ਸ਼੍ਰੀ ਦਸਮ ਗ੍ਰੰਥ

ਅੰਗ - 100


ਖੈਚ ਕੈ ਮੂੰਡ ਦਈ ਕਰਵਾਰ ਕੀ ਏਕ ਕੋ ਮਾਰਿ ਕੀਏ ਤਬ ਦੋਊ ॥

(ਚੰਡੀ ਨੇ) ਤਲਵਾਰ ਖਿਚ ਕੇ (ਸ਼ੁੰਭ ਦੇ) ਸਿਰ ਵਿਚ ਮਾਰੀ ਅਤੇ ਤਦੋਂ ਇਕ ਨੂੰ ਮਾਰ ਕੇ ਦੋ (ਟੁਕੜੇ) ਕਰ ਦਿੱਤੇ।

ਸੁੰਭ ਦੁ ਟੂਕ ਹ੍ਵੈ ਭੂਮਿ ਪਰਿਓ ਤਨ ਜਿਉ ਕਲਵਤ੍ਰ ਸੋ ਚੀਰਤ ਕੋਊ ॥੨੨੧॥

ਸ਼ੁੰਭ (ਦਾ ਸ਼ਰੀਰ) ਦੋ ਟੋਟੇ ਹੋ ਕੇ ਧਰਤੀ ਉਤੇ (ਇੰਜ) ਡਿਗ ਪਿਆ, ਜਿਵੇਂ ਕੋਈ ਆਰੇ ਨਾਲ ਚੀਰਿਆ ਗਿਆ ਹੈ ॥੨੨੧॥

ਦੋਹਰਾ ॥

ਦੋਹਰਾ:

ਸੁੰਭ ਮਾਰ ਕੈ ਚੰਡਿਕਾ ਉਠੀ ਸੁ ਸੰਖ ਬਜਾਇ ॥

ਸ਼ੁੰਭ ਨੂੰ ਮਾਰ ਕੇ ਚੰਡੀ ਉਠੀ ਅਤੇ ਸੰਖ ਵਜਾਇਆ।

ਤਬ ਧੁਨਿ ਘੰਟਾ ਕੀ ਕਰੀ ਮਹਾ ਮੋਦ ਮਨਿ ਪਾਇ ॥੨੨੨॥

ਤਦੋਂ ਮਨ ਵਿਚ ਬਹੁਤ ਪ੍ਰਸੰਨ ਹੋ ਕੇ ਘੰਟਿਆਂ ਦੀ ਧੁਨੀ ਕੀਤੀ ॥੨੨੨॥

ਦੈਤ ਰਾਜ ਛਿਨ ਮੈ ਹਨਿਓ ਦੇਵੀ ਇਹ ਪਰਕਾਰ ॥

ਦੇਵੀ ਨੇ ਇਸ ਤਰ੍ਹਾਂ ਦੈਂਤ ਰਾਜੇ ਨੂੰ ਛਿਣ ਭਰ ਵਿਚ ਮਾਰ ਦਿੱਤਾ

ਅਸਟ ਕਰਨ ਮਹਿ ਸਸਤ੍ਰ ਗਹਿ ਸੈਨਾ ਦਈ ਸੰਘਾਰ ॥੨੨੩॥

(ਅਤੇ ਫਿਰ) ਅੱਠਾਂ ਹੱਥਾਂ ਵਿਚ ਸ਼ਸਤ੍ਰ ਧਾਰਨ ਕਰਕੇ (ਦੈਂਤਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ ॥੨੨੩॥

ਸ੍ਵੈਯਾ ॥

ਸ੍ਵੈਯਾ:

ਚੰਡਿ ਕੇ ਕੋਪ ਨ ਓਪ ਰਹੀ ਰਨ ਮੈ ਅਸਿ ਧਾਰਿ ਭਈ ਸਮੁਹਾਈ ॥

(ਜਦੋਂ) ਚੰਡੀ ਤਲਵਾਰ ਧਾਰਨ ਕਰ ਕੇ ਰਣ ਵਿਚ ਸਾਹਮਣੇ ਹੋਈ

ਮਾਰਿ ਬਿਦਾਰਿ ਸੰਘਾਰਿ ਦਏ ਤਬ ਭੂਪ ਬਿਨਾ ਕਰੈ ਕਉਨ ਲਰਾਈ ॥

(ਤਦੋਂ ਉਸ ਦੇ) ਕ੍ਰੋਧ (ਦੀ ਕੋਈ) ਬਰਾਬਰੀ ਕਰ ਸਕਣ ਵਾਲਾ ਨਾ ਰਿਹਾ। (ਜਦੋਂ ਸਭ ਨੂੰ) ਮਾਰ ਕੇ ਨਸ਼ਟ-ਭ੍ਰਸ਼ਟ ਕਰ ਦਿੱਤਾ, ਤਦੋਂ ਰਾਜੇ ਤੋਂ ਬਿਨਾ (ਭਲਾ) ਲੜਾਈ ਕਰਨ ਦੇ ਕੌਣ (ਸਮਰਥ ਹੈ)।

ਕਾਪ ਉਠੇ ਅਰਿ ਤ੍ਰਾਸ ਹੀਏ ਧਰਿ ਛਾਡਿ ਦਈ ਸਭ ਪਉਰਖਤਾਈ ॥

ਹਿਰਦੇ ਵਿਚ ਡਰ ਧਾਰ ਕੇ ਵੈਰੀ ਕੰਬ ਗਏ ਅਤੇ ਸਾਰੀ ਮਰਦਾਨਗੀ (ਪਉਰਖਤਾਈ) ਛਡ ਦਿੱਤੀ।

ਦੈਤ ਚਲੈ ਤਜਿ ਖੇਤ ਇਉ ਜੈਸੇ ਬਡੇ ਗੁਨ ਲੋਭ ਤੇ ਜਾਤ ਪਰਾਹੀ ॥੨੨੪॥

(ਤਦੋਂ) ਦੈਂਤ ਯੁੱਧ-ਖੇਤਰ ਛਡ ਕੇ ਇਸ ਤਰ੍ਹਾਂ ਭਜ ਚਲੇ ਜਿਸ ਤਰ੍ਹਾਂ ਲੋਭ ਤੋਂ ਵੱਡੇ (ਸ੍ਰੇਸ਼ਠ) ਗੁਣ ਦੂਰ ਹੋ ਜਾਂਦੇ ਹਨ ॥੨੨੪॥

ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰੇ ਸੁੰਭ ਬਧਹਿ ਨਾਮ ਸਪਤਮੋ ਧਿਆਯ ਸੰਪੂਰਨੰ ॥੭॥

ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤੀ ਬਿਲਾਸ ਪ੍ਰਸੰਗ ਦੇ 'ਸੁੰਭ-ਵਧ' ਨਾਂ ਦੇ ਸੱਤਵਾਂ ਅਧਿਆਇ ਦੀ ਸਮਾਪਤੀ ॥੭॥

ਸ੍ਵੈਯਾ ॥

ਸ੍ਵੈਯਾ:

ਭਾਜਿ ਗਇਓ ਮਘਵਾ ਜਿਨ ਕੇ ਡਰ ਬ੍ਰਹਮ ਤੇ ਆਦਿ ਸਭੈ ਭੈ ਭੀਤੇ ॥

ਜਿਨ੍ਹਾਂ ਦੇ ਡਰ ਤੋਂ ਇੰਦਰ ('ਮਘਵਾ') ਭਜ ਗਿਆ ਸੀ ਅਤੇ ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਭੈਭੀਤ ਸਨ,

ਤੇਈ ਵੈ ਦੈਤ ਪਰਾਇ ਗਏ ਰਨਿ ਹਾਰ ਨਿਹਾਰ ਭਏ ਬਲੁ ਰੀਤੇ ॥

ਉਹੀ ਦੈਂਤ ਰਣ-ਭੂਮੀ ਵਿਚ ਆਪਣੀ ਹਾਰ ਵੇਖ ਕੇ ਬਲਹੀਨ ਹੋਏ ਭਜ ਗਏ ਹਨ।

ਜੰਬੁਕ ਗ੍ਰਿਝ ਨਿਰਾਸ ਭਏ ਬਨ ਬਾਸ ਗਏ ਜੁਗ ਜਾਮਨ ਬੀਤੇ ॥

ਗਿਦੜ ਅਤੇ ਗਿਰਝਾਂ ਨਿਰਾਸ ਹੋ ਕੇ ਬਨਾਂ ਵਿਚ ਰਹਿਣ ਲਈ ਚਲੇ ਗਏ ਹਨ ਅਤੇ (ਇਸ ਸਾਰੇ ਸਾਕੇ ਨੂੰ ਹੋਇਆਂ ਅਜੇ) ਦੋ ਪਹਿਰ ਵੀ ਨਹੀਂ ਬੀਤੇ ਹਨ।

ਸੰਤ ਸਹਾਇ ਸਦਾ ਜਗ ਮਾਇ ਸੁ ਸੁੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥

ਸੰਤਾਂ ਦੀ ਸਦਾ ਸਹਾਇਕ ਜਗਮਾਤਾ (ਚੰਡੀ) ਨੇ ਸ਼ੁੰਭ ਅਤੇ ਨਿਸ਼ੁੰਭ ਵਡੇ ਵੈਰੀ ਜਿਤ ਲਏ ਹਨ ॥੨੨੫॥

ਦੇਵ ਸਭੈ ਮਿਲਿ ਕੈ ਇਕ ਠਉਰ ਸੁ ਅਛਤ ਕੁੰਕਮ ਚੰਦਨ ਲੀਨੋ ॥

ਸਾਰੇ ਦੇਵਤਿਆਂ ਨੇ ਇਕ ਥਾਂ ਇਕਤਰ ਹੋ ਕੇ ਅਤੇ ਚਾਵਲ ਕੇਸਰ ਤੇ ਚੰਦਨ ਲੈ ਕੇ

ਤਛਨ ਲਛਨ ਦੈ ਕੈ ਪ੍ਰਦਛਨ ਟੀਕਾ ਸੁ ਚੰਡਿ ਕੇ ਭਾਲ ਮੈ ਦੀਨੋ ॥

ਉਸੇ ਵੇਲੇ ਲੱਖਾਂ ਨੇ ਹੀ ਪ੍ਰਦਖਣਾ ਦੇ ਕੇ ਚੰਡੀ ਦੇ ਮੱਥੇ ਉਤੇ ਤਿਲਕ ਲਗਾ ਦਿੱਤਾ।

ਤਾ ਛਬਿ ਕੋ ਉਪਜ੍ਯੋ ਤਹ ਭਾਵ ਇਹੈ ਕਵਿ ਨੇ ਮਨ ਮੈ ਲਖਿ ਲੀਨੋ ॥

ਉਸ (ਵੇਲੇ ਦੀ) ਛਬੀ (ਨੂੰ ਵੇਖ ਕੇ) ਜੋ ਭਾਵ ਪੈਦਾ ਹੋਇਆ, ਉਸ ਨੂੰ ਕਵੀ ਨੇ (ਆਪਣੇ) ਮਨ ਵਿਚ ਇਸ ਤਰ੍ਹਾਂ ਜਾਣਿਆ,

ਮਾਨਹੁ ਚੰਦ ਕੈ ਮੰਡਲ ਮੈ ਸੁਭ ਮੰਗਲ ਆਨਿ ਪ੍ਰਵੇਸਹਿ ਕੀਨੋ ॥੨੨੬॥

ਮਾਨੋ ਚੰਦਰ-ਮੰਡਲ ਵਿਚ ਸ਼ੁਭ ਮੰਗਲ ਨੇ ਆ ਕੇ ਪ੍ਰਵੇਸ਼ ਕੀਤਾ ਹੋਵੇ (ਅਰਥਾਤ ਸੁਖਦਾਇਕ ਸਥਿਤੀ ਪੈਦਾ ਹੋ ਗਈ ਹੈ) ॥੨੨੬॥

ਕਬਿਤੁ ॥

ਕਬਿੱਤ:

ਮਿਲਿ ਕੇ ਸੁ ਦੇਵਨ ਬਡਾਈ ਕਰੀ ਕਾਲਿਕਾ ਕੀ ਏਹੋ ਜਗ ਮਾਤ ਤੈ ਤੋ ਕਟਿਓ ਬਡੋ ਪਾਪੁ ਹੈ ॥

(ਸਾਰੇ) ਦੇਵਤਿਆਂ ਨੇ ਮਿਲ ਕੇ ਦੇਵੀ (ਕਾਲਕਾ) ਦੀ ਵਡਿਆਈ ਕੀਤੀ ਕਿ ਹੇ ਜਗਤਮਾਤਾ! ਤੂੰ ਤਾਂ (ਸਾਡਾ) ਵੱਡਾ ਪਾਪ ਕਟ ਦਿੱਤਾ ਹੈ।

ਦੈਤਨ ਕੇ ਮਾਰ ਰਾਜ ਦੀਨੋ ਤੈ ਸੁਰੇਸ ਹੂੰ ਕੋ ਬਡੋ ਜਸੁ ਲੀਨੇ ਜਗਿ ਤੇਰੋ ਈ ਪ੍ਰਤਾਪੁ ਹੈ ॥

(ਤੂੰ) ਦੈਂਤਾਂ ਨੂੰ ਮਾਰ ਕੇ ਰਾਜੇ ਇੰਦਰ ('ਸੁਰੇਸ') ਨੂੰ (ਸੁਅਰਗ ਦਾ) ਰਾਜ ਦਿੱਤਾ ਹੈ। (ਅਜਿਹਾ ਕਰ ਕੇ ਤੂੰ) ਬਹੁਤ ਯਸ਼ ਖਟਿਆ ਹੈ (ਅਤੇ ਇਸ ਲਈ) ਜਗ ਵਿਚ ਤੇਰਾ ਹੀ ਪ੍ਰਤਾਪ (ਪਸਰਿਆ ਹੋਇਆ) ਹੈ।

ਦੇਤ ਹੈ ਅਸੀਸ ਦਿਜ ਰਾਜ ਰਿਖਿ ਬਾਰਿ ਬਾਰਿ ਤਹਾ ਹੀ ਪੜਿਓ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ ॥

ਬ੍ਰਹਮ-ਰਿਸ਼ੀ ('ਦਿਜ ਰਾਜ') ਰਾਜ-ਰਿਸ਼ੀ ਬਾਰ ਬਾਰ ਅਸੀਸਾਂ ਦਿੰਦੇ ਹਨ ਅਤੇ ਉਥੇ ਹੀ 'ਬ੍ਰਹਮ-ਕਵਚ' (ਦੁਰਗਾ ਦੀ ਉਸਤਤ ਵਿਚ ਬ੍ਰਹਮਾ ਵਲੋਂ ਉਚਾਰਿਆ ਸਤੋਤ੍ਰ) ਜਾਪ ਨੂੰ ਪੜ੍ਹਿਆ ਗਿਆ ਹੈ।

ਐਸੇ ਜਸੁ ਪੂਰ ਰਹਿਓ ਚੰਡਿਕਾ ਕੋ ਤੀਨ ਲੋਕਿ ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪੁ ਹੈ ॥੨੨੭॥

ਤਿੰਨਾਂ ਲੋਕਾਂ ਵਿਚ ਚੰਡੀ ਦਾ ਯਸ਼ ਇਸ ਤਰ੍ਹਾਂ ਪੂਰਿਆ ਜਾ ਰਿਹਾ ਹੈ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਵਿਚ ਗੰਗਾ ਜੀ ਦਾ ਜਲ ('ਆਪੁ') ਪੂਰੀ ਤਰ੍ਹਾਂ ਮਿਲ ਜਾਂਦਾ ਹੈ ॥੨੨੭॥

ਸ੍ਵੈਯਾ ॥

ਸ੍ਵੈਯਾ:

ਦੇਹਿ ਅਸੀਸ ਸਭੈ ਸੁਰ ਨਾਰਿ ਸੁਧਾਰਿ ਕੈ ਆਰਤੀ ਦੀਪ ਜਗਾਇਓ ॥

ਸਾਰੀਆਂ ਦੇਵ-ਇਸਤਰੀਆਂ (ਚੰਡੀ ਨੂੰ) ਅਸੀਸਾਂ ਦਿੰਦੀਆਂ ਹਨ ਅਤੇ ਆਰਤੀ ਸਿਰਜ ਕੇ ਉਸ ਵਿਚ ਦੀਪਕ ਜਗਾਏ ਹਨ।

ਫੂਲ ਸੁਗੰਧ ਸੁਅਛਤ ਦਛਨ ਜਛਨ ਜੀਤ ਕੋ ਗੀਤ ਸੁ ਗਾਇਓ ॥

ਫੁਲਾਂ ਦੀ ਸੁਗੰਧੀ ਅਤੇ ਚਾਵਲ ਵਾਰਦੀਆਂ ('ਦੱਛਨ') ਹਨ ਅਤੇ ਯਕਸ਼-ਇਸਤਰੀਆਂ ('ਜੱਛਨ') ਜਿਤ ਦੇ ਗੀਤ ਸੁਣਾਉਂਦੀਆਂ ਹਨ।

ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਨਾਇਓ ॥

ਧੂਪ ਜਗਾ ਕੇ, ਸੰਖ ਵਜਾ ਕੇ, ਸਿਰ ਝੁਕਾ ਕੇ ਬੇਨਤੀ ਕਰਦੀਆਂ ਹਨ

ਹੇ ਜਗ ਮਾਇ ਸਦਾ ਸੁਖ ਦਾਇ ਤੈ ਸੁੰਭ ਕੋ ਘਾਇ ਬਡੋ ਜਸੁ ਪਾਇਓ ॥੨੨੮॥

ਕਿ ਹੇ ਜਗਤਮਾਤਾ! ਤੂੰ ਸਦਾ ਸੁਖ ਦੇਣ ਵਾਲੀ ਹੈਂ। ਤੂੰ ਸ਼ੁੰਭ ਨੂੰ ਮਾਰ ਕੇ ਵੱਡਾ ਯਸ਼ ਖਟਿਆ ਹੈ ॥੨੨੮॥

ਸਕ੍ਰਹਿ ਸਾਜਿ ਸਮਾਜ ਦੈ ਚੰਡ ਸੁ ਮੋਦ ਮਹਾ ਮਨ ਮਾਹਿ ਰਈ ਹੈ ॥

ਇੰਦਰ ('ਸਕ੍ਰ') ਨੂੰ ਰਾਜ ਦਾ ਸਾਮਾਨ ਦੇ ਕੇ ਚੰਡੀ ਮਨ ਵਿਚ ਬਹੁਤ ਖੁਸ਼ ਹੋ ਰਹੀ ਹੈ।

ਸੂਰ ਸਸੀ ਨਭਿ ਥਾਪ ਕੈ ਤੇਜੁ ਦੇ ਆਪ ਤਹਾ ਤੇ ਸੁ ਲੋਪ ਭਈ ਹੈ ॥

ਸੂਰਜ ਅਤੇ ਚੰਦ੍ਰਮਾ ਨੂੰ ਆਕਾਸ਼ ਵਿਚ ਸਥਿਤ ਕਰ ਕੇ ਅਤੇ ਤੇਜ ਪ੍ਰਦਾਨ ਕਰ ਕੇ (ਚੰਡੀ) ਆਪ ਉਥੋਂ ਲੋਪ ਹੋ ਗਈ।

ਬੀਚ ਅਕਾਸ ਪ੍ਰਕਾਸ ਬਢਿਓ ਤਿਹ ਕੀ ਉਪਮਾ ਮਨ ਤੇ ਨ ਗਈ ਹੈ ॥

ਆਕਾਸ਼ ਵਿਚ (ਸੂਰਜ ਅਤੇ ਚੰਦ੍ਰਮਾ ਦਾ) ਪ੍ਰਕਾਸ਼ ਵਧ ਗਿਆ। ਉਸ (ਦ੍ਰਿਸ਼) ਦੀ ਉਪਮਾ ਕਵੀ ਦੇ ਮਨ ਤੋਂ ਭੁਲੀ ਨਹੀਂ ਹੈ।

ਧੂਰਿ ਕੈ ਪੂਰ ਮਲੀਨ ਹੁਤੋ ਰਵਿ ਮਾਨਹੁ ਚੰਡਿਕਾ ਓਪ ਦਈ ਹੈ ॥੨੨੯॥

(ਲੜਾਈ ਵੇਲੇ ਉਠੀ) ਧੂੜ ਦੇ ਪਸਰਨ ਕਰ ਕੇ ਸੂਰਜ ('ਰਵਿ') ਮਲੀਨ ਹੋ ਗਿਆ ਸੀ, ਮਾਨੋ ਚੰਡੀ ਨੇ (ਆਪਣਾ) ਤੇਜ ਪ੍ਰਦਾਨ ਕਰ ਕੇ (ਉਸ ਨੂੰ ਫਿਰ ਤੋਂ ਚਮਕਦਾਰ ਬਣਾ ਦਿੱਤਾ ਹੋਵੇ) ॥੨੨੯॥

ਕਬਿਤੁ ॥

ਕਬਿੱਤ:

ਪ੍ਰਥਮ ਮਧੁ ਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ ॥

ਪਹਿਲਾਂ ਮਧੁ ਅਤੇ ਕੈਟਭ (ਦੈਂਤਾਂ) ਦਾ ਘਮੰਡ ਤੋੜਨ ਵਾਲੀ, ਫਿਰ ਮਹਿਖਾਸੁਰ ਦਾ ਮਾਣ ਮਸਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨਾ ਕਰਨ ਵਾਲੀ,

ਧੂਮ੍ਰ ਦ੍ਰਿਗ ਧਰਨਧਰਿ ਧੂਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ ॥

ਧੂਮ੍ਰਲੋਚਨ ਵਰਗੇ ਨਾਇਕ ('ਧਰਨਧਰਿ') ਨੂੰ ਧਰਤੀ ਉਤੇ ਪਟਕਣ ਵਾਲੀ ਅਤੇ ਚੰਡ ਅਤੇ ਮੁੰਡ ਦੇ ਸਿਰਾਂ ਨੂੰ ਟੋਟੇ ਟੋਟੇ ਕਰਨ ਵਾਲੀ,

ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕਾ ॥

ਰਕਤ-ਬੀਜ ਨੂੰ ਮਾਰਨ ਅਤੇ (ਉਸ ਦਾ) ਲਹੂ ਪੀਣ ਵਾਲੀ, ਵੈਰੀਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ,

ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ ॥੨੩੦॥

ਸ਼ੁੰਭ ਨੂੰ ਬਲ ਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿਤਣ ਵਾਲੀ ਚੰਡੀ ਦੀ ਜੈ ਹੋਵੇ ॥੨੩੦॥

ਸ੍ਵੈਯਾ ॥

ਸ੍ਵੈਯਾ:

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥

ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨਾ ਟਲਾਂ।

ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥

ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨਾ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।

ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥

ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ।

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥੨੩੧॥

ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ ॥੨੩੧॥

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ॥

ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰਰਸ ਵਿਚ ਲਿਖੀ ਹੈ।

ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥

ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ।

ਕਉਤਕ ਹੇਤੁ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ॥

ਕਵੀ ਨੇ ਮਾਨਸਿਕ ਵਿਲਾਸ ('ਕਉਤਕ') ਲਈ ਇਕ ਕਾਵਿ-ਰਚਨਾ ਕੀਤੀ ਹੈ। 'ਸਤਸਈ' ਦੀ ਇਹ ਪੂਰੀ ਕਥਾ ਵਰਣਿਤ ਹੈ।

ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥

ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ ॥੨੩੨॥

ਦੋਹਰਾ ॥

ਦੋਹਰਾ:

ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ ॥

(ਮੈਂ) 'ਸਤਸਈ' (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ।

ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ ॥੨੩੩॥

ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ ॥੨੩੩॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੇ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੮॥

ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਪ੍ਰਸੰਗ ਦੇ 'ਦੇਵ ਸੁਰੇਸ ਸਹਿਤ ਜੈ ਜੈ ਕਾਰਾ' ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੮॥

ੴ ਵਾਹਿਗੁਰੂ ਜੀ ਕੀ ਫਤਹ ॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਅਥ ਚੰਡੀ ਚਰਿਤ੍ਰ ਲਿਖ੍ਯਤੇ ॥

ਹੁਣ ਚੰਡੀ ਚਰਿਤ੍ਰ ਲਿਖਦੇ ਹਾਂ

ਨਰਾਜ ਛੰਦ ॥

ਨਰਾਜ ਛੰਦ:

ਮਹਿਖ ਦਈਤ ਸੂਰਯੰ ॥

ਮਹਿਖਾਸੁਰ (ਨਾਂ ਦੇ) ਦੈਂਤ ਸੂਰਮੇ ਨੇ

ਬਢਿਯੋ ਸੋ ਲੋਹ ਪੂਰਯੰ ॥

(ਆਪਣੀ ਸ਼ਕਤੀ) ਵਧਾ ਲਈ, ਉਹ ਲੋਹੇ (ਦੇ ਕਵਚ ਨਾਲ) ਪੂਰੀ ਤਰ੍ਹਾਂ ਢਕਿਆ ਹੋਇਆ ਸੀ।

ਸੁ ਦੇਵ ਰਾਜ ਜੀਤਯੰ ॥

ਉਸ ਨੇ ਇੰਦਰ ਨੂੰ ਜਿਤ ਲਿਆ

ਤ੍ਰਿਲੋਕ ਰਾਜ ਕੀਤਯੰ ॥੧॥

ਅਤੇ ਤਿੰਨਾਂ ਲੋਕਾਂ ਉਤੇ ਆਪਣਾ ਰਾਜ ਸਥਾਪਿਤ ਕਰ ਦਿੱਤਾ ॥੧॥

ਭਜੇ ਸੁ ਦੇਵਤਾ ਤਬੈ ॥

ਤਦੋਂ ਸਾਰੇ ਦੇਵਤੇ ਭਜ ਗਏ

ਇਕਤ੍ਰ ਹੋਇ ਕੈ ਸਬੈ ॥

ਅਤੇ ਇਕੱਠੇ ਹੋ ਕੇ

ਮਹੇਸੁਰਾਚਲੰ ਬਸੇ ॥

ਸ਼ਿਵ ਦੇ ਪਰਬਤ (ਕੈਲਾਸ਼) ਉਤੇ ਜਾ ਵਸੇ।

ਬਿਸੇਖ ਚਿਤ ਮੋ ਤ੍ਰਸੇ ॥੨॥

ਉਹ ਚਿੱਤ ਵਿਚ ਬਹੁਤ ਡਰੇ ਹੋਏ ਸਨ ॥੨॥

ਜੁਗੇਸ ਭੇਸ ਧਾਰ ਕੈ ॥

ਹਥਿਆਰ ਸੁਟ ਕੇ ਅਤੇ ਜੋਗੀਆਂ ਦਾ ਰੂਪ ਧਾਰ ਕੇ

ਭਜੇ ਹਥਿਯਾਰ ਡਾਰ ਕੈ ॥

ਉਹ ਭਜ ਗਏ।

ਪੁਕਾਰ ਆਰਤੰ ਚਲੈ ॥

ਦੁਖੀ ਅਵਸਥਾ ਵਿਚ ਪੁਕਾਰਦੇ ਹੋਏ

ਬਿਸੂਰ ਸੂਰਮਾ ਭਲੇ ॥੩॥

ਚੰਗੇ ਚੰਗੇ ਸੂਰਮੇ ਝੂਰਦੇ ਤੁਰੇ ਜਾ ਰਹੇ ਸਨ ॥੩॥

ਬਰਖ ਕਿਤੇ ਤਹਾ ਰਹੇ ॥

ਸ਼ਰੀਰ ਉਤੇ ਦੁਖ ਸਹਾਰਦੇ ਹੋਏ

ਸੁ ਦੁਖ ਦੇਹ ਮੋ ਸਹੇ ॥

ਉਹ ਕਿਤਨੇ ਹੀ ਵਰ੍ਹੇ ਉਥੇ ਰਹੇ

ਜਗਤ੍ਰ ਮਾਤਿ ਧਿਆਇਯੰ ॥

ਅਤੇ ਜਗਤ ਮਾਤਾ (ਦੇਵੀ) ਦਾ ਧਿਆਨ ਧਰਦੇ ਰਹੇ,

ਸੁ ਜੈਤ ਪਤ੍ਰ ਪਾਇਯੰ ॥੪॥

ਜਿਤ ਦਾ ਪ੍ਰਵਾਨਾ ਪ੍ਰਾਪਤ ਕਰਨ ਲਈ ॥੪॥

ਪ੍ਰਸੰਨ ਦੇਵਤਾ ਭਏ ॥

(ਦੇਵੀ ਦੇ ਪ੍ਰਗਟ ਹੋਣ ਤੇ) ਦੇਵਤੇ ਪ੍ਰਸੰਨ ਹੋ ਗਏ

ਚਰੰਨ ਪੂਜਬੇ ਧਏ ॥

ਅਤੇ ਉਸ ਦੇ ਚਰਨਾਂ ਨੂੰ ਪੂਜਣ ਲਈ ਅਗੇ ਵਧੇ।

ਸਨੰਮੁਖਾਨ ਠਢੀਯੰ ॥

(ਦੇਵੀ ਦੇ) ਸਾਹਮਣੇ ਆ ਕੇ ਖੜੋ ਗਏ

ਪ੍ਰਣਾਮ ਪਾਠ ਪਢੀਯੰ ॥੫॥

ਅਤੇ ਪ੍ਰਨਾਮ ਕਰ ਕੇ (ਦੇਵੀ ਸਤੋਤ੍ਰ ਦਾ) ਪਾਠ ਪੜ੍ਹਨ ਲਗੇ ॥੫॥


Flag Counter