ਅਤੇ ਆਪਣੀ ਗਰਦਨ ਦੇ ਵਾਲਾਂ ਨੂੰ ਛੰਡਦਾ ਅਤੇ ਲੰਬੀ ਪੂਛ ਨੂੰ ਘੁਮਾਉਂਦਾ ਸੀ ॥੩੩॥
ਦੋਹਰਾ:
ਯੁੱਧ-ਭੂਮੀ ਵਿਚ ਨਰਸਿੰਘ ਦੇ ਗਜਦਿਆਂ ਹੀ ਅਨੇਕਾਂ ਸੂਰਮੇ ਭਜ ਗਏ।
ਉਥੇ ਕੇਵਲ ਇਕ ਹਿਰਨਕਸ਼ਪ ਟਿਕਿਆ, ਹੋਰ ਕੋਈ ਇਕ ਵੀ ਨਾ (ਡਟਿਆ) ॥੩੪॥
ਚੌਪਈ:
ਦੋਵੇਂ ਮਹਾਨ ਯੋਧੇ ਮੁਕਿਆਂ ਦੀ ਲੜਾਈ ਵਿਚ ਜੁਟ ਗਏ।
ਤੀਜਾ ਉਥੇ ਕੋਈ ਨਜ਼ਰ ਨਹੀਂ ਆਉਂਦਾ ਸੀ।
ਦੋਹਾਂ ਦੀਆਂ ਅੱਖਾਂ ਲਾਲ ਹੋ ਗਈਆਂ।
ਦੇਵਤੇ ਆਕਾਸ਼ ਵਿਚ ਤਮਾਸ਼ਾ ਵੇਖ ਰਹੇ ਸਨ ॥੩੫॥
ਅੱਠ ਦਿਨ ਅਤੇ ਅੱਠ ਰਾਤਾਂ ਦੋਹਾਂ ਯੋਧਿਆਂ ਨੇ
ਕ੍ਰੋਧ ਸਹਿਤ ਆਪਸ ਵਿਚ ਯੁੱਧ ਕੀਤਾ।
ਫਿਰ ਦੈਂਤ ਕੁਝ ਕੁ ਮੁਰਝਾ ਗਿਆ
ਅਤੇ ਧਰਤੀ ਉਤੇ (ਇੰਜ) ਡਿਗ ਪਿਆ ਮਾਨੋ ਪੁਰਾਣਾ ਬ੍ਰਿਛ ਹੋਵੇ ॥੩੬॥
ਫਿਰ (ਨਰਸਿੰਘ ਨੇ) ਪਾਣੀ (ਬਾਰ) ਛਿੜਕ ਕੇ ਉਸ ਨੂੰ ਸਚੇਤ ਕੀਤਾ।
(ਜਦੋਂ) ਉਹ ਮੂਰਛਨਾ ਤੋਂ ਉਠਿਆ ਤਾਂ (ਉਸ ਨੂੰ) ਹਿੰਮਤ ਬਝੀ।
ਫਿਰ ਦੋਵੇਂ ਸੂਰਵੀਰ ਕ੍ਰੋਧ ਸਹਿਤ ਲੜਨ ਲਗੇ
ਅਤੇ ਫਿਰ ਆਪਸ ਵਿਚ ਯੁੱਧ ਸ਼ੁਰੂ ਕਰ ਦਿੱਤਾ ॥੩੭॥
ਭੁਜੰਗ ਪ੍ਰਯਾਤ ਛੰਦ:
ਲਲਕਾਰੇ ਮਾਰ ਕੇ ਫਿਰ ਦੋਵੇਂ ਯੁੱਧਵੀਰ (ਇਕ ਦੂਜੇ ਦੇ ਨੇੜੇ) ਢੁਕੇ।
(ਦੋਹਾਂ ਵਿਚ ਅਜਿਹਾ) ਯੁੱਧ ਮਚਿਆ, ਜਿਵੇਂ (ਮਹਾਭਾਰਤ ਦੀ ਲੜਾਈ ਵਿਚ) ਕਰਨ ਦਾ ਘੜੂਕੇ (ਭੀਮ ਦਾ ਹਿੜਿੰਬੀ ਦੀ ਕੁੱਖੋਂ ਪੈਦਾ ਹੋਇਆ ਪੁੱਤਰ-ਘਟੋਤਕਚ) ਨਾਲ (ਹੋਇਆ ਸੀ)।
(ਨਰਸਿੰਘ ਨੇ) ਦੋਹਾਂ ਹੱਥਾਂ ਦੇ ਨਹੁੰਆਂ ਨਾਲ ਦੈਂਤ ਨੂੰ ਜ਼ਖ਼ਮੀ ਕਰ ਦਿੱਤਾ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਨ ਵਿਚ ਦੋ ਮਦਮਾਤੇ ਹਾਥੀ ਆਪਸ ਵਿਚ ਜੂਝ ਰਹੇ ਹੋਣ ॥੩੮॥
ਫਿਰ ਨਰਸਿੰਘ ਨੇ (ਦੈਂਤ ਨੂੰ) ਧਰਤੀ ਉਤੇ ਪਟਕ ਦਿੱਤਾ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਢਕ ਦੇ ਪੁਰਾਣੇ ਬ੍ਰਿਛ ਨੂੰ ਹਵਾ ਨੇ (ਧਰਤੀ ਉਤੇ) ਸੁਟ ਦਿੱਤਾ ਹੋਵੇ।
ਦੁਸ਼ਟ ਨੂੰ ਮਾਰਿਆ ਗਿਆ ਵੇਖ ਕੇ (ਆਕਾਸ਼ ਤੋਂ) ਫੁਲਾਂ ਦੀ ਬਰਖਾ ਹੋਈ।
ਦੇਵਤਿਆਂ ਨੇ ਆ ਕੇ ਜਿਤ ਦੀ ਖੁਸ਼ੀ ਦੇ ਗੀਤ (ਗਾਏ) ॥੩੯॥
ਪਾਧਰੀ ਛੰਦ:
ਨਰਸਿੰਘ ਨੇ ਦੁਸ਼ਟ ਦੈਂਤ ਦਾ ਸੰਘਾਰ ਕੀਤਾ।
(ਇਸ ਤਰ੍ਹਾਂ) ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ।
(ਉਸ ਨੇ) ਆਪਣੇ ਭਗਤ ਨੂੰ (ਵੈਰੀ ਦੇ ਹੱਥੋਂ) ਖੋਹ ਲਿਆ
ਅਤੇ ਸਾਰੀ ਸ੍ਰਿਸ਼ਟੀ ਵਿਚ ਧਰਮ-ਕਰਮ ਦੀ ਵਿਵਸਥਾ ਕੀਤੀ ॥੪੦॥
(ਨਰਸਿੰਘ ਨੇ) ਪ੍ਰਹਿਲਾਦ ਨੂੰ ਰਾਜਾ ਬਣਾਇਆ ਅਤੇ (ਉਸ ਦੇ ਸਿਰ ਉਤੇ) ਛੱਤਰ ਫਿਰਾਇਆ।
ਇਸ ਤਰ੍ਹਾਂ (ਪਾਪਾਂ ਦਾ) ਸਾਰਾ ਅੰਧਕਾਰ ਖ਼ਤਮ ਕਰ ਦਿੱਤਾ।
ਸਾਰੇ ਦੁਸ਼ਟ ਅਤੇ ਵਿਘਨਕਾਰੀ ਸ਼ਕਤੀਆਂ ਨਸ਼ਟ ਕਰ ਦਿੱਤੀਆਂ
ਅਤੇ ਫਿਰ (ਆਪਣੀ) ਜੋਤਿ ਬ੍ਰਹਮ-ਜੋਤਿ ਵਿਚ ਮਿਲਾ ਦਿੱਤੀ ॥੪੧॥
(ਨਰਸਿੰਘ ਨੇ) ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬੇਹਾਲ ਕਰ ਦਿੱਤਾ
ਅਤੇ ਫਿਰ ਅਲੇਖ (ਪਰਮ-ਸੱਤਾ) ਵਿਚ ਮਿਲ ਗਿਆ।
ਕਵੀ ਨੇ ਆਪਣੀ ਬੁੱਧੀ ਅਨੁਸਾਰ ਵਿਚਾਰ-ਪੂਰਵਕ ਕਥਨ ਕੀਤਾ ਹੈ।
ਇਸ ਤਰ੍ਹਾਂ ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ ਸੀ ॥੪੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਨਰਸਿੰਘ ਸੱਤਵਾਂ ਅਵਤਾਰ ਪ੍ਰਸੰਗ ਸਮਾਪਤ ਸਭ ਸ਼ੁਭ ਹੈ ॥੭॥
ਹੁਣ ਬਾਵਨ ਅਵਤਾਰ ਦਾ ਕਥਨ:
ਸ੍ਰੀ ਭਗਉਤੀ ਜੀ ਸਹਾਇ:
ਭੁਜੰਗ ਪ੍ਰਯਾਤ ਛੰਦ:
ਨਰਸਿੰਘ ਅਵਤਾਰ ਨੂੰ ਹੋਇਆਂ ਕਿਤਨਾ ਸਮਾਂ ਬੀਤ ਗਿਆ।
ਧਰਤੀ ਉਤੇ ਫਿਰ ਅਪਾਰ ਪਾਪ ਵੱਧ ਗਿਆ।
ਫਿਰ ਦੈਂਤ ਅਤੇ ਦਾਨਵ ਯੱਗ (ਆਦਿ ਵਿਚ ਵਿਘਨ ਪੈਦਾ ਕਰਨ) ਲਗ ਗਏ।
ਬਲਿ ਰਾਜੇ ਦੇ ਸ਼ਰੀਰ ਵਿਚ ਹੰਕਾਰ ਬਹੁਤ ਵੱਧ ਗਿਆ ॥੧॥
ਦੇਵਤੇ ਯੱਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਯੱਗ ਦੀ ਸੁਗੰਧੀ (ਮਾਣ ਸਕਦੇ ਸਨ)।