(ਤਾਂ ਜੋ ਮੈਂ) ਪਲ ਪਲ ਤੁਹਾਡੇ ਤੋਂ ਕੁਰਬਾਨ ਜਾਵਾਂ ॥੧੨॥
ਅੜਿਲ:
ਪੁੱਤਰ ਲਈ ਮੈਂ ਇਥੇ ਤਸਕਰ (ਚੋਰ) ਹੇਠਾਂ ਆ ਕੇ
ਸੂਖ ਪੂਰਵਕ ਇਸ਼ਨਾਨ ਕੀਤਾ ਹੈ।
ਹੇ ਪ੍ਰੀਤਮ! ਮਨ ਵਿਚ ਸਮਝ ਲਵੋ ਕਿ ਮੈਂ ਤੁਹਾਨੂੰ ਸਚ ਕਿਹਾ ਹੈ।
ਇਸ ਤੋਂ ਭਿੰਨ ਹੋਰ ਕੋਈ ਗੱਲ ਨਹੀਂ। (ਹੁਣ ਤੁਹਾਡਾ) ਜੋ ਜੀ ਕਰੇ, ਉਹੀ ਕਰੋ ॥੧੩॥
ਦੋਹਰਾ:
ਰਾਜਾ ਇਹ ਬਚਨ ਸੁਣ ਕੇ ਮਨ ਵਿਚ ਬਹੁਤ ਖ਼ੁਸ਼ ਹੋਇਆ
ਕਿ ਜਿਸ ਨੇ ਇਸਤਰੀ ਹੋ ਕੇ ਇਸ ਤਰ੍ਹਾਂ ਦਾ ਹਠ ਕੀਤਾ ਹੈ, ਉਹ ਧਰਤੀ ਉਤੇ ਧੰਨ ਹੈ ॥੧੪॥
ਚੌਪਈ:
ਇਸਤਰੀ ਨੇ ਜੋ ਵਿਚਾਰ ਪੂਰਵਪਕ ਕਿਹਾ ਹੈ,
ਉਹ ਸਚ ਹੈ। ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
ਇਸ ਪ੍ਰਕਾਰ ਦਾ ਚਰਿਤ੍ਰ ਜਿਸ ਨੇ ਪੁੱਤਰ ਲਈ ਕੀਤਾ ਹੈ,
ਹੇ ਕੁਮਾਰੀ! ਤੇਰਾ ਹਿਰਦਾ ਧੰਨ ਹੈ ॥੧੫॥
ਦੋਹਰਾ:
(ਰਾਜੇ ਨੇ ਹੋਰ ਕਿਹਾ, ਹੇ ਪ੍ਰਿਯਾ!) ਤੇਰੇ ਘਰ ਨਿਸਚੈ ਹੀ ਅਪਾਰ (ਗੁਣਾਂ ਵਾਲਾ) ਪੁੱਤਰ ਪੈਦਾ ਹੋਵੇਗਾ
ਜੋ ਹਠੀ, ਜਪੀ, ਤਪਸਵੀ, ਸਤੀ ਅਤੇ ਸ਼ੂਰਵੀਰ ਰਾਜ ਕੁਮਾਰ ਹੋਵੇਗਾ ॥੧੬॥
ਅੜਿਲ:
(ਪਹਿਲਾਂ) ਉਸ ਪਾਲੀ ਨੂੰ ਭੋਗ ਕੇ ਫਿਰ ਫਾਂਸੀ ਦੇ ਕੇ ਮਾਰ ਦਿੱਤਾ
ਅਤੇ ਰਾਜੇ ਨੂੰ ਇਸ ਪ੍ਰਕਾਰ ਦਾ ਚਰਿਤ੍ਰ ਕਰ ਕੇ ਵਿਖਾ ਦਿੱਤਾ।
ਮੂਰਖ (ਰਾਜਾ) ਖ਼ੁਸ਼ ਹੋ ਗਿਆ ਅਤੇ ਉਸ ਨੂੰ ਕੁਝ ਨਾ ਕਿਹਾ
ਅਤੇ ਇਸਤਰੀ ਨੂੰ ਧੰਨ ਧੰਨ ਕਹਿ ਕੇ ਮਨ ਵਿਚ ਮਗਨ ਹੋ ਗਿਆ ॥੧੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੧॥੪੯੪੦॥ ਚਲਦਾ॥
ਅੜਿਲ:
ਕਿਲਮਾਕਨ (ਤਾਤਾਰੀਆਂ) ਦੇ ਦੇਸ਼ ਵਿਚ ਇੰਦ੍ਰ ਧੁਜ ਨਾਂ ਦਾ (ਇਕ) ਮਹਾਨ ਰਾਜਾ ਸੀ,
ਜਿਸ ਦੇ ਘਰ ਕਿਲਮਾਕ ਮਤੀ ਨਾਂ ਦੀ ਰਾਣੀ ਰਹਿੰਦੀ ਸੀ।
ਫਿਰ ਉਸ ਦੇ ਘਰ ਮਾਸ਼ੂਕ ਮਤੀ ਨਾਂ ਦੀ ਪੁੱਤਰੀ ਪੈਦਾ ਹੋਈ।
ਮਾਨੋ ਜਗ ਵਿਚ ਦੂਜੀ ਚੰਦ੍ਰ ਕਲਾ ਪੈਦਾ ਹੋਈ ਹੋਵੇ ॥੧॥
ਉਥੇ ਵਪਾਰ ਕਰਨ ਲਈ ਇਕ ਸੌਦਾਗਰ ਆਇਆ।
(ਜੋ ਇਤਨਾ ਸੁੰਦਰ ਸੀ) ਮਾਨੋ ਚੰਦ੍ਰਮਾ ਦਾ ਅਵਤਾਰ ਜਾਂ ਕਾਮ ਦੇਵ ਪੈਦਾ ਹੋਇਆ ਹੋਵੇ।
ਉਸ ਨੂੰ ਪਰਮਾਤਮਾ ਨੇ ਜਵਾਨੀ ਦੀ ਬਹੁਤ ਅਧਿਕ ਸ਼ੋਭਾ ਦਿੱਤੀ ਸੀ।
ਉਸ ਦੀ ਸੁੰਦਰਤਾ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਬਹੁਤ ਸੁਖ ਮਨਾਉਂਦੇ ਸਨ ॥੨॥
ਇਕ ਦਿਨ ਰਾਜੇ ਦੀ ਪੁੱਤਰੀ ਮਨ ਭਾਉਂਦੀ
ਸਜ ਧਜ ਕਰ ਕੇ ਝਰੋਖੇ ਵਿਚ ਆ ਕੇ ਬੈਠ ਗਈ।
ਸ਼ਾਹ ਦਾ ਪੁੱਤਰ ਉਥੇ ਆ ਕੇ (ਉਸ ਨੂੰ) ਦਿਖਾਈ ਦੇ ਗਿਆ।
(ਉਹ) ਮਾਨੋ ਅਭਿਮਾਨਨੀ ਇਸਤਰੀ ਦਾ ਮਨ ਚੁਰਾ ਕੇ ਲੈ ਗਿਆ ਹੋਵੇ ॥੩॥
ਰਾਜ ਕੁਮਾਰੀ ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
(ਇਕ ਸਖੀ ਨੂੰ) ਬਹੁਤ ਸਾਰਾ ਧਨ ਦੇ ਕੇ ਉਸ ਕੋਲ ਭੇਜਿਆ।
(ਰਾਜ ਕੁਮਾਰੀ ਨੇ ਸਖੀ ਨੂੰ ਸਮਝਾਇਆ ਕਿ) ਸ਼ਾਹ ਦੇ ਪੁੱਤਰ ਨੂੰ ਕਿਸੇ ਢੰਗ ਨਾਲ ਇਥੇ ਲੈ ਆ।
ਜੋ ਤੂੰ ਮੇਰੇ ਪਾਸੋਂ ਮੰਗੇਗੀ ਉਤਨਾ ਹੁਣੇ ਹੀ ਪ੍ਰਾਪਤ ਕਰ ਲਈ ॥੪॥
ਰਾਜ ਕੁਮਾਰੀ ਦੇ ਬੋਲ ਸੁਣ ਕੇ ਸਖੀ ਉਥੇ ਗਈ
ਅਤੇ ਉਸ ਨੂੰ ਮਨ ਇਛਿਤ ਪ੍ਰਿਯ ਮਿਲਾ ਦਿੱਤਾ।
(ਉਨ੍ਹਾਂ ਨੇ) ਚੌਰਾਸੀ ਢੰਗਾਂ ਦੇ ਆਸਣ ਕੀਤੇ
ਅਤੇ ਚਿਤ ਦੇ ਸਾਰੇ ਸੰਤਾਪ ਦੂਰ ਕਰ ਦਿੱਤੇ ॥੫॥
ਇਸਤਰੀ ਅਤੇ ਪੁਰਸ਼ (ਇਤਨੇ) ਪ੍ਰਸੰਨ ਹੋਏ ਕਿ ਇਕ ਛਿਣ ਲਈ ਵੀ ਵਖ ਨਹੀਂ ਹੁੰਦੇ ਸਨ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਅਜ ਕੰਗਾਲ ਨੇ ਨੌ ਨਿਧੀਆਂ ਪ੍ਰਾਪਤ ਕੀਤੀਆਂ ਹੋਣ।
ਰਾਜ ਕੁਮਾਰੀ ਮਨ ਵਿਚ ਚਿੰਤਾ ਪੂਰਵਕ ਵਿਚਾਰ ਕਰਨ ਲਗੀ
ਕਿ ਕਿਵੇਂ ਸਦਾ ਪਿਆਰੇ ਯਾਰ ਨਾਲ ਰਿਹਾ ਜਾਏ ॥੬॥