ਤਦ (ਉਸ ਨੇ) ਆਪਣੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੯੧॥
ਜਦੋਂ ਸਿਧ ਪਾਲ ਨੇ ਬਹੁਤ ਸਾਰੀ ਸੈਨਾ ਕੁਚਲ ਦਿੱਤੀ,
ਤਾਂ ਬਾਕੀ ਬਚੀ (ਸੈਨਾ) ਪ੍ਰਾਣ ਬਚਾ ਕੇ ਇਧਰ ਉਧਰ ਖਿੰਡ ਗਈ।
(ਦੀਵਾਨ ਸਿਧ ਪਾਲ ਨੇ) ਬਾਦਸ਼ਾਹੀ ਲੈ ਲਈ (ਅਤੇ ਆਪਣੇ) ਸਿਰ ਉਤੇ ਛਤ੍ਰ ਝੁਲਵਾ ਲਿਆ।
ਜੋ ਸ਼ਰਨ ਵਿਚ ਆ ਗਿਆ, ਉਹ ਬਚ ਗਿਆ। ਜੋ ਅੜਿਆ, ਉਹ ਮਾਰਿਆ ਗਿਆ ॥੯੨॥
ਉਸ ਨੇ ਬਾਦਸ਼ਾਹੀ ਹਾਸਲ ਕਰ ਕੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਕਿ ਬਾਦਸ਼ਾਹ ਨੂੰ ਮਾਰ ਕੇ ਚੰਗਾ ਕੰਮ ਨਹੀਂ ਕੀਤਾ।
ਸਾਰੀ ਰਾਤ ਜਾਗਦਾ ਰਿਹਾ ਅਤੇ ਉਸੇ ਦਾ ਧਿਆਨ ਕਰਦਾ ਰਿਹਾ।
(ਕਿ) ਜੋ ਵੀ ਸਵੇਰੇ ਮਿਲ ਪਏ, ਉਸੇ ਨੂੰ ਬਾਦਸ਼ਾਹੀ ਦੇ ਦਿੱਤੀ ਜਾਵੇ ॥੯੩॥
ਉਥੇ ਸਵੇਰੇ ਇਕ ਕਸਾਈ ਦਾ ਨੌਕਰ ਆ ਗਿਆ।
(ਜੋ) ਨਦੀ ਵਿਚ ਓਝਰੀ ਲੈ ਕੇ ਸੁਟਣ ਜਾ ਰਿਹਾ ਸੀ।
ਉਸ ਨੂੰ ਜਾ ਪਕੜਿਆ ਅਤੇ ਬਾਦਸ਼ਾਹੀ ਦੇ ਦਿੱਤੀ।
ਉਸ ਦਾ ਨਾਂ ਜੈਨ-ਆਲਾਵਦੀ ਰਖ ਦਿੱਤਾ ॥੯੪॥
ਚੌਪਈ:
ਜਦ ਹੀ ਉਸ ਨੂੰ ਰਾਜ ਦੇ ਦਿੱਤਾ,
ਤਦ ਪੁੱਤਰੀ ਸਮੇਤ ਜੰਗਲ ਦਾ ਰਸਤਾ ਪਕੜਿਆ।
'ਬਦ੍ਰਕਾਸਿ' (ਬਦਰੀ ਨਾਥ) ਵਿਚ ਪੁੱਤਰੀ ਸਮੇਤ
ਸਾਧ ਦਾ ਭੇਸ ਧਾਰਨ ਕਰ ਕੇ ਪ੍ਰਵੇਸ਼ ਕੀਤਾ ॥੯੫॥
ਦੋਹਰਾ:
ਜਦ (ਉਸ ਨੇ) ਉਥੇ ਬਹੁਤ ਤਪਸਿਆ ਕੀਤੀ (ਤਾਂ) ਜਗਤ ਮਾਤਾ (ਦੇਵੀ) ਪ੍ਰਗਟ ਹੋਈ।
ਉਸ ਨੂੰ ਕਿਹਾ, ਹੇ ਪੁੱਤਰੀ! ਜੋ ਤੈਨੂੰ ਚੰਗਾ ਲਗਦਾ ਹੈ, ਉਹ ਵਰ ਮੰਗ ਲੈ ('ਬਰੰਬ੍ਰੂਹ') ॥੯੬॥
ਚੌਪਈ:
ਹੇ ਮਾਤਾ! ਮੈਨੂੰ ਇਹੋ ਵਰ ਦਿਓ
ਅਤੇ ਆਪ ਮੇਰੀ ਰਛਿਆ ਕਰੋ।
ਕਦੇ ਛਤ੍ਰਾਣੀ ਤੁਰਕ ਦੇ ਘਰ ਨਾ ਜਾਵੇ,
ਹੇ ਜਗਮਾਤਾ! ਮੈਨੂੰ ਇਹੋ ਵਰ ਦਿਓ ॥੯੭॥
(ਮੇਰਾ) ਚਿਤ (ਹਰ ਵੇਲੇ) ਤੁਹਾਡੇ ਚਰਨਾਂ ਵਿਚ ਰਹੇ
ਅਤੇ ਘਰ ਵਿਚ ਅਣਗਿਣਤ ਧਨ-ਦੌਲਤ ਹੋਵੇ।
ਸਾਨੂੰ ਕੋਈ ਵੈਰੀ ਜਿਤ ਕੇ ਨਾ ਜਾਏ
ਅਤੇ ਹੇ ਮਾਤਾ! ਮੇਰਾ ਮਨ ਸਦਾ ਤੁਹਾਡੇ ਵਿਚ ਲਗਾ ਰਹੇ ॥੯੮॥
ਜਗਤ ਮਾਤਾ ਨੇ ਅਜਿਹਾ ਹੀ ਵਰ ਦਿੱਤਾ
ਅਤੇ ਉਸ ਨੂੰ ਆਸਾਮ ਦਾ ਰਾਜਾ ਬਣਾ ਦਿੱਤਾ।
(ਉਹ) ਹੁਣ ਤਕ ਉਥੇ ਰਾਜ ਕਰਦਾ ਹੈ
ਅਤੇ ਦਿੱਲੀ ਦੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਦਾ ॥੯੯॥
ਜਿਸ ਕਿਸੇ ਨੂੰ ਭਵਾਨੀ ਨੇ (ਖ਼ੁਦ) ਰਾਜ ਦਿੱਤਾ ਹੋਵੇ,
ਉਸ ਪਾਸੋਂ ਕੋਈ ਖੋਹ ਨਹੀਂ ਸਕਦਾ।
(ਉਹ) ਹੁਣ ਤਕ ਉਥੇ ਰਾਜ ਕਰਦਾ ਹੈ
ਅਤੇ ਘਰ ਵਿਚ ਸਭ ਹੀ ਰਿਧੀਆਂ ਸਿਧੀਆਂ ਮੌਜੂਦ ਹਨ ॥੧੦੦॥
ਪਹਿਲਾਂ ਦਿੱਲੀ ਦੇ ਬਾਦਸ਼ਾਹ ਨਾਲ ਪਿਤਾ ਨੂੰ ਲੜਾਇਆ।
ਫਿਰ ਦੇਵੀ ਤੋਂ ਇਹ ਵਰ ਪ੍ਰਾਪਤ ਕੀਤਾ।
(ਉਸ ਦਾ ਪਿਤਾ) 'ਅੰਗ ਦੇਸ' (ਆਸਾਮ) ਦਾ ਰਾਜਾ ਬਣਿਆ।
ਇਸ ਛਲ ਨਾਲ (ਉਸ) ਅਬਲਾ ਨੇ ਆਪਣਾ ਧਰਮ ਬਚਾ ਲਿਆ ॥੧੦੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੭॥੫੭੫੦॥ ਚਲਦਾ॥
ਚੌਪਈ:
ਇਕ ਸ਼ਾਹ ਦੀ ਇਸਤਰੀ ਸੁਣੀਂਦੀ ਸੀ
(ਜੋ) ਬਹੁਤ ਰੂਪਵਾਨ ਅਤੇ ਗੁਣਵਾਨ ਸੀ।
ਉਸ ਦਾ ਨਾਂ ਝਿਲਮਿਲ ਦੇ (ਦੇਈ) ਕਿਹਾ ਜਾਂਦਾ ਸੀ।
ਹੋਰ ਕਿਸ ਨਾਲ ਉਸ ਦੀ ਤੁਲਨਾ ਕੀਤੀ ਜਾਏ। (ਅਰਥਾਤ ਉਹ ਬਹੁਤ ਸੁੰਦਰ ਸੀ) ॥੧॥