ਸ਼੍ਰੀ ਦਸਮ ਗ੍ਰੰਥ

ਅੰਗ - 1151


ਭੀਤ ਤਰੇ ਤੇ ਸਾਹੁ ਕੋ ਮ੍ਰਿਤਕ ਨਿਕਾਸਿਯੋ ਜਾਇ ॥੨੭॥

ਅਤੇ ਦੀਵਾਰ ਹੇਠੋਂ ਜਾ ਕੇ ਸ਼ਾਹ ਨੂੰ ਮਰੀ ਹੋਈ ਹਾਲਤ ਵਿਚ ਕਢਿਆ ॥੨੭॥

ਚੌਪਈ ॥

ਚੌਪਈ:

ਟੂਕ ਬਿਲੋਕਿ ਚਕ੍ਰਿਤ ਹ੍ਵੈ ਰਹਿਯੋ ॥

(ਸ਼ਾਹ ਦੀ ਲਾਸ਼ ਦੇ) ਟੋਟੇ ਵੇਖ ਕੇ ਹੈਰਾਨ ਹੋ ਗਿਆ।

ਸਾਚੁ ਭਯੋ ਜੋ ਮੁਹਿ ਇਨ ਕਹਿਯੋ ॥

ਇਸ ਨੇ ਜੋ ਮੈਨੂੰ ਕਿਹਾ ਹੈ, ਉਹ ਸੱਚ ਨਿਕਲਿਆ ਹੈ।

ਭੇਦ ਅਭੇਦ ਨ ਕਛੂ ਬਿਚਾਰਿਯੋ ॥

(ਉਸ ਨੇ) ਕੁਝ ਵੀ ਭੇਦ ਅਭੇਦ ਨਾ ਵਿਚਾਰਿਆ

ਸੁਤ ਕੋ ਪਕਰਿ ਕਾਟਿ ਸਿਰ ਡਾਰਿਯੋ ॥੨੮॥

ਅਤੇ ਪੁੱਤਰ ਨੂੰ ਪਕੜ ਕੇ (ਉਸ ਦਾ) ਸਿਰ ਕਟ ਦਿੱਤਾ ॥੨੮॥

ਅੜਿਲ ॥

ਅੜਿਲ:

ਪ੍ਰਥਮ ਮਾਤ ਪਿਤੁ ਮਾਰਿ ਬਹੁਰਿ ਨਿਜੁ ਮੀਤ ਸੰਘਾਰਿਯੋ ॥

ਪਹਿਲਾਂ ਮਾਤਾ ਪਿਤਾ ਨੂੰ ਮਾਰ ਕੇ ਫਿਰ ਮਿਤਰ ਨੂੰ ਮਰਵਾਇਆ।

ਛਲਿਯੋ ਮੂੜ ਮਤਿ ਰਾਇ ਜਵਨ ਨਹਿ ਨ੍ਯਾਇ ਬਿਚਾਰਿਯੋ ॥

(ਫਿਰ) ਮੂਰਖ ਰਾਜੇ ਨੂੰ ਵੀ ਛਲ ਲਿਆ, ਜਿਸ ਨੇ ਨਿਆਂ (ਬਾਰੇ ਸਹੀ) ਵਿਚਾਰ ਨਾ ਕੀਤਾ।

ਸੁਨੀ ਨ ਐਸੀ ਕਾਨ ਕਹੂੰ ਆਗੇ ਨਹਿ ਹੋਈ ॥

ਇਸ ਤਰ੍ਹਾਂ ਦੀ ਗੱਲ ਨਾ ਕੰਨਾਂ ਨਾਲ ਸੁਣੀ ਹੈ ਅਤੇ ਨਾ ਹੀ ਅਗੋਂ ਹੋਏਗੀ।

ਹੋ ਤ੍ਰਿਯ ਚਰਿਤ੍ਰ ਕੀ ਬਾਤ ਜਗਤ ਜਾਨਤ ਨਹਿ ਕੋਈ ॥੨੯॥

ਇਸਤਰੀ ਚਰਿਤ੍ਰ ਦੀ ਗੱਲ ਜਗਤ ਵਿਚ ਕੋਈ ਨਹੀਂ ਜਾਣਦਾ ॥੨੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੪॥੪੫੬੪॥ ਚਲਦਾ॥

ਚੌਪਈ ॥

ਚੌਪਈ:

ਪ੍ਰਾਚੀ ਦਿਸਾ ਪ੍ਰਗਟ ਇਕ ਨਗਰੀ ॥

ਪੂਰਬ ਦਿਸ਼ਾ ਵਿਚ ਇਕ ਨਗਰੀ

ਖੰਭਾਵਤਿ ਸਭ ਜਗਤ ਉਜਗਰੀ ॥

ਖੰਭਾਵਤ ਨਾਂ ਦੀ ਜਗਤ ਵਿਚ ਬਹੁਤ ਉਜਾਗਰ ਸੀ।

ਰੂਪ ਸੈਨ ਰਾਜਾ ਤਹ ਕੇਰਾ ॥

ਉਸ ਦੇ ਰਾਜੇ ਦਾ ਨਾਂ ਰੂਪ ਸੈਨ ਸੀ

ਜਾ ਕੈ ਦੁਸਟ ਨ ਬਾਚਾ ਨੇਰਾ ॥੧॥

ਜਿਸ ਦੇ ਨੇੜੇ ਕੋਈ ਦੁਸ਼ਟ ਨਹੀਂ ਬਚਿਆ ਸੀ ॥੧॥

ਮਦਨ ਮੰਜਰੀ ਨਾਰਿ ਤਵਨ ਕੀ ॥

ਉਸ ਦੀ ਇਸਤਰੀ ਦਾ ਨਾਂ ਮਦਨ ਮੰਜਰੀ ਸੀ।

ਸਸਿ ਕੀ ਸੀ ਛਬਿ ਲਗਤਿ ਜਵਨ ਕੀ ॥

ਉਸ ਦੀ ਸੁੰਦਰਤਾ ਚੰਦ੍ਰਮਾ ਵਰਗੀ ਲਗਦੀ ਸੀ।

ਮ੍ਰਿਗ ਕੇ ਨੈਨ ਦੋਊ ਹਰਿ ਲੀਨੇ ॥

ਉਸ ਨੇ ਹਿਰਨ ਦੇ ਦੋਵੇਂ ਨੈਣ ਚੁਰਾਏ ਹੋਏ ਸਨ।

ਸੁਕ ਨਾਸਾ ਕੋਕਿਲ ਬਚ ਦੀਨੇ ॥੨॥

(ਉਸ ਨੂੰ) ਤੋਤੇ ਨੇ ਨੱਕ ਅਤੇ ਕੋਇਲ ਨੇ ਬੋਲ ਦਿੱਤੇ ਸਨ ॥੨॥

ਰਾਜਾ ਪਿਯਤ ਅਮਲ ਸਭ ਭਾਰੀ ॥

ਰਾਜਾ ਬਹੁਤ ਅਧਿਕ ਅਮਲ ਕਰ ਕੇ

ਭਾਤਿ ਭਾਤਿ ਸੌ ਭੋਗਤ ਨਾਰੀ ॥

ਕਈ ਪ੍ਰਕਾਰ ਨਾਲ ਇਸਤਰੀਆਂ ਨੂੰ ਭੋਗਦਾ ਸੀ।

ਪੋਸਤ ਭਾਗ ਅਫੀਮ ਚੜਾਵੈ ॥

ਪੋਸਤ, ਭੰਗ ਅਤੇ ਅਫ਼ੀਮ ਖਾਂਦਾ ਸੀ

ਪ੍ਯਾਲੇ ਪੀ ਪਚਾਸਇਕ ਜਾਵੈ ॥੩॥

ਅਤੇ (ਇਨ੍ਹਾਂ ਨਸ਼ਿਆਂ ਦੇ) ਪੰਜਾਹ ਕੁ ਪਿਆਲੇ ਪੀ ਜਾਂਦਾ ਸੀ ॥੩॥

ਅੜਿਲ ॥

ਅੜਿਲ:

ਭਾਤਿ ਭਾਤਿ ਰਨਯਨਿ ਸੌ ਭੋਗ ਕਮਾਵਈ ॥

(ਉਹ) ਰਾਣੀਆਂ ਨਾਲ ਭਾਂਤ ਭਾਂਤ ਦੇ ਭੋਗ ਕਰਦਾ ਸੀ।

ਆਸਨ ਚੁੰਬਨ ਕਰਤ ਨ ਗਨਨਾ ਆਵਈ ॥

ਆਸਣ ਅਤੇ ਚੁੰਬਨ (ਇਤਨੇ) ਲੈਂਦਾ ਸੀ ਕਿ ਗਿਣਤੀ ਵਿਚ ਨਹੀਂ ਆਉਂਦੇ ਸਨ।

ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ ॥

ਉਹ ਚਾਰ ਪਹਿਰ (ਰਾਤ) ਸੁਖ ਪੂਰਵਕ ਰਤੀ-ਕ੍ਰੀੜਾ ਕਰਦਾ ਸੀ।

ਹੋ ਜੋ ਰਾਨੀ ਤਿਹ ਰਮੈ ਰਹੈ ਉਰਝਾਇ ਕੈ ॥੪॥

ਜੋ ਰਾਣੀ ਵੀ ਉਸ ਨਾਲ ਰਮਣ ਕਰਦੀ, (ਉਹੀ) ਉਲਝ ਕੇ (ਭਾਵ ਮੋਹਿਤ ਹੋ ਕੇ) ਰਹਿ ਜਾਂਦੀ ॥੪॥

ਸ੍ਰੀ ਰਸ ਤਿਲਕ ਮੰਜਰੀ ਤ੍ਰਿਯਿਕ ਬਖਾਨਿਯੈ ॥

ਰਸ ਤਿਲਕ ਮੰਜਰੀ ਨਾਂ ਦੀ ਇਕ ਇਸਤਰੀ ਦਸੀ ਜਾਂਦੀ ਸੀ।

ਅਧਿਕ ਜਗਤ ਕੇ ਮਾਝ ਧਨਵੰਤੀ ਜਾਨਿਯੈ ॥

(ਉਸ ਨੂੰ) ਜਗਤ ਵਿਚ ਬਹੁਤ ਧਨਵਾਨ ਸਮਝਿਆ ਜਾਂਦਾ ਸੀ।

ਜਾਵਿਤ੍ਰੀ ਜਾਇਫਰ ਨ ਸਾਹੁ ਚਬਾਵਈ ॥

(ਉਹ) ਸ਼ਾਹ ਜਲਵਤ੍ਰੀ ਅਤੇ ਜਾਫਲ ਆਦਿ ਕੁਝ ਵੀ ਨਹੀਂ ਸੀ ਚਬਾਂਦਾ

ਹੋ ਸੋਫੀ ਸੂਮ ਨ ਭੂਲਿ ਭਾਗ ਕੌ ਖਾਵਈ ॥੫॥

ਅਤੇ ਸੋਫੀ ਤੇ ਸ਼ੂਮ ਹੋਣ ਕਰ ਕੇ ਭੁਲ ਕੇ ਵੀ ਭੰਗ ਨਹੀਂ ਖਾਂਦਾ ਸੀ ॥੫॥

ਸਾਹੁ ਆਪੁ ਕੌ ਸ੍ਯਾਨੋ ਅਧਿਕ ਕਹਾਵਈ ॥

ਸ਼ਾਹ ਆਪਣੇ ਆਪ ਨੂੰ ਬਹੁਤ ਸਿਆਣਾ ਅਖਵਾਂਦਾ ਸੀ

ਭੂਲ ਭਾਗ ਸੁਪਨੇ ਹੂੰ ਨ ਘੋਟਿ ਚੜਾਵਈ ॥

ਅਤੇ ਸੁਪਨੇ ਵਿਚ ਭੁਲ ਕੇ ਵੀ ਭੰਗ ਘੋਟ ਕੇ ਨਹੀਂ ਪੀਂਦਾ ਸੀ।

ਪਿਯੈ ਜੁ ਰਾਨੀ ਭਾਗ ਅਧਿਕ ਤਾ ਸੌ ਲਰੈ ॥

ਜੋ ਰਾਣੀ ਭੰਗ ਪੀਂਦੀ ਸੀ, ਉਸ ਨਾਲ ਬਹੁਤ ਲੜਦਾ ਸੀ

ਹੋ ਕੌਡੀ ਕਰ ਤੇ ਦਾਨ ਨ ਸੋਕਾਤੁਰ ਕਰੈ ॥੬॥

ਅਤੇ ਕਿਸੇ ਦੀਨ-ਦੁਖੀਏ ਨੂੰ ਇਕ ਕੌਡੀ ਵੀ ਹੱਥੋਂ ਦਾਨ ਨਹੀਂ ਦਿੰਦਾ ਸੀ ॥੬॥

ਚੌਪਈ ॥

ਚੌਪਈ:

ਪਿਯਤ ਭਾਗ ਕਾਹੂ ਜੋ ਹੇਰੈ ॥

(ਉਹ) ਜੇ ਕਿਸੇ ਨੂੰ ਭੰਗ ਪੀਂਦੇ ਵੇਖਦਾ,

ਠਾਢੇ ਹੋਤ ਨ ਤਾ ਕੇ ਨੇਰੈ ॥

(ਤਾਂ) ਉਸ ਦੇ ਨੇੜੇ ਨਾ ਖੜੋਂਦਾ।

ਭਯੋ ਸਦਨ ਤਿਹ ਕਹੈ ਉਜਾਰਾ ॥

ਕਹਿੰਦਾ ਸੀ ਕਿ ਉਸ ਘਰ ਦਾ ਉਜਾੜਾ ਹੋਵੇਗਾ

ਜਾ ਕੈ ਕੂੰਡਾ ਬਜੈ ਦੁਆਰਾ ॥੭॥

ਜਿਸ ਘਰ ਵਿਚ (ਭੰਗ ਘੋਟਣ ਲਈ) ਕੂੰਡਾ ਸੋਟਾ ਖੜਕਦਾ ਹੈ ॥੭॥

ਤਾ ਕੋ ਹੋਤ ਉਜਾਰ ਕਹੈ ਘਰ ॥

ਕਹਿੰਦਾ ਕਿ ਉਸ ਦਾ ਘਰ ਉਜਾੜ ਹੋ ਜਾਵੇਗਾ

ਭਾਗ ਅਫੀਮ ਭਖਤ ਹੈ ਜੋ ਨਰ ॥

ਜੋ ਬੰਦਾ ਭੰਗ ਅਤੇ ਅਫ਼ੀਮ ਖਾਂਦਾ ਹੈ।

ਸੋਫੀ ਸਕਲ ਬੁਧਿ ਬਲ ਰਹੈ ॥

ਸਾਰੇ ਸੋਫ਼ੀ ਬੁੱਧੀ ਦੇ ਬਲ ਤੇ ਰਹਿੰਦੇ ਹਨ

ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

ਅਤੇ ਅਮਲੀਆਂ ਨੂੰ ਉਹ ਕੁਝ ਵੀ ਨਹੀਂ ਗਿਣਦੇ ॥੮॥

ਯਹ ਰਸ ਤਿਲਕ ਮੰਜਰੀ ਸੁਨੀ ॥

ਜਦ ਤਿਲਕ ਮੰਜਰੀ ਨੇ (ਇਹ ਸਭ ਕੁਝ) ਸੁਣਿਆ

ਗਈ ਪਾਸ ਹਸਿ ਮੂੰਡੀ ਧੁਨੀ ॥

(ਤਾਂ ਉਹ) ਹਸਦੀ ਅਤੇ ਸਿਰ ਹਿਲਾਂਦੀ ਹੋਈ (ਉਸ ਕੋਲ) ਗਈ।

ਕਹਾ ਬਕਤ ਹੈ ਪਰਿਯੋ ਮੰਦ ਮਤਿ ॥

(ਕਹਿਣ ਲਗੀ) ਹੇ ਮੰਦ ਬੁੱਧੀ ਵਾਲੇ! ਕੀ ਬਕ ਬਕ ਕਰ ਰਿਹਾ ਹੈਂ,

ਬਾਹਨ ਸੋਫਿ ਸੀਤਲਾ ਕੀ ਗਤਿ ॥੯॥

ਸੋਫ਼ੀ ਦੀ ਸਥਿਤੀ ਤਾਂ ਸੀਤਲਾ ਦੇ ਬਾਹਨ (ਅਰਥਾਤ ਖੋਤੇ) ਵਰਗੀ ਹੁੰਦੀ ਹੈ ॥੯॥

ਛੰਦ ॥

ਛੰਦ:

ਅਮਲ ਪਿਯਹਿ ਨ੍ਰਿਪ ਰਾਜ ਅਧਿਕ ਇਸਤ੍ਰੀਯਨ ਬਿਹਾਰੈ ॥

ਰਾਜਾ ਅਮਲ ਪੀਂਦਾ ਹੈ ਅਤੇ ਅਧਿਕ ਇਸਤਰੀਆਂ ਨਾਲ ਵਿਹਾਰ ਕਰਦਾ ਹੈ।

ਅਮਲ ਸੂਰਮਾ ਪਿਯਹਿ ਦੁਜਨ ਸਿਰ ਖੜਗ ਪ੍ਰਹਾਰੈ ॥

ਸੂਰਮਾ ਅਮਲ ਪੀਂਦਾ ਹੈ ਅਤੇ ਦੁਸ਼ਟਾਂ ਦੇ ਸਿਰ ਉਤੇ ਖੜਗ ਦਾ ਵਾਰ ਕਰਦਾ ਹੈ।

ਅਮਲ ਭਖਹਿ ਜੋਗੀਸ ਧ੍ਯਾਨ ਜਦੁਪਤਿ ਕੋ ਧਰਹੀ ॥

ਜੋਗੀ ਅਮਲ ਖਾਂਦਾ ਹੈ ਅਤੇ ਭਗਵਾਨ ਨਾਲ ਆਪਣਾ ਧਿਆਨ ਜੋੜਦਾ ਹੈ।

ਚਾਖਿ ਤਵਨ ਕੋ ਸ੍ਵਾਦ ਸੂਮ ਸੋਫੀ ਕ੍ਯਾ ਕਰਹੀ ॥੧੦॥

ਉਨ੍ਹਾਂ (ਨਸ਼ਿਆਂ) ਦਾ ਸੁਆਦ ਚਖ ਕੇ ਭਲਾ ਸ਼ੂਮ ਸੋਫ਼ੀ ਕੀ ਕਰਨਗੇ ॥੧੦॥

ਸਾਹੁ ਬਾਚ ॥

ਸ਼ਾਹ ਨੇ ਕਿਹਾ:

ਅਮਲ ਪਿਯਤ ਜੇ ਪੁਰਖ ਪਰੇ ਦਿਨ ਰੈਨਿ ਉਘਾਵਤ ॥

ਜੋ ਪੁਰਸ਼ ਅਮਲ ਪੀਂਦਾ ਹੈ, ਉਹ ਦਿਨ ਰਾਤ ਊਂਘਦਾ ਰਹਿੰਦਾ ਹੈ।

ਅਮਲ ਜੁ ਘਰੀ ਨ ਪਿਯਹਿ ਤਾਪ ਤਿਨ ਕਹ ਚੜਿ ਆਵਤ ॥

ਜੇ ਘੜੀ ਭਰ ਅਮਲ ਨਾ ਪੀਵੇ ਤਾਂ ਉਨ੍ਹਾਂ ਨੂੰ ਤਾਪ ਚੜ੍ਹ ਜਾਂਦਾ ਹੈ।

ਅਮਲ ਪੁਰਖੁ ਜੋ ਪੀਯੈ ਕਿਸੂ ਕਾਰਜ ਕੇ ਨਾਹੀ ॥

ਜੋ ਪੁਰਸ਼ ਅਮਲ ਪੀਂਦੇ ਹਨ, ਉਹ ਕਿਸੇ ਕੰਮ ਦੇ ਨਹੀਂ ਹਨ।

ਅਮਲ ਖਾਇ ਜੜ੍ਰਹ ਰਹੈ ਮ੍ਰਿਤਕ ਹ੍ਵੈ ਕੈ ਘਰ ਮਾਹੀ ॥੧੧॥

ਅਮਲ ਖਾ ਕੇ ਘਰ ਵਿਚ ਮੁਰਦੇ ਵਾਂਗ ਪਏ ਰਹਿੰਦੇ ਹਨ ॥੧੧॥

ਤ੍ਰਿਯੋ ਬਾਚ ॥

ਇਸਤਰੀ ਨੇ ਕਿਹਾ:

ਸ੍ਯਾਨੇ ਸੋਚਿਤ ਰਹੈ ਰਾਜ ਕੈਫਿਯੈ ਕਮਾਵੈ ॥

ਸਿਆਣੇ ਸੋਚਦੇ ਰਹਿੰਦੇ ਹਨ ਅਤੇ ਅਮਲੀ ਰਾਜ ਕਰਦੇ ਹਨ।

ਸੂਮ ਸੰਚਿ ਧਨ ਰਹੇ ਸੂਰ ਦਿਨ ਏਕ ਲੁਟਾਵੈ ॥

ਸ਼ੂਮ ਧਨ ਇਕੱਠਾ ਕਰਦਾ ਰਹਿੰਦਾ ਹੈ ਅਤੇ ਸੂਰਮਾ ਇਕ ਦਿਨ ਵਿਚ ਲੁਟਾ ਦਿੰਦਾ ਹੈ।

ਅਮਲ ਪੀਏ ਜਸੁ ਹੋਇ ਦਾਨ ਖਾਡੇ ਨਹਿ ਹੀਨੋ ॥

ਅਮਲ ਪੀਣ ਨਾਲ ਜਸ ਹੁੰਦਾ ਹੈ ਅਤੇ ਦਾਨ ਦੇਣ ਅਤੇ ਖੰਡਾ ਖੜਕਾਉਣ ਵਿਚ ਹੀਣਾ ਨਹੀਂ ਹੋਣਾ ਪੈਂਦਾ।

ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ ॥੧੨॥

ਸ਼ੂਮ ਸੋਫ਼ੀ ਆਪਣੇ ਪ੍ਰਾਣ ਅੰਤ ਵਿਚ ਗੁੱਦਾ ਦੇ ਰਸਤੇ ਦਿੰਦਾ ਹੈ ॥੧੨॥

ਭਾਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ ॥

ਭੰਗ ਉਹ ਪੁਰਸ਼ ਪੀਂਦੇ ਹਨ ਜੋ ਹਰਿ ਭਗਤੀ ਕਰਦੇ ਹਨ।

ਭਾਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ ॥

ਭੰਗ ਉਹ ਪੁਰਸ਼ ਪੀਂਦੇ ਹਨ, ਜੋ ਕਿਸੇ ਦੀ ਆਸ ਨਹੀਂ ਕਰਦੇ।

ਅਮਲ ਪਿਯਤ ਤੇ ਬੀਰ ਬਰਤ ਜਿਨ ਤ੍ਰਿਨ ਮਸਤਕ ਪਰ ॥

ਅਮਲ ਉਹ ਸੂਰਮੇ ਪੀਂਦੇ ਹਨ ਜਿਨ੍ਹਾਂ ਦੇ ਮੱਥੇ ਉਤੇ ਤਿਨਕੇ ਸੜ ਜਾਂਦੇ ਹਨ (ਭਾਵ ਬਹੁਤ ਤੇਜਸਵੀ ਮਸਤਕ ਵਾਲੇ ਹੁੰਦੇ ਹਨ।)

ਤੇ ਕ੍ਯਾ ਪੀਵਹਿ ਭਾਗ ਰਹੈ ਜਿਨ ਕੇ ਤਕਰੀ ਕਰ ॥੧੩॥

ਉਹ ਲੋਕ ਕੀ ਭੰਗ ਪੀਣਗੇ ਜਿਨ੍ਹਾਂ ਦੇ ਹੱਥ ਵਿਚ ਤਕੜੀ ਰਹਿੰਦੀ ਹੈ ॥੧੩॥

ਅੜਿਲ ॥

ਅੜਿਲ:

ਸਦਾ ਸਰੋਹੀ ਊਪਰ ਕਰ ਜਿਨ ਕੋ ਰਹੈ ॥

(ਭੰਗ ਉਹ ਲੋਕ ਪੀਂਦੇ ਹਨ) ਜਿਨ੍ਹਾਂ ਦੇ ਹੱਥ ਸਦਾ ਤਲਵਾਰ ਉਤੇ ਰਹਿੰਦੇ ਹਨ।