ਸ਼੍ਰੀ ਦਸਮ ਗ੍ਰੰਥ

ਅੰਗ - 1128


ਜੋ ਸਿਵ ਬਚਨ ਕਹਿਯੋ ਸੋ ਹ੍ਵੈ ਹੈ ॥

ਜੋ ਸ਼ਿਵ ਬਚਨ ਕਹਿਣਗੇ, ਉਹੀ ਹੋਵੇਗਾ

ਪਰਿਯੋ ਪਰੋਸੋ ਸੁਤ ਗ੍ਰਿਹ ਦੈ ਹੈ ॥੧੫॥

ਅਤੇ ਪਲਿਆ ਪਲੋਸਿਆ ਪੁੱਤਰ ਘਰ ਵਿਚ ਦੇਣਗੇ ॥੧੫॥

ਆਵਤ ਨ੍ਰਿਪਤਿ ਜਾਰ ਡਰਪਾਨੋ ॥

ਰਾਜੇ ਨੂੰ ਆਉਂਦਾ ਵੇਖ ਕੇ ਯਾਰ ਡਰ ਗਿਆ

ਰਾਨੀ ਸੋ ਯੌ ਬਚਨ ਬਖਾਨੋ ॥

ਅਤੇ ਰਾਣੀ ਨੂੰ ਇਸ ਤਰ੍ਹਾਂ ਕਹਿਣ ਲਗਾ

ਨਿਰਾਪ੍ਰਾਧ ਮੋ ਕੌ ਤੈ ਮਾਰਿਯੋ ॥

ਕਿ ਤੂੰ ਮੈਨੂੰ ਬਿਨਾ ਅਪਰਾਧ ਦੇ ਮਾਰ ਰਹੀ ਹੈਂ।

ਮੈ ਤ੍ਰਿਯ ਕਛੁ ਨ ਤੋਰਿ ਬਿਗਾਰਿਯੋ ॥੧੬॥

ਹੇ ਇਸਤਰੀ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ ॥੧੬॥

ਸਿਵ ਬਚ ਸਿਮਰਿ ਤਹਾ ਨ੍ਰਿਪ ਗਯੋ ॥

ਸ਼ਿਵ ਦੇ ਬੋਲ ਨੂੰ ਯਾਦ ਕਰ ਕੇ ਰਾਜਾ ਉਥੇ ਗਿਆ

ਭੋਗ ਕਰਤ ਨਿਜੁ ਤ੍ਰਿਯ ਸੇ ਭਯੋ ॥

ਅਤੇ ਆਪਣੀ ਇਸਤਰੀ ਨਾਲ ਭੋਗ ਕਰਨ ਲਗਾ।

ਪੀਠਿ ਫੇਰਿ ਗ੍ਰਿਹ ਕੋ ਜਬ ਧਾਯੋ ॥

ਜਦ ਉਹ ਪਿਠ ਦੇ ਕੇ ਆਪਣੇ ਘਰ ਵਲ ਗਿਆ

ਤਬ ਤ੍ਰਿਯ ਆਪਨੋ ਜਾਰ ਬੁਲਾਯੋ ॥੧੭॥

ਤਾਂ ਇਸਤਰੀ ਨੇ ਆਪਣੇ ਯਾਰ ਨੂੰ ਬੁਲਾ ਲਿਆ ॥੧੭॥

ਦੋਹਰਾ ॥

ਦੋਹਰਾ:

ਕਹਾ ਜਾਤ ਰਾਜਾ ਕਹਿਯੋ ਸਿਵ ਸੁਤ ਦੀਨੋ ਧਾਮ ॥

(ਫਿਰ ਉਸ ਨੇ ਆਵਾਜ਼ ਦਿੱਤੀ) ਅਤੇ ਕਿਹਾ, ਹੇ ਰਾਜਨ! ਕਿਥੇ ਜਾ ਰਹੇ ਹੋ। ਸ਼ਿਵ ਨੇ ਘਰ ਵਿਚ ਪੁੱਤਰ ਬਖ਼ਸ਼ਿਆ ਹੈ।

ਪਲੋ ਪਲੋਸੋ ਲੀਜਿਯੈ ਮੋਹਨਿ ਰਖਿਯੈ ਨਾਮ ॥੧੮॥

ਪਲਿਆ ਪਲੋਸਿਆ (ਪੁੱਤਰ) ਲਵੋ ਅਤੇ (ਇਸ ਦਾ) ਨਾਂ ਮੋਹਨ ਰਖੋ ॥੧੮॥

ਚੌਪਈ ॥

ਚੌਪਈ:

ਪ੍ਰਥਮ ਜਾਰ ਕੋ ਬੋਲਿ ਪਠਾਯੋ ॥

ਪਹਿਲਾਂ ਯਾਰ ਨੂੰ ਬੁਲਾਵਾ ਲਿਆ।

ਦੈ ਦੁੰਦਭਿ ਪੁਨਿ ਰਾਵ ਬੁਲਾਯੋ ॥

ਫਿਰ ਨਗਾਰਾ ਵਜਾ ਕੇ ਰਾਜੇ ਨੂੰ ਬੁਲਾ ਲਿਆ।

ਬਹੁਰਿ ਕੂਕਿ ਕੈ ਪੁਰਹਿ ਸੁਨਾਇਸਿ ॥

ਫਿਰ ਕੂਕ ਕੇ ਨਗਰ ਨੂੰ ਸੁਣਾਇਆ

ਮਿਤਵਾ ਕੋ ਸੁਤ ਕੈ ਠਹਰਾਇਸਿ ॥੧੯॥

ਅਤੇ ਯਾਰ ਨੂੰ ਪੁੱਤਰ ਕਰ ਕੇ ਰਖ ਲਿਆ ॥੧੯॥

ਦੋਹਰਾ ॥

ਦੋਹਰਾ:

ਨਿਸੁ ਦਿਨ ਰਾਖਤ ਜਾਰ ਕੋ ਸੁਤ ਸੁਤ ਕਹਿ ਕਹਿ ਧਾਮ ॥

(ਹੁਣ) ਉਹ ਯਾਰ ਨੂੰ 'ਪੁੱਤਰ ਪੁੱਤਰ' ਕਹਿ ਕੇ ਰਾਤ ਦਿਨ ਘਰ ਵਿਚ ਰਖ ਰਹੀ ਸੀ।

ਸਿਵ ਬਚ ਲਹਿ ਨ੍ਰਿਪ ਚੁਪ ਰਹਿਯੋ ਇਹ ਛਲ ਛਲ੍ਯੋ ਸੁ ਬਾਮ ॥੨੦॥

ਸ਼ਿਵ ਬਚਨ ਮੰਨ ਕੇ ਰਾਜਾ ਚੁਪ ਰਿਹਾ। ਇਸ ਛਲ ਨਾਲ ਇਸਤਰੀ ਨੇ (ਰਾਜੇ ਨੂੰ) ਛਲ ਲਿਆ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੪॥੪੨੭੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੪॥੪੨੭੪॥ ਚਲਦਾ॥

ਚੌਪਈ ॥

ਚੌਪਈ:

ਬਾਰਾਣਸੀ ਨਗਰਿਕ ਬਿਰਾਜੈ ॥

ਇਕ ਵਾਰਾਣਸੀ ਨਾਂ ਦਾ ਸ਼ਹਿਰ ਹੈ

ਜਾ ਕੇ ਲਖੇ ਪਾਪ ਸਭ ਭਾਜੈ ॥

ਜਿਸ ਨੂੰ ਵੇਖਣ ਨਾਲ ਹੀ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।

ਬਿਮਲ ਸੈਨ ਰਾਜਾ ਤਹ ਰਹਈ ॥

ਉਥੇ ਬਿਮਲ ਸੈਨ ਨਾਂ ਦਾ ਰਾਜਾ ਰਹਿੰਦਾ ਸੀ।

ਸਭ ਦੁਰਜਨ ਕੇ ਦਲ ਕੋ ਦਹਈ ॥੧॥

(ਉਹ) ਸਾਰਿਆਂ ਪਾਪੀਆਂ ਦੇ ਦਲਾਂ ਨੂੰ ਨਸ਼ਟ ਕਰ ਦਿੰਦਾ ਸੀ ॥੧॥

ਸੁਨਤ ਕੁਅਰ ਨ੍ਰਿਪ ਕੋ ਇਕ ਸੁਤ ਬਰ ॥

ਸੁਨਤ ਕੁੰਵਰ ਨਾਂ ਦਾ ਰਾਜੇ ਦਾ ਇਕ ਸੁੰਦਰ ਪੁੱਤਰ ਸੀ।

ਅਮਿਤ ਦਰਬੁ ਤਾ ਕੇ ਭੀਤਰ ਘਰ ॥

ਉਸ ਦੇ ਘਰ ਵਿਚ ਬੇਹਿਸਾਬ ਧਨ ਸੀ।

ਜੋ ਅਬਲਾ ਤਿਹ ਰੂਪ ਨਿਹਾਰੈ ॥

ਜਿਹੜੀ ਵੀ ਇਸਤਰੀ ਉਸ ਦੇ ਰੂਪ ਨੂੰ ਵੇਖਦੀ ਸੀ,

ਸਭ ਹੀ ਦਰਬੁ ਆਪਨੋ ਵਾਰੈ ॥੨॥

(ਉਹ) ਆਪਣਾ ਸਾਰਾ ਧਨ (ਉਸ ਤੋਂ) ਵਾਰ ਦਿੰਦੀ ਸੀ ॥੨॥

ਦੋਹਰਾ ॥

ਦੋਹਰਾ:

ਸ੍ਰੀ ਚਖੁਚਾਰੁ ਮਤੀ ਰਹੈ ਨ੍ਰਿਪ ਕੀ ਸੁਤਾ ਅਪਾਰ ॥

ਚਖੁਚਾਰੁ ਮਤੀ ਨਾਂ ਦੀ ਰਾਜੇ ਦੀ ਬਹੁਤ ਸੁੰਦਰ ਪੁੱਤਰੀ ਸੀ।

ਕੈ ਰਤਿ ਪਤਿ ਕੀ ਪੁਤ੍ਰਕਾ ਕੈ ਰਤਿ ਕੋ ਅਵਤਾਰ ॥੩॥

ਉਹ ਜਾਂ ਤਾਂ ਰਤੀ ਦੀ ਪੁੱਤਰੀ ਸੀ ਜਾਂ ਰਤੀ ਦਾ ਅਵਤਾਰ ਸੀ ॥੩॥

ਅੜਿਲ ॥

ਅੜਿਲ:

ਜਬ ਚਖੁਚਾਰੁ ਮਤੀ ਤਿਹ ਰੂਪ ਨਿਹਾਰਿਯੋ ॥

ਜਦ ਚਖੁਚਾਰੁ ਮਤੀ ਨੇ ਉਸ ਦਾ ਰੂਪ ਵੇਖਿਆ

ਯਹੈ ਆਪਨੇ ਚਿਤ ਕੇ ਬਿਖੈ ਬਿਚਾਰਿਯੋ ॥

ਤਾਂ ਆਪਣੇ ਮਨ ਵਿਚ ਇਹ ਵਿਚਾਰਿਆ

ਕ੍ਯੋ ਹੂੰ ਐਸੋ ਛੈਲ ਜੁ ਇਕ ਛਿਨ ਪਾਇਯੈ ॥

ਕਿ ਕਿਸੇ ਤਰ੍ਹਾਂ ਇਹੋ ਜਿਹਾ ਛੈਲ (ਮੈਨੂੰ) ਇਕ ਛਿਣ ਲਈ ਮਿਲ ਜਾਏ,

ਹੋ ਕਰੋ ਨ ਨ੍ਯਾਰੋ ਨੈਕ ਸਦਾ ਬਲਿ ਜਾਇਯੈ ॥੪॥

(ਤਦ) ਉਸ ਨੂੰ ਬਿਲਕੁਲ ਵੱਖ ਨਾ ਕਰਾਂ ਅਤੇ ਸਦਾ ਬਲਿਹਾਰ ਜਾਵਾਂ ॥੪॥

ਦੋਹਰਾ ॥

ਦੋਹਰਾ:

ਸਹਚਰਿ ਏਕ ਬੁਲਾਇ ਕੈ ਤਾ ਕੇ ਦਈ ਪਠਾਇ ॥

ਇਕ ਦਾਸੀ ਬੁਲਾ ਕੇ ਉਸ ਵਲ ਭੇਜ ਦਿੱਤੀ

ਮੋ ਕੌ ਮੀਤ ਮਿਲਾਇਯੈ ਕਰਿ ਕੈ ਕੋਟਿ ਉਪਾਇ ॥੫॥

(ਅਤੇ ਕਿਹਾ ਕਿ) ਅਨੇਕ ਤਰ੍ਹਾਂ ਦੇ ਉਪਾ ਕਰ ਕੇ ਮੈਨੂੰ ਮਿਤਰ ਨਾਲ ਮਿਲਾ ਦੇ ॥੫॥

ਅੜਿਲ ॥

ਅੜਿਲ:

ਦੀਜੈ ਸਖੀ ਮਿਲਾਇ ਸਜਨ ਮੁਹਿ ਚਾਹਿਯੈ ॥

ਹੇ ਸਖੀ! (ਮੈਨੂੰ) ਸੱਜਣ ਮਿਲਾ ਦੇ, ਮੈਨੂੰ (ਇਹ) ਚਾਹੀਦਾ ਹੈ।

ਜਾ ਕੇ ਬਿਰਹ ਬਿਸੇਖ ਭਏ ਹਿਯ ਦਾਹਿਯੈ ॥

ਉਸ ਦੇ ਵਿਸ਼ੇਸ਼ ਵਿਯੋਗ ਵਿਚ ਮੇਰਾ ਹਿਰਦਾ ਸੜ ਰਿਹਾ ਹੈ।

ਜਿਯ ਆਵਤ ਉਡ ਮਿਲੌਂ ਸੰਕ ਕੋ ਛੋਰਿ ਕੈ ॥

(ਮੇਰੇ) ਮਨ ਵਿਚ ਆਉਂਦਾ ਹੈ ਕਿ ਸੰਗ ਨੂੰ ਛਡ ਕੇ ਉਸ ਨੂੰ ਉਡ ਕੇ ਮਿਲਾਂ

ਹੋ ਲੋਕ ਲਾਜ ਕੁਲ ਕਾਨਿ ਕਰੋਰਿਕ ਓਰਿ ਕੈ ॥੬॥

ਅਤੇ ਲੋਕ ਲਾਜ ਤੇ ਕੁਲ ਦੀ ਮਰਯਾਦਾ ਨੂੰ ਇਕ ਪਾਸੇ ਕਰ ਦਿਆਂ ॥੬॥

ਸ੍ਯਾਨੀ ਸਖੀ ਬਿਸੇਖ ਭੇਦ ਤਿਹ ਪਾਇ ਕੈ ॥

ਸਿਆਣੀ ਸਖੀ ਨੇ ਉਸ ਦੇ ਵਿਸ਼ੇਸ਼ ਭੇਦ ਨੂੰ ਪਾ ਲਿਆ