ਸ਼੍ਰੀ ਦਸਮ ਗ੍ਰੰਥ

ਅੰਗ - 425


ਸਕਤਿ ਸਿੰਘ ਪੁਨਿ ਹਨ੍ਯੋ ਰਨਿ ਸੈਨ ਸਿੰਘ ਹਤਿ ਦੀਨ ॥

ਫਿਰ ਸਕਤਿ ਸਿੰਘ ਨੂੰ ਮਾਰਿਆ ਅਤੇ ਸੈਨ ਸਿੰਘ ਨੂੰ ਰਣ ਵਿਚ ਮਾਰ ਦਿੱਤਾ।

ਸਫਲ ਸਿੰਘ ਅਰਿ ਸਿੰਘ ਹਨਿ ਸਿੰਘ ਨਾਦ ਹਰਿ ਕੀਨ ॥੧੨੭੭॥

ਸਫਲ ਸਿੰਘ ਅਤੇ ਅਰਿ ਸਿੰਘ ਨੂੰ ਮਾਰ ਕੇ ਕ੍ਰਿਸ਼ਨ ਨੇ ਸਿੰਘ ਨਾਦ ਕੀਤਾ ॥੧੨੭੭॥

ਸਵਛ ਸਿੰਘ ਬਾਚ ॥

ਸਵਛ ਸਿੰਘ ਨੇ ਕਿਹਾ:

ਸਵੈਯਾ ॥

ਸਵੈਯਾ:

ਸਵਛ ਨਰੇਸ ਕਹਿਯੋ ਹਰਿ ਸਿਉ ਅਪੁਨੇ ਬਲ ਕੋਪਿ ਅਯੋਧਨ ਮੈ ॥

ਰਣ-ਭੂਮੀ ਵਿਚ ਸ੍ਵਛ ਸਿੰਘ ਨੇ ਆਪਣੇ ਬਲ ਦਾ ਕ੍ਰੋਧ ਕਰ ਕੇ ਕ੍ਰਿਸ਼ਨ ਨੂੰ ਕਿਹਾ

ਅਬ ਤੈ ਦਸ ਭੂਪ ਹਨੇ ਬਲਵੰਡ ਨ ਰੰਚਕ ਤ੍ਰਾਸ ਕੀਯੋ ਮਨ ਮੈ ॥

ਹੁਣੇ ਹੀ ਤੂੰ ਦਸ ਬਲਵਾਨ ਰਾਜੇ ਮਾਰ ਦਿੱਤੇ ਹਨ ਅਤੇ ਮਨ ਵਿਚ ਜ਼ਰਾ ਜਿੰਨਾ ਡਰ ਵੀ ਨਹੀਂ ਮੰਨਿਆ ਹੈ।

ਜਦੁਬੀਰ ਕੀ ਓਰ ਤੇ ਤੀਰ ਚਲੈ ਬਰਖਾ ਜਿਮ ਸਾਵਨ ਕੇ ਘਨ ਮੈ ॥

(ਉਸ ਵੇਲੇ) ਕ੍ਰਿਸ਼ਨ ਵਲੋਂ (ਇੰਜ) ਤੀਰ ਚਲੇ ਹਨ ਜਿਵੇਂ ਸਾਵਣ ਦੇ ਬਦਲ ਵਿਚੋਂ ਬਰਖਾ ਹੁੰਦੀ ਹੈ।

ਸਰ ਪਉਨ ਕੇ ਜੋਰ ਲਗੇ ਨ ਟਰਿਓ ਗਿਰਿ ਜਿਉ ਥਿਰੁ ਠਾਢੋ ਰਹਿਯੋ ਰਨ ਮੈ ॥੧੨੭੮॥

ਉਹ (ਸ੍ਵਛ ਸਿੰਘ) ਤੀਰ ਰੂਪ ਹਨੇਰੀ ਲਗਣ (ਚਲਣ) ਨਾਲ ਟਲਿਆ ਨਹੀਂ, ਪਰਬਤ ਦੇ ਸਮਾਨ ਰਣ-ਭੂਮੀ ਵਿਚ ਸਥਿਰ ਖੜੋਤਾ ਹੈ ॥੧੨੭੮॥

ਦੋਹਰਾ ॥

ਦੋਹਰਾ:

ਜਦੁ ਬੰਸਨ ਸੋ ਅਤਿ ਲਰਿਯੋ ਜਿਉ ਬਾਸਵ ਸਿਉ ਜੰਭ ॥

(ਉਸ ਨੇ) ਯਾਦਵ ਸੂਰਮਿਆਂ ਨਾਲ ਬਹੁਤ ਯੁੱਧ ਕੀਤਾ ਜਿਵੇਂ ਇੰਦਰ ਨਾਲ ਜੰਭ (ਨੇ ਯੁੱਧ ਕੀਤਾ ਸੀ)।

ਅਚਲ ਰਹਿਯੋ ਤਿਹ ਠਉਰ ਨ੍ਰਿਪ ਜਿਉ ਰਨ ਮੈ ਰਨ ਖੰਭ ॥੧੨੭੯॥

ਰਾਜਾ ਉਸ ਜਗ੍ਹਾ ਉਤੇ ਅਚਲ ਖੜੋਤਾ ਰਿਹਾ, ਜਿਵੇਂ ਰਣ ਵਿਚ 'ਰਣਖੰਭਾ' (ਗਡਿਆ ਹੋਇਆ ਹੁੰਦਾ ਹੈ) ॥੧੨੭੯॥

ਸਵੈਯਾ ॥

ਸਵੈਯਾ:

ਜਿਉ ਨ ਹਲੈ ਗਿਰਿ ਕੰਚਨ ਕੋ ਅਤਿ ਹਾਥਨ ਕੋ ਬਲ ਕੋਊ ਕਰੈ ॥

ਜਿਵੇਂ ਸੁਮੇਰ ਪਰਬਤ ਹਿਲਦਾ ਨਹੀਂ, (ਭਾਵੇਂ) ਹੱਥ ਨਾਲ ਕੋਈ ਕਿਤਨਾ ਹੀ ਜ਼ੋਰ ਕਿਉਂ ਨਾ ਲਗਾਏ।

ਅਰੁ ਜਿਉ ਧ੍ਰੂ ਲੋਕ ਚਲੈ ਨ ਕਹੂੰ ਸਿਵ ਮੂਰਤਿ ਜਿਉ ਕਬਹੂੰ ਨ ਚਰੈ ॥

ਜਿਵੇਂ ਧ੍ਰੂਹ ਲੋਕ ਕਦੇ ਡੋਲਦਾ ਨਹੀਂ ਅਤੇ ਜਿਵੇਂ ਸ਼ਿਵ ਦਾ ਸਰੂਪ ਕਦੇ ਹਿਲਦਾ ਨਹੀਂ।

ਬਰ ਜਿਉ ਨ ਸਤੀ ਸਤਿ ਛਾਡਿ ਪਤਿਬ੍ਰਤਿ ਜਿਉ ਸਿਧ ਜੋਗ ਮੈ ਧ੍ਯਾਨ ਧਰੈ ॥

ਜਿਵੇਂ ਸ੍ਰੇਸ਼ਠ ਸਤੀ ਸਤ ਅਤੇ ਪ੍ਰਤਿਬ੍ਰਤ ਧਰਮ ਨੂੰ ਨਹੀਂ ਛਡਦੀ ਅਤੇ ਜਿਵੇਂ ਸਿੱਧਾਂ ਦਾ ਯੋਗ ਵਿਚ ਧਿਆਨ ਟਿਕਿਆ ਰਹਿੰਦਾ ਹੈ।

ਤਿਮ ਸ੍ਯਾਮ ਚਮੂੰ ਮਧਿ ਸਵਛ ਨਰੇਸ ਹਠੀ ਰਨ ਤੇ ਨਹੀ ਨੈਕੁ ਟਰੈ ॥੧੨੮੦॥

ਉਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਸੈਨਾ ਵਿਚ ਹਠੀ ਰਾਜਾ ਸ੍ਵਛ ਸਿੰਘ (ਡਟਿਆ ਹੋਇਆ ਹੈ) ਬਿਲਕੁਲ ਨਹੀਂ ਡੋਲਦਾ ॥੧੨੮੦॥

ਕਬਿਤੁ ॥

ਕਬਿੱਤ:

ਫੇਰਿ ਤਿਨ ਕੋਪਿ ਕੈ ਅਯੋਧਨ ਮੈ ਸ੍ਯਾਮ ਕਹਿ ਬੀਰ ਬਹੁ ਮਾਰੇ ਸਵਛ ਸਿੰਘ ਮਹਾ ਬਲ ਸੈ ॥

(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਉਸ ਸ੍ਵਛ ਸਿੰਘ ਨੇ ਕ੍ਰੋਧ ਕਰ ਕੇ ਬਹੁਤ ਬਲ ਨਾਲ ਯੁੱਧ-ਭੂਮੀ ਵਿਚ ਬਹੁਤ ਸਾਰੇ ਸੂਰਮੇ ਮਾਰ ਦਿੱਤੇ।

ਅਤਿਰਥੀ ਸਤਿ ਮਹਾਰਥੀ ਜੁਗ ਸਤਿ ਤਹਾ ਸਿੰਧੁਰ ਹਜਾਰ ਹਨੇ ਸ੍ਯਾਮ ਜੂ ਕੇ ਦਲ ਸੈ ॥

ਇਕ ਸੌ ਅਤਿ-ਰਥੀ, ਦੋ ਸੌ ਮਹਾ ਰਥੀ ਅਤੇ ਇਕ ਹਜ਼ਾਰ ਹਾਥੀ ਉਥੇ ਕ੍ਰਿਸ਼ਨ ਦੀ ਸੈਨਾ ਵਿਚੋਂ ਮਾਰ ਦਿੱਤੇ।

ਘਨੇ ਬਾਜ ਮਾਰੇ ਰਨਿ ਪੈਦਲ ਸੰਘਾਰੇ ਭਈ ਰੁਧਰ ਰੰਗੀਨ ਭੂਮਿ ਲਹਰੈ ਉਛਲ ਸੈ ॥

ਰਣ ਵਿਚ ਬਹੁਤ ਸਾਰੇ ਘੋੜੇ ਮਾਰ ਦਿੱਤੇ ਅਤੇ ਪੈਦਲ (ਦਲ) ਵੀ ਮਾਰ ਦਿੱਤੇ। ਧਰਤੀ ਲਹੂ ਨਾਲ ਲਾਲ ਹੋ ਗਈ ਅਤੇ ਲਹੂ ਦੀਆਂ ਲਹਿਰਾਂ ਉਛਲ ਰਹੀਆਂ ਹਨ।

ਘਾਇਲ ਗਿਰੇ ਸੁ ਮਾਨੋ ਮਹਾ ਮਤਵਾਰੇ ਹ੍ਵੈ ਕੈ ਸੋਏ ਰੂਮੀ ਤਰੈ ਲਾਲ ਡਾਰ ਕੈ ਅਤਲਸੈ ॥੧੨੮੧॥

ਘਾਇਲ ਡਿਗੇ ਹੋਏ ਹਨ, ਮਾਨੋ ਨਸ਼ੇ ਵਿਚ ਬਹੁਤ ਮਸਤ ਹੋ ਕੇ ਰੂਮੀ ਲੋਕ ਲਾਲ ਅਤਸਲਾਂ ਵਿਛਾ ਕੇ ਸੁਤੇ ਹੋਏ ਹੋਣ ॥੧੨੮੧॥

ਦੋਹਰਾ ॥

ਦੋਹਰਾ:

ਬਹੁਤ ਸੈਨ ਹਨਿ ਜਾਦਵੀ ਬਢਿਯੋ ਗਰਬ ਅਪਾਰ ॥

ਬਹੁਤ ਸਾਰੀ ਯਾਦਵੀ ਸੈਨਾ ਮਾਰਨ ਉਪਰੰਤ (ਰਾਜੇ ਦਾ) ਹੰਕਾਰ ਅਪਾਰ ਵਧ ਗਿਆ।

ਮਾਨੁ ਉਤਾਰਿਯੋ ਕ੍ਰਿਸਨ ਪ੍ਰਤਿ ਬੋਲਿਓ ਕੋਪ ਹਕਾਰਿ ॥੧੨੮੨॥

ਕ੍ਰਿਸ਼ਨ ਪ੍ਰਤਿ ਆਪਣਾ ਅਭਿਮਾਨ ਉਤਾਰਦਿਆਂ ਕ੍ਰੋਧ ਨਾਲ ਕਹਿਣ ਲਗਾ ॥੧੨੮੨॥

ਕਹਾ ਭਯੋ ਜੋ ਭੂਪ ਦਸ ਮਾਰੇ ਸ੍ਯਾਮ ਰਿਸਾਇ ॥

ਹੇ ਕ੍ਰਿਸ਼ਨ! ਕੀ ਹੋਇਆ, ਜੇ ਤੂੰ ਕ੍ਰੋਧ ਕਰ ਕੇ ਦਸ ਰਾਜੇ ਮਾਰ ਦਿੱਤੇ ਹਨ।

ਜਿਉ ਮ੍ਰਿਗ ਬਨ ਤਿਨ ਭਛ ਕਰ ਲਰੇ ਨ ਹਰਿ ਸਮੁਹਾਇ ॥੧੨੮੩॥

ਜਿਵੇਂ ਹਿਰਨ ਬਨ ਵਿਚ ਕੱਖ ਖਾ ਕੇ ਸ਼ੇਰ ਦੇ ਸਾਹਮਣੇ ਹੋ ਕੇ ਲੜ ਨਹੀਂ ਸਕਦਾ (ਇਵੇਂ ਹੀ ਤੇਰੀ ਸਥਿਤੀ ਹੈ) ॥੧੨੮੩॥

ਰਿਪੁ ਕੇ ਬਚਨ ਸੁਨੰਤ ਹੀ ਬੋਲੇ ਹਰਿ ਮੁਸਕਾਇ ॥

ਵੈਰੀ ਦੇ ਬੋਲ ਸੁਣਦਿਆਂ ਹੀ ਸ੍ਰੀ ਕ੍ਰਿਸ਼ਨ ਹਸ ਕੇ ਕਹਿਣ ਲਗੇ,

ਸਵਛ ਸਿੰਘ ਤੁਅ ਮਾਰਿ ਹੋ ਸ੍ਰਯਾਰ ਸਿੰਘ ਕੀ ਨਯਾਇ ॥੧੨੮੪॥

ਹੇ ਸ੍ਵਛ ਸਿੰਘ! ਤੈਨੂੰ ਸ਼ੇਰ ਦੇ ਗਿਦੜ ਨੂੰ ਮਾਰਨ ਵਾਂਗ ਮਾਰਾਂਗਾ ॥੧੨੮੪॥

ਸਵੈਯਾ ॥

ਸਵੈਯਾ:

ਸਿੰਘ ਨਿਹਾਰ ਕੈ ਜਿਉ ਸਰਦੂਲ ਘਨੋ ਬਲ ਕੈ ਰਿਸ ਸਾਥਿ ਤਚਾਯੋ ॥

ਜਿਵੇਂ ਬੱਬਰ ਸ਼ੇਰ, ਸ਼ੇਰ ਨੂੰ ਵੇਖ ਕੇ ਬਹੁਤ ਕ੍ਰੋਧ ਨਾਲ ਘੂਰ ਕੇ ਵੇਖਦਾ ਅਤੇ ਤਾੜਦਾ ਹੈ।

ਜਿਉ ਗਜਰਾਜ ਲਖਿਯੋ ਬਨ ਮੈ ਮ੍ਰਿਗਰਾਜ ਮਨੋ ਅਤਿ ਕੋਪ ਬਢਾਯੋ ॥

ਜਿਵੇਂ ਬਨ ਵਿਚ ਵੱਡੇ ਹਾਥੀ ਨੂੰ ਵੇਖ ਕੇ ਮਾਨੋ ਸ਼ੇਰ ਨੇ ਅਤਿ ਕ੍ਰੋਧ ਕੀਤਾ ਹੋਵੇ।

ਜਿਉ ਚਿਤਵਾ ਮ੍ਰਿਗ ਪੇਖ ਕੈ ਦਉਰਤ ਸਵਛ ਨਰੇਸ ਪੈ ਤਿਉ ਹਰਿ ਧਾਯੋ ॥

ਜਿਵੇਂ ਚਿਤਰਾ ਹਿਰਨ ਨੂੰ ਵੇਖ ਕੇ ਦੌੜਦਾ ਹੈ, ਤਿਵੇਂ ਸ੍ਵਛ ਸਿੰਘ ਉਤੇ ਕ੍ਰਿਸ਼ਨ ਨੇ ਧਾਵਾ ਕਰ ਦਿੱਤਾ।

ਪਉਨ ਕੇ ਗਉਨ ਤੇ ਆਗੇ ਚਲਿਯੋ ਹਰਿ ਕੋ ਰਥੁ ਦਾਰੁਕ ਐਸੇ ਧਵਾਯੋ ॥੧੨੮੫॥

(ਜਿਵੇਂ) ਹਵਾ ਦੇ ਚਲਣ ਨਾਲ ਅੱਗ ਮਚਦੀ ਹੈ, ਕ੍ਰਿਸ਼ਨ ਦੇ ਰਥ ਨੂੰ ਰਥਵਾਨ ਨੇ ਇਸ ਤਰ੍ਹਾਂ ਭਜਾਇਆ ॥੧੨੮੫॥

ਉਤ ਤੇ ਨ੍ਰਿਪ ਸਵਛ ਭਯੋ ਸਮੁਹੇ ਇਤ ਤੇ ਸੁ ਚਲਿਯੋ ਰਿਸ ਕੈ ਬਲ ਭਈਯਾ ॥

ਉਧਰੋਂ ਸ੍ਵਛ ਸਿੰਘ ਸਾਹਮਣੇ ਆਇਆ ਅਤੇ ਇਧਰੋ ਬਲਰਾਮ ਦਾ ਭਰਾ ਕ੍ਰੋਧਵਾਨ ਹੋ ਕੇ ਚਲਿਆ।

ਬਾਨ ਕਮਾਨ ਕ੍ਰਿਪਾਨ ਲਰੇ ਦੋਊ ਆਪਸਿ ਮੈ ਬਰ ਜੁਧੁ ਕਰਈਯਾ ॥

ਬਾਣ, ਕਮਾਨ, ਕ੍ਰਿਪਾਨ (ਆਦਿਕ ਸ਼ਸਤ੍ਰ ਲੈ ਕੇ) ਦੋਵੇਂ ਆਪਸ ਵਿਚ ਲੜ ਰਹੇ ਹਨ ਅਤੇ ਬਹੁਤ ਭਾਰਾ ਯੁੱਧ ਕੀਤਾ ਹੈ।

ਮਾਰ ਹੀ ਮਾਰ ਪੁਕਾਰਿ ਅਰੇ ਨ ਟਰੇ ਰਨ ਤੇ ਅਤਿ ਧੀਰ ਧਰਈਯਾ ॥

'ਮਾਰ ਲੌ, ਮਾਰ ਲੌ' ਪੁਕਾਰਦੇ ਹੋਏ ਅੜੇ ਖੜੋਤੇ ਹਨ ਅਤੇ ਰਣ-ਭੂਮੀ ਵਿਚ ਭਜਦੇ ਨਹੀਂ ਹਨ, ਬਹੁਤ ਧੀਰਜ ਧਰ ਰਹੇ ਹਨ।

ਸ੍ਯਾਮ ਤੇ ਰਾਮ ਤੇ ਜਾਦਵ ਤੇ ਨ ਡਰਿਯੋ ਸੁ ਲਰਿਯੋ ਬਰ ਬੀਰ ਲਰਈਯਾ ॥੧੨੮੬॥

(ਸ੍ਵਛ ਸਿੰਘ) ਨਾ ਕ੍ਰਿਸ਼ਨ ਪਾਸੋਂ, ਨਾ ਬਲਰਾਮ ਪਾਸੋਂ ਅਤੇ ਨਾ ਯਾਦਵ (ਸੈਨਾ) ਕੋਲੋਂ ਡਰਿਆ ਹੈ, ਉਹ ਬਹੁਤ ਤਕੜਾ ਯੋਧਾ ਚੰਗੀ ਤਰ੍ਹਾਂ ਲੜ ਰਿਹਾ ਹੈ ॥੧੨੮੬॥

ਦੋਹਰਾ ॥

ਦੋਹਰਾ:

ਅਧਿਕ ਜੁਧੁ ਜਬ ਤਿਨ ਕੀਯੋ ਤਬ ਬ੍ਰਿਜਪਤਿ ਕਾ ਕੀਨ ॥

ਜਦੋਂ ਉਹ ਬਹੁਤ ਯੁੱਧ ਕਰ ਚੁਕੇ, ਤਦੋਂ ਕ੍ਰਿਸ਼ਨ ਨੇ ਕੀਹ ਕੀਤਾ?

ਖੜਗ ਧਾਰਿ ਸਿਰ ਸਤ੍ਰ ਕੋ ਮਾਰਿ ਜੁਦਾ ਕਰਿ ਦੀਨ ॥੧੨੮੭॥

ਖੜਗ ਦੀ ਧਾਰ ਨਾਲ ਵੈਰੀ ਦਾ ਸਿਰ ਵਖ ਕਰ ਦਿੱਤਾ ॥੧੨੮੭॥

ਸਵਛ ਸਿੰਘ ਜਬ ਮਾਰਿਯੋ ਸਮਰ ਸਿੰਘ ਕੀਓ ਕੋਪ ॥

ਸ੍ਵਛ ਸਿੰਘ ਜਦ ਮਾਰਿਆ ਗਿਆ, ਤਦ ਸਮਰ ਸਿੰਘ ਨੇ ਗੁੱਸਾ ਕੀਤਾ।

ਨਹ ਭਾਜਿਯੋ ਲਖਿ ਸਮਰ ਕੋ ਰਹਿਯੋ ਸੁ ਦਿੜ ਪਗੁ ਰੋਪਿ ॥੧੨੮੮॥

ਯੁੱਧ ਨੂੰ ਵੇਖ ਕੇ ਡਰਿਆ ਨਹੀਂ, ਦ੍ਰਿੜ੍ਹਤਾ ਨਾਲ ਪੈਰ ਗਡ ਕੇ (ਖੜੋਤਾ) ਰਿਹਾ ॥੧੨੮੮॥

ਸਵੈਯਾ ॥

ਸਵੈਯਾ:

ਰੋਸ ਕੈ ਬੀਰ ਬਲੀ ਅਸਿ ਲੈ ਅਤਿ ਹੀ ਭਟ ਸ੍ਰੀ ਜਦੁਬੀਰ ਕੇ ਮਾਰੇ ॥

ਬਲਵਾਨ ਸੂਰਮੇ (ਸਮਰ ਸਿੰਘ) ਨੇ ਜਦੋਂ ਕ੍ਰੋਧ ਕਰ ਕੇ ਅਤੇ ਹੱਥ ਵਿਚ ਤਲਵਾਰ ਲੈ ਕੇ ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ।

ਅਉਰ ਕਿਤੇ ਗਿਰੇ ਘਾਇਲ ਹ੍ਵੈ ਕਿਤਨੇ ਰਨ ਭੂਮਿ ਨਿਹਾਰਿ ਪਧਾਰੇ ॥

ਹੋਰ ਕਿਤਨੇ ਹੀ ਘਾਇਲ ਹੋ ਕੇ ਡਿਗ ਪਏ ਅਤੇ ਕਿਤਨੇ ਹੀ ਰਣ-ਭੂਮੀ ਵਿਚੋਂ ਹਾਰ ਕੇ ਨਸ ਗਏ।

ਸ੍ਯਾਮ ਜੂ ਪੈ ਇਹ ਭਾਤਿ ਕਹਿਯੋ ਸਮਰੇਸ ਬਲੀ ਤਿਹ ਤੇ ਹਮ ਹਾਰੇ ॥

(ਉਨ੍ਹਾਂ ਨੇ) ਕ੍ਰਿਸ਼ਨ ਜੀ ਕੋਲ ਜਾ ਕੇ ਇਸ ਤਰ੍ਹਾਂ ਕਿਹਾ ਕਿ ਅਸੀਂ ਸਮਰ ਸਿੰਘ ਕੋਲੋਂ ਹਾਰ ਗਏ ਹਾਂ।

ਕਾਸੀ ਮੈ ਜਿਉ ਕਲਵਤ੍ਰ ਵਹੈ ਤਿਮ ਬੀਰਨ ਚੀਰ ਕੇ ਦ੍ਵੈ ਕਰਿ ਡਾਰੇ ॥੧੨੮੯॥

ਕਾਸੀ ਵਿਚ ਜਿਵੇਂ ਆਰਾ ਚਲਦਾ ਹੈ, ਉਸ ਤਰ੍ਹਾਂ (ਸਮਰ ਸਿੰਘ ਦਾ ਖੜਗ ਚਲਦਾ ਹੈ) (ਉਸ ਨੇ) ਸੂਰਮਿਆਂ ਨੂੰ ਚੀਰ ਕੇ ਦੋ ਦੋ ਟੋਟੇ ਕਰ ਸੁਟਿਆ ਹੈ ॥੧੨੮੯॥

ਬੋਲਿ ਕਹਿਯੋ ਹਰਿ ਜੂ ਦਲ ਮੈ ਭਟ ਹੈ ਕੋਊ ਜੋ ਅਰਿ ਸੰਗ ਲਰੈ ॥

ਕ੍ਰਿਸ਼ਨ ਜੀ ਨੇ ਵੰਗਾਰ ਕੇ ਕਿਹਾ ਕਿ ਸੈਨਾ ਵਿਚ ਕੋਈ ਸੂਰਮਾ ਹੈ ਜੋ ਵੈਰੀ ਨਾਲ ਲੜੇ।