ਸ਼੍ਰੀ ਦਸਮ ਗ੍ਰੰਥ

ਅੰਗ - 67


ਤੁਪਕ ਤੜਾਕ ॥

ਬੰਦੂਕਾਂ ਤੜ ਤੜ ਕਰਦੀਆਂ ਹਨ,

ਕੈਬਰ ਕੜਾਕ ॥

ਤੀਰ ਕੜ ਕੜ ਕਰਦੇ ਹਨ।

ਸੈਹਥੀ ਸੜਾਕ ॥

ਸੈਹੱਥੀਆਂ 'ਸਰਰ' (ਦੀ ਆਵਾਜ਼ ਨਾਲ ਵਜਦੀਆਂ ਹਨ)

ਛੋਹੀ ਛੜਾਕ ॥੨੦॥

ਅਤੇ ਛੱਵੀਆਂ ਛੜ-ਛੜ ਕਰਦੀਆਂ ਹਨ ॥੨੦॥

ਗਜੇ ਸੁਬੀਰ ॥

ਸੂਰਬੀਰ ਗਜਦੇ ਹਨ।

ਬਜੇ ਗਹੀਰ ॥

ਗੰਭੀਰ (ਗਰਜ ਕਰਨ ਵਾਲੇ ਨਗਾਰੇ) ਵਜਦੇ ਹਨ।

ਬਿਚਰੇ ਨਿਹੰਗ ॥

ਸੂਰਮੇ (ਨਿਹੰਗ ਯੁੱਧ-ਭੂਮੀ ਵਿਚ ਇੰਜ) ਵਿਚਰਦੇ ਹਨ

ਜੈਸੇ ਪਲੰਗ ॥੨੧॥

ਜਿਵੇਂ (ਬਨ ਵਿਚ) ਚਿਤਰਾ (ਫਿਰਦਾ ਹੈ) ॥੨੧॥

ਹੁਕੇ ਕਿਕਾਣ ॥

ਘੋੜੇ ਹਿਣਕਦੇ ਹਨ,

ਧੁਕੇ ਨਿਸਾਣ ॥

ਧੌਂਸੇ ਧੁਕਦੇ ਹਨ।

ਬਾਹੈ ਤੜਾਕ ॥

(ਇਕ ਪਾਸਿਓਂ ਸੂਰਮੇ) ਤੜ ਤੜ (ਕਰਦੇ ਸ਼ਸਤ੍ਰ) ਚਲਾਉਂਦੇ ਹਨ

ਝਲੈ ਝੜਾਕ ॥੨੨॥

(ਅਤੇ ਦੂਜੇ ਪਾਸਿਓਂ ਸੂਰਮੇ ਉਨ੍ਹਾਂ ਦੇ) ਵਾਰਾਂ ਨੂੰ ਝਲਦੇ ਹਨ ॥੨੨॥

ਜੁਝੇ ਨਿਹੰਗ ॥

(ਯੁੱਧ ਵਿਚ) ਲੜ ਕੇ (ਵੀਰ-ਗਤੀ ਪ੍ਰਾਪਤ ਕਰ ਚੁਕੇ)

ਲਿਟੈ ਮਲੰਗ ॥

ਮਹਾਨ ਯੋਧੇ ਮਲੰਗਾਂ ਵਾਂਗ ਲੇਟ ਪਏ ਹਨ।

ਖੁਲ੍ਰਹੇ ਕਿਸਾਰ ॥

(ਉਨ੍ਹਾਂ ਦੇ) ਵਾਲ ਖੁਲ੍ਹੇ ਹਨ

ਜਨੁ ਜਟਾ ਧਾਰ ॥੨੩॥

ਮਾਨੋ (ਉਹ) ਜੱਟਾਧਾਰੀ ਸਾਧੂ ਹੋਣ ॥੨੩॥

ਸਜੇ ਰਜਿੰਦ੍ਰ ॥

ਮਹਾਨ ਰਾਜੇ ਸਜੇ ਹੋਏ ਹਨ

ਗਜੇ ਗਜਿੰਦ੍ਰ ॥

ਅਤੇ ਵਡੇ ਹਾਥੀ ਗਜ ਰਹੇ ਹਨ।

ਉਤਰੇ ਖਾਨ ॥

(ਉਨ੍ਹਾਂ ਉਤੋਂ) ਖ਼ਾਨ

ਲੈ ਲੈ ਕਮਾਨ ॥੨੪॥

ਕਮਾਨ ਲੈ ਲੈ ਕੇ ਉਤਰ ਰਹੇ ਹਨ ॥੨੪॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ:

ਕੁਪਿਯੋ ਕ੍ਰਿਪਾਲੰ ਸਜਿ ਮਰਾਲੰ ਬਾਹ ਬਿਸਾਲ ਧਰਿ ਢਾਲੰ ॥

ਕ੍ਰੋਧਿਤ ਕ੍ਰਿਪਾਲ ਚੰਦ ਨੇ ਘੋੜੇ ਨੂੰ ਸਜਾਇਆ ਅਤੇ ਵਿਸ਼ਾਲ ਬਾਂਹਵਾਂ ਵਿਚ ਢਾਲ ਧਾਰਨ ਕੀਤੀ।

ਧਾਏ ਸਭ ਸੂਰੰ ਰੂਪ ਕਰੂਰੰ ਮਚਕਤ ਨੂਰੰ ਮੁਖਿ ਲਾਲੰ ॥

ਸਾਰੇ ਸੂਰਮੇ (ਹਮਲਾ ਕਰਨ ਲਈ) ਅਗੇ ਵਧਦੇ ਹਨ, ਉਨ੍ਹਾਂ ਦਾ ਰੂਪ ਭਿਆਨਕ ਹੈ ਅਤੇ ਉਨ੍ਹਾਂ ਦੇ ਲਾਲ ਮੂੰਹਾਂ ਉਤੇ ਨੂਰ ਚਮਕਦਾ ਹੈ।

ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ ਸਜੇ ਜੁਆਨੰ ਤਨ ਤਤੰ ॥

ਕ੍ਰਿਪਾਨਾਂ ਲੈ ਕੇ, ਤੀਰ ਕਮਾਨਾਂ ਨੂੰ ਸਜਾ ਕੇ ਗੁੱਸੈਲੇ ਜਵਾਨ

ਰਣਿ ਰੰਗ ਕਲੋਲੰ ਮਾਰ ਹੀ ਬੋਲੈ ਜਨੁ ਗਜ ਡੋਲੰ ਬਨਿ ਮਤੰ ॥੨੫॥

ਰਣ-ਭੂਮੀ ਵਿਚ ਕਲੋਲ (ਕਰਦੇ ਹਨ ਅਤੇ ਮੂੰਹ ਵਿਚੋਂ) ਮਾਰੋ-ਮਾਰੋ ਹੀ ਬੋਲਦੇ ਹਨ, ਮਾਨੋ ਮਸਤ ਹਾਥੀ ਬਨ ਵਿਚ ਡੋਲਦੇ ਹੋਣ ॥੨੫॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਬੈ ਕੋਪੀਯੰ ਕਾਗੜੇਸੰ ਕਟੋਚੰ ॥

ਤਦੋਂ ਕਾਂਗੜੇ ਦਾ ਰਾਜਾ (ਕ੍ਰਿਪਾਲ ਚੰਦ) ਕਟੋਚ ਕ੍ਰੋਧਵਾਨ ਹੋਇਆ।

ਮੁਖੰ ਰਕਤ ਨੈਨੰ ਤਜੇ ਸਰਬ ਸੋਚੰ ॥

(ਉਸ ਦਾ) ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਅਤੇ (ਉਸ ਨੇ) ਸਭ ਪ੍ਰਕਾਰ ਦੀ ਸੋਚ ਛਡ ਦਿੱਤੀ।

ਉਤੈ ਉਠੀਯੰ ਖਾਨ ਖੇਤੰ ਖਤੰਗੰ ॥

ਉਧਰੋਂ (ਹੁਸੈਨੀ ਦੇ ਸਾਥੀ) ਪਠਾਣ ਮੈਦਾਨੇ-ਜੰਗ ਵਿਚ ਤੀਰ ਲੈ ਕੇ ਖੜੋਤੇ ਹੋਏ ਹਨ

ਮਨੋ ਬਿਹਚਰੇ ਮਾਸ ਹੇਤੰ ਪਲੰਗੰ ॥੨੬॥

ਮਾਨੋ ਮਾਸ ਲਈ ਚਿਤਰੇ ਫਿਰਦੇ ਹੋਣ ॥੨੬॥

ਬਜੀ ਭੇਰ ਭੁੰਕਾਰ ਤੀਰੰ ਤੜਕੇ ॥

ਭੇਰੀਆਂ ਭੂੰ ਭੂੰ ਕਰ ਕੇ ਵਜਦੀਆਂ ਹਨ, ਤੀਰ ਤੜ ਤੜ ਕਰਦੇ ਹਨ।

ਮਿਲੇ ਹਥਿ ਬੰਥੰ ਕ੍ਰਿਪਾਣੰ ਕੜਕੇ ॥

(ਕਈ ਸੂਰਮੇ) ਗੁੱਥਮ-ਗੁੱਥਾ ਹਨ (ਅਤੇ ਕਿਤੇ) ਤਲਵਾਰਾਂ ਕੜਕ ਰਹੀਆਂ ਹਨ।

ਬਜੇ ਜੰਗ ਨੀਸਾਣ ਕਥੇ ਕਥੀਰੰ ॥

(ਕਿਤੇ) ਜੰਗ ਵਿਚ ਧੌਂਸੇ ਵਜਦੇ ਹਨ (ਅਤੇ ਕਿਤੇ) ਢਾਢੀ ਵਾਰਾਂ ਗਾਉਂਦੇ ਹਨ।

ਫਿਰੈ ਰੁੰਡ ਮੁਡੰ ਤਨੰ ਤਛ ਤੀਰੰ ॥੨੭॥

(ਕਿਤੇ) ਧੜ ਅਤੇ ਸਿਰ ਅਤੇ ਕਿਤੇ ਤੀਰਾਂ ਨਾਲ ਪੱਛੇ ਹੋਏ ਸ਼ਰੀਰ ਫਿਰਦੇ ਹਨ ॥੨੭॥

ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ ॥

(ਕਿਤੇ) ਟੋਪਾਂ ਉਤੇ ਗੁਰਜਾਂ ਦੇ ਵਾਰ ਨਾਲ ਟਕ-ਟਕ (ਦੀ ਆਵਾਜ਼) ਉਠਦੀ ਹੈ।

ਰੁਲੇ ਲੁਥ ਜੁਥੰ ਗਿਰੇ ਬੀਰ ਮਾਰੇ ॥

(ਕਿਤੇ) ਲੋਥਾਂ ਦੇ ਢੇਰ ਰੁਲਦੇ ਹਨ (ਅਤੇ ਕਿਤੇ) ਮਾਰੇ ਹੋਏ ਯੁੱਧ-ਵੀਰ ਡਿਗੇ ਪਏ ਹਨ।

ਪਰੈ ਕਤੀਯੰ ਘਾਤ ਨਿਰਘਾਤ ਬੀਰੰ ॥

(ਕਿਤੇ) ਪਤਲੀਆਂ ਤਲਵਾਰ ਦੀਆਂ ਲਗਾਤਾਰ ਸੱਟਾਂ ਨਾਲ ਸੂਰਵੀਰਾਂ (ਦੇ ਸ਼ਰੀਰਾਂ ਉਤੇ ਜ਼ਖਮ ਲਗੇ ਹੋਏ ਹਨ)।

ਫਿਰੈ ਰੁਡ ਮੁੰਡੰ ਤਨੰ ਤਨ ਤੀਰੰ ॥੨੮॥

(ਕਿਤੇ) ਧੜ ਅਤੇ ਸਿਰ ਅਤੇ ਤੀਰਾਂ ਨਾਲ ਪਛੇ ਹੋਏ ਸ਼ਰੀਰ ਫਿਰਦੇ ਹਨ ॥੨੮॥

ਬਹੀ ਬਾਹੁ ਆਘਾਤ ਨਿਰਘਾਤ ਬਾਣੰ ॥

ਬਾਂਹਵਾਂ ਦੇ ਝਟਕਿਆਂ ਨਾਲ ਲਗਾਤਾਰ ਤੀਰ ਚਲ ਰਹੇ ਹਨ।

ਉਠੇ ਨਦ ਨਾਦੰ ਕੜਕੇ ਕ੍ਰਿਪਾਣੰ ॥

ਤਲਵਾਰਾਂ (ਦੇ ਚਲਣ ਨਾਲ) ਕੜ ਕੜ ਦੇ ਗੰਭੀਰ ਨਾਦ ਉਠ ਰਹੇ ਹਨ।

ਛਕੇ ਛੋਭ ਛਤ੍ਰ ਤਜੈ ਬਾਣ ਰਾਜੀ ॥

ਕ੍ਰੋਧਿਤ ਸੂਰਮੇ ਤੀਰਾਂ ਦੀਆਂ ਲੜੀਆਂ ਛਡ ਰਹੇ ਹਨ।

ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥

ਜਿਨ੍ਹਾਂ ਨੂੰ (ਤੀਰ) ਲਗਦੇ ਹਨ, ਉਨ੍ਹਾਂ ਦੇ ਘੋੜੇ (ਸਵਾਰਾਂ ਤੋਂ) ਸਖਣੇ ਫਿਰਦੇ ਹਨ ॥੨੯॥

ਜੁਟੇ ਆਪ ਮੈ ਬੀਰ ਬੀਰੰ ਜੁਝਾਰੇ ॥

(ਕਿਤੇ) ਆਪਸ ਵਿਚ ਸੂਰਮੇ ਗੁੱਥਮ ਗੁੱਥਾ ਹਨ,

ਮਨੋ ਗਜ ਜੁਟੈ ਦੰਤਾਰੇ ਦੰਤਾਰੇ ॥

ਮਾਨੋ ਵਡੇ ਦੰਦਾਂ ਵਾਲੇ ਹਾਥੀ ਆਪਸ ਵਿਚ ਉਲਝੇ ਹੋਣ।

ਕਿਧੋ ਸਿੰਘ ਸੋ ਸਾਰਦੂਲੰ ਅਰੁਝੇ ॥

(ਜਿਵੇਂ) ਸ਼ੇਰ ਨਾਲ ਸ਼ੇਰ ਭਿੜਦਾ ਹੋਵੇ,

ਤਿਸੀ ਭਾਤਿ ਕਿਰਪਾਲ ਗੋਪਾਲ ਜੁਝੇ ॥੩੦॥

ਉਸ ਤਰ੍ਹਾਂ ਕ੍ਰਿਪਾਲ ਚੰਦ ਅਤੇ ਗੋਪਾਲ ਚੰਦ (ਆਪਸ ਵਿਚ) ਜੂਝ ਰਹੇ ਸਨ ॥੩੦॥

ਹਰੀ ਸਿੰਘ ਧਾਯੋ ਤਹਾ ਏਕ ਬੀਰੰ ॥

ਤਦੋਂ (ਹੁਸੈਨੀ ਦਲ ਦਾ) ਹਰੀ ਸਿੰਘ ਯੋਧਾ ਧਾਵਾ ਕਰ ਕੇ ਆਇਆ।

ਸਹੇ ਦੇਹ ਆਪੰ ਭਲੀ ਭਾਤਿ ਤੀਰੰ ॥

(ਉਸ ਨੇ) ਆਪਣੇ ਸ਼ਰੀਰ ਉਤੇ ਤੀਰਾਂ ਦੀ (ਬੌਛਾੜ) ਚੰਗੀ ਤਰ੍ਹਾਂ ਸਹੀ।


Flag Counter