ਸ਼੍ਰੀ ਦਸਮ ਗ੍ਰੰਥ

ਅੰਗ - 1114


ਚੌਪਈ ॥

ਚੌਪਈ:

ਉਤੈ ਮੀਤ ਤਿਨ ਲਿਯੋ ਬੁਲਾਈ ॥

ਉਧਰ ਉਸ (ਕੁਮਾਰੀ) ਨੇ ਮਿਤਰ ਨੂੰ ਬੁਲਾ ਲਿਆ

ਕਾਮ ਰੀਤਿ ਕਰਿ ਪ੍ਰੀਤੁਪਜਾਈ ॥

ਅਤੇ ਕਾਮ-ਕ੍ਰੀੜਾ ਕਰ ਕੇ ਪ੍ਰੀਤ ਨੂੰ ਪ੍ਰਗਟ ਕੀਤਾ।

ਕਰਿ ਕਰਿ ਕੁਵਤਿ ਸੇਜ ਚਰਕਾਵੈ ॥

ਜ਼ੋਰ ('ਕੁਵਤਿ') ਨਾਲ (ਘਰਸ਼ਣ ਕਰਨ ਤੇ) ਮੰਜੀ ਚਰ ਚਰ ਕਰਨ ਲਗੀ

ਏਕ ਹਾਥ ਤਨ ਘੰਟ ਬਜਾਵੈ ॥੧੧॥

(ਅਤੇ ਕੁਮਾਰੀ) ਇਕ ਹੱਥ ਨਾਲ ਘੰਟਾ ਵਜਾਉਣ ਲਗੀ (ਤਾਂ ਜੋ ਮੰਜੀ ਦੀ ਆਵਾਜ਼ ਸੁਣਾਈ ਨਾ ਦੇਵੇ) ॥੧੧॥

ਭਾਤਿ ਭਾਤਿ ਤਾ ਕੌ ਰਤਿ ਕੀਨੀ ॥

ਉਸ ਨੇ ਕਈ ਢੰਗਾਂ ਨਾਲ ਰਤੀ-ਕ੍ਰੀੜਾ ਕੀਤੀ।

ਨ੍ਰਿਪ ਜੜ ਧੁਨਿ ਘੰਟਾ ਕੀ ਚੀਨੀ ॥

ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੀ ਸਮਝਿਆ।

ਭੇਦ ਅਭੇਦ ਕਛੂ ਨਹਿ ਪਾਯੋ ॥

(ਉਸ ਨੇ) ਭੇਦ ਅਭੇਦ ਕੁਝ ਨਾ ਜਾਣਿਆ

ਇਹ ਦੁਹਿਤਾ ਕਸ ਕਰਮ ਕਮਾਯੋ ॥੧੨॥

ਕਿ ਇਸ ਪੁੱਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਹੈ ॥੧੨॥

ਤਾ ਸੌ ਭੋਗ ਬਹੁਤ ਬਿਧਿ ਕੀਨੋ ॥

ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ

ਲਪਟਿ ਲਪਟਿ ਆਸਨ ਕਹ ਦੀਨੋ ॥

ਅਤੇ ਲਿਪਟ ਲਿਪਟ ਕੇ ਆਸਣ ਦਿੱਤੇ।

ਚੁੰਬਨ ਆਲਿੰਗਨ ਕੀਨੇ ਤਿਨ ॥

ਉਨ੍ਹਾਂ ਨੇ ਚੁੰਬਨ ਅਤੇ ਆਲਿੰਗਨ ਕੀਤੇ

ਭੇਦ ਨ ਲਹਿਯੋ ਮੂੜ ਰਾਜੈ ਇਨ ॥੧੩॥

ਅਤੇ ਇਸ ਮੂਰਖ ਰਾਜੇ ਨੇ ਭੇਦ ਨਾ ਜਾਣਿਆ ॥੧੩॥

ਕਾਮ ਕੇਲ ਤਾ ਸੌ ਬਹੁ ਕਿਯੋ ॥

ਉਸ ਨਾਲ (ਕੁਮਾਰੀ ਨੇ) ਬਹੁਤ ਕਾਮ-ਕ੍ਰੀੜੀ ਕੀਤੀ।

ਬਹੁਰੋ ਛੋਰ ਦ੍ਵਾਰ ਕਹ ਦਿਯੋ ॥

ਫਿਰ ਦਰਵਾਜ਼ਾ ਖੋਲ੍ਹ ਦਿੱਤਾ।

ਪਠੈ ਸਹਚਰੀ ਪਿਤਾ ਬੁਲਾਇਯੋ ॥

ਸਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ।

ਮਨ ਮੈ ਅਧਿਕ ਜਾਰ ਦੁਖ ਪਾਯੋ ॥੧੪॥

(ਜਿਸ ਕਰ ਕੇ) ਯਾਰ ਨੇ ਮਨ ਵਿਚ ਬਹੁਤ ਦੁਖ ਪਾਇਆ ॥੧੪॥

ਯਾ ਕੌ ਪਿਤਾ ਮੋਹਿ ਗਹਿ ਲੈਹੈ ॥

(ਯਾਰ ਮਨ ਵਿਚ ਸੋਚਣ ਲਗਿਆ ਕਿ) ਇਸ ਦਾ ਪਿਤਾ ਮੈਨੂੰ ਪਕੜ ਲਵੇਗਾ

ਬਹੁਰਿ ਹਮੈ ਜਮਪੁਰੀ ਪਠੈਹੈ ॥

ਅਤੇ ਫਿਰ ਮੈਨੂੰ ਯਮਲੋਕ ਭੇਜ ਦੇਵੇਗਾ।

ਚਿੰਤਾਤੁਰ ਥਰਹਰਿ ਕੰਪਾਵੈ ॥

ਚਿੰਤਾਵਾਨ ਹੋ ਕੇ ਥਰ ਥਰ ਕੰਬਣ ਲਗਾ

ਜ੍ਯੋਂ ਕਦਲੀ ਕਹ ਬਾਤ ਡੁਲਾਵੈ ॥੧੫॥

ਜਿਵੇਂ ਕੇਲੇ ਦੇ ਬੂਟੇ ਨੂੰ ਹਵਾ ਹਿਲਾਉਂਦੀ ਹੈ ॥੧੫॥

ਜਾਰ ਬਾਚ ॥

ਯਾਰ ਨੇ ਕਿਹਾ

ਚੌਪਈ ॥

ਚੌਪਈ:

ਮੋਰੇ ਪ੍ਰਾਨ ਰਾਖਿ ਅਬ ਲੀਜੈ ॥

ਹੁਣ ਮੇਰੀ ਜਾਨ ਬਚਾ ਲੈ

ਨਾਹਕ ਮੁਹਿ ਨ ਅਜਾਏ ਕੀਜੈ ॥

ਅਤੇ ਮੈਨੂੰ ਵਿਅਰਥ ਵਿਚ ਨਾ ਖ਼ਤਮ ਕਰਵਾ।

ਮੋਰੋ ਮੂੰਡਿ ਕਾਟ ਨ੍ਰਿਪ ਦੈਹੈ ॥

ਮੇਰਾ ਸਿਰ ਰਾਜਾ ਕਟ ਦੇਵੇਗਾ

ਕਾਪਰਦੀ ਕੇ ਕੰਠ ਚੜੈਹੈ ॥੧੬॥

ਅਤੇ ਸ਼ਿਵ ('ਕਾਪਰਦੀ') ਦੇ ਗਲੇ ਵਿਚ ਪਾ ਦੇਵੇਗਾ ॥੧੬॥

ਸੁਤਾ ਬਾਚ ॥

ਪੁੱਤਰੀ ਨੇ ਕਿਹਾ

ਚੌਪਈ ॥

ਚੌਪਈ:

ਤਿਨ ਕਹਿਯੋ ਤਰੁਨ ਨ ਚਿੰਤਾ ਕਰੋ ॥

ਉਸ ਨੇ ਕਿਹਾ, ਹੇ ਨੌਜਵਾਨ! ਚਿੰਤਾ ਨਾ ਕਰ।

ਧੀਰਜ ਚਿਤ ਆਪਨੇ ਧਰੋ ॥

ਆਪਣੇ ਚਿਤ ਵਿਚ ਧੀਰਜ ਧਾਰਨ ਕਰ।

ਤੇਰੋ ਅਬ ਮੈ ਪ੍ਰਾਨ ਉਬਰਿਹੌ ॥

ਮੈਂ ਹੁਣ ਤੇਰੇ ਪ੍ਰਾਣ ਬਚਾਉਂਦੀ ਹਾਂ

ਪਿਤ ਹੇਰਤ ਤੋ ਕੌ ਪਤਿ ਕਰਿਹੌ ॥੧੭॥

ਅਤੇ ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ (ਵਜੋਂ ਗ੍ਰਹਿਣ) ਕਰਦੀ ਹਾਂ ॥੧੭॥

ਆਪ ਪਿਤਾ ਤਨ ਜਾਇ ਉਚਰੀ ॥

ਆਪ (ਕੁਮਾਰੀ) ਪਿਤਾ ਕੋਲ ਜਾ ਕੇ ਕਹਿਣ ਲਗੀ

ਮੋ ਪਰ ਕ੍ਰਿਪਾ ਅਧਿਕ ਸਿਵ ਕਰੀ ॥

ਕਿ ਮੇਰੇ ਉਤੇ ਸ਼ਿਵ ਜੀ ਨੇ ਬਹੁਤ ਕ੍ਰਿਪਾ ਕੀਤੀ ਹੈ।

ਨਿਜੁ ਕਰ ਪਕਰਿ ਮੋਹਿ ਪਤਿ ਦੀਨੋ ॥

ਆਪਣੇ ਹੱਥ ਨਾਲ ਪਕੜ ਕੇ ਮੈਨੂੰ ਪਤੀ ਦਿੱਤਾ ਹੈ

ਹਮ ਪਰ ਅਧਿਕ ਅਨੁਗ੍ਰਹ ਕੀਨੋ ॥੧੮॥

ਅਤੇ ਮੇਰੇ ਉਤੇ ਬਹੁਤ ਮਿਹਰ ਕੀਤੀ ਹੈ ॥੧੮॥

ਚਲਹੁ ਪਿਤਾ ਤਹ ਤਾਹਿ ਦਿਖਾਊ ॥

ਹੇ ਪਿਤਾ ਜੀ! ਚਲੋ, ਉਹ ਤੁਹਾਨੂੰ ਵਿਖਾਉਂਦੀ ਹਾਂ

ਤਾ ਸੌ ਬਹੁਰਿ ਸੁ ਬ੍ਯਾਹ ਕਰਾਊ ॥

ਅਤੇ ਫਿਰ ਉਸ ਨਾਲ ਵਿਆਹ ਕਰਵਾਉਂਦੀ ਹਾਂ।

ਬਾਹਿ ਪਕਰਿ ਰਾਜਾ ਕੌ ਲ੍ਯਾਈ ॥

(ਉਹ) ਬਾਂਹ ਪਕੜ ਕੇ ਰਾਜੇ ਨੂੰ ਲੈ ਆਈ

ਆਨਿ ਜਾਰ ਸੌ ਦਿਯੋ ਦਿਖਾਈ ॥੧੯॥

ਅਤੇ ਆ ਕੇ (ਆਪਣਾ) ਮਿਤਰ ਵਿਖਾ ਦਿੱਤਾ ॥੧੯॥

ਧੰਨ੍ਯ ਧੰਨ੍ਯ ਤਾ ਕੌ ਪਿਤੁ ਕਹਿਯੋ ॥

ਪਿਤਾ ਨੇ ਉਸ ਨੂੰ ਧੰਨ ਧੰਨ ਕਿਹਾ

ਕਰ ਸੌ ਕਰਿ ਦੁਹਿਤਾ ਕੌ ਗਹਿਯੋ ॥

ਅਤੇ ਆਪਣੇ ਹੱਥ ਨਾਲ ਪੁੱਤਰੀ ਦਾ ਹੱਥ ਪਕੜ ਲਿਆ।

ਕ੍ਰਿਪਾ ਕਟਾਛ ਅਧਿਕ ਸਿਵ ਕੀਨੋ ॥

(ਰਾਜੇ ਨੇ ਕਿਹਾ) ਸ਼ਿਵ ਜੀ ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ।

ਤਾ ਤੇ ਬਰ ਉਤਮ ਤੁਹਿ ਦੀਨੋ ॥੨੦॥

ਇਸ ਲਈ ਤੈਨੂੰ ਉਤਮ ਵਰ ਦਿੱਤਾ ਹੈ ॥੨੦॥

ਤੁਮ ਪਰ ਕ੍ਰਿਪਾ ਜੁ ਸਿਵ ਜੂ ਕੀਨੀ ॥

ਤੇਰੇ ਉਤੇ ਸ਼ਿਵ ਜੀ ਨੇ ਜੋ ਕ੍ਰਿਪਾ ਕੀਤੀ ਹੈ,

ਹਮਹੂੰ ਆਜੁ ਤਾਹਿ ਤੁਹਿ ਦੀਨੀ ॥

(ਇਸ ਵਾਸਤੇ) ਅਜ ਮੈ ਤੈਨੂੰ ਉਸੇ ਨੂੰ ਸੌਂਪਦਾ ਹਾਂ।

ਬੋਲਿ ਦਿਜਨ ਕਹ ਬ੍ਯਾਹ ਕਰਾਯੋ ॥

(ਰਾਜੇ ਨੇ) ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ।

ਭੇਦ ਅਭੇਦ ਮੂੜ ਨਹਿ ਪਾਯੋ ॥੨੧॥

ਮੂਰਖ (ਰਾਜਾ) ਭੇਦ ਅਭੇਦ ਨੂੰ ਨਾ ਪਾ ਸਕਿਆ ॥੨੧॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਹ ਚੰਚਲਾ ਬ੍ਯਾਹ ਜਾਰ ਸੋ ਕੀਨ ॥

ਇਸ ਚਰਿਤ੍ਰ ਨਾਲ ਉਸ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ।

ਪਿਤੁ ਹੂੰ ਲੈ ਤਾ ਕੋ ਦਈ ਸਕ੍ਯੋ ਨ ਛਲ ਜੜ ਚੀਨ ॥੨੨॥

ਪਿਤਾ ਨੇ ਹੀ ਲੈ ਕੇ ਉਸ ਨੂੰ ਦੇ ਦਿੱਤਾ। (ਉਹ) ਮੂਰਖ ਛਲ ਨੂੰ ਸਮਝ ਨਾ ਸਕਿਆ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੩॥੪੦੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੩॥੪੦੯੬॥ ਚਲਦਾ॥

ਚੌਪਈ ॥

ਚੌਪਈ:

ਚਾਦਾ ਸਹਿਰ ਬਸਤ ਜਹ ਭਾਰੋ ॥

ਜਿਥੇ ਚਾਂਦਾ ਨਾਂ ਦਾ ਵੱਡਾ ਸ਼ਹਿਰ ਵਸਦਾ ਸੀ

ਧਰਨੀ ਤਲ ਮਹਿ ਅਤਿ ਉਜਿਯਾਰੋ ॥

(ਅਤੇ ਜੋ) ਧਰਤੀ ਉਤੇ ਬਹੁਤ ਪ੍ਰਸਿੱਧ ਸੀ।

ਬਿਸੁਨ ਕੇਤੁ ਰਾਜਾ ਤਹ ਰਹਈ ॥

ਉਥੇ ਬਿਸਨ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ

ਕਰਮ ਧਰਮ ਸੁਚਿ ਬ੍ਰਤ ਖਗ ਕਹਈ ॥੧॥

ਜੋ ਕਰਮ, ਧਰਮ, ਪਵਿਤ੍ਰਤਾ, ਬ੍ਰਤ ਅਤੇ ਤਲਵਾਰ ਵਿਚ ਪ੍ਰਬੀਨ ਸੀ ॥੧॥

ਸ੍ਰੀ ਬੁੰਦੇਲ ਮਤੀ ਤਾ ਕੀ ਤ੍ਰਿਯ ॥

ਬੁੰਦੇਲ ਮਤੀ ਨਾਂ ਦੀ ਉਸ ਦੀ ਇਸਤਰੀ ਸੀ

ਜਾ ਮਹਿ ਬਸਤ ਸਦਾ ਨ੍ਰਿਪ ਕੋ ਜਿਯ ॥

ਜਿਸ ਵਿਚ ਰਾਜੇ ਦਾ ਮਨ ਸਦਾ ਸਮਾਇਆ ਹੋਇਆ ਸੀ।

ਸ੍ਰੀ ਗੁਲਜਾਰ ਮਤੀ ਦੁਹਿਤਾ ਤਿਹ ॥

ਉਸ ਦੀ ਪੁੱਤਰੀ ਦਾ ਨਾਂ ਗੁਲਜ਼ਾਰ ਮਤੀ ਸੀ,

ਕਹੂੰ ਨ ਤਰੁਨਿ ਜਗਤ ਮੈ ਸਮ ਜਿਹ ॥੨॥

ਜਿਸ ਵਰਗੀ ਸੰਸਾਰ ਵਿਚ ਕੋਈ ਮੁਟਿਆਰ ਨਹੀਂ ਸੀ ॥੨॥

ਦੋਹਰਾ ॥

ਦੋਹਰਾ:

ਤਿਨ ਇਕ ਤਰੁਨ ਬਿਲੋਕਿਯੋ ਅਮਿਤ ਰੂਪ ਕੀ ਖਾਨਿ ॥

ਉਸ ਨੇ ਅਪਾਰ ਸੁੰਦਰਤਾ ਦੇ ਖਾਣ ਵਰਗਾ ਇਕ ਨੌਜਵਾਨ ਵੇਖਿਆ।

ਲੀਨੋ ਸਦਨ ਬੁਲਾਇ ਕੈ ਰਮਤ ਭਈ ਰੁਚਿ ਮਾਨਿ ॥੩॥

(ਉਸ ਨੂੰ) ਘਰ ਬੁਲਾ ਕੇ ਰੁਚੀ ਪੂਰਵਕ ਉਸ ਨਾਲ ਰਮਣ ਕੀਤਾ ॥੩॥

ਚੌਪਈ ॥

ਚੌਪਈ:

ਤਾ ਸੌ ਲਪਟਿ ਕਰਤ ਰਸ ਭਈ ॥

ਉਸ ਨਾਲ ਲਿਪਟ ਕੇ ਆਨੰਦ ਲੈਣ ਲਗੀ

ਗ੍ਰਿਹ ਕੀ ਸੁਧਿ ਸਭਹੂੰ ਤਜਿ ਦਈ ॥

ਅਤੇ ਘਰ ਦੀ ਸਭ ਸੁੱਧ ਬੁੱਧ ਭੁਲਾ ਦਿੱਤੀ।

ਨਿਸ ਦਿਨ ਤਾ ਸੌ ਭੋਗ ਕਮਾਵੈ ॥

ਰਾਤ ਦਿਨ ਉਸ ਨਾਲ ਭੋਗ ਕਰਦੀ

ਲਪਟਿ ਲਪਟਿ ਤਾ ਕੇ ਉਰ ਜਾਵੈ ॥੪॥

ਅਤੇ ਉਸ ਨੂੰ ਲਿਪਟ ਲਿਪਟ ਕੇ ਗਲੇ ਨਾਲ ਲਗਾਉਂਦੀ ॥੪॥

ਦੋਹਰਾ ॥

ਦੋਹਰਾ:

ਤਰੁਨ ਪੁਰਖ ਤਰੁਨੀ ਤਰੁਨ ਬਾਢੀ ਪ੍ਰੀਤਿ ਅਪਾਰ ॥

ਜਵਾਨ ਮਰਦ ਅਤੇ ਜਵਾਨ ਔਰਤ (ਹੋਣ ਕਰ ਕੇ ਦੋਹਾਂ ਵਿਚ) ਬਹੁਤ ਅਧਿਕ ਪ੍ਰੀਤ ਵੱਧ ਗਈ।