ਸ਼੍ਰੀ ਦਸਮ ਗ੍ਰੰਥ

ਅੰਗ - 641


ਦੀਨਨ ਉਧਾਰਣਿ ਜਾਸੁ ਬਾਨ ॥

ਦੀਨਾਂ ਦਾ ਉੱਧਾਰ ਕਰਨਾ ਜਿਸ ਦੀ ਆਦਤ ਹੈ।

ਕੋਊ ਕਹੈ ਕੈਸੇਈ ਲੇਤ ਮਾਨ ॥੭੧॥

ਕੋਈ ਕਿਵੇਂ ਹੀ (ਉਸ ਦਾ ਨਾਂ) ਕਹਿੰਦਾ ਹੈ, (ਉਹ ਉਸੇ ਤਰ੍ਹਾਂ) ਮੰਨ ਲੈਂਦਾ ਹੈ ॥੭੧॥

ਅਕਲੰਕ ਰੂਪ ਅਨਛਿਜ ਤੇਜ ॥

(ਉਹ) ਕਲੰਕ ਤੋਂ ਰਹਿਤ ਅਤੇ ਨਾ ਛਿਜੇ ਜਾ ਸਕਣ ਵਾਲੇ ਤੇਜ ਵਾਲਾ ਹੈ।

ਆਸਨ ਅਡੋਲ ਸੁਭ ਸੁਭ੍ਰ ਸੇਜ ॥

(ਉਸ ਦਾ) ਆਸਨ ਅਡੋਲ ਹੈ ਅਤੇ ਸ਼ੁਭ ਸੁਖਦਾਇਕ ਸੇਜ ਵਾਲਾ ਹੈ।

ਅਨਗਨ ਜਾਸੁ ਗੁਨ ਮਧਿ ਸੋਭ ॥

ਜਿਸ ਵਿਚ ਅਣਗਿਣਤ ਗੁਣ ਸ਼ੋਭਾ ਪਾ ਰਹੇ ਹਨ।

ਲਖਿ ਸਤ੍ਰ ਮਿਤ੍ਰ ਜਿਹ ਰਹਤ ਲੋਭ ॥੭੨॥

(ਉਸ ਨੂੰ!) ਵੇਖ ਕੇ ਵੈਰੀ ਅਤੇ ਮਿਤਰ ਲਲਚਾਏ ਰਹਿੰਦੇ ਹਨ ॥੭੨॥

ਜਿਹ ਸਤ੍ਰ ਮਿਤ੍ਰ ਸਮ ਏਕ ਜਾਨ ॥

(ਉਹ) ਵੈਰੀ ਅਤੇ ਮਿਤਰ ਨੂੰ ਇਕ ਸਮਾਨ ਸਮਝਦਾ ਹੈ

ਉਸਤਤੀ ਨਿੰਦ ਜਿਹ ਏਕ ਮਾਨ ॥

ਅਤੇ ਉਸਤਤ ਤੇ ਨਿੰਦਾ ਨੂੰ ਇਕੋ ਜਿਹਾ ਮੰਨਦਾ ਹੈ।

ਆਸਨ ਅਡੋਲ ਅਨਛਿਜ ਰੂਪ ॥

(ਜਿਸ ਦਾ) ਆਸਨ ਅਡੋਲ ਹੈ ਅਤੇ ਸਰੂਪ ਅਛਿਜ ਹੈ,

ਪਰਮੰ ਪਵਿਤ੍ਰ ਭੂਪਾਣ ਭੂਪ ॥੭੩॥

(ਉਹ) ਪਰਮ ਪਵਿਤ੍ਰ ਅਤੇ ਰਾਜਿਆਂ ਦਾ ਰਾਜਾ ਹੈ ॥੭੩॥

ਜਿਹਬਾ ਸੁਧਾਨ ਖਗ ਉਧ ਸੋਹਿ ॥

ਜਿਸ ਦੀ ਜੀਭ ਅੰਮ੍ਰਿਤ (ਦੇ ਸਮਾਨ ਬੋਲਦੀ ਹੈ) ਤਲਵਾਰ (ਉਸ ਦੇ ਹੱਥ ਵਿਚ) ਉੱਚੀ ਸ਼ੋਭਦੀ ਹੈ।

ਅਵਿਲੋਕ ਦਈਤ ਅਰੁ ਦੇਵ ਮੋਹਿ ॥

ਦੇਵਤੇ ਅਤੇ ਦੈਂਤ ਵੇਖ ਕੇ ਮੋਹਿਤ ਹੁੰਦੇ ਹਨ।

ਬਿਨੁ ਬੈਰ ਰੂਪ ਅਨਭਵ ਪ੍ਰਕਾਸ ॥

ਉਹ ਬਿਨਾ ਵੈਰ ਵਾਲਾ ਅਤੇ ਸੁਤਹ ਪ੍ਰਕਾਸ਼ ਹੈ।

ਅਨਛਿਜ ਗਾਤ ਨਿਸਿ ਦਿਨ ਨਿਰਾਸ ॥੭੪॥

(ਉਹ) ਨਾ ਛਿਜਣ ਵਾਲੇ ਸ਼ਰੀਰ ਵਾਲਾ ਅਤੇ ਰਾਤ ਦਿਨ ਆਸਾਂ ਤੋਂ ਰਹਿਤ ਹੈ ॥੭੪॥

ਦੁਤਿ ਆਦਿ ਅੰਤਿ ਏਕੈ ਸਮਾਨ ॥

(ਉਸ ਦੀ) ਜੋਤਿ ਆਦਿ ਤੋਂ ਅੰਤ ਤਕ ਇਕ ਸਮਾਨ ਹੈ।

ਖੜਗੰਨ ਸਪੰਨਿ ਸਬ ਬਿਧਿ ਨਿਧਾਨ ॥

(ਉਹ) ਛੇ ਅੰਗਾਂ ਨਾਲ ਭਰਪੂਰ ਅਤੇ ਸਾਰੀਆਂ ਵਿਧੀਆਂ ਦਾ ਖ਼ਜ਼ਾਨਾ ਹੈ।

ਸੋਭਾ ਸੁ ਬਹੁਤ ਤਨ ਜਾਸੁ ਸੋਭ ॥

ਜਿਸ ਦੇ ਤਨ ਦੀ ਸ਼ੋਭਾ ਬਹੁਤ ਸ਼ੋਭਦੀ ਹੈ।

ਦੁਤਿ ਦੇਖਿ ਜਛ ਗੰਧ੍ਰਬ ਲੋਭ ॥੭੫॥

(ਜਿਸ ਦੀ) ਜੋਤਿ ਨੂੰ ਵੇਖ ਕੇ ਯਕਸ਼ ਅਤੇ ਗੰਧਰਬ ਲੋਭਾਇਮਾਨ (ਹੋ ਰਹੇ ਹਨ) ॥੭੫॥

ਅਨਭੰਗ ਅੰਗ ਅਨਭਵ ਪ੍ਰਕਾਸ ॥

(ਉਸ ਦਾ) ਸ਼ਰੀਰ ਭੰਗ ਨਹੀਂ ਹੁੰਦਾ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ (ਸੁਤਹ ਪ੍ਰਕਾਸ਼) ਹੁੰਦਾ ਹੈ।

ਪਸਰੀ ਜਗਤਿ ਜਿਹ ਜੀਵ ਰਾਸਿ ॥

ਉਸ ਦੀ ਜਗਤ ਦੇ ਜੀਵਾਂ ਵਿਚ ਰਾਸ (ਜੋਤਿ) ਪਸਰੀ ਹੋਈ ਹੈ।

ਕਿਨੇ ਸੁ ਜੀਵ ਜਲਿ ਥਲਿ ਅਨੇਕ ॥

(ਉਸ ਨੇ) ਜਲ ਥਲ ਵਿਚ ਅਨੇਕ ਜੀਵ ਕੀਤੇ ਹੋਏ ਹਨ,

ਅੰਤਹਿ ਸਮੇਯ ਫੁਨਿ ਰੂਪ ਏਕ ॥੭੬॥

ਪਰ ਅੰਤ ਵਿਚ (ਉਹ) ਸਭ ਫਿਰ ਇਕ ਰੂਪ ਹੀ ਹਨ ॥੭੬॥

ਜਿਹ ਛੂਆ ਨੈਕੁ ਨਹੀ ਕਾਲ ਜਾਲੁ ॥

ਜਿਸ ਨੂੰ ਕਾਲ ਦੇ ਜਾਲ ਨੇ ਜ਼ਰਾ ਜਿੰਨਾ ਵੀ ਛੋਹਿਆ ਨਹੀਂ ਹੈ।

ਛ੍ਵੈ ਸਕਾ ਪਾਪ ਨਹੀ ਕਉਨ ਕਾਲ ॥

(ਉਸ ਨੂੰ) ਪਾਪ ਕਿਸੇ ਸਮੇਂ ਵੀ ਛੋਹ ਨਹੀਂ ਸਕਿਆ ਹੈ।

ਆਛਿਜ ਤੇਜ ਅਨਭੂਤ ਗਾਤ ॥

(ਜਿਸ ਦਾ) ਤੇਜ ਅਣਛਿਜ ਰੂਪ ਵਾਲਾ ਹੈ ਅਤੇ ਤੱਤ੍ਵ-ਰਹਿਤ ਸ਼ਰੀਰ ਵਾਲਾ ਹੈ।

ਏਕੈ ਸਰੂਪ ਨਿਸ ਦਿਨ ਪ੍ਰਭਾਤ ॥੭੭॥

(ਉਹ) ਰਾਤ, ਦਿਨ ਅਤੇ ਪ੍ਰਭਾਤ ਵੇਲੇ ਇਕ ਸਮਾਨ ਰੂਪ ਵਾਲਾ ਹੈ ॥੭੭॥

ਇਹ ਭਾਤਿ ਦਤ ਅਸਤੋਤ੍ਰ ਪਾਠ ॥

ਇਸ ਤਰ੍ਹਾਂ ਦਾ ਸਤੋਤਰ ਪਾਠ ਦੱਤ ਨੇ ਕੀਤਾ ਹੈ।

ਮੁਖ ਪੜਤ ਅਛ੍ਰ ਗਯੋ ਪਾਪ ਨਾਠ ॥

(ਇਸ ਦੇ) ਅੱਖਰਾਂ ਨੂੰ ਪੜ੍ਹਦਿਆਂ ਪਾਪ ਨਸ ਗਿਆ ਹੈ।

ਕੋ ਸਕੈ ਬਰਨ ਮਹਿਮਾ ਅਪਾਰ ॥

(ਉਸ ਦੀ) ਅਪਾਰ ਮਹਿਮਾ ਦਾ ਕੌਣ ਵਰਣਨ ਕਰ ਸਕਦਾ ਹੈ,

ਸੰਛੇਪ ਕੀਨ ਤਾ ਤੇ ਉਚਾਰ ॥੭੮॥

ਇਸ ਲਈ ਸੰਖੇਪ ਵਿਚ ਹੀ ਵਰਣਨ ਕੀਤਾ ਹੈ ॥੭੮॥

ਜੇ ਕਰੈ ਪਤ੍ਰ ਕਾਸਿਪੀ ਸਰਬ ॥

ਜੇ ਸਾਰੀ ਧਰਤੀ ('ਕਾਸਿਪੀ') ਨੂੰ ਪੱਤਰ (ਕਾਗਜ਼) ਕਰ ਲਈਏ

ਲਿਖੇ ਗਣੇਸ ਕਰਿ ਕੈ ਸੁ ਗਰਬ ॥

ਅਤੇ ਹੰਕਾਰ ਕਰ ਕੇ ਗਣੇਸ਼ ਲਿਖਣ ਬੈਠੇ।

ਮਸੁ ਸਰਬ ਸਿੰਧ ਲੇਖਕ ਬਨੇਸਿ ॥

ਸਾਰੇ ਸਮੁੰਦਰ ਸਿਆਹੀ ਅਤੇ ਸਾਰੇ ਬਨ ਕਲਮਾਂ ਬਣ ਜਾਣ,

ਨਹੀ ਤਦਿਪ ਅੰਤਿ ਕਹਿ ਸਕੈ ਸੇਸੁ ॥੭੯॥

ਤਦ ਵੀ ਸ਼ੇਸ਼ ਨਾਗ ਉਸ ਦਾ ਅੰਤ ਨਹੀਂ ਕਹਿ ਸਕਦਾ ॥੭੯॥

ਜਉ ਕਰੈ ਬੈਠਿ ਬ੍ਰਹਮਾ ਉਚਾਰ ॥

ਜੇ ਕਰ ਬ੍ਰਹਮਾ ਬੈਠ ਕੇ (ਉਸਤਤ ਦਾ) ਉਚਾਰਨ ਕਰੇ,

ਨਹੀ ਤਦਿਪ ਤੇਜ ਪਾਯੰਤ ਪਾਰ ॥

ਤਦ ਵੀ ਤੇਜ ਦਾ ਅੰਤ ਨਹੀਂ ਪਾ ਸਕੇਗਾ।

ਮੁਖ ਸਹੰਸ ਨਾਮ ਫਣ ਪਤਿ ਰੜੰਤ ॥

(ਜੇ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਬੋਲਦਾ ਰਹੇ,

ਨਹੀ ਤਦਿਪ ਤਾਸੁ ਪਾਯੰਤ ਅੰਤੁ ॥੮੦॥

ਤਾਂ ਵੀ ਉਸ ਦਾ ਅੰਤ ਨਹੀਂ ਪਾ ਸਕਦਾ ॥੮੦॥

ਨਿਸ ਦਿਨ ਜਪੰਤ ਸਨਕੰ ਸਨਾਤ ॥

(ਉਸ ਨੂੰ) ਸਨਕ ਅਤੇ ਸਨਾਤਨ ਰਾਤ ਦਿਨ ਜਪਦੇ ਹਨ,

ਨਹੀ ਤਦਿਪ ਤਾਸੁ ਸੋਭਾ ਨਿਰਾਤ ॥

ਤਾਂ ਵੀ ਉਸ ਦੀ ਸ਼ੋਭਾ ਸਪਸ਼ਟ ਨਹੀਂ ਕੀਤੀ ਜਾ ਸਕਦੀ।

ਮੁਖ ਚਾਰ ਬੇਦ ਕਿਨੇ ਉਚਾਰ ॥

ਚਾਰ ਮੂੰਹਾਂ ਵਾਲੇ ਬ੍ਰਹਮਾ ਨੇ ਵੇਦਾਂ ਦਾ ਉਚਾਰਨ ਕੀਤਾ ਹੈ,

ਤਜਿ ਗਰਬ ਨੇਤਿ ਨੇਤੈ ਬਿਚਾਰ ॥੮੧॥

(ਪਰ ਫਿਰ ਵੀ) ਹੰਕਾਰ ਨੂੰ ਛਡ ਕੇ ਨੇਤਿ ਨੇਤਿ ਵਿਚਾਰਨ ਲਗਾ ਹੈ ॥੮੧॥

ਸਿਵ ਸਹੰਸ੍ਰ ਬਰਖ ਲੌ ਜੋਗ ਕੀਨ ॥

ਸ਼ਿਵ ਨੇ ਹਜ਼ਾਰਾਂ ਸਾਲ ਯੋਗ ਕੀਤਾ

ਤਜਿ ਨੇਹ ਗੇਹ ਬਨ ਬਾਸ ਲੀਨ ॥

ਅਤੇ ਘਰ ਦਾ ਮੋਹ ਛਡ ਕੇ ਬਨਵਾਸ ਲਿਆ।

ਬਹੁ ਕੀਨ ਜੋਗ ਤਹ ਬਹੁ ਪ੍ਰਕਾਰ ॥

(ਉਸ ਨੇ) ਬਹੁਤ ਤਰ੍ਹਾਂ ਬਹੁਤ ਯੋਗ ਕੀਤੇ,

ਨਹੀ ਤਦਿਪ ਤਾਸੁ ਲਹਿ ਸਕਾ ਪਾਰ ॥੮੨॥

ਪਰ ਤਾਂ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੮੨॥

ਜਿਹ ਏਕ ਰੂਪ ਅਨਕੰ ਪ੍ਰਕਾਸ ॥

ਜਿਸ ਦਾ ਇਕ ਰੂਪ ਹੈ, ਪਰ ਅਨੇਕ ਤਰ੍ਹਾਂ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ।

ਅਬਿਯਕਤ ਤੇਜ ਨਿਸ ਦਿਨ ਉਦਾਸ ॥

(ਉਸ ਦਾ) ਤੇਜ ਪ੍ਰਗਟਾਵੇ ਤੋਂ ਰਹਿਤ ਹੈ ਅਤੇ ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਹੈ।


Flag Counter