ਕਵੀ ਰਾਮ ਕਹਿੰਦੇ ਹਨ, ਕ੍ਰਿਤਾਸਤ੍ਰ ਸਿੰਘ ਬਹੁਤ ਕ੍ਰੋਧ ਕਰ ਕੇ ਯੁੱਧ-ਭੂਮੀ ਵਿਚ ਕੁਦ ਪਿਆ ਹੈ।
ਆ ਕੇ ਅਨੂਪ ਸਿੰਘ ਨਾਲ ਉਸ ਨੇ ਤਲਵਾਰ ਲੈ ਕੇ ਬਹੁਤ ਤਕੜਾ ਯੁੱਧ ਕੀਤਾ ਹੈ।
(ਬਲਰਾਮ ਨੇ) ਬਹੁਤ ਵੱਡੇ ਧਨੁਸ਼ ਵਿਚ ਬਾਣ ਕਸ ਲਿਆ ਅਤੇ ਅਨੂਪ ਸਿੰਘ ਦੀ ਛਾਤੀ ਵਿਚ ਮਾਰਿਆ।
ਲਗਦਿਆਂ ਹੀ (ਉਸ ਦੇ) ਪ੍ਰਾਣ ਉਸੇ ਵੇਲੇ ਚਲੇ ਗਏ ਅਤੇ ਸੂਰਜ-ਮੰਡਲ ਨੂੰ ਵਿੰਨ੍ਹਦੇ ਪਾਰ ਨਿਕਲ ਗਏ ॥੧੩੫੭॥
ਈਸ਼ਰ ਸਿੰਘ ਅਤੇ ਸਕੰਧ ਸੂਰਮਾ, ਦੋਵੇਂ ਯੁੱਧ-ਭੂਮੀ ਵਿਚ ਇਸ ਦੇ ਉਪਰ ਚੜ੍ਹ ਕੇ ਆ ਗਏ।
ਉਸ ਵੇਲੇ ਕ੍ਰਿਤਾਸਤ੍ਰ ਸਿੰਘ ਨੇ ਆਉਂਦਿਆਂ ਨੂੰ ਵੇਖ ਕੇ ਤਿਖੇ ਬਾਣ ਚਲਾ ਦਿੱਤੇ।
ਉਨ੍ਹਾਂ ਨੂੰ ਚੰਦ੍ਰਕ ਬਾਣ ਲਗੇ ਅਤੇ ਦੋਹਾਂ ਦੇ ਸਿਰ ਕਟੇ ਹੋਏ ਧਰਤੀ ਉਤੇ ਗਿਰ ਗਏ।
(ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਲਈ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਸਿਰਾਂ ਨੂੰ ਘਰ ਹੀ ਧਰ ਕੇ ਆਏ ਹੋਣ ॥੧੩੫੮॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਵਤਾਰ ਦੇ ਯੁੱਧ ਪ੍ਰਬੰਧ ਦੇ ਅਨੂਪ ਸਿੰਘ ਸਹਿਤ ਦਸ ਰਾਜਿਆਂ ਦਾ ਬਧ ਅਧਿਆਇ ਸਮਾਪਤ।
ਹੁਣ ਕਰਮ ਸਿੰਘ ਆਦਿ ਪੰਜ ਰਾਜਿਆਂ ਦੇ ਯੁੱਧ ਦਾ ਕਥਨ
ਛਪੈ ਛੰਦ:
ਕਰਮ ਸਿੰਘ, ਜਯ ਸਿੰਘ ਅਤੇ ਹੋਰ ਯੋਧੇ ਰਣ-ਭੂਮੀ ਵਿਚ ਆ ਗਏ।
ਜਾਲਪ ਸਿੰਘ ਅਤੇ ਗਜਾ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੋਇਆ ਹੈ।
ਜਗਤ ਸਿੰਘ (ਸਮੇਤ ਇਹ) ਪੰਜੇ ਰਾਜੇ ਬਹੁਤ ਸੁੰਦਰ ਅਤੇ ਬਹਾਦਰ ਸਨ।
ਇਨ੍ਹਾਂ ਨੇ ਬਹੁਤ ਭਿਆਨਕ ਯੁੱਧ ਕੀਤਾ ਹੈ ਅਤੇ ਬਹੁਤ ਸਾਰੇ ਯਾਦਵ ਸੈਨਿਕ ਮਾਰ ਦਿੱਤੇ ਹਨ।
ਤਦ ਕ੍ਰਿਤਾਸਤ੍ਰ ਸਿੰਘ ਨੇ ਸ਼ਸਤ੍ਰ ਕਸ ਕੇ ਚਾਰ ਰਾਜੇ ਮਾਰ ਦਿੱਤੇ ਹਨ।
ਇਕ ਜਗਤ ਸਿੰਘ ਜੀਉਂਦਾ ਬਚਿਆ ਹੈ (ਕਿਉਂਕਿ) ਉਸ ਨੇ ਛਤ੍ਰੀਪਨ ਨੂੰ ਹਿਰਦੇ ਵਿਚ ਦ੍ਰਿੜ੍ਹਤਾ ਨਾਲ ਧਾਰਿਆ ਹੋਇਆ ਹੈ ॥੧੩੫੯॥
ਚੌਪਈ:
ਕਰਮ ਸਿੰਘ ਅਤੇ ਜਾਲਪ ਸਿੰਘ ਧਾ ਕੇ ਆ ਪਏ ਹਨ।
ਗਜਾ ਸਿੰਘ ਅਤੇ ਜੈ ਸਿੰਘ ਵੀ ਆ ਗਏ ਹਨ।
ਜਗਤ ਸਿੰਘ ਨੇ ਮਨ ਵਿਚ ਬਹੁਤ ਹੰਕਾਰ ਕੀਤਾ ਹੋਇਆ ਹੈ।
ਇਸ ਲਈ ਕਾਲ ਨੇ (ਉਸ ਨੂੰ) ਰਣ-ਭੂਮੀ ਵਲ ਪ੍ਰੇਰਿਆ ਹੈ ॥੧੩੬੦॥
ਦੋਹਰਾ:
ਬਹਾਦਰ ਯੋਧੇ ਕਰਮ ਸਿੰਘ, ਜਾਲਪਾ ਸਿੰਘ, ਰਾਜ ਸਿੰਘ
ਅਤੇ ਜਯ ਸਿੰਘ ਸਮੇਤ ਕ੍ਰਿਤਾਸ ਸਿੰਘ ਨੇ ਚਾਰ ਰਣਧੀਰ (ਯੋਧੇ) ਮਾਰ ਦਿੱਤੇ ਹਨ ॥੧੩੬੧॥
ਸਵੈਯਾ:
ਕ੍ਰਿਤਾਸ ਸਿੰਘ ਨੇ ਯੁੱਧ-ਭੂਮੀ ਵਿਚ ਕ੍ਰਿਸ਼ਨ ਦੇ ਪਾਸੇ ਦੇ ਚਾਰ ਰਾਜੇ ਮਾਰ ਦਿੱਤੇ ਹਨ।
ਹੋਰ ਵੀ ਬਹੁਤ ਸਾਰੇ ਧਨੁਸ਼ਧਾਰੀ ਯੁੱਧ ਵੀਰ ਮਾਰੇ ਗਏ ਹਨ ਅਤੇ ਬਹੁਤ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਯਮਲੋਕ ਭੇਜ ਦਿੱਤਾ ਹੈ।
ਜਗਤ ਸਿੰਘ ਬਲੀ ਯੋਧਾ ਆਪਣੇ ਨਾਲ ਧਨੁਸ਼ ਬਾਣ ਨੂੰ ਸੰਭਾਲ ਕੇ (ਯੁੱਧ-ਭੂਮੀ ਵਿਚ) ਜਾ ਲੜਿਆ ਹੈ।
ਹੋਰ ਜਿਤਨੇ ਸੂਰਮੇ ਰਣ-ਭੂਮੀ ਵਿਚ ਖੜੋਤੇ ਹੋਏ ਸਨ, ਉਨ੍ਹਾਂ ਨੂੰ ਵੇਖ ਕੇ ਬਾਣਾਂ ਦੀ ਵਾਛੜ ਲਾ ਦਿੱਤੀ ਹੈ ॥੧੩੬੨॥
ਮਾਰ ਮਾਰ ਕੇ ਸੈਨਾ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਫਿਰ ਹੱਥ ਵਿਚ ਤਲਵਾਰ ਪਕੜੀ ਹੋਈ ਹੈ।
ਭਜ ਕੇ ਆ ਗਿਆ ਹੈ ਅਤੇ (ਯੁੱਧ ਵਿਚ ਰਾਜਾ ਜਗਤ ਸਿੰਘ ਅਗੇ) ਡਟ ਗਿਆ ਹੈ ਅਤੇ ਜਗਤ ਸਿੰਘ ਦੇ ਸਿਰ ਉਤੇ ਹੱਥ ਨਾਲ ਵਾਰ ਕੀਤਾ ਹੈ।
(ਫਲਸਰੂਪ) ਉਹ ਦੋ ਫਾੜ ਹੋ ਕੇ ਰਥ ਉਤੋਂ ਧਰਤੀ ਉਤੇ ਡਿਗ ਪਿਆ ਹੈ, ਉਸ (ਦ੍ਰਿਸ਼ ਦਾ) ਭਾਵ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ।
ਮਾਨੋ ਪਰਬਤ ਦੇ ਉਪਰ ਸਾਲ (ਦੇ ਬ੍ਰਿਛ ਉਤੇ) ਬਿਜਲੀ ਪਈ ਹੈ ਅਤੇ ਉਸ ਦੇ ਦੋ ਟੋਟੇ ਕਰ ਕੇ ਸੁਟ ਦਿੱਤੇ ਹਨ ॥੧੩੬੩॥
ਦੋਹਰਾ:
ਕ੍ਰਿਸ਼ਨ ਦੀ ਸੈਨਾ ਦਾ ਕਠਿਨ ਸਿੰਘ (ਨਾਂ ਦਾ) ਯੋਧਾ ਇਸ ਉਤੇ (ਇਸ ਢੰਗ ਨਾਲ) ਆ ਕੇ (ਪਿਆ)
ਜਿਵੇਂ ਮਸਤ ਹਾਥੀ ਸ਼ੇਰ ਉਤੇ ਕ੍ਰੋਧਿਤ ਹੋ ਕੇ ਆਉਂਦਾ ਹੈ ॥੧੩੬੪॥
ਸਵੈਯਾ:
ਵੈਰੀ ਨੂੰ ਆਉਂਦਿਆਂ ਵੇਖ ਕੇ, ਉਸ ਨੇ ਇਕ ਹੀ ਬਾਣ ਨਾਲ ਮਾਰ ਦਿੱਤਾ ਹੈ।
ਉਸ ਨਾਲ ਹੋਰ ਵੀ ਜਿਤਨੀ ਸੈਨਾ ਸੀ, ਉਸ ਨੂੰ ਇਕ ਹੀ ਘੜੀ ਵਿਚ ਮਾਰ ਸੁਟਿਆ ਹੈ।
ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਯੋਧੇ ਮਾਰ ਕੇ (ਫਿਰ ਉਸ ਨੇ) ਕ੍ਰੋਧ ਨਾਲ ਕਾਨ੍ਹ ਵਲ ਵੇਖਿਆ
ਅਤੇ ਇਸ ਤਰ੍ਹਾਂ ਨਾਲ ਕਿਹਾ, ਹੇ ਕ੍ਰਿਸ਼ਨ ਜੀ! ਆ ਕੇ ਯੁੱਧ ਕਰੋ, ਡਰੋ ਨਾ, ਰਣਭੂਮੀ ਵਿਚ ਖੜੋ ਕਿਉਂ ਗਏ ਹੋ ॥੧੩੬੫॥
ਤਦ ਸ੍ਰੀ ਕ੍ਰਿਸ਼ਨ ਕ੍ਰੋਧ ਕਰ ਕੇ ਚਲ ਪਏ (ਅਤੇ) ਉਸੇ ਵੇਲੇ ਰਥਵਾਨ ਨੇ ਰਥ ਨੂੰ ਭਜਾ ਦਿੱਤਾ।
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਤਲਵਾਰ ਨੂੰ ਫੜ ਲਿਆ ਅਤੇ ਉਸ ਅਭਿਮਾਨੀ ਵਲ ਵੇਖ ਕੇ ਚਲਾ ਦਿੱਤੀ।
ਕ੍ਰਿਤਾਸਤ੍ਰ ਸਿੰਘ ਨੇ ਹੱਥ ਵਿਚ ਢਾਲ ਲੈ ਲਈ ਅਤੇ ਉਸ ਦੀ ਓਟ ਵਿਚ ਵਾਰ ਬਚਾ ਲਿਆ।
(ਫਿਰ) ਆਪਣੀ ਕ੍ਰਿਪਾਨ ਮਿਆਨ ਵਿਚੋਂ ਕਢ ਕੇ ਰਥਵਾਨ ਦੇ ਤਨ ਉਤੇ ਘਾਓ ਲਗਾ ਦਿੱਤਾ ॥੧੩੬੬॥
ਦੋਵੇਂ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਤਲਵਾਰਾਂ ਦਾ ਯੁੱਧ ਕਰ ਰਹੇ ਹਨ।
ਸ੍ਰੀ ਕ੍ਰਿਸ਼ਨ ਜੀ ਨੇ ਵੈਰੀ ਨੂੰ ਘਾਓ ਲਗਾ ਦਿੱਤਾ ਹੈ ਅਤੇ ਉਸੇ ਵੇਲੇ ਵੈਰੀ ਨੇ ਵੀ ਕ੍ਰਿਸ਼ਨ ਨੂੰ ਘਾਓ ਲਗਾ ਦਿੱਤਾ ਹੈ।