ਸ਼੍ਰੀ ਦਸਮ ਗ੍ਰੰਥ

ਅੰਗ - 619


ਕਉਨ ਕਉਨ ਉਚਾਰੀਐ ਕਰਿ ਸੂਰ ਸਰਬ ਬਿਬੇਕ ॥੫੪॥

ਸਾਰਿਆਂ ਸੂਰਮਿਆਂ ਵਿਚੋਂ ਵਿਚਾਰ ਪੂਰਵਕ ਕਿਹੜੇ ਕਿਹੜੇ ਦਾ ਵਰਣਨ ਕੀਤਾ ਜਾਏ ॥੫੪॥

ਸਪਤ ਦੀਪਨ ਸਪਤ ਭੂਪ ਭੁਗੈ ਲਗੇ ਨਵਖੰਡ ॥

ਸੱਤਾ ਦੀਪਾਂ ਦੇ ਸੱਤੇ ਰਾਜੇ ਨੌਂ ਖੰਡਾਂ ਨੂੰ ਭੋਗਣ ਲਗੇ (ਅਰਥਾਤ-ਉਨ੍ਹਾਂ ਉਤੇ ਰਾਜ ਕਰਨ ਲਗੇ)।

ਭਾਤਿ ਭਾਤਿਨ ਸੋ ਫਿਰੇ ਅਸਿ ਬਾਧਿ ਜੋਧ ਪ੍ਰਚੰਡ ॥

ਪ੍ਰਚੰਡ ਯੋਧੇ ਤਲਵਾਰਾਂ ਬੰਨ੍ਹ ਕੇ ਵੱਖਰੇ ਵੱਖਰੇ ਢੰਗਾਂ ਨਾਲ (ਇਧਰ ਉਧਰ) ਫਿਰਨ ਲਗੇ।

ਦੀਹ ਦੀਹ ਅਜੀਹ ਦੇਸਨਿ ਨਾਮ ਆਪਿ ਭਨਾਇ ॥

ਵੱਡੇ ਤੋਂ ਵੱਡੇ ਨਾ ਜਿਤੇ ਜਾ ਸਕਣ ਵਾਲੇ ਦੇਸਾਂ ਦੇ ਨਾਂ ਆਪ ਸੁਣਾਉਣ ਲਗੇ।

ਆਨਿ ਜਾਨੁ ਦੁਤੀ ਭਏ ਛਿਤਿ ਦੂਸਰੇ ਹਰਿ ਰਾਇ ॥੫੫॥

(ਇੰਜ ਪ੍ਰਤੀਤ ਹੁੰਦਾ ਹੈ ਕਿ) ਧਰਤੀ ਉਤੇ ਦੂਜੇ ਇੰਦਰ (ਹਰਿ) ਰਾਜਾ ਉਪਸਥਿਤ ਹੋ ਗਏ ਹੋਣ ॥੫੫॥

ਆਪ ਆਪ ਸਮੈ ਸਬੈ ਸਿਰਿ ਅਤ੍ਰ ਪਤ੍ਰ ਫਿਰਾਇ ॥

ਆਪਣੇ ਆਪਣੇ ਸਮੇਂ ਵਿਚ ਸਭ ਨੇ (ਆਪਣੇ ਆਪਣੇ) ਸਿਰ ਉਤੇ ਛਤ੍ਰ ਫਿਰਾਇਆ ਹੈ।

ਜੀਤਿ ਜੀਤਿ ਅਜੀਤ ਜੋਧਨ ਰੋਹ ਕ੍ਰੋਹ ਕਮਾਇ ॥

ਰੋਹ ਅਤੇ ਕ੍ਰੋਧ ਨਾਲ ਅਜਿਤ ਯੋਧਿਆਂ ਨੂੰ ਜਿਤ ਜਿਤ ਕੇ (ਅਧੀਨ ਕਰਦੇ ਰਹੇ)।

ਝੂਠ ਸਾਚ ਅਨੰਤ ਬੋਲਿ ਕਲੋਲ ਕੇਲ ਅਨੇਕ ॥

ਅਨੰਤ ਪ੍ਰਕਾਰ ਦੇ ਝੂਠ ਅਤੇ ਸੱਚ ਬੋਲ ਕੇ ਅਨੇਕਾਂ ਹੀ ਕੌਤਕ ਅਤੇ ਕ੍ਰੀੜਾਵਾਂ ਕਰਦੇ ਰਹੇ।

ਅੰਤਿ ਕਾਲ ਸਬੈ ਭਛੇ ਜਗਿ ਛਾਡੀਆ ਨਹਿ ਏਕ ॥੫੬॥

ਅੰਤ ਵਿਚ ਕਾਲ ਨੇ ਸਭ ਨੂੰ ਖਾ ਲਿਆ ਅਤੇ ਜਗਤ ਵਿਚ ਇਕ ਵੀ ਨਹੀਂ ਛਡਿਆ ਹੈ ॥੫੬॥

ਆਪ ਅਰਥ ਅਨਰਥ ਅਪਰਥ ਸਮਰਥ ਕਰਤ ਅਨੰਤ ॥

ਆਪਣੇ ਸੁਆਰਥ ਲਈ ਸਮਰਥ ਲੋਕ ਦੂਜਿਆਂ ਉਤੇ ਬੇਅੰਤ ਅਨਰਥ ਕਰਦੇ ਰਹੇ ਹਨ।

ਅੰਤਿ ਹੋਤ ਠਟੀ ਕਛੂ ਪ੍ਰਭੂ ਕੋਟਿ ਕ੍ਯੋਨ ਨ ਕਰੰਤ ॥

ਅੰਤ ਤੇ (ਉਹੀ) ਕੁਝ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ, ਭਾਵੇਂ ਅਤਿ ਅਧਿਕ (ਉਪਾ) ਕਿਉਂ ਨਾ ਕੀਤੇ ਜਾਣ।

ਜਾਨ ਬੂਝ ਪਰੰਤ ਕੂਪ ਲਹੰਤ ਮੂੜ ਨ ਭੇਵ ॥

ਮੂਰਖ ਲੋਕ (ਪ੍ਰਭੂ ਦੀ ਵਾਸਤਵਿਕਤਾ ਦਾ) ਭੇਦ ਨਹੀਂ ਪਾਂਦੇ ਅਤੇ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।

ਅੰਤਿ ਕਾਲ ਤਬੈ ਬਚੈ ਜਬ ਜਾਨ ਹੈ ਗੁਰਦੇਵ ॥੫੭॥

ਅੰਤ ਵਿਚ ਕਾਲ ਤੋਂ ਤਦ ਹੀ ਬਚਿਆ ਜਾ ਸਕੇਗਾ ਜਦ ਗੁਰੂਦੇਵ ਨੂੰ ਜਾਣ ਲਿਆ ਜਾਵੇਗਾ ॥੫੭॥

ਅੰਤਿ ਹੋਤ ਠਟੀ ਭਲੀ ਪ੍ਰਭ ਮੂੜ ਲੋਗ ਨ ਜਾਨਿ ॥

ਮੂਰਖ ਲੋਕ ਨਹੀਂ ਜਾਣਦੇ ਕਿ ਅੰਤ ਵਿਚ ਉਹੀ ਹੁੰਦਾ ਹੈ ਜੋ ਪ੍ਰਭੂ ਨੇ ਬਣਾਇਆ ਹੈ।

ਆਪ ਅਰਥ ਪਛਾਨ ਹੀ ਤਜਿ ਦੀਹ ਦੇਵ ਨਿਧਾਨ ॥

ਵੱਡੇ ਮਹਾਨ ਪ੍ਰਭੂ ਨੂੰ ਛਡ ਕੇ (ਮੂਰਖ ਲੋਕ) ਆਪਣੇ ਸੁਆਰਥ ਨੂੰ ਹੀ ਪਛਾਣਦੇ ਹਨ।

ਧਰਮ ਜਾਨਿ ਕਰਤ ਪਾਪਨ ਯੌ ਨ ਜਾਨਤ ਮੂੜ ॥

ਉਹ ਮੂਰਖ ਇਸ ਤਰ੍ਹਾਂ (ਵਾਸਤਵਿਕਤਾ ਨੂੰ) ਨਾ ਜਾਣ ਕੇ (ਪਾਖੰਡਾਂ ਨੂੰ) ਧਰਮ ਸਮਝ ਕੇ ਪਾਪ ਕਰਦੇ ਹਨ।

ਸਰਬ ਕਾਲ ਦਇਆਲ ਕੋ ਕਹੁ ਪ੍ਰਯੋਗ ਗੂੜ ਅਗੂੜ ॥੫੮॥

ਉਸ ਦਿਆਲੂ ਪ੍ਰਭੂ ਨੂੰ ਹਰ ਸਮੇਂ ਗੁਪਤ ਪ੍ਰਗਟ ਹੋ ਰਹੇ ਸਾਰਿਆਂ ਪ੍ਰਯੋਗਾਂ ਦਾ ਬੋਧ ਰਹਿੰਦਾ ਹੈ ॥੫੮॥

ਪਾਪ ਪੁੰਨ ਪਛਾਨ ਹੀ ਕਰਿ ਪੁੰਨ ਕੀ ਸਮ ਪਾਪ ॥

(ਉਹ) ਪਾਪ ਦੀ ਪੁੰਨ ਵਜੋਂ ਪਛਾਣ ਕਰਦੇ ਹਨ, ਅਤੇ ਪੁੰਨ ਦੇ ਸਮਾਨ ਪਾਪ ਕਰਦੇ ਹਨ।

ਪਰਮ ਜਾਨ ਪਵਿਤ੍ਰ ਜਾਪਨ ਜਪੈ ਲਾਗ ਕੁਜਾਪ ॥

(ਉਹ) ਕੁਜਾਪਾਂ ਨੂੰ ਪਰਮ ਪਵਿਤ੍ਰ ਜਾਪ ਸਮਝ ਕੇ ਜਪਦੇ ਹਨ।

ਸਿਧ ਠਉਰ ਨ ਮਾਨਹੀ ਬਿਨੁ ਸਿਧ ਠਉਰ ਪੂਜੰਤ ॥

ਸਿੱਧ ਸਥਾਨਾਂ ਨੂੰ ਨਹੀਂ ਮੰਨਦੇ ਅਤੇ ਬਿਨਾ ਕਿਸੇ ਸਿੱਧੀ ਵਾਲੇ ਸਥਾਨਾਂ ਨੂੰ ਪੂਜਦੇ ਹਨ।

ਹਾਥਿ ਦੀਪਕੁ ਲੈ ਮਹਾ ਪਸੁ ਮਧਿ ਕੂਪ ਪਰੰਤ ॥੫੯॥

ਹੱਥ ਵਿਚ ਦੀਪਕ ਲੈ ਕੇ ਵੀ ਉਹ ਮੂਰਖ ਖੂਹ ਵਿਚ ਡਿਗਦੇ ਹਨ ॥੫੯॥

ਸਿਧ ਠਉਰ ਨ ਮਾਨ ਹੀ ਅਨਸਿਧ ਪੂਜਤ ਠਉਰ ॥

ਸਥਾਪਿਤ ('ਸਿਧ') ਸਥਾਨ ਨੂੰ ਨਹੀਂ ਮੰਨਦੇ ਅਤੇ ਅਸਥਾਪਿਤ ('ਅਨਸਿਧ') ਸਥਾਨਾਂ ਦੀ ਪੂਜਾ ਕਰਦੇ ਹਨ।

ਕੈ ਕੁ ਦਿਵਸ ਚਲਾਹਿਗੇ ਜੜ ਭੀਤ ਕੀ ਸੀ ਦਉਰ ॥

(ਉਹ) ਮੂਰਖ ਕਿਤਨੇ ਦਿਨਾਂ ਤਕ ਕੰਧ ਉਤੇ ਦੌੜਨ ਵਾਂਗ (ਆਪਣੇ) ਜੀਵਨ ਨੂੰ ਚਲਾਉਣਗੇ।

ਪੰਖ ਹੀਨ ਕਹਾ ਉਡਾਇਬ ਨੈਨ ਹੀਨ ਨਿਹਾਰ ॥

ਖੰਭਾਂ ਤੋਂ ਬਿਨਾ (ਪੰਛੀ) ਕਿਵੇਂ ਉਡੇਗਾ ਅਤੇ ਅੱਖਾਂ ਤੋਂ ਵਾਂਝਿਆ ਹੋਇਆ (ਕਿਵੇਂ) ਵੇਖੇਗਾ।

ਸਸਤ੍ਰ ਹੀਨ ਜੁਧਾ ਨ ਪੈਠਬ ਅਰਥ ਹੀਨ ਬਿਚਾਰ ॥੬੦॥

ਸ਼ਸਤ੍ਰ ਤੋਂ ਹੀਣਾ ਕਿਵੇਂ ਯੁੱਧ ਵਿਚ ਪ੍ਰਵੇਸ਼ ਕਰੇਗਾ ਅਤੇ ਅਰਥ (ਨੂੰ ਸਮਝਣ ਦੀ ਸ਼ਕਤੀ ਤੋਂ) ਹੀਣਾ (ਕਿਵੇਂ) ਵਿਚਾਰ (ਸ਼ਾਸਤ੍ਰ) ਵਿਚ ਸ਼ਾਮਲ ਹੋਵੇਗਾ ॥੬੦॥

ਦਰਬ ਹੀਣ ਬਪਾਰ ਜੈਸਕ ਅਰਥ ਬਿਨੁ ਇਸ ਲੋਕ ॥

ਇਸ ਲੋਕ ਵਿਚ ਜਿਵੇਂ ਦਰਬ (ਧਨ) ਤੋਂ ਵਾਂਝੇ ਦਾ ਵਪਾਰ ਧਨ ('ਅਰਥ') ਤੋਂ ਬਿਨਾ ਨਹੀਂ ਹੋ ਸਕਦਾ।

ਆਂਖ ਹੀਣ ਬਿਲੋਕਬੋ ਜਗਿ ਕਾਮਕੇਲ ਅਕੋਕ ॥

ਅੱਖਾਂ ਤੋਂ ਅੰਨ੍ਹਾ (ਵਿਅਕਤੀ) ਜਗਤ ਨੂੰ ਨਹੀਂ ਵੇਖ ਸਕਦਾ ਅਤੇ ਕੋਕ ਸ਼ਾਸਤ੍ਰ ਤੋਂ ਅਣਜਾਣ ਕਾਮ ਕ੍ਰੀੜਾ ਨੂੰ ਨਹੀਂ ਮਾਣ ਸਕਦਾ।

ਗਿਆਨ ਹੀਣ ਸੁ ਪਾਠ ਗੀਤਾ ਬੁਧਿ ਹੀਣ ਬਿਚਾਰ ॥

ਗਿਆਨ ਤੋਂ ਹੀਣਾ ਗੀਤਾ ਦਾ ਪਾਠ ਅਤੇ ਬੁੱਧੀ ਤੋਂ ਬਿਨਾ ਵਿਚਾਰ ਨਹੀਂ ਹੋ ਸਕਦਾ।

ਹਿੰਮਤ ਹੀਨ ਜੁਧਾਨ ਜੂਝਬ ਕੇਲ ਹੀਣ ਕੁਮਾਰ ॥੬੧॥

ਹਿੰਮਤ ਤੋਂ ਬਿਨਾ ਯੋਧਾ ਲੜ ਨਹੀਂ ਸਕਦਾ ਅਤੇ ਕੌਤਕਾਂ ਅਤੇ ਕ੍ਰੀੜਾਵਾਂ ਤੋਂ ਬਿਨਾ ਰਾਜ ਕੁਮਾਰ (ਸ਼ੋਭਦਾ ਨਹੀਂ ਹੈ) ॥੬੧॥

ਕਉਨ ਕਉਨ ਗਨਾਈਐ ਜੇ ਭਏ ਭੂਮਿ ਮਹੀਪ ॥

ਧਰਤੀ ਉਤੇ ਜਿਹੜੇ ਰਾਜੇ ਹੋਏ ਹਨ, (ਉਨ੍ਹਾਂ ਵਿਚੋਂ) ਕਿਸ ਕਿਸ ਨੂੰ ਗਿਣੀਏ।

ਕਉਨ ਕਉਨ ਸੁ ਕਥੀਐ ਜਗਿ ਕੇ ਸੁ ਦ੍ਵੀਪ ਅਦ੍ਵੀਪ ॥

ਜਗਤ ਵਿਚ ਦੀਪਾਂ ਅਤੇ ਅਦੀਪਾਂ (ਦੇ ਜੋ ਸੁਆਮੀ ਹੋਏ ਹਨ, ਉਨ੍ਹਾਂ ਵਿਚੋਂ) ਕਿਹੜੇ ਕਿਹੜੇ ਦਾ ਕਥਨ ਕਰੀਏ।

ਜਾਸੁ ਕੀਨ ਗਨੈ ਵਹੈ ਇਮਿ ਔਰ ਕੀ ਨਹਿ ਸਕਤਿ ॥

ਜਿਸ (ਪ੍ਰਭੂ) ਨੇ ਪੈਦਾ ਕੀਤੇ ਹਨ, ਉਹੀ ਇਨ੍ਹਾਂ ਨੂੰ ਗਿਣ ਸਕਦਾ ਹੈ, ਹੋਰ ਕਿਸੇ ਦੀ ਸ਼ਕਤੀ ਨਹੀਂ ਹੈ।

ਯੌ ਨ ਐਸ ਪਹਚਾਨੀਐ ਬਿਨੁ ਤਾਸੁ ਕੀ ਕੀਏ ਭਗਤਿ ॥੬੨॥

ਉਸ ਦੀ ਭਗਤੀ ਕੀਤੇ ਬਿਨਾ ਉਸ ਨੂੰ ਇਵੇਂ ਕਿਵੇਂ ਨਹੀਂ ਪਛਾਣਿਆ ਜਾ ਸਕਦਾ ॥੬੨॥

ਇਤਿ ਰਾਜਾ ਭਰਥ ਰਾਜ ਸਮਾਪਤੰ ॥੩॥੫॥

ਇਥੇ ਰਾਜਾ ਭਰਤ ਦੇ ਰਾਜ ਦੀ ਸਮਾਪਤੀ।

ਅਥ ਰਾਜਾ ਸਗਰ ਰਾਜ ਕਥਨੰ ॥

ਹੁਣ ਰਾਜਾ ਸਗਰ ਦੇ ਰਾਜ ਦਾ ਕਥਨ:

ਰੂਆਲ ਛੰਦ ॥

ਰੂਆਲ ਛੰਦ:

ਸ੍ਰੇਸਟ ਸ੍ਰੇਸਟ ਭਏ ਜਿਤੇ ਇਹ ਭੂਮਿ ਆਨਿ ਨਰੇਸ ॥

ਇਸ ਧਰਤੀ ਉਤੇ ਜਿਤਨੇ ਵੀ ਸ੍ਰੇਸ਼ਠ ਸ੍ਰੇਸ਼ਠ ਰਾਜੇ ਹੋਏ ਹਨ,

ਤਉਨ ਤਉਨ ਉਚਾਰਹੋ ਤੁਮਰੇ ਪ੍ਰਸਾਦਿ ਅਸੇਸ ॥

ਤੇਰੀ ਕ੍ਰਿਪਾ ਨਾਲ ਉਨ੍ਹਾਂ ਸਾਰਿਆਂ ਦਾ ਵਰਣਨ ਕਰਦਾ ਹਾਂ।

ਭਰਥ ਰਾਜ ਬਿਤੀਤ ਭੇ ਭਏ ਰਾਜਾ ਸਗਰ ਰਾਜ ॥

ਭਰਤਦਾ ਰਾਜ ਬੀਤ ਗਿਆ ਅਤੇ ਰਾਜਾ ਸਗਰ ਦਾ ਰਾਜ ਹੋ ਗਿਆ।

ਰੁਦ੍ਰ ਕੀ ਤਪਸਾ ਕਰੀ ਲੀਅ ਲਛ ਸੁਤ ਉਪਰਾਜਿ ॥੬੩॥

(ਉਸ ਨੇ) ਰੁਦ੍ਰ ਦੀ ਤਪਸਿਆ ਕੀਤੀ ਅਤੇ ਇਕ ਲੱਖ ਪੁਤਰ ਪੈਦਾ ਕਰ ਲਏ ॥੬੩॥

ਚਕ੍ਰ ਬਕ੍ਰ ਧੁਜਾ ਗਦਾ ਭ੍ਰਿਤ ਸਰਬ ਰਾਜ ਕੁਮਾਰ ॥

ਸਾਰਿਆਂ ਰਾਜ ਕੁਮਾਰਾਂ ਨੇ ਟੇਢੇ ਚੱਕਰ, ਧੁਜਾਵਾਂ, ਗਦਾਵਾਂ ਅਤੇ ਸੇਵਕ (ਰਖੇ ਹੋਏ ਹਨ)।

ਲਛ ਰੂਪ ਧਰੇ ਮਨੋ ਜਗਿ ਆਨਿ ਮੈਨ ਸੁ ਧਾਰ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਨੇ ਜਗਤ ਵਿਚ ਲੱਖ ਰੂਪ ਆ ਕੇ ਧਾਰਨ ਕੀਤੇ ਹੋਣ।

ਬੇਖ ਬੇਖ ਬਨੇ ਨਰੇਸ੍ਵਰ ਜੀਤਿ ਦੇਸ ਅਸੇਸ ॥

ਰਾਜ ਕੁਮਾਰਾਂ ਨੇ ਵੱਖ ਵੱਖ ਤਰ੍ਹਾਂ ਦੇ (ਬਾਣੇ) ਧਾਰਨ ਕੀਤੇ ਹੋਏ ਹਨ ਅਤੇ ਬੇਅੰਤ ਦੇਸ ਜਿਤ ਲਏ ਹਨ।

ਦਾਸ ਭਾਵ ਸਬੈ ਧਰੇ ਮਨਿ ਜਤ੍ਰ ਤਤ੍ਰ ਨਰੇਸ ॥੬੪॥

ਜਿਥੇ ਕਿਥੇ ਰਾਜਾ ਲੋਕ (ਉਨ੍ਹਾਂ ਪ੍ਰਤਿ) ਮਨ ਵਿਚ ਦਾਸ ਭਾਵ ਰਖਦੇ ਸਨ ॥੬੪॥

ਬਾਜ ਮੇਧ ਕਰੈ ਲਗੈ ਹਯਸਾਲਿ ਤੇ ਹਯ ਚੀਨਿ ॥

ਰਾਜਾ ਸਗਰ ਅਸ਼੍ਵਮੇਧ ਯੱਗ ਕਰਨ ਲਗਾ (ਅਤੇ ਇਸ ਲਈ) ਘੋੜਸ਼ਾਲਾ ਤੋਂ ਇਕ ਘੋੜਾ ਚੁਣ ਲਿਆ।

ਬੋਲਿ ਬੋਲਿ ਅਮੋਲ ਰਿਤੁਜ ਮੰਤ੍ਰ ਮਿਤ੍ਰ ਪ੍ਰਬੀਨ ॥

(ਰਾਜੇ ਨੇ ਦੇਸਾਂ ਦੇਸਾਂ ਤੋਂ) ਸ਼ਿਰੋਮਣੀ ਰਿਤਜ (ਵੇਦ ਪਾਠੀ ਅਤੇ ਯੱਗ ਕਰਨ ਵਾਲੇ ਬ੍ਰਾਹਮਣ) ਅਤੇ ਪ੍ਰਬੀਨ ਮੰਤ੍ਰੀ, ਮਿਤਰ ਬੁਲਾ ਲਏ।

ਸੰਗ ਦੀਨ ਸਮੂਹ ਸੈਨ ਬ੍ਰਯੂਹ ਬ੍ਰਯੂਹ ਬਨਾਇ ॥

(ਵੱਖਰੇ ਵੱਖਰੇ) ਟੋਲੇ ਬਣਾ ਕੇ ਸਭ ਨੂੰ ਸੈਨਾ ਦਲ ਸਹਿਤ (ਘੋੜੇ ਨਾਲ) ਤੋਰ ਦਿੱਤਾ।

ਜਤ੍ਰ ਤਤ੍ਰ ਫਿਰੈ ਲਗੇ ਸਿਰਿ ਅਤ੍ਰ ਪਤ੍ਰ ਫਿਰਾਇ ॥੬੫॥

(ਉਹ ਰਾਜ ਕੁਮਾਰ) ਸਿਰ ਉਤੇ ਛੱਤਰ ਝੁਲਾਉਂਦੇ ਹੋਏ ਇਧਰ ਉਧਰ ਫਿਰਨ ਲਗੇ ॥੬੫॥

ਜੈਤਪਤ੍ਰ ਲਹ੍ਯੋ ਜਹਾ ਤਹ ਸਤ੍ਰੁ ਭੇ ਸਭ ਚੂਰ ॥

ਜਿਥੇ ਕਿਥੇ ਗਏ ਉਥੇ ਵਿਜੈ-ਪੱਤਰ ਪ੍ਰਾਪਤ ਕੀਤਾ ਅਤੇ ਸਾਰੇ ਵੈਰੀ ਨਸ਼ਟ ਹੋ ਗਏ।

ਛੋਰਿ ਛੋਰਿ ਭਜੇ ਨਰੇਸ੍ਵਰ ਛਾਡਿ ਸਸਤ੍ਰ ਕਰੂਰ ॥

ਭਿਆਨਕ ਸ਼ਸਤ੍ਰਾਂ ਨੂੰ ਛਡ ਕੇ ਰਾਜੇ ਭਜ ਗਏ।

ਡਾਰਿ ਡਾਰਿ ਸਨਾਹਿ ਸੂਰ ਤ੍ਰੀਆਨ ਭੇਸ ਸੁ ਧਾਰਿ ॥

ਸੂਰਮਿਆਂ ਨੇ ਕਵਚ ਉਤਾਰ ਉਤਾਰ ਕੇ ਇਸਤਰੀਆਂ ਦਾ ਭੇਸ ਧਾਰਨ ਕਰ ਲਿਆ।

ਭਾਜਿ ਭਾਜਿ ਚਲੇ ਜਹਾ ਤਹ ਪੁਤ੍ਰ ਮਿਤ੍ਰ ਬਿਸਾਰਿ ॥੬੬॥

ਪੁੱਤਰਾਂ ਅਤੇ ਮਿਤਰਾਂ ਨੂੰ ਵਿਸਾਰ ਕੇ ਜਿਥੇ ਕਿਥੇ ਭਜ ਚਲੇ ॥੬੬॥

ਗਾਜਿ ਗਾਜਿ ਗਜੇ ਗਦਾਧਰਿ ਭਾਜਿ ਭਾਜਿ ਸੁ ਭੀਰ ॥

ਗਦਾ ਧਾਰੀ ਬਿਜਲੀ ਵਾਂਗ ਗਜਦੇ ਹਨ ਅਤੇ ਕਾਇਰ ਲੋਕ ਭਜੇ ਜਾ ਰਹੇ ਹਨ।

ਸਾਜ ਬਾਜ ਤਜੈ ਭਜੈ ਬਿਸੰਭਾਰ ਬੀਰ ਸੁਧੀਰ ॥

ਘੋੜਿਆਂ ਅਤੇ ਸਾਜ਼ੋ, ਸਾਮਾਨ ਨੂੰ ਤਿਆਗ ਕੇ ਭਜੇ ਜਾ ਰਹੇ ਹਨ ਅਤੇ ਧੀਰਜ ਵਾਲੇ ਸੂਰਮੇ ਬੇਸੁੱਧ ਹੋ ਰਹੇ ਹਨ।

ਸੂਰਬੀਰ ਗਜੇ ਜਹਾ ਤਹ ਅਸਤ੍ਰ ਸਸਤ੍ਰ ਨਚਾਇ ॥

ਜਿਥੇ ਕਿਥੇ ਸੂਰਬੀਰ ਗਜਦੇ ਹਨ ਅਤੇ ਅਸਤ੍ਰ-ਸ਼ਸਤ੍ਰ ਨਚਾਉਂਦੇ ਹਨ।

ਜੀਤਿ ਜੀਤਿ ਲਏ ਸੁ ਦੇਸਨ ਜੈਤਪਤ੍ਰ ਫਿਰਾਇ ॥੬੭॥

ਦੇਸ ਦੇਸਾਂਤਰਾਂ ਨੂੰ ਜਿਤ ਜਿਤ ਕੇ ਵਿਜੈ ਪੱਤਰ ਫਿਰਾ ਦਿੱਤਾ ਹੈ ॥੬੭॥

ਜੀਤਿ ਪੂਰਬ ਪਛਿਮੈ ਅਰੁ ਲੀਨ ਦਛਨਿ ਜਾਇ ॥

ਪੂਰਬ ਅਤੇ ਪੱਛਮ ਨੂੰ ਜਿਤ ਕੇ ਦੱਖਣ ਨੂੰ ਜਾ ਕੇ ਅਧੀਨ ਕਰ ਲਿਆ।

ਤਾਕਿ ਬਾਜ ਚਲ੍ਯੋ ਤਹਾ ਜਹ ਬੈਠਿ ਥੇ ਮੁਨਿ ਰਾਇ ॥

(ਫਿਰ) ਜਿਥੇ ਮਹਾਮੁਨੀ (ਕਪਿਲ) ਬੈਠੇ ਸਨ, ਘੋੜਾ (ਉਸ ਨੂੰ) ਵੇਖ ਕੇ ਉਧਰ ਨੂੰ ਚਲਿਆ ਗਿਆ।

ਧ੍ਰਯਾਨ ਮਧਿ ਹੁਤੇ ਮਹਾ ਮੁਨਿ ਸਾਜ ਬਾਜ ਨ ਦੇਖਿ ॥

ਮਹਾਮੁਨੀ ਧਿਆਨ ਵਿਚ ਲਗੇ ਹੋਏ ਸਨ, (ਇਸ ਲਈ) ਸੁਸਜਿਤ ਘੋੜੇ ਨੂੰ ਨਾ ਵੇਖਿਆ।

ਪ੍ਰਿਸਟਿ ਪਛ ਖਰੋ ਭਯੋ ਰਿਖਿ ਜਾਨਿ ਗੋਰਖ ਭੇਖ ॥੬੮॥

ਗੋਰਖ ਭੇਸ ਵਿਚ ਜਾਣ ਕੇ (ਘੋੜਾ) ਰਿਸ਼ੀ ਦੇ ਪਿਛੇ ਜਾ ਕੇ ਖੜੋ ਗਿਆ ॥੬੮॥

ਚਉਕ ਚਿਤ ਰਹੇ ਸਬੈ ਜਬ ਦੇਖਿ ਨੈਨ ਨ ਬਾਜ ॥

(ਘੋੜੇ ਦੇ ਨਾਲ ਚਲ ਰਹੇ) ਸਾਰੇ ਚੌਂਕ ਪਏ ਜਦੋਂ (ਉਨ੍ਹਾਂ ਨੇ) ਘੋੜੇ ਨੂੰ ਅੱਖਾਂ ਨਾਲ ਨਾ ਵੇਖਿਆ।

ਖੋਜਿ ਖੋਜਿ ਥਕੇ ਸਬੈ ਦਿਸ ਚਾਰਿ ਚਾਰਿ ਸਲਾਜ ॥

ਸ਼ਰਮ ਦੇ ਮਾਰੇ ਸਾਰੇ ਚੌਹਾਂ ਪਾਸੇ (ਘੋੜੇ ਨੂੰ) ਲਭ ਲਭ ਕੇ ਥਕ ਗਏ।

ਜਾਨਿ ਪਯਾਰ ਗਯੋ ਤੁਰੰਗਮ ਕੀਨ ਚਿਤਿ ਬਿਚਾਰ ॥

ਫਿਰ (ਉਨ੍ਹਾਂ ਨੇ) ਚਿਤ ਵਿਚ ਵਿਚਾਰ ਕੀਤਾ ਕਿ ਘੋੜਾ ਪਾਤਾਲ ਵਿਚ ਚਲਾ ਗਿਆ ਹੈ।

ਸਗਰ ਖਾਤ ਖੁਦੈ ਲਗੇ ਰਣਧੀਰ ਬੀਰ ਅਪਾਰ ॥੬੯॥

ਅਪਾਰ ਰਣਧੀਰ ਸੂਰਬੀਰ ਸਗਰ (ਰਾਜ ਕੁਮਾਰ) ਟੋਏ ਪੁਟਣ ਲਗੇ ॥੬੯॥

ਖੋਦਿ ਖੋਦਿ ਅਖੋਦਿ ਪ੍ਰਿਥਵੀ ਕ੍ਰੋਧ ਜੋਧ ਅਨੰਤ ॥

ਕ੍ਰੋਧਿਤ ਹੋ ਕੇ ਬੇਅੰਤ ਯੋਧੇ ਨਾ ਪੁੱਟੀ ਜਾ ਸਕਣ ਵਾਲੀ ਧਰਤੀ ਨੂੰ ਪੁਟ ਪੁਟ ਕੇ ਸੁਟੀ ਜਾ ਰਹੇ ਸਨ।

ਭਛਿ ਭਛਿ ਗਏ ਸਬੈ ਮੁਖ ਮ੍ਰਿਤਕਾ ਦੁਤਿ ਵੰਤ ॥

ਸੁੰਦਰ ਸ਼ੋਭਾ ਵਾਲੇ (ਸਾਰੇ ਰਾਜ ਕੁਮਾਰਾਂ ਦਾ) ਮੂੰਹ ਮਿੱਟੀ ਪੁਟ ਪੁਟ ਕੇ ('ਭਛਿ ਭਛਿ') ਮਿੱਟੀ ਵਰਗਾ ਹੋ ਗਿਆ।

ਸਗਰ ਖਾਤ ਖੁਦੈ ਲਗੇ ਦਿਸ ਖੋਦ ਦਛਨ ਸਰਬ ॥

ਜਦ ਸਾਰੀ ਦੱਖਣ ਦਿਸ਼ਾ ਨੂੰ ਪੁਟ ਲਿਆ ਗਿਆ

ਜੀਤਿ ਪੂਰਬ ਕੋ ਚਲੇ ਅਤਿ ਠਾਨ ਕੈ ਜੀਅ ਗਰਬ ॥੭੦॥

ਤਾਂ ਮਨ ਵਿਚ ਅਭਿਮਾਨ ਧਾਰਨ ਕਰ ਕੇ ਪੂਰਬ ਦਿਸ਼ਾ ਨੂੰ ਜਿਤਣ ਚਲ ਪਏ ॥੭੦॥

ਖੋਦ ਦਛਨ ਕੀ ਦਿਸਾ ਪੁਨਿ ਖੋਦ ਪੂਰਬ ਦਿਸਾਨ ॥

ਦੱਖਣ ਦਿਸ਼ਾ ਨੂੰ ਪੁਟ ਕੇ (ਖੋਜ ਲਿਆ)

ਤਾਕਿ ਪਛਮ ਕੋ ਚਲੇ ਦਸ ਚਾਰਿ ਚਾਰਿ ਨਿਧਾਨ ॥

ਅਤੇ ਫਿਰ ਅਠਾਰ੍ਹਾਂ ਵਿਦਿਆਵਾਂ ਦੇ ਜਾਣਕਾਰ (ਸਗਰ ਕੁਮਾਰ) ਪੂਰਬ ਦਿਸ਼ਾ ਨੂੰ ਪੁਟ ਕੇ ਪੱਛਮ ਦਿਸ਼ਾ ਵਲ ਚਲ ਪਏ।

ਪੈਠਿ ਉਤਰ ਦਿਸਾ ਜਬੈ ਖੋਦੈ ਲਗੇ ਸਭ ਠਉਰ ॥

ਉੱਤਰ ਦਿਸ਼ਾ ਵਿਚ ਦਾਖਲ ਹੋ ਕੇ ਜਦ ਸਾਰੀ ਥਾਂ ਨੂੰ ਪੁਟਣ ਲਗੇ

ਅਉਰ ਅਉਰ ਠਟੈ ਪਸੂ ਕਲਿ ਕਾਲਿ ਠਾਟੀ ਅਉਰ ॥੭੧॥

(ਤਾਂ ਉਨ੍ਹਾਂ) ਮੂਰਖਾਂ ਨੇ ਹੋਰ ਹੋਰ ਵਿਚਾਰ (ਮਨ ਵਿਚ) ਸੋਚ ਲਿਆ ਪਰ ਕਲਿਯੁਗ ਵਿਚ ਕਾਲ ਨੇ ਹੋਰ ਹੀ ਧਾਰ ਲਿਆ ॥੭੧॥


Flag Counter