ਸ਼੍ਰੀ ਦਸਮ ਗ੍ਰੰਥ

ਅੰਗ - 15


ਜੈਸੇ ਏਕ ਸ੍ਵਾਂਗੀ ਕਹੂੰ ਜੋਗੀਆ ਬੈਰਾਗੀ ਬਨੈ ਕਬਹੂੰ ਸਨਿਆਸ ਭੇਸ ਬਨ ਕੈ ਦਿਖਾਵਈ ॥

ਜਿਵੇਂ ਇਕ ਬਹੁਰੂਪੀਆ ਕਦੇ ਜੋਗੀ ਅਤੇ ਕਦੇ ਬੈਰਾਗੀ ਬਣਦਾ ਹੈ ਅਤੇ ਕਦੇ ਸੰਨਿਆਸੀ ਭੇਸ ਧਾਰਨ ਕਰ ਕੇ ਵਿਖਾਉਂਦਾ ਹੈ।

ਕਹੂੰ ਪਉਨਹਾਰੀ ਕਹੂੰ ਬੈਠੇ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੌਂ ਅਨੇਕ ਗੁਨ ਗਾਵਈ ॥

ਕਦੇ ਪੌਣ-ਆਹਾਰੀ ਅਤੇ ਕਦੇ ਸਮਾਧੀ ('ਤਾਰੀ'-ਤਾੜੀ) ਲਗਾ ਕੇ ਬੈਠਦਾ ਹੈ ਅਤੇ ਕਦੇ ਲੋਭ ਦੀ ਖੁਮਾਰੀ ਕਾਰਨ ਅਨੇਕ ਗੁਣ ਗਾਉਂਦਾ ਹੈ।

ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੈ ਬਾਰੀ ਕਹੂੰ ਡੰਡ ਧਾਰੀ ਹੁਇ ਕੈ ਲੋਗਨ ਭ੍ਰਮਾਵਈ ॥

ਕਦੇ ਬ੍ਰਹਮਚਾਰੀ ਹੁੰਦਾ ਹੈ, ਕਦੇ ਹੱਥ ਉਤੇ ਖੇਤੀ ਜੰਮਾ ਕੇ ਵਿਖਾਉਂਦਾ ਹੈ ਅਤੇ ਕਦੇ ਦੰਡਧਾਰੀ ਬਣ ਕੇ ਲੋਕਾਂ ਨੂੰ ਭਰਮਾਉਂਦਾ ਹੈ।

ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋਂ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥

(ਜੋ) ਕਾਮਨਾਵਾਂ ਦੇ ਵਸ ਹੋ ਕੇ ਨਚਦਾ ਹੈ, (ਭਲਾ) ਗਿਆਨ ਤੋਂ ਬਿਨਾ ਕੇਵਲ ਨੱਚਣ ਨਾਲ ਕਿਵੇਂ ਬ੍ਰਹਮ-ਲੋਕ ਦੀ ਪ੍ਰਾਪਤੀ ਹੋ ਸਕਦੀ ਹੈ ॥੧੨॥੮੨॥

ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤਕਾਲ ਕੁੰਚਰ ਔ ਗਦਹਾ ਅਨੇਕਦਾ ਪ੍ਰਕਾਰ ਹੀਂ ॥

(ਜਿਵੇਂ) ਸਰਦੀ ਦੀ ਰੁਤ ਵਿਚ ਗਿਦੜ ਪੰਜ ਵੇਲੇ ਹੁਆਂ ਹੁਆਂ ਕਰਦਾ ਹੈ ਅਤੇ ਹਾਥੀ ਤੇ ਖੋਤਾ ਅਨੇਕਾਂ ਵਾਰ ਚਿੰਘਾੜਦੇ ਅਤੇ ਹੀਂਗਦੇ ਹਨ (ਪਰ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ)।

ਕਹਾ ਭਯੋ ਜੋ ਪੈ ਕਲਵਤ੍ਰ ਲੀਓ ਕਾਂਸੀ ਬੀਚ ਚੀਰ ਚੀਰ ਚੋਰਟਾ ਕੁਠਾਰਨ ਸੋਂ ਮਾਰ ਹੀਂ ॥

ਕੀ ਹੋਇਆ ਜੇ ਕਰ ਕਾਸ਼ੀ (ਬਨਾਰਸ) ਵਿਚ ਕਲਵਤ੍ਰ (ਨਾਲ ਸ਼ਰੀਰ ਚਿਰਵਾ) ਲਿਆ (ਕਿਉਂਕਿ ਕਈ ਵਾਰ) ਚੋਰ ਨੂੰ ਵੀ ਕੁਹਾੜੀਆਂ ਨਾਲ ਚੀਰ ਚੀਰ ਕੇ ਮਾਰ ਦਿੱਤਾ ਜਾਂਦਾ ਹੈ।

ਕਹਾ ਭਯੋ ਫਾਂਸੀ ਡਾਰਿ ਬੂਡਿਓ ਜੜ ਗੰਗ ਧਾਰ ਡਾਰਿ ਡਾਰਿ ਫਾਂਸ ਠਗ ਮਾਰਿ ਮਾਰਿ ਡਾਰ ਹੀਂ ॥

ਕੀ ਹੋਇਆ (ਜੇ ਕੋਈ) ਮੂਰਖ (ਆਪਣੇ ਗਲ ਵਿਚ) ਫਾਹੀ ਪਾ ਕੇ ਗੰਗਾ ਦੀ ਧਾਰਾ ਵਿਚ ਰੁੜ ਗਿਆ ਹੈ (ਕਿਉਂਕਿ ਕਈ ਵਾਰ) ਠਗ ਲੋਗ (ਰਾਹੀਆਂ ਨੇ ਗਲੇ ਵਿਚ) ਫਾਹੀ ਪਾ ਕੇ ਮਾਰ ਦਿੰਦੇ ਹਨ।

ਡੂਬੇ ਨਰਕ ਧਾਰ ਮੂੜ੍ਹ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰ ਹੀਂ ॥੧੩॥੮੩॥

ਗਿਆਨ ਨੂੰ ਬਿਨਾ ਵਿਚਾਰੇ (ਕਈ) ਮੂਰਖ ਵਿਅਕਤੀ ਨਰਕ ਦੀ ਧਾਰਾ ਵਿਚ ਡੁਬ ਜਾਂਦੇ ਹਨ (ਕਿਉਂਕਿ) ਭਾਵਨਾ ਤੋਂ ਬਿਨਾ ਗਿਆਨ ਨੂੰ (ਕਿਵੇਂ) ਵਿਚਾਰਿਆ ਜਾ ਸਕਦਾ ਹੈ ॥੧੩॥੮੩॥

ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈਂ ॥

ਜੇ ਕਰ ਸ਼ਰੀਰਕ ਦੁਖ (ਤਾਪ) ਸਹਾਰਨ ਨਾਲ ਦੁਖਾਂ ਤੋਂ ਉੱਚੇ ਸੁਆਮੀ ਨਾਲ ਮੇਲ ਹੋ ਸਕਦਾ ਹੋਵੇ, ਤਾਂ ਘਾਇਲ ਵਿਅਕਤੀ ਅਨੇਕ ਪ੍ਰਕਾਰ ਦੇ ਦੁਖ (ਤਾਪ) ਸ਼ਰੀਰ ਉਤੇ ਸਹਿਨ ਕਰਦਾ ਹੈ।

ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ ॥

ਜੇ ਜਪੁ ਕੀਤਿਆਂ ਜਪ-ਅਤੀਤ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੋਵੇ ਤਾਂ ਪੂਦਨਾ (ਇਕ ਵਿਸ਼ੇਸ਼ ਪੰਛੀ) ਸਦਾ 'ਤੁਹੀ-ਤੁਹੀ' ਉਚਾਰਦਾ ਰਹਿੰਦਾ ਹੈ।


Flag Counter