ਸ਼੍ਰੀ ਦਸਮ ਗ੍ਰੰਥ

ਅੰਗ - 923


ਕਿਤੇ ਸੂਲ ਸੈਥੀ ਸੂਆ ਹਾਥ ਲੈ ਕੈ ॥

ਕਿਤੇ ਸੂਲ, ਸੈਹਥੀ ਅਤੇ ਸੂਆ ਹੱਥ ਵਿਚ ਲੈ ਕੇ

ਮੰਡੇ ਆਨਿ ਜੋਧਾ ਮਹਾ ਕੋਪ ਹ੍ਵੈ ਕੈ ॥੫੦॥

ਸ਼ੂਰਵੀਰ ਕ੍ਰੋਧਵਾਨ ਹੋ ਕੇ ਭਿਆਨਕ ਯੁੱਧ ਮਚਾ ਰਹੇ ਹਨ ॥੫੦॥

ਫਰੀ ਧੋਪ ਖਾਡੇ ਲਏ ਫਾਸ ਐਸੀ ॥

ਖੰਡੇ ਅਤੇ ਤਲਵਾਰਾਂ ਫੜੀਆਂ ਹੋਈਆਂ ਸਨ ਅਤੇ ਫਾਂਸ (ਫਾਹੀ) ਇਸ ਤਰ੍ਹਾਂ ਦੀ ਲਈ ਹੋਈ ਸੀ

ਮਨੌ ਨਾਰਿ ਕੇ ਸਾਹੁ ਕੀ ਜੁਲਫ ਜੈਸੀ ॥

ਮਾਨੋ ਬਾਦਸ਼ਾਹ ਦੀ ਨਾਰ ਦੀ ਜ਼ੁਲਫ਼ ਵਰਗੀ (ਕੁੰਡਲਦਾਰ) ਹੋਵੇ।

ਕਰੀ ਮਤ ਕੀ ਭਾਤਿ ਮਾਰਤ ਬਿਹਾਰੈ ॥

(ਉਹ) ਮਸਤ ਹਾਥੀ ('ਕਰੀ') ਵਾਂਗ ਮਾਰਦੇ ਫਿਰਦੇ ਸਨ

ਜਿਸੇ ਕੰਠਿ ਡਾਰੈ ਤਿਸੈ ਐਚ ਮਾਰੈ ॥੫੧॥

ਅਤੇ ਜਿਸ ਦੇ ਗਲੇ ਵਿਚ ਸੁਟਦੇ ਸਨ, ਉਸੇ ਨੂੰ ਖਿਚ ਕੇ ਮਾਰ ਦਿੰਦੇ ਸਨ ॥੫੧॥

ਚੌਪਈ ॥

ਚੌਪਈ:

ਜਬ ਇਹ ਭਾਤਿ ਸਕਲ ਭਟ ਲਰੇ ॥

ਜਦ ਇਸ ਤਰ੍ਹਾਂ ਸਾਰੇ ਯੋਧੇ ਲੜੇ

ਟੂਕ ਟੂਕ ਰਨ ਮੈ ਹ੍ਵੈ ਪਰੇ ॥

ਅਤੇ ਟੋਟੇ ਟੋਟੇ ਹੋ ਕੇ ਯੁੱਧ-ਭੂਮੀ ਵਿਚ ਡਿਗ ਪਏ।

ਤਬ ਬਿਕ੍ਰਮ ਹਸਿ ਬੈਨ ਉਚਾਰੋ ॥

ਤਦ ਬਿਕ੍ਰਮ ਨੇ ਹਸ ਕੇ ਕਿਹਾ,

ਕਾਮਸੈਨ ਸੁਨੁ ਕਹਿਯੋ ਹਮਾਰੋ ॥੫੨॥

ਹੇ ਕਾਮਸੈਨ! ਸਾਡੀ ਕਹੀ ਗੱਲ ਸੁਣ ॥੫੨॥

ਦੋਹਰਾ ॥

ਦੋਹਰਾ:

ਦੈ ਬੇਸ੍ਵਾ ਇਹ ਬਿਪ੍ਰ ਕੌ ਸੁਨੁ ਰੇ ਬਚਨ ਅਚੇਤ ॥

ਹੇ ਮੂਰਖ! ਗੱਲ ਸੁਣੋ, ਇਸ ਬ੍ਰਾਹਮਣ ਨੂੰ ਇਹ ਵੇਸਵਾ ਦੇ ਦਿਓ।

ਬ੍ਰਿਥਾ ਜੁਝਾਰਤ ਕ੍ਯੋ ਕਟਕ ਏਕ ਨਟੀ ਕੇ ਹੇਤ ॥੫੩॥

ਇਕ ਨਾਚੀ ਲਈ ਵਿਅਰਥ ਵਿਚ ਸੈਨਾ ਨੂੰ ਕਿਉਂ ਮਰਵਾ ਰਹੇ ਹੋ ॥੫੩॥

ਚੌਪਈ ॥

ਚੌਪਈ:

ਕਾਮਸੈਨ ਤਿਹ ਕਹੀ ਨ ਕਰੀ ॥

ਕਾਮਸੈਨ ਨੇ ਉਸ ਦੀ ਕਹੀ ਗੱਲ ਨੂੰ ਨਾ ਮੰਨਿਆ।

ਪੁਨਿ ਬਿਕ੍ਰਮ ਹਸਿ ਯਹੈ ਉਚਰੀ ॥

ਬਿਕ੍ਰਮ ਨੇ ਫਿਰ ਹਸ ਕੇ ਇਹੀ ਕਿਹਾ

ਹਮ ਤੁਮ ਲਰੈ ਕਪਟ ਤਜਿ ਦੋਈ ॥

ਕਿ ਅਸੀਂ ਅਤੇ ਤੁਸੀਂ ਦੋਵੇਂ ਕਪਟ ਛਡ ਕੇ ਲੜੀਏ,

ਕੈ ਜੀਤੇ ਕੈ ਹਾਰੈ ਕੋਈ ॥੫੪॥

ਭਾਵੇਂ ਕੋਈ ਜਿੱਤੇ ਭਾਵੇਂ ਹਾਰੇ ॥੫੪॥

ਅਪਨੀ ਅਪਨੇ ਹੀ ਸਿਰ ਲੀਜੈ ॥

ਆਪਣੀ ਲੜਾਈ ਆਪਣੇ ਹੀ ਸਿਰ ਉਤੇ ਲਈਏ

ਔਰਨ ਕੇ ਸਿਰ ਬ੍ਰਿਥਾ ਨ ਦੀਜੈ ॥

ਅਤੇ ਹੋਰਨਾਂ ਦੇ ਸਿਰ ਉਤੇ ਵਿਅਰਥ ਵਿਚ ਨਾ ਮੜ੍ਹੀਏ।

ਬੈਠਿ ਬਿਗਾਰਿ ਆਪੁ ਜੋ ਕਰਿਯੈ ॥

(ਅਸੀਂ) ਆਪ ਬੈਠ ਕੇ ਜੋ ਵਿਗਾੜ ਕਰਦੇ ਹਾਂ,

ਨਾਹਕ ਔਰ ਲੋਕ ਨਹਿ ਮਰਿਯੈ ॥੫੫॥

ਉਸ ਵਿਚ ਨਾਹਕ ਹੋਰਾਂ ਲੋਕਾਂ ਨੂੰ ਨਾ ਮਰਵਾਈਏ ॥੫੫॥

ਦੋਹਰਾ ॥

ਦੋਹਰਾ:

ਕਾਮਸੈਨ ਇਹ ਬਚਨ ਸੁਨਿ ਅਧਿਕ ਉਠਿਯੋ ਰਿਸ ਖਾਇ ॥

ਕਾਮਸੈਨ ਇਹ ਗੱਲ ਸੁਣ ਕੇ ਬਹੁਤ ਕ੍ਰੋਧਵਾਨ ਹੋ ਕੇ ਉਠਿਆ

ਅਪਨੌ ਤੁਰੈ ਧਵਾਇ ਕੈ ਬਿਕ੍ਰਮ ਲਯੋ ਬੁਲਾਇ ॥੫੬॥

ਅਤੇ ਆਪਣੇ ਘੋੜੇ ਨੂੰ ਦੌੜਾ ਕੇ ਬਿਕ੍ਰਮ ਨੂੰ ਬੁਲਾ ਲਿਆ ॥੫੬॥

ਕਾਮਸੈਨ ਐਸੇ ਕਹਿਯੋ ਸੂਰ ਸਾਮੁਹੇ ਜਾਇ ॥

ਕਾਮਸੈਨ ਨੇ (ਉਸ) ਸੂਰਮੇ ਦੇ ਸਾਹਮਣੇ ਜਾ ਕੇ ਕਿਹਾ,

ਝਾਗਿ ਸੈਹਥੀ ਬ੍ਰਿਣ ਕਰੈ ਤੌ ਤੂ ਬਿਕ੍ਰਮ ਸਰਾਇ ॥੫੭॥

ਤੂੰ ਮੇਰੀ ਸੈਹਥੀ ਦਾ ਵਾਰ ਸਹਾਰ ਕੇ (ਜੇ ਫਿਰ ਮੈਨੂੰ) ਘਾਇਲ ਕਰ ਦੇਏਂ, ਤਾਂ ਹੀ ਤੂੰ ਬਿਕ੍ਰਮ ਰਾਜਾ (ਸਮਝਿਆ ਜਾਵੇਂਗਾ) ॥੫੭॥

ਝਾਗਿ ਸੈਹਥੀ ਪੇਟ ਮਹਿ ਚਿਤ ਮਹਿ ਅਧਿਕ ਰਿਸਾਇ ॥

(ਰਾਜਾ ਕਾਮਸੈਨ ਵਲੋਂ ਕੀਤੇ) ਸੈਹਥੀ ਦੇ ਵਾਰ ਨੂੰ ਪੇਟ ਵਿਚ ਸਹਾਰ ਕੇ ਅਤੇ ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ

ਆਨਿ ਕਟਾਰੀ ਕੋ ਕਿਯੋ ਕਾਮਸੈਨ ਕੋ ਘਾਇ ॥੫੮॥

ਕਾਮਸੈਨ ਨੂੰ ਕਟਾਰ ਨਾਲ ਘਾਇਲ ਕਰ ਦਿੱਤਾ ॥੫੮॥

ਐਸੇ ਕੌ ਐਸੋ ਲਹਤ ਜਿਯਤ ਨ ਛਾਡਤ ਔਰ ॥

ਅਜਿਹੇ ਨੂੰ ਅਜਿਹਾ ਹੀ ਟਕਰਨਾ ਚਾਹੀਦਾ ਹੈ ਅਤੇ (ਉਸ ਨੂੰ) ਜੀਉਂਦਾ ਨਹੀਂ ਛਡਣਾ ਚਾਹੀਦਾ ਹੈ।

ਮਾਰਿ ਕਟਾਰੀ ਰਾਖਿਯੋ ਜਿਯਤ ਰਾਵ ਤਿਹ ਠੌਰ ॥੫੯॥

(ਉਸ ਨੇ) ਕਟਾਰ ਮਾਰ ਕੇ ਜੀਉਂਦੇ ਰਾਜੇ ਨੂੰ ਉਸ ਸਥਾਨ ਉਤੇ ਟਿਕਾ ਦਿੱਤਾ ॥੫੯॥

ਚੌਪਈ ॥

ਚੌਪਈ:

ਜੀਤਿ ਤਾਹਿ ਸਭ ਸੈਨ ਬੁਲਾਈ ॥

ਉਸ ਨੂੰ ਜਿਤ ਕੇ (ਬਿਕ੍ਰਮ ਨੇ) ਸਾਰੀ ਸੈਨਾ ਬੁਲਾ ਲਈ।

ਭਾਤਿ ਭਾਤਿ ਕੀ ਬਜੀ ਬਧਾਈ ॥

ਭਾਂਤ ਭਾਂਤ ਦੇ ਵਧਾਵੇ ਵਜਣ ਲਗੇ।

ਦੇਵਨ ਰੀਝਿ ਇਹੈ ਬਰੁ ਦਯੋ ॥

ਦੇਵਤਿਆਂ ਨੇ ਪ੍ਰਸੰਨ ਹੋ ਕੇ ਇਹ ਵਰ ਦਿੱਤਾ

ਬ੍ਰਣੀ ਹੁਤੋ ਅਬ੍ਰਣ ਹ੍ਵੈ ਗਯੋ ॥੬੦॥

(ਜਿਸ ਕਰ ਕੇ) ਘਾਇਲ (ਰਾਜਾ ਬਿਕ੍ਰਮ) ਦੇ ਜ਼ਖ਼ਮ ਠੀਕ ਹੋ ਗਏ ॥੬੦॥

ਦੋਹਰਾ ॥

ਦੋਹਰਾ:

ਅਥਿਤ ਭੇਖ ਸਜਿ ਆਪੁ ਨ੍ਰਿਪ ਗਯੋ ਬਿਪ੍ਰ ਕੇ ਕਾਮ ॥

ਜੋਗੀ ('ਅਤਿਥ') ਦਾ ਰੂਪ ਧਾਰ ਕੇ ਰਾਜਾ (ਬਿਕ੍ਰਮ) ਆਪ ਬ੍ਰਾਹਮਣ ਦੇ ਕੰਮ ਲਈ (ਉਥੇ) ਗਿਆ

ਜਹ ਕਾਮਾ ਲੋਟਤ ਹੁਤੀ ਲੈ ਮਾਧਵ ਕੋ ਨਾਮ ॥੬੧॥

ਜਿਥੇ ਮਾਧਵਾਨਲ ਦਾ ਨਾਂ ਲੈ ਕੇ ਕਾਮਕੰਦਲਾ (ਤੜਪਦੀ ਹੋਈ) ਪਲਸੇਟੇ ਮਾਰ ਰਹੀ ਸੀ ॥੬੧॥

ਚੌਪਈ ॥

ਚੌਪਈ:

ਜਾਤੈ ਇਹੈ ਬਚਨ ਤਿਨ ਕਹਿਯੋ ॥

ਜਾਂਦਿਆਂ ਹੀ ਉਸ ਨੂੰ ਇਹ ਬਚਨ ਕਿਹਾ

ਮਾਧਵ ਖੇਤ ਹੇਤ ਤਵ ਰਹਿਯੋ ॥

ਕਿ ਮਾਧਵ ਤਾਂ ਤੇਰੇ ਲਈ ਲੜਾਈ ਵਿਚ ਮਾਰਿਆ ਗਿਆ ਹੈ।

ਸੁਨਤ ਬਚਨ ਤਬ ਹੀ ਮਰਿ ਗਈ ॥

ਤਦ (ਇਹ) ਬੋਲ ਸੁਣਦਿਆਂ ਹੀ (ਕਾਮਕੰਦਲਾ) ਮਰ ਗਈ।

ਨ੍ਰਿਪ ਲੈ ਇਹੈ ਖਬਰਿ ਦਿਜ ਦਈ ॥੬੨॥

(ਫਿਰ) ਰਾਜੇ ਨੇ ਇਹ ਖ਼ਬਰ ਲੈ ਕੇ ਬ੍ਰਾਹਮਣ ਨੂੰ ਜਾ ਦਿੱਤੀ ॥੬੨॥

ਯਹ ਬਚ ਜਬ ਸ੍ਰੋਨਨ ਸੁਨਿ ਲੀਨੋ ॥

ਇਹ ਖ਼ਬਰ ਜਦ (ਮਾਧਵਾਨਲ ਨੇ) ਕੰਨਾਂ ਨਾਲ ਸੁਣ ਲਈ

ਪਲਕ ਏਕ ਮਹਿ ਪ੍ਰਾਨਹਿ ਦੀਨੋ ॥

ਤਾਂ ਅੱਖ ਦੇ ਇਕ ਪਲਕਾਰੇ ਵਿਚ ਪ੍ਰਾਣ ਤਿਆਗ ਦਿੱਤੇ।

ਜਬ ਕੌਤਕ ਇਹ ਰਾਇ ਨਿਹਾਰਿਯੋ ॥

ਜਦ ਰਾਜੇ ਨੇ ਇਹ ਕੌਤਕ ਵੇਖਿਆ


Flag Counter