ਸ਼੍ਰੀ ਦਸਮ ਗ੍ਰੰਥ

ਅੰਗ - 955


ਉਰਬਸਿ ਕੇਰੇ ਰੂਪ ਕੋ ਤਊ ਨ ਪਾਯੋ ਪਾਰ ॥੯॥

ਪਰ ਉਰਬਸ਼ੀ ਦੇ ਰੂਪ ਦਾ (ਉਹ) ਫਿਰ ਵੀ ਪਾਰ ਨਾ ਪਾ ਸਕੇ ॥੯॥

ਚੌਪਈ ॥

ਚੌਪਈ:

ਆਯੁਧ ਸਕਲ ਅੰਗ ਕਰੇ ॥

(ਉਸ ਨੇ) ਸਾਰਿਆਂ ਅੰਗਾਂ ਉਤੇ ਹਥਿਆਰ ਸਜਾਏ ਹੋਏ ਸਨ,

ਸੋਹਤ ਸਭ ਸਾਜਨ ਸੌ ਜਰੇ ॥

ਜੋ ਸਾਰਿਆਂ ਸਾਜਾਂ ਨਾਲ ਜੜ੍ਹੇ ਹੋਏ ਸਨ।

ਹੀਰਨ ਕੀ ਮੁਕਤਾ ਜਗ ਸੋਹੈ ॥

ਹੀਰਿਆਂ ਅਤੇ ਮੋਤੀਆਂ (ਸਹਿਤ ਉਸ ਦਾ ਮੁਖ) ਜਗਤ ਵਿਚ ਸੁਸ਼ੋਭਿਤ ਸੀ,

ਸਸਿ ਕੋ ਮਨੋ ਤਾਰਿਕਾ ਮੋਹੈ ॥੧੦॥

ਮਾਨੋ ਚੰਦ੍ਰਮਾ ਨੂੰ ਤਾਰੇ ਮੋਹ ਰਹੇ ਹੋਣ ॥੧੦॥

ਸਵੈਯਾ ॥

ਸਵੈਯਾ:

ਆਯੁਧ ਧਾਰਿ ਅਨੂਪਮ ਸੁੰਦਰਿ ਭੂਖਨ ਅੰਗ ਅਜਾਇਬ ਧਾਰੇ ॥

(ਉਸ) ਇਸਤਰੀ ਨੇ ਅਨੂਪਮ ਸ਼ਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਅੰਗਾਂ ਉਤੇ ਅਜੀਬ ਗਹਿਣੇ ਪਾਏ ਹੋਏ ਸਨ।

ਲਾਲ ਕੋ ਹਾਰ ਲਸੈ ਉਰ ਭੀਤਰਿ ਭਾਨ ਤੇ ਜਾਨੁ ਬਡੇ ਛਬਿਯਾਰੇ ॥

(ਉਸ ਦੇ) ਗਲੇ ਵਿਚ ਲਾਲਾਂ ਦਾ ਹਾਰ ਚਮਕ ਰਿਹਾ ਸੀ ਜੋ ਮਾਨੋ ਸੂਰਜ ਨਾਲੋਂ ਵੀ ਜ਼ਿਆਦਾ ਚਮਕ ਵਾਲਾ ਹੋਵੇ।

ਮੋਤਿਨ ਕੀ ਲਰਕੈ ਮੁਖ ਪੈ ਮ੍ਰਿਗਨੈਨਿ ਫਬੇ ਮ੍ਰਿਗ ਸੇ ਕਜਰਾਰੇ ॥

ਮੋਤੀਆਂ ਦੀਆਂ ਲੜੀਆਂ ਉਸ ਦੇ ਮੁਖ ਉਤੇ (ਸੋਭ ਰਹੀਆਂ ਸਨ) ਅਤੇ ਉਸ ਮ੍ਰਿਗਲੋਚਨੀ ਦੇ ਨੈਣ ਹਿਰਨ ਵਰਗੇ ਕਜਲਾਖੇ ਫਬ ਰਹੇ ਸਨ।

ਮੋਹਤ ਹੈ ਸਭ ਹੀ ਕੇ ਚਿਤੈ ਨਿਜ ਹਾਥ ਮਨੋ ਬ੍ਰਿਜਨਾਥ ਸੁਧਾਰੇ ॥੧੧॥

ਉਹ ਸਭ ਦੇ ਚਿਤ ਨੂੰ ਮੋਹ ਰਹੇ ਸਨ, ਮਾਨੋ ਬ੍ਰਜਨਾਥ (ਸ੍ਰੀ ਕ੍ਰਿਸ਼ਨ) ਨੇ ਆਪ ਸੰਵਾਰੇ ਹੋਣ ॥੧੧॥

ਛੋਰਿ ਦਏ ਕਚ ਕਾਧਨ ਊਪਰ ਸੁੰਦਰ ਪਾਗ ਸੌ ਸੀਸ ਸੁਹਾਵੈ ॥

(ਉਸ ਨੇ) ਮੋਢਿਆਂ ਉਪਰ ਸੁੰਦਰ ਵਾਲ ਸੁਟ ਲਏ ਸਨ ਅਤੇ ਸਿਰ ਉਤੇ ਸੁੰਦਰ ਪਗੜੀ ਸ਼ੋਭਾ ਪਾ ਰਹੀ ਸੀ।

ਭੂਖਨ ਚਾਰੁ ਲਸੈ ਸਭ ਅੰਗਨ ਭਾਗ ਭਰਿਯੋ ਸਭ ਹੀ ਕਹ ਭਾਵੈ ॥

ਸਾਰਿਆਂ ਅੰਗਾਂ ਉਤੇ ਸੁੰਦਰ ਗਹਿਣੇ ਸਜੇ ਹੋਏ ਸਨ। (ਉਹ) ਭਾਗਵਾਨ ਸਭ ਨੂੰ ਚੰਗਾ ਲਗ ਰਿਹਾ ਸੀ।

ਬਾਲ ਲਖੈ ਕਹਿ ਲਾਲ ਤਿਸੈ ਲਟਕਾਵਤ ਅੰਗਨ ਮੈ ਜਬ ਆਵੈ ॥

ਇਸਤਰੀਆਂ (ਉਸ ਨੂੰ) ਪ੍ਰੀਤਮ ਸਮਝਦੀਆਂ ਸਨ ਜਦੋਂ ਉਹ ਮਟਕਦਾ ਹੋਇਆ ਵੇਹੜੇ ਵਿਚ ਆਉਂਦਾ ਸੀ।

ਰੀਝਤ ਕੋਟਿ ਸੁਰੀ ਅਸੁਰੀ ਸੁਧਿ ਹੇਰਿ ਛੁਟੈ ਸਤ ਹੂ ਛੁਟ ਜਾਵੈ ॥੧੨॥

(ਉਸ ਤੇ) ਦੇਵਤਿਆਂ ਅਤੇ ਦੈਂਤਾਂ ਦੀਆਂ ਕਰੋੜਾਂ ਇਸਤਰੀਆਂ ਰੀਝ ਕੇ ਹੋਸ਼ ਗੰਵਾ ਰਹੀਆਂ ਸਨ (ਅਤੇ ਉਸ ਨੂੰ) ਵੇਖ ਕੇ ਉਨ੍ਹਾਂ ਦਾ ਸਤ (ਭਾਵ-ਪਤਿਬ੍ਰਤ ਧਰਮ) ਨਸ਼ਟ ਹੋ ਜਾਂਦਾ ਸੀ ॥੧੨॥

ਭੂਖਨ ਧਾਰਿ ਚੜਿਯੋ ਰਥ ਊਪਰਿ ਬਾਧਿ ਕ੍ਰਿਪਾਨ ਨਿਖੰਗ ਬਨਾਯੋ ॥

ਜ਼ੇਵਰ ਪਾ ਕੇ ਰਥ ਉਪਰ ਚੜ੍ਹ ਗਈ ਅਤੇ ਕ੍ਰਿਪਾਨ ਅਤੇ ਭੱਥਾ ਬੰਨ੍ਹ ਲਿਆ।

ਖਾਤ ਤੰਬੋਲ ਬਿਰਾਜਤ ਸੁੰਦਰ ਦੇਵ ਅਦੇਵਨ ਕੋ ਬਿਰਮਾਯੋ ॥

ਪਾਨ ਖਾਂਦੇ ਹੋਇਆਂ ਸ਼ੋਭਾਇਮਾਨ ਹੋਈ (ਉਸ ਇਸਤਰੀ ਨੇ) ਦੇਵਤਿਆਂ ਅਤੇ ਦੈਂਤਾਂ ਨੂੰ ਭਰਮ ਵਿਚ ਪਾ ਦਿੱਤਾ ਸੀ।

ਬਾਸ ਵ ਨੈਨ ਸਹੰਸ੍ਰਨ ਸੌ ਛਬਿ ਹੇਰਿ ਰਹਿਯੋ ਕਛੁ ਪਾਰ ਨ ਪਾਯੋ ॥

ਇੰਦਰ ('ਬਾਸਵ') ਹਜ਼ਾਰ ਅੱਖਾਂ ਨਾਲ ਉਸ ਦੀ ਛਬੀ ਨੂੰ ਵੇਖ ਕੇ ਅੰਤ ਨਹੀਂ ਪਾ ਸਕਿਆ।

ਆਪੁ ਬਨਾਇ ਅਨੂਪਮ ਕੋ ਬਿਧਿ ਐਚਿ ਰਹਿਯੋ ਦੁਤਿ ਅੰਤ ਨ ਪਾਯੋ ॥੧੩॥

(ਉਸ) ਅਨੂਪਮ ਨੂੰ ਵਿਧਾਤਾ ਨੇ ਆਪ ਬਣਾ ਕੇ (ਫਿਰ ਨਜ਼ਰ) ਟਿਕਾ ਰਿਹਾ ਹੈ, (ਪਰ ਉਸ ਦੀ) ਸ਼ੋਭਾ ਦਾ ਅੰਤ ਨਹੀਂ ਪਾ ਰਿਹਾ ॥੧੩॥

ਪਾਨ ਚਬਾਇ ਭਲੀ ਬਿਧਿ ਸਾਥ ਜਰਾਇ ਜਰੈ ਹਥਿਯਾਰ ਬਨਾਏ ॥

ਚੰਗੇ ਢੰਗ ਨਾਲ ਪਾਨ ਚਬਾ ਕੇ ਅਤੇ ਜੜਾਊ ਹਥਿਆਰ ਧਾਰਨ ਕੀਤੇ ਹੋਏ ਹਨ।

ਅੰਜਨ ਆਂਜਿ ਅਨੂਪਮ ਸੁੰਦਰਿ ਦੇਵ ਅਦੇਵ ਸਭੈ ਬਿਰਮਾਏ ॥

(ਉਸ) ਅਨੂਪਮ ਸੁੰਦਰੀ ਨੇ (ਅੱਖਾਂ ਵਿਚ) ਸੁਰਮਾ ਪਾ ਕੇ ਸਾਰਿਆਂ ਦੈਂਤਾਂ ਅਤੇ ਦੇਵਤਿਆਂ ਨੂੰ ਭਰਮਾ ਦਿੱਤਾ ਹੈ।

ਕੰਠ ਸਿਰੀਮਨਿ ਕੰਕਨ ਕੁੰਡਲ ਹਾਰ ਸੁ ਨਾਰਿ ਹੀਏ ਪਹਿਰਾਏ ॥

ਉਸ ਇਸਤਰੀ ਨੇ ਗਲੇ ਵਿਚ ਮਣੀਆਂ ਦਾ ਹਾਰ, ਕੰਗਣ ਅਤੇ ਕੁੰਡਲ ਪਾਏ ਹੋਏ ਹਨ।

ਕਿੰਨਰ ਜਛ ਭੁਜੰਗ ਦਿਸਾ ਬਿਦਿਸਾਨ ਕੈ ਲੋਕ ਬਿਲੋਕਿਨ ਆਏ ॥੧੪॥

ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ ਦਿਸ਼ਾਵਾਂ ਦੇ ਲੋਕ ਵੇਖਣ ਲਈ ਆਏ ਹਨ ॥੧੪॥

ਇੰਦ੍ਰ ਸਹੰਸ੍ਰ ਬਿਲੋਚਨ ਸੌ ਅਵਿਲੋਕ ਰਹਿਯੋ ਛਬਿ ਅੰਤੁ ਨ ਆਯੋ ॥

ਇੰਦਰ ਹਜ਼ਾਰ ਨੇਤਰਾਂ ਨਾਲ ਵੇਖ ਕੇ ਵੀ ਉਸ ਦੀ ਛਬੀ ਦਾ ਅੰਤ ਨਹੀਂ ਪਾ ਰਿਹਾ।

ਸੇਖ ਅਸੇਖਨ ਹੀ ਮੁਖ ਸੌ ਗੁਨ ਭਾਖਿ ਰਹੋ ਪਰੁ ਪਾਰ ਨ ਪਾਯੋ ॥

ਸ਼ੇਸ਼ਨਾਗ ਬੇਸ਼ੁਮਾਰ ਮੁਖਾਂ ਨਾਲ ਗੁਣ ਗਾ ਰਿਹਾ ਹੈ ਪਰ (ਉਹ ਵੀ) ਪਾਰ ਨਹੀਂ ਪਾ ਰਿਹਾ।

ਰੁਦ੍ਰ ਪਿਯਾਰੀ ਕੀ ਸਾਰੀ ਕੀ ਕੋਰ ਨਿਹਾਰਨ ਕੌ ਮੁਖ ਪੰਚ ਬਨਾਯੋ ॥

ਰੁਦ੍ਰ ਨੇ (ਉਸ) ਪਿਆਰੀ ਦੀ ਸਾੜੀ ਦੀ ਕੋਰ ਵੇਖਣ ਲਈ ਪੰਜ ਮੁਖ ਬਣਾਏ,

ਪੂਤ ਕਿਯੇ ਖਟ ਚਾਰਿ ਬਿਧੈ ਚਤੁਰਾਨਨ ਯਾਹੀ ਤੇ ਨਾਮੁ ਕਹਾਯੋ ॥੧੫॥

(ਉਸ ਦੇ) ਪੁੱਤਰ (ਕਾਰਤਿਕੇਯ) ਨੇ ਛੇ ਅਤੇ ਬ੍ਰਹਮਾ ਨੇ ਚਾਰ ਮੁਖ ਬਣਾਏ। ਇਸੇ ਕਰ ਕੇ ਉਸ ਨੂੰ ਚਾਰ ਮੁਖਾਂ ਵਾਲਾ ('ਚਤੁਰਾਨਨ') ਕਿਹਾ ਜਾਂਦਾ ਹੈ ॥੧੫॥

ਕੰਚਨ ਕੀਰ ਕਲਾਨਿਧਿ ਕੇਹਰ ਕੋਕ ਕਪੋਤ ਕਰੀ ਕੁਰਰਾਨੇ ॥

ਸੋਨਾ, ਤੋਤਾ, ਚੰਦ੍ਰਮਾ, ਸ਼ੇਰ, ਚਕਵਾ, ਕਬੂਤਰ ਅਤੇ ਹਾਥੀ ਕੁਰਲਾ ਰਹੇ ਹਨ।

ਕਲਪਦ੍ਰੁਮਕਾ ਅਨੁਜਾ ਕਮਨੀ ਬਿਨੁ ਦਾਰਿਮ ਦਾਮਨਿ ਦੇਖਿ ਬਿਕਾਨੇ ॥

ਕਲਪ ਬ੍ਰਿਛ ਦੀ ਭੈਣ (ਲੱਛਮੀ) ਅਤੇ ਅਨਾਰ ਉਸ ਦੀ ਸੁੰਦਰਤਾ ਨੂੰ ਵੇਖ ਕੇ ਬਿਨਾ ਦੰਮਾਂ ਦੇ ਵਿਕ ਗਏ ਹਨ।

ਰੀਝਤ ਦੇਵ ਅਦੇਵ ਸਭੈ ਨਰ ਦੇਵ ਭਏ ਛਬਿ ਹੇਰਿ ਦਿਵਾਨੇ ॥

(ਉਸ ਨੂੰ) ਵੇਖ ਕੇ ਸਾਰੇ ਦੇਵਤੇ ਅਤੇ ਦੈਂਤ ਰੀਝ ਪਏ ਹਨ ਅਤੇ ਮਨੁੱਖ ਅਤੇ ਦੇਵਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਦਿਵਾਨੇ ਹੋ ਗਏ ਹਨ।

ਰਾਜ ਕੁਮਾਰ ਸੋ ਜਾਨਿ ਪਰੈ ਤਿਹ ਬਾਲ ਕੇ ਅੰਗ ਨ ਜਾਤ ਪਛਾਨੇ ॥੧੬॥

ਉਸ ਬਾਲਿਕਾ ਦੇ ਅੰਗਾਂ ਤੋਂ ਉਹ ਰਾਜ ਕੁਮਾਰ ਲਗਦੀ ਸੀ, ਪਰ ਪਛਾਣ ਵਿਚ ਨਹੀਂ ਆਉਂਦੀ ਸੀ ॥੧੬॥

ਦੋਹਰਾ ॥

ਦੋਹਰਾ:

ਦਸ ਸੀਸਨ ਰਾਵਨ ਰਰੇ ਲਿਖਤ ਬੀਸ ਭੁਜ ਜਾਇ ॥

ਦਸਾਂ ਸਿਰਾਂ ਨਾਲ (ਉਸ ਦੇ ਗੁਣਾਂ ਬਾਰੇ) ਰਾਵਨ ਬੋਲਦਾ ਹੈ ਅਤੇ ਵੀਹ ਭੁਜਾਵਾਂ ਨਾਲ ਲਿਖਦਾ ਹੈ,

ਤਰੁਨੀ ਕੇ ਤਿਲ ਕੀ ਤਊ ਸਕ੍ਯੋ ਨ ਛਬਿ ਕੋ ਪਾਇ ॥੧੭॥

(ਪਰ ਤਾਂ ਵੀ) ਉਹ ਉਸ ਇਸਤਰੀ ਦੀ ਸੁੰਦਰਤਾ ਨੂੰ ਜ਼ਰਾ ਜਿੰਨਾ ਵੀ ਪਾ ਨਹੀਂ ਸਕਿਆ ॥੧੭॥

ਸਵੈਯਾ ॥

ਸਵੈਯਾ:

ਲਾਲਨ ਕੋ ਸਰਪੇਚ ਬਧ੍ਯੋ ਸਿਰ ਮੋਤਿਨ ਕੀ ਉਰ ਮਾਲ ਬਿਰਾਜੈ ॥

(ਉਸ ਨੇ) ਲਾਲਾਂ ਨਾਲ ਜੜ੍ਹਿਆ ਹੋਇਆ ਇਕ ਜ਼ੇਵਰ ('ਸਰਪੇਚ') ਸਿਰ ਉਤੇ ਬੰਨ੍ਹਿਆ ਹੋਇਆ ਹੈ ਅਤੇ ਗਲੇ ਵਿਚ ਮੋਤੀਆਂ ਦੀ ਮਾਲਾ ਸੋਭ ਰਹੀ ਹੈ।

ਭੂਖਨ ਚਾਰੁ ਦਿਪੈ ਅਤਿ ਹੀ ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ ॥

ਸੁੰਦਰ ਗਹਿਣਿਆਂ ਦੀ ਚਮਕ ਦਮਕ ਨੂੰ ਵੇਖ ਕੇ ਕਾਮ ਦੇਵ ਵੀ ਲਜਾ ਰਿਹਾ ਹੈ।

ਮੋਦ ਬਢੈ ਨਿਰਖੇ ਚਿਤ ਮੈ ਤਨਿਕੇਕ ਬਿਖੈ ਤਨ ਕੋ ਦੁਖ ਭਾਜੈ ॥

(ਉਸ ਨੂੰ) ਵੇਖਣ ਨਾਲ ਚਿਤ ਵਿਚ ਆਨੰਦ ਵਧਦਾ ਹੈ ਅਤੇ ਇਕ ਛਿਣ ਵਿਚ ਤਨ ਦੇ ਦੁਖ ਭਜ ਜਾਂਦੇ ਹਨ।

ਜੋਬਨ ਜੋਤਿ ਜਗੈ ਸੁ ਮਨੋ ਸੁਰਰਾਜ ਸੁਰਾਨ ਕੇ ਭੀਤਰ ਰਾਜੈ ॥੧੮॥

(ਉਸ ਦੇ) ਜੋਬਨ ਦੀ ਜੋਤਿ ਇਸ ਤਰ੍ਹਾਂ ਜਗ ਰਹੀ ਹੈ ਮਾਨੋ ਦੇਵਤਿਆਂ ਵਿਚ ਇੰਦਰ ਸ਼ੋਭਾਇਮਾਨ ਹੋ ਰਿਹਾ ਹੋਵੇ ॥੧੮॥

ਛੋਰੈ ਹੈ ਬੰਦ ਅਨੂਪਮ ਸੁੰਦਰਿ ਪਾਨ ਚਬਾਇ ਸਿੰਗਾਰ ਬਨਾਯੋ ॥

ਉਸ ਅਨੂਪਮ ਸੁੰਦਰੀ ਨੇ (ਅੰਗਰਖੇ ਦੀਆਂ) ਤਣੀਆਂ ਖੋਲ੍ਹੀਆਂ ਹੋਈਆਂ ਹਨ ਅਤੇ ਪਾਨ ਚਬਾਉਂਦੇ ਹੋਇਆਂ ਸ਼ਿੰਗਾਰ ਕੀਤਾ ਹੋਇਆ ਹੈ।

ਅੰਜਨ ਆਂਜਿ ਦੁਹੂੰ ਅਖਿਯਾਨ ਸੁ ਭਾਲ ਮੈ ਕੇਸਰਿ ਲਾਲ ਲਗਾਯੋ ॥

ਦੋਹਾਂ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ ਅਤੇ ਮੱਥੇ ਉਤੇ ਕੇਸਰ ਦਾ ਲਾਲ ਟਿੱਕਾ ਲਗਾਇਆ ਹੋਇਆ ਹੈ।

ਝੂਮਕ ਦੇਤ ਝੁਕੈ ਝੁਮਕੇ ਕਬਿ ਰਾਮ ਸੁ ਭਾਵ ਭਲੋ ਲਖਿ ਪਾਯੋ ॥

(ਉਸ ਦੇ) ਝੁਮਕੇ (ਸਿਰ) ਫੇਰਨ ਵੇਲੇ ਇਸ ਤਰ੍ਹਾਂ ਝੁਕ ਜਾਂਦੇ ਹਨ, ਕਵੀ ਰਾਮ ਨੇ ਸਹਿਜ ਹੀ ਇਹ ਭਾਵ ਸੋਚਿਆ ਹੈ,

ਮਾਨਹੁ ਸੌਤਿਨ ਕੇ ਮਨ ਕੋ ਇਕ ਬਾਰਹਿ ਬਾਧਿ ਕੈ ਜੇਲ ਚਲਾਯੋ ॥੧੯॥

ਮਾਨੋ ਸੌਂਕਣਾਂ ਦੇ ਮਨ ਨੂੰ ਇਕੋ ਵਾਰ ਬੰਨ੍ਹ ਕੇ ਜੇਲ ਭੇਜ ਦਿੱਤਾ ਹੋਵੇ ॥੧੯॥

ਹਾਰ ਸਿੰਗਾਰ ਕਰੇ ਸਭ ਹੀ ਤਿਨ ਕੇਸ ਛੁਟੇ ਸਿਰ ਸ੍ਯਾਮ ਸੁਹਾਵੈ ॥

ਉਸ ਨੇ ਹਰ ਤਰ੍ਹਾਂ ਦੇ ਸ਼ਿੰਗਾਰ ਕਰ ਲਏ ਹਨ ਅਤੇ ਖੁਲ੍ਹੇ ਕਾਲੇ ਕੇਸ ਸਿਰ ਉਤੇ ਬਹੁਤ ਸ਼ੋਭਦੇ ਹਨ।

ਜੋਬਨ ਜੋਤਿ ਜਗੈ ਅਤਿ ਹੀ ਮੁਨਿ ਹੇਰਿ ਡਿਗੈ ਤਪ ਤੇ ਪਛੁਤਾਵੈ ॥

(ਉਸ ਦੇ) ਜੋਬਨ ਦੀ ਜੋਤਿ ਬਹੁਤ ਅਧਿਕ ਜਗ ਰਹੀ ਹੈ। (ਉਸ ਨੂੰ) ਵੇਖ ਕੇ ਮੁਨੀ ਤਪ ਕਰਨ ਤੋਂ ਡਿਗ ਕੇ (ਅਰਥਾਤ ਭ੍ਰਸ਼ਟ ਹੋ ਕੇ) ਪਸਚਾਤਾਪ ਕਰ ਰਹੇ ਹਨ।

ਕਿੰਨਰ ਜਛ ਭੁਜੰਗ ਦਿਸਾ ਬਿਦਿਸਾਨ ਕੀ ਬਾਲ ਬਿਲੋਕਨ ਆਵੈ ॥

ਕਿੰਨਰ, ਯਕਸ਼, ਭੁਜੰਗ ਅਤੇ ਦਿਸ਼ਾ-ਦਿਸ਼ਾਵਾਂ ਦੀਆਂ ਇਸਤਰੀਆਂ (ਉਸ ਨੂੰ) ਵੇਖਣ ਲਈ ਆ ਰਹੀਆਂ ਹਨ।

ਗੰਧ੍ਰਬ ਦੇਵ ਅਦੇਵਨ ਕੀ ਤ੍ਰਿਯ ਹੇਰਿ ਪ੍ਰਭਾ ਸਭ ਹੀ ਬਲ ਜਾਵੈ ॥੨੦॥

ਗੰਧਰਬਾਂ, ਦੇਵਤਿਆਂ, ਦੈਂਤਾਂ ਦੀਆਂ ਇਸਤਰੀਆਂ (ਉਸ ਦੀ) ਪ੍ਰਭਾ ਨੂੰ ਵੇਖ ਕੇ ਸਭ ਬਲਿਹਾਰੀ ਜਾਂਦੀਆਂ ਹਨ ॥੨੦॥

ਦੋਹਰਾ ॥

ਦੋਹਰਾ:


Flag Counter