ਸ਼੍ਰੀ ਦਸਮ ਗ੍ਰੰਥ

ਅੰਗ - 590


ਤਾਜ ਕਹੂੰ ਗਜਰਾਜ ਰਣੰ ਭਟ ਕੇਸਨ ਤੇ ਗਹਿ ਕੇਸਨ ਜੂਟੇ ॥

ਰਣ-ਭੂਮੀ ਵਿਚ ਕਿਧਰੇ ਤਾਜ ਡਿਗੇ ਪਏ ਹਨ, (ਕਿਤੇ) ਵੱਡੇ ਹਾਥੀ (ਡਿਗੇ ਪਏ ਹਨ) ਅਤੇ ਕਿਤੇ ਯੋਧੇ (ਇਕ ਦੂਜੇ ਦੇ) ਕੇਸਾਂ ਨੂੰ ਪਕੜ ਕੇ ਰੁਝੇ ਹੋਏ ਹਨ।

ਪਉਨ ਸਮਾਨ ਬਹੈ ਕਲਿ ਬਾਨ ਸਬੈ ਅਰਿ ਬਾਦਲ ਸੇ ਚਲਿ ਫੂਟੇ ॥੩੮੮॥

ਕਲਕੀ ਦੇ ਬਾਣ ਪੌਣ ਵਾਂਗ ਵਗਦੇ ਹਨ ਅਤੇ (ਉਨ੍ਹਾਂ ਨੇ) ਵੈਰੀ ਦੇ ਦਲ ਨੂੰ ਬਦਲ ਵਾਂਗ ਖਿੰਡਾ ਦਿੱਤਾ ਹੈ ॥੩੮੮॥

ਧਾਇ ਪਰੇ ਕਰਿ ਕੋਪ ਬੜੇ ਭਟ ਬਾਨ ਕਮਾਨ ਕ੍ਰਿਪਾਨ ਸੰਭਾਰੇ ॥

ਵੱਡੇ ਸੂਰਮੇ ਬਹੁਤ ਕ੍ਰੋਧ ਕਰ ਕੇ ਪੈ ਗਏ ਹਨ (ਜਿਨ੍ਹਾਂ ਨੇ ਹੱਥ ਵਿਚ) ਬਾਣ, ਕਮਾਨ, ਕ੍ਰਿਪਾਨ (ਆਦਿ ਸ਼ਸਤ੍ਰ) ਸੰਭਾਲੇ ਹੋਏ ਹਨ।

ਪਟਿਸ ਲੋਹਹਥੀ ਪਰਸਾ ਕਰਿ ਕ੍ਰੋਧ ਚਹੂੰ ਦਿਸ ਚਉਕ ਪ੍ਰਹਾਰੇ ॥

ਪਟਿਸ, ਲੋਹੇ ਦੇ ਹੱਥੇ ਵਾਲੀ ਬਰਛੀ, ਕੁਹਾੜੇ ਕ੍ਰੋਧਿਤ ਹੋ ਕੇ ਚੌਹਾਂ ਪਾਸੇ ਸਾਵਧਾਨੀ ਨਾਲ ਮਾਰਦੇ ਹਨ।

ਕੁੰਜਰ ਪੁੰਜ ਗਿਰੇ ਰਣਿ ਮੂਰਧਨ ਸੋਭਤ ਹੈ ਅਤਿ ਡੀਲ ਡਿਲਾਰੇ ॥

ਹਾਥੀਆਂ ਦੇ ਝੁੰਡ ਅਤੇ ਸਿਰ ਰਣਭੂਮੀ ਵਿਚ ਡਿਗੇ ਪਏ ਹਨ ਅਤੇ ਵੱਡੇ ਕਦ-ਕਾਠ ਵਾਲੇ (ਹਾਥੀ) ਸ਼ੋਭਾ ਪਾ ਰਹੇ ਹਨ।

ਰਾਵਣ ਰਾਮ ਸਮੈ ਰਣ ਕੇ ਗਿਰਿਰਾਜ ਨੋ ਹਨਵੰਤਿ ਉਖਾਰੇ ॥੩੮੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਵਣ ਤੇ ਰਾਮ ਦੇ ਯੁੱਧ ਵੇਲੇ ਹਨੂਮਾਨ ਨੇ ਵੱਡੇ ਪਰਬਤ ਨੂੰ ਉਖਾੜਿਆ ਹੋਵੇ ॥੩੮੯॥

ਚਓਪੁ ਚਰੀ ਚਤੁਰੰਗ ਚਮੂੰ ਕਰੁਣਾਲਯ ਕੇ ਪਰ ਸਿੰਧੁਰ ਪੇਲੇ ॥

ਚਤੁਰੰਗਨੀ ਸੈਨਾ ('ਚਮੂੰ') ਬੜੇ ਚਾਉ ਨਾਲ ਚੜ੍ਹੀ ਹੈ, ਕਲਕੀ ('ਕਰੁਣਾਲਯ') ਉਪਰ ਹਾਥੀ ਚੜ੍ਹਾ ਦਿੱਤੇ ਹਨ।

ਧਾਇ ਪਰੇ ਕਰਿ ਕੋਪ ਹਠੀ ਕਰ ਕਾਟਿ ਸਬੈ ਪਗ ਦ੍ਵੈ ਨ ਪਿਛੇਲੇ ॥

ਹਠੀਲੇ ਸੂਰਮੇ ਕ੍ਰੋਧ ਨਾਲ ਧਾ ਕੇ ਪੈ ਗਏ ਹਨ, ਹੱਥ ਨਾਲ ਸਭ ਕੁਝ ਕਟੀ ਜਾਂਦੇ ਹਨ ਅਤੇ ਇਕ ਕਦਮ ਵੀ ਪਿਛੇ ਨਹੀਂ ਧਰਦੇ।

ਬਾਨ ਕਮਾਨ ਕ੍ਰਿਪਾਨਨ ਕੇ ਘਨ ਸ੍ਯਾਮ ਘਨੇ ਤਨਿ ਆਯੁਧ ਝੇਲੇ ॥

ਘਨਸ਼ਿਆਮ (ਕਲਕੀ) ਨੇ ਤਨ ਉਤੇ ਬਾਣ, ਕਮਾਨ ਅਤੇ ਕ੍ਰਿਪਾਨ ਆਦਿ ਸ਼ਸਤ੍ਰ ਝਲੇ ਹੋਏ ਹਨ।

ਸ੍ਰੋਨ ਰੰਗੇ ਰਮਣੀਅ ਰਮਾਪਤਿ ਫਾਗੁਨ ਅੰਤਿ ਬਸੰਤ ਸੇ ਖੇਲੇ ॥੩੯੦॥

ਭਗਵਾਨ ਕਲਕੀ ('ਰਮਾਪਤਿ') ਲਹੂ ਨਾਲ ਰੰਗੇ ਹੋਏ ਬਹੁਤ ਸਜ ਰਹੇ ਸਨ ਮਾਨੋ ਫਗਣ ਦੇ ਅੰਤ ਵਿਚ ਫਾਗ ਖੇਡ ਰਹੇ ਹੋਣ ॥੩੯੦॥

ਘਾਇ ਸਬੈ ਸਹਿ ਕੈ ਕਮਲਾਪਤਿ ਕੋਪਿ ਭਰ੍ਯੋ ਕਰਿ ਆਯੁਧ ਲੀਨੇ ॥

(ਵੈਰੀ ਦੇ) ਵਾਰਾਂ ਨੂੰ ਸਹਾਰ ਕੇ ਕ੍ਰੋਧ ਨਾਲ ਭਰੇ ਹੋਏ ਕਲਕੀ ਅਵਤਾਰ ('ਕਮਲਾਪਤਿ') ਨੇ ਹੱਥ ਵਿਚ ਸ਼ਸਤ੍ਰ ਸੰਭਾਲ ਲਏ ਹਨ।

ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨ ਪ੍ਰਾਣ ਸਬੈ ਅਰਿ ਕੀਨੇ ॥

ਦੁਸ਼ਟਾਂ ਦੀ ਸੈਨਾ ਵਿਚ ਵੜ ਕੇ ਇਕ ਛਿਣ ਵਿਚ ਸਾਰੇ ਵੈਰੀਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।

ਟੂਟ ਪਰੇ ਰਮਣੀ ਅਸ ਭੂਖਣ ਬੀਰ ਬਲੀ ਅਤਿ ਸੁੰਦਰ ਚੀਨੇ ॥

ਸੁੰਦਰ ਤਲਵਾਰ ਰੂਪ ਭੂਸ਼ਣ ਧਾਰਨ ਕਰਨ ਵਾਲੇ (ਕਾਲਕੀ ਵੈਰੀ ਉਤੇ) ਟੁਟ ਕੇ ਪੈ ਗਏ ਹਨ ਅਤੇ ਬਲਵਾਨ ਯੋਧਿਆਂ ਨੇ ਉਨ੍ਹਾਂ ਨੂੰ ਬਹੁਤ ਸੁੰਦਰ ਸਮਝਿਆ ਹੈ।

ਯੌ ਉਪਮਾ ਉਪਜੀ ਮਨ ਮੈ ਰਣ ਭੂਮਿ ਕੋ ਮਾਨਹੁ ਭੂਖਨ ਦੀਨੇ ॥੩੯੧॥

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਰਣ-ਭੂਮੀ (ਰੂਪ ਇਸਤਰੀ) ਨੂੰ ਗਹਿਣੇ ਬਖ਼ਸ਼ੇ ਹੋਣ ॥੩੯੧॥

ਚਉਪਿ ਚੜਿਓ ਕਰਿ ਕੋਪ ਕਲੀ ਕ੍ਰਿਤ ਆਯੁਧ ਅੰਗ ਅਨੇਕਨ ਸਾਜੇ ॥

ਕਲਕੀ ਨੇ ਕ੍ਰੋਧ ਕਰ ਕੇ ਉਤਸਾਹ ਪੂਰਵਕ ਚੜ੍ਹਾਈ ਕੀਤੀ ਹੈ ਅਤੇ ਸ਼ਰੀਰ ਉਤੇ ਅਨੇਕਾਂ ਸ਼ਸਤ੍ਰ ਸਜਾਏ ਹੋਏ ਹਨ।

ਤਾਲ ਮ੍ਰਿਦੰਗ ਉਪੰਗ ਮੁਚੰਗ ਸੁ ਭਾਤਿ ਅਨੇਕ ਭਲੀ ਬਿਧਿ ਬਾਜੇ ॥

ਤਾਲ, ਮ੍ਰਿਦੰਗ, ਉਪੰਗ, ਮੁਚੰਗ (ਆਦਿ) ਅਨੇਕ ਤਰ੍ਹਾਂ ਦੇ ਵਾਜੇ ਵਜ ਰਹੇ ਹਨ।

ਪੂਰਿ ਫਟੀ ਛੁਟਿ ਧੂਰ ਜਟੀ ਜਟ ਦੇਵ ਅਦੇਵ ਦੋਊ ਉਠਿ ਭਾਜੇ ॥

(ਸਾਰੇ ਜਗਤ ਵਿਚ) ਧੁੰਨ ਭਰ ਗਈ ਹੈ, ਸ਼ਿਵ ਦੀ ਸਮਾਧੀ ਛੁਟ ਗਈ ਹੈ; ਦੇਵਤੇ ਅਤੇ ਦੈਂਤ ਦੋਵੇਂ ਉਠ ਕੇ ਭਜ ਗਏ ਹਨ,

ਕੋਪ ਕਛੂ ਕਰਿ ਕੈ ਚਿਤ ਮੋ ਕਲਕੀ ਅਵਤਾਰ ਜਬੈ ਰਣਿ ਗਾਜੇ ॥੩੯੨॥

ਜਿਸ ਵੇਲੇ ਕਲਕੀ ਅਵਤਾਰ ਨੇ ਚਿਤ ਵਿਚ ਥੋੜਾ ਜਿੰਨਾ ਕ੍ਰੋਧ ਕਰ ਕੇ ਰਣ ਵਿਚ ਲਲਕਾਰਾ ਮਾਰਿਆ ਹੈ ॥੩੯੨॥

ਬਾਜ ਹਨੇ ਗਜਰਾਜ ਹਨੇ ਨ੍ਰਿਪਰਾਜ ਹਨੇ ਰਣ ਭੂਮਿ ਗਿਰਾਏ ॥

ਘੋੜੇ ਮਾਰੇ ਗਏ ਹਨ, ਵੱਡੇ ਹਾਥੀ ਸੰਘਾਰ ਦਿੱਤੇ ਗਏ ਹਨ, ਰਾਜਿਆਂ ਨੂੰ ਵੀ ਮਾਰ ਕੇ ਰਣ-ਭੂਮੀ ਵਿਚ ਸੁਟ ਦਿੱਤਾ ਹੈ।

ਡੋਲਿ ਗਿਰਿਓ ਗਿਰ ਮੇਰ ਰਸਾਤਲ ਦੇਵ ਅਦੇਵ ਸਬੈ ਭਹਰਾਏ ॥

(ਉਸ ਰੌਲੇ ਨੂੰ ਸੁਣ ਕੇ) ਸੁਮੇਰ ਪਰਬਤ ਡੋਲ ਕੇ ਹੇਠਾਂ ਨੂੰ ਧਸ ਗਿਆ ਹੈ; ਦੇਵਤੇ ਅਤੇ ਦੈਂਤ ਸਾਰੇ ਘਬਰਾ ਗਏ ਹਨ।

ਸਾਤੋਊ ਸਿੰਧੁ ਸੁਕੀ ਸਰਤਾ ਸਬ ਲੋਕ ਅਲੋਕ ਸਬੈ ਥਹਰਾਏ ॥

ਸੱਤਾਂ ਸਮੁੰਦਰਾਂ ਸਹਿਤ ਸਾਰੀਆਂ ਨਦੀਆਂ ਸੁਕ ਗਈਆਂ ਹਨ; ਲੋਕ ਅਤੇ ਅਲੋਕ (ਪਰਲੋਕ) ਸਾਰੇ ਹੀ ਕੰਬ ਗਏ ਹਨ।

ਚਉਕ ਚਕੇ ਦ੍ਰਿਗਪਾਲ ਸਬੈ ਕਿਹ ਪੈ ਕਲਕੀ ਕਰਿ ਕੋਪ ਰਿਸਾਏ ॥੩੯੩॥

ਸਾਰੇ ਦਿਗਪਾਲ ਸੌਂ ਗਏ ਹਨ ਕਿ ਕਲਕੀ ਕ੍ਰੋਧਵਾਨ ਹੋ ਕੇ ਕਿਸ ਉਤੇ ਚੜ੍ਹੇ ਆਏ ਹਨ ॥੩੯੩॥

ਬਾਨ ਕਮਾਨ ਸੰਭਾਰਿ ਹਠੀ ਹਠ ਠਾਨਿ ਹਠੀ ਰਣਿ ਕੋਟਿਕੁ ਮਾਰੇ ॥

ਹਠੀਲੇ ਯੋਧਿਆਂ ਨੇ ਬਾਣ ਅਤੇ ਕਮਾਨ ਨੂੰ ਸੰਭਾਲ ਕੇ ਹਠ ਪੂਰਵਕ ਰਣ-ਭੂਮੀ ਵਿਚ ਬਹੁਤ ਸਾਰੇ ਵੈਰੀ ਮਾਰ ਦਿੱਤੇ ਹਨ।

ਜਾਘ ਕਹੂੰ ਸਿਰ ਬਾਹ ਕਹੂੰ ਅਸਿ ਰੇਣੁ ਪ੍ਰਮਾਣ ਸਬੈ ਕਰਿ ਡਾਰੇ ॥

ਕਿਤੇ ਜੰਘ, ਕਿਤੇ ਸਿਰ ਅਤੇ ਕਿਤੇ ਬਾਂਹ (ਪਈ ਹੈ) ਤਲਵਾਰ ਨੇ ਸਾਰਿਆਂ ਨੂੰ ਕਿਣਕਿਆਂ ਵਰਗਾ ਕਰ ਦਿੱਤਾ ਹੈ।

ਬਾਜ ਕਹੂੰ ਗਜਰਾਜ ਧੁਜਾ ਰਥ ਉਸਟ ਪਰੇ ਰਣਿ ਪੁਸਟ ਬਿਦਾਰੇ ॥

ਕਿਤੇ ਘੋੜੇ, ਕਿਤੇ ਵੱਡੇ ਹਾਥੀ ਅਤੇ ਕਿਤੇ ਊਠ, ਝੰਡੇ ਅਤੇ ਰਥ ਰਣ-ਭੂਮੀ ਵਿਚ ਪਿਠ ਪਰਨੇ ਡਿਗੇ ਪਹੇ ਹਨ

ਜਾਨੁਕ ਬਾਗ ਬਨਿਓ ਰਣਿ ਮੰਡਲ ਪੇਖਨ ਕਉ ਜਟਿ ਧੂਰ ਪਧਾਰੇ ॥੩੯੪॥

(ਅਤੇ ਕਲਕੀ ਨੇ ਉਨ੍ਹਾਂ ਨੂੰ) ਚੀਰ ਸੁਟਿਆ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਣ-ਭੂਮੀ ਬਾਗ ਹੋਵੇ ਅਤੇ (ਉਸ ਨੂੰ) ਵੇਖਣ ਲਈ ਸ਼ਿਵ ਆਇਆ ਹੋਵੇ ॥੩੯੪॥

ਲਾਜ ਭਰੇ ਅਰਿਰਾਜ ਚਹੂੰ ਦਿਸ ਭਾਜਿ ਚਲੇ ਨਹੀ ਆਨਿ ਘਿਰੇ ॥

ਅਣਖ ਦੇ ਭਰੇ ਹੋਏ ਵੈਰੀ ਰਾਜੇ ਚੌਹਾਂ ਪਾਸਿਆਂ ਨੂੰ ਭਜ ਤੁਰੇ ਹਨ ਅਤੇ ਘੇਰੇ ਨਹੀਂ ਜਾ ਸਕੇ।

ਗਹਿ ਬਾਨ ਕ੍ਰਿਪਾਨ ਗਦਾ ਬਰਛੀ ਛਟ ਛੈਲ ਛਕੇ ਚਿਤ ਚੌਪ ਚਿਰੇ ॥

ਤੀਰ, ਕ੍ਰਿਪਾਨ, ਗਦਾ, ਬਰਛੀ (ਆਦਿ ਸ਼ਸਤ੍ਰ) ਪਕੜ ਕੇ ਨੌਜਵਾਨ ਯੋਧੇ ਚਿਤ ਵਿਚ ਚਾਉ ਨਾਲ ਭਰੇ ਹੋਏ ਹਨ।

ਪ੍ਰਤਿਮਾਨ ਸੁਜਾਨ ਅਜਾਨੁ ਭੁਜਾ ਕਰਿ ਪੈਜ ਪਰੇ ਨਹੀ ਫੇਰਿ ਫਿਰੇ ॥

(ਪਰਮਾਤਮਾ ਦੇ) ਪ੍ਰਤਿਨਿਧ ਸੁਜਾਨ (ਕਲਕੀ) ਜਿਸ ਦੀਆਂ ਭੁਜਾਵਾਂ ਗੋਡਿਆਂ ਤਕ ਹਨ, (ਉਸ ਉਤੇ ਵੈਰੀ ਰਾਜੇ) ਅਣਖ ਨਾਲ ਭਰ ਕੇ ਪੈ ਗਏ ਹਨ ਅਤੇ ਫਿਰ ਪਿਛੇ ਨਹੀਂ ਪਰਤੇ ਹਨ।

ਰਣ ਮੋ ਮਰਿ ਕੈ ਜਸ ਕੋ ਕਰਿ ਕੈ ਹਰਿ ਸੋ ਲਰਿ ਕੈ ਭਵ ਸਿੰਧੁ ਤਰੇ ॥੩੯੫॥

ਰਣ ਵਿਚ ਮਰ ਕੇ ਯਸ਼ ਨੂੰ ਪ੍ਰਾਪਤ ਕਰ ਕੇ ਅਤੇ ਕਲਕੀ ਅਵਤਾਰ ਨਾਲ ਯੁੱਧ ਕਰ ਕੇ ਸੰਸਾਰ ਸਾਗਰ ਤੋਂ ਤਰ ਗਏ ਹਨ ॥੩੯੫॥

ਰੰਗ ਸੋ ਜਾਨੁ ਸੁਰੰਗੇ ਹੈ ਸਿੰਧੁਰ ਛੂਟੀ ਹੈ ਸੀਸ ਪੈ ਸ੍ਰੋਨ ਅਲੇਲੈ ॥

ਹਾਥੀ (ਲਹੂ ਦੇ) ਰੰਗ ਵਿਚ ਰੰਗੇ ਹੋਏ ਹਨ ਅਤੇ (ਉਨ੍ਹਾਂ ਦੇ) ਸਿਰ ਤੋਂ ਲਹੂ ਦੀ ਲਗਾਤਾਰ ਧਾਰ ਵਗ ਰਹੀ ਹੈ।

ਬਾਜ ਗਿਰੇ ਭਟ ਰਾਜ ਕਹੂੰ ਬਿਚਲੇ ਕੁਪ ਕੈ ਕਲ ਕੇ ਅਸਿ ਕੇਲੈ ॥

ਕਿਧਰੇ ਘੋੜੇ ਡਿਗੇ ਪਏ ਹਨ, ਕਿਤੇ ਰਾਜੇ ਦੇ ਸੂਰਮੇ ਵਿਚਲਿਤ ਹੋ ਗਏ ਹਨ; (ਕਿਉਂਕਿ) ਕਲਕੀ ਨੇ ਕ੍ਰੋਧ ਕਰ ਕੇ ਤਲਵਾਰ ਦੇ ਕੌਤਕ ਕੀਤੇ ਹਨ।

ਚਾਚਰ ਜਾਨੁ ਕਰੈ ਬਸੁਧਾ ਪਰ ਜੂਝਿ ਗਿਰੇ ਪਗ ਦ੍ਵੈ ਨ ਪਛੇਲੈ ॥

(ਸੂਰਮੇ ਇਤਨੀ ਫੁਰਤੀ ਨਾਲ ਲੜ ਰਹੇ ਹਨ) ਜਿਵੇਂ ਧਰਤੀ ਉਤੇ ਗਿਧਾ ਪਾ ਰਹੇ ਹੋਣ; ਲੜ ਕੇ ਡਿਗ ਪੈਂਦੇ ਹਨ, ਪਰ ਕਦਮ ਪਿਛੇ ਨੂੰ ਨਹੀਂ ਚੁਕਦੇ।

ਜਾਨੁਕ ਪਾਨ ਕੈ ਭੰਗ ਮਲੰਗ ਸੁ ਫਾਗੁਨ ਅੰਤਿ ਬਸੰਤ ਸੋ ਖੇਲੈ ॥੩੯੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਮਹੀਨੇ ਦੇ ਅੰਤ ਉਤੇ ਫਾਗ ਖੇਡ ਕੇ ਮਲੰਗ ਭੰਗ ਪੀ ਕੇ ਸੁੱਤੇ ਹੋਏ ਹੋਣ ॥੩੯੬॥

ਜੇਤਕ ਜੀਤਿ ਬਚੇ ਸੁ ਸਬੈ ਭਟ ਚਓਪ ਚੜੇ ਚਹੁੰ ਓਰਨ ਧਾਏ ॥

ਜਿਤਨੇ ਵੀ ਸੂਰਮੇ ਜੀਉਂਦੇ ਬਚ ਗਏ, ਉਹ ਉਤਸਾਹ ਨਾਲ ਭਰ ਕੇ ਫਿਰ ਚੜ੍ਹੇ ਹਨ ਅਤੇ (ਕਲਕੀ ਉਤੇ) ਚੌਹਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ ਹੈ।

ਬਾਨ ਕਮਾਨ ਗਦਾ ਬਰਛੀ ਅਸਿ ਕਾਢਿ ਲਏ ਕਰ ਮੋ ਚਮਕਾਏ ॥

ਬਾਨ, ਕਮਾਨ, ਗਦਾ, ਬਰਛੀ ਅਤੇ ਤਲਵਾਰ (ਆਦਿ ਸ਼ਸਤ੍ਰ) ਕਢ ਕੇ ਹੱਥ ਵਿਚ ਚਮਕਾਉਂਦੇ ਹਨ।

ਚਾਬੁਕ ਮਾਰਿ ਤੁਰੰਗ ਧਸੇ ਰਨਿ ਸਾਵਨ ਕੀ ਘਟਿ ਜਿਉ ਘਹਰਾਏ ॥

ਘੋੜਿਆਂ ਨੂੰ ਚਾਬਕ ਮਾਰ ਕੇ ਯੁੱਧ-ਭੂਮੀ ਵਿਚ ਧਸ ਗਏ ਹਨ ਅਤੇ ਸਾਵਣ ਦੀ ਘਟਾ ਵਾਂਗ ਛਾ ਗਏ ਹਨ।

ਸ੍ਰੀ ਕਲਕੀ ਕਰਿ ਲੈ ਕਰਵਾਰਿ ਸੁ ਏਕ ਹਨੇ ਅਰਿ ਅਨੇਕ ਪਰਾਏ ॥੩੯੭॥

ਸ੍ਰੀ ਕਲਕੀ ਅਵਤਾਰ ਨੇ ਹੱਥ ਵਿਚ ਤਲਵਾਰ ਲੈ ਕੇ ਇਕਨਾਂ ਨੂੰ ਮਾਰ ਦਿੱਤਾ ਹੈ ਅਤੇ ਅਨੇਕਾਂ ਭਜ ਗਏ ਹਨ ॥੩੯੭॥

ਮਾਰ ਮਚੀ ਬਿਸੰਭਾਰ ਜਬੈ ਤਬ ਆਯੁਧ ਛੋਰਿ ਸਬੈ ਭਟ ਭਾਜੇ ॥

ਜਦੋਂ (ਕਲਕੀ ਵੱਲੋਂ) ਬੇਸੁਧ ਕਰ ਦੇਣ ਵਾਲੀ ਮਾਰ ਮਚੀ ਤਦ ਸਾਰੇ ਯੋਧੇ ਹਥਿਆਰ ਛਡ ਕੇ ਭਜ ਗਏ ਹਨ।

ਡਾਰਿ ਹਥ੍ਯਾਰ ਉਤਾਰਿ ਸਨਾਹਿ ਸੁ ਏਕ ਹੀ ਬਾਰ ਭਜੇ ਨਹੀ ਗਾਜੇ ॥

(ਯੋਧੇ) ਸ਼ਸਤ੍ਰਾਂ ਨੂੰ ਸੁਟ ਕੇ, ਕਵਚਾਂ ਨੂੰ ਉਤਾਰ ਕੇ ਇਕੋ ਵਾਰ ਹੀ ਭਜ ਗਏ ਹਨ ਅਤੇ ਇਕ ਵੀ ਨਹੀਂ ਡਟਿਆ ਹੈ।

ਸ੍ਰੀ ਕਲਕੀ ਅਵਤਾਰ ਤਹਾ ਗਹਿ ਸਸਤ੍ਰ ਸਬੈ ਇਹ ਭਾਤਿ ਬਿਰਾਜੇ ॥

ਸ੍ਰੀ ਕਲਕੀ ਅਵਤਾਰ ਸਾਰੇ ਹਥਿਆਰ ਧਾਰਨ ਕਰ ਕੇ ਉਥੇ ਇਸ ਤਰ੍ਹਾਂ ਬਿਰਾਜੇ ਹੋਏ ਹਨ

ਭੂਮਿ ਅਕਾਸ ਪਤਾਰ ਚਕਿਓ ਛਬਿ ਦੇਵ ਅਦੇਵ ਦੋਊ ਲਖਿ ਲਾਜੇ ॥੩੯੮॥

ਕਿ ਭੂਮੀ, ਆਕਾਸ਼, ਪਾਤਾਲ ਹੈਰਾਨ ਹੋ ਰਹੇ ਹਨ (ਅਤੇ ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਦੋਵੇਂ ਸ਼ਰਮਿੰਦੇ ਹੋ ਰਹੇ ਹਨ ॥੩੯੮॥

ਦੇਖਿ ਭਜੀ ਪ੍ਰਤਿਨਾ ਅਰਿ ਕੀ ਕਲਕੀ ਅਵਤਾਰ ਹਥ੍ਯਾਰ ਸੰਭਾਰੇ ॥

ਵੈਰੀ ਦੀ ਸੈਨਾ ਨੂੰ ਭਜੀ ਜਾਂਦੀ ਵੇਖ ਕੇ ਕਲਕੀ ਅਵਤਾਰ ਨੇ ਹੱਥ ਵਿਚ ਹਥਿਆਰ ਫੜ ਲਏ ਹਨ।

ਬਾਨ ਕਮਾਨ ਕ੍ਰਿਪਾਨ ਗਦਾ ਛਿਨ ਬੀਚ ਸਬੈ ਕਰਿ ਚੂਰਨ ਡਾਰੇ ॥

ਬਾਨ, ਕਮਾਨ, ਕ੍ਰਿਪਾਨ ਅਤੇ ਗਦਾ (ਪਕੜ ਕੇ ਵੈਰੀ ਦੇ) ਸਾਰਿਆਂ (ਸੂਰਮਿਆਂ ਨੂੰ) ਛਿਣ ਭਰ ਵਿਚ ਚੂਰ ਚੂਰ ਕਰ ਦਿੱਤਾ ਹੈ।

ਭਾਗਿ ਚਲੇ ਇਹ ਭਾਤਿ ਭਟਾ ਜਿਮਿ ਪਉਨ ਬਹੇ ਦ੍ਰੁਮ ਪਾਤ ਨਿਹਾਰੇ ॥

ਯੋਧੇ ਇਸ ਤਰ੍ਹਾਂ ਭਜ ਚਲੇ ਹਨ, ਜਿਵੇਂ ਪੌਣ ਦੇ ਚਲਣ ਨਾਲ ਬ੍ਰਿਛਾਂ ਤੋਂ ਪੱਤਰ (ਡਿਗਦੇ ਜਾਂਦੇ) ਵੇਖੀਂਦੇ ਹਨ।

ਪੈਨ ਪਰੀ ਕਛੁ ਮਾਨ ਰਹਿਓ ਨਹਿ ਬਾਨਨ ਡਾਰਿ ਨਿਦਾਨ ਪਧਾਰੇ ॥੩੯੯॥

(ਕਲਕੀ ਅਵਤਾਰ ਦੀ) ਤਿਖੀ (ਤਲਵਾਰ) ਅਜਿਹੀ ਪਈ ਕਿ ਕਿਸੇ ਦਾ ਵੀ ਮਾਣ ਨਾ ਰਿਹਾ ਅਤੇ ਅੰਤ ਵਿਚ ਬਾਣਾਂ ਨੂੰ ਸੁਟ ਕੇ ਭਜ ਗਏ ॥੩੯੯॥

ਸੁਪ੍ਰਿਆ ਛੰਦ ॥

ਸੁਪ੍ਰਿਆ ਛੰਦ:

ਕਹੂੰ ਭਟ ਮਿਲਤ ਮੁਖਿ ਮਾਰ ਉਚਾਰਤ ॥

ਕਿਤੇ ਯੋਧੇ ਮਿਲ ਕੇ ਮੂੰਹ ਤੋਂ 'ਮਾਰੋ ਮਾਰੋ' ਪੁਕਾਰਦੇ ਹਨ।


Flag Counter