰਬਿ ਗਨਿ ॥

ਸੋਰਠ, ਸਾਰੰਗ, ਸ਼ੁੱਧ ਮਲਾਰ, ਬਿਭਾਸ ਆਦਿ ਸਾਰੇ (ਰਾਗ) ਗਣ

ਰਾਮਕਲੀ ਹਿੰਡੋਲ ਗੌਡ ਗੂਜਰੀ ਮਹਾ ਧੁਨਿ ॥

ਰਾਮਕਲੀ, ਹਿੰਡੋਲ, ਗੌਡ, ਗੂਜਰੀ ਦੀ ਸੁੰਦਰ ਧੁਨ;

ਲਲਤ ਪਰਜ ਗਵਰੀ ਮਲਾਰ ਕਾਨੜਾ ਮਹਾ ਛਬਿ ॥

ਲਲਤ, ਪਰਜ, ਗੌਰੀ, ਮਲ੍ਹਾਰ ਅਤੇ ਕਾਨੜਾ ਦੀ ਮਹਾਨ ਛਬੀ;

ਜਾਹਿ ਬਿਲੋਕਤ ਬੀਰ ਸਰਬ ਤੁਮਰੇ ਜੈ ਹੈ ਦਬਿ ॥

ਜਿਸ ਨੂੰ ਵੇਖ ਕੇ ਤੇਰੇ ਸਾਰੇ ਸੂਰਮੇ ਦਬ ਜਾਣਗੇ।

ਇਹ ਬਿਧਿ ਨਰੇਸ ਰਿਤੁ ਰਾਜ ਨ੍ਰਿਪ ਮਦਨ ਸੂਅਨ ਜਬ ਗਰਜ ਹੈ ॥

ਇਸ ਤਰ੍ਹਾਂ ਦਾ ਹੈ ਕਾਮਦੇਵ ਦਾ ਪੁੱਤਰ ('ਸੂਅਨ') ਰੁਤਾਂ ਦਾ ਰਾਜਾ ਬਸੰਤ ਜਦ (ਆ ਕੇ) ਗਜੇਗਾ,

ਬਿਨੁ ਇਕ ਗ੍ਯਾਨ ਸੁਨ ਹੋ ਨ੍ਰਿਪਤਿ ਸੁ ਅਉਰ ਦੂਸਰ ਕੋ ਬਰਜਿ ਹੈ ॥੧੭੨॥

ਤਾਂ ਬਿਨਾ ਇਕ ਗਿਆਨ ਦੇ, ਹੇ ਰਾਜਨ! ਸੁਣੋ, ਹੋਰ ਕੌਣ ਦੂਜਾ ਉਸ ਨੂੰ ਰੋਕੇਗਾ ॥੧੭੨॥

ਕਊਧਤ ਦਾਮਨਿ ਸਘਨ ਸਘਨ ਘੋਰਤ ਚਹੁਦਿਸ ਘਨ ॥

(ਜਿਵੇਂ) ਬਿਜਲੀ ਘਨਘੋਰ ਬਦਲਾਂ ਵਿਚ ਚਮਕਦੀ ਹੈ ਅਤੇ ਚੌਹਾਂ ਦਿਸ਼ਾਵਾਂ ਵਿਚ ਘਨਘੋਰ ਗੂੰਜ ਹੋ ਰਹੀ ਹੈ।

ਮੋਹਿਤ ਭਾਮਿਨ ਸਘਨ ਡਰਤ ਬਿਰਹਨਿ ਤ੍ਰਿਯ ਲਖਿ ਮਨਿ ॥

ਬਹੁਤ ਇਸਤਰੀਆਂ ਮੋਹਿਤ ਹੋ ਰਹੀਆਂ ਹਨ ਅਤੇ ਵਿਯੋਗਣ ਇਸਤਰੀਆਂ ਦਾ ਮਨ (ਉਸ ਨੂੰ) ਵੇਖ ਕੇ ਡਰ ਰਿਹਾ ਹੈ।

ਬੋਲਤ ਦਾਦੁਰ ਮੋਰ ਸਘਨ ਝਿਲੀ ਝਿੰਕਾਰਤ ॥

(ਜਿਸ ਤਰ੍ਹਾਂ) ਡੱਡੂਆਂ ਅਤੇ ਮੋਰਾਂ ਦੇ ਝੁੰਡ ਬੋਲਦੇ ਹਨ ਅਤੇ 'ਝਿਲੀ' (ਬੀਂਡੇ) ਝੀਂ ਝੀਂ ਕਰਦੇ ਹਨ।

ਦੇਖਤ ਦ੍ਰਿਗਨ ਪ੍ਰਭਾਵ ਅਮਿਤ ਮੁਨਿ ਮਨ ਬ੍ਰਿਤ ਹਾਰਤ ॥

ਅੱਖਾਂ (ਇਸ ਦੇ) ਪ੍ਰਭਾਵ ਨੂੰ ਵੇਖਦੀਆਂ ਹਨ ਅਤੇ ਬੇਹਿਸਾਬੇ ਮੁਨੀਆਂ ਦਾ ਮਨ (ਇਸ ਪ੍ਰਭਾਵ ਕਾਰਨ) ਸੁੱਧ ਬੁੱਧ ਭੁਲ ਜਾਂਦਾ ਹੈ।

ਇਹ ਬਿਧਿ ਹੁਲਾਸ ਮਦਨਜ ਦੂਸਰ ਜਿਦਿਨ ਚਟਕ ਦੈ ਸਟਕ ਹੈ ॥

ਇਸ ਪ੍ਰਕਾਰ ਦਾ 'ਹੁਲਾਸ' ਸੂਰਮਾ ਹੈ, ਜੋ ਕਾਮਦੇਵ ਦਾ ਦੂਜਾ ਪੁੱਤਰ ਹੈ, ਜਿਸ ਦਿਨ ਉਹ ਚਟਕ ਕੇ (ਅਗੋਂ) ਲੰਘੇਗਾ,

ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ ਅਉਰ ਦੂਸਰ ਕੋ ਹਟਕ ਹੈ ॥੧੭੩॥

ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਦੂਜਾ ਕਿਹੜਾ (ਸੂਰਮਾ ਉਸ ਨੂੰ) ਰੋਕੇਗਾ ॥੧੭੩॥

ਤ੍ਰਿਤੀਆ ਪੁਤ੍ਰ ਅਨੰਦ ਜਿਦਿਨ ਸਸਤ੍ਰਨ ਕਹੁ ਧਰਿ ਹੈ ॥

(ਕਾਮਦੇਵ ਦਾ) ਤੀਜਾ ਪੁੱਤਰ 'ਆਨੰਦ' ਜਿਸ ਦਿਨ ਸ਼ਸਤ੍ਰ ਧਾਰਨ ਕਰ ਲਏਗਾ।

ਕਰਿ ਹੈ ਚਿਤ੍ਰ ਬਚਿਤ੍ਰ ਸੁ ਰਣ ਸੁਰ ਨਰ ਮੁਨਿ ਡਰਿ ਹੈ ॥

ਚਿਤਰ ਵਰਗਾ ਵਿਚਿਤ੍ਰ ਜਦੋਂ ਉਹ ਯੁੱਧ ਕਰੇਗਾ, (ਤਾਂ) ਦੇਵਤੇ, ਮਨੁੱਖ ਅਤੇ ਮੁਨੀ ਡਰਨਗੇ।

ਕੋ ਭਟ ਧਰਿ ਹੈ ਧੀਰ ਜਿਦਿਨ ਸਾਮੁਹਿ ਵਹ ਐ ਹੈ ॥

ਜਿਸ ਦਿਨ ਉਹ ਸਾਹਮਣੇ ਆਏਗਾ, ਤਾਂ ਕਿਹੜਾ ਸੂਰਮਾ ਧੀਰਜ ਧਾਰਨ ਕਰ ਸਕੇਗਾ।

ਸਭ ਕੋ ਤੇਜ ਪ੍ਰਤਾਪ ਛਿਨਕ ਭੀਤਰ ਹਰ ਲੈ ਹੈ ॥

(ਕਿਉਂਕਿ ਉਹ) ਸਾਰਿਆਂ ਦੇ ਤੇਜ ਪ੍ਰਤਾਪ ਨੂੰ ਇਕ ਛਿਣ ਵਿਚ ਹਰ ਲਵੇਗਾ।

ਇਹ ਬਿਧਿ ਅਨੰਦ ਦੁਰ ਧਰਖ ਭਟ ਜਿਦਿਨ ਸਸਤ੍ਰ ਗਹ ਮਿਕ ਹੈ ॥

ਇਸ ਤਰ੍ਹਾਂ ਦਾ ਹੈ ਨਿਡਰ ('ਦੁਰ ਧਰਖ') ਯੋਧਾ 'ਆਨੰਦ', ਜਿਸ ਦਿਨ ਉਹ ਸ਼ਸਤ੍ਰ ਧਾਰਨ ਕਰ ਕੇ ਮਧੋਲੇਗਾ ('ਮਿਕ')

ਬਿਨੁ ਇਕ ਧੀਰਜ ਸੁਨਿ ਰੇ ਨ੍ਰਿਪਤਿ ਸੁ ਅਉਰ ਨ ਦੂਸਰਿ ਟਿਕ ਹੈ ॥੧੭੪॥

ਹੇ ਰਾਜਨ! ਸੁਣੋ; ਬਿਨਾ ਇਕ ਧੀਰਜ ਦੇ ਹੋਰ ਕੋਈ ਵੀ (ਉਸ ਦੇ ਸਾਹਮਣੇ) ਨਹੀਂ ਟਿਕ ਸਕੇਗਾ ॥੧੭੪॥


Flag Counter