ਉਹ ਬੜੇ ਉਜਲੇ ਸ਼ਰੀਰ ਅਤੇ ਸੋਹਣੇ ਰੰਗ ਵਾਲਾ ਸੀ।
ਆਪਣੀਆਂ ਅੱਖਾਂ ਨਾਲ ਉਹ ਹੋਰ ਕਿਸੇ ਨੂੰ ਵੇਖਦਾ ਹੀ ਨਹੀਂ ਸੀ।
ਇਸ ਤਰ੍ਹਾਂ ਉਸ ਦਾ ਮਨ ਮੱਛੀਆਂ ਵਿਚ ਗਡਿਆ ਹੋਇਆ ਸੀ ॥੩੬੭॥
ਉਥੇ ਜਾ ਕੇ ਮਹਾ ਮੁਨੀ ਨੇ ਇਸ਼ਨਾਨ ਕੀਤਾ
ਅਤੇ ਫਿਰ ਸੁਚੇ ਹੋ ਕੇ ਹਰਿ ਦੇ ਧਿਆਨ ਵਿਚ ਉਠ ਕੇ ਲਗ ਗਿਆ।
ਉਹ ਮੱਛੀਆਂ ਦਾ ਵੈਰੀ ਇੰਨੇ ਚਿਰ ਤਕ ਵੀ ਉਥੋਂ ਹਟਿਆ ਨਹੀਂ ਸੀ।
ਸੂਰਜ ਦਾ ਰਥ ਭਾਵੇਂ ਤੁਰ ਗਿਆ ਹੈ (ਭਾਵ ਰਾਤ ਪੈ ਗਈ ਹੈ) ਪਰ ਦੁਧੀਰੇ ਦੀ ਨਜ਼ਰ (ਮੱਛੀਆਂ ਤੋਂ) ਟਲੀ ਨਹੀਂ ਹੈ ॥੩੬੮॥
ਮੱਛੀਆਂ ਨੂੰ ਕਟਣ (ਖਾਣ) ਵਾਲਾ (ਦੁਧੀਰਾ) ਉਥੇ ਥਿਰਕਦਾ ਹੀ ਰਿਹਾ।
ਸੂਰਜ ਦਾ ਰਥ ਭਾਵੇਂ ਟਲ ਗਿਆ ਹੈ ਪਰ ਉਸ ਦਾ ਧਿਆਨ ਨਹੀਂ ਛੁਟਿਆ ਹੈ।
(ਉਸ ਨੂੰ) ਵੇਖ ਕੇ ਮਹਾ ਮੁਨੀ ਮੋਹਿਤ ਹੋ ਗਿਆ।
ਉਸ ਨੂੰ ਆਪਣਾ ਸਤਾਰ੍ਹਵਾਂ ਗੁਰੂ ਕਹਿ ਦਿੱਤਾ ॥੩੬੯॥
ਇਥੇ ਸਤਾਰ੍ਹਵਾਂ ਗੁਰੂ 'ਦੁਧੀਰਾ' ਸਮਾਪਤ ॥੧੭॥
ਹੁਣ 'ਮ੍ਰਿਗਹਾ' ਅਠਾਰ੍ਹਵੇਂ ਗੁਰੂ ਦਾ ਕਥਨ
ਤੋਟਕ ਛੰਦ:
ਇਸ਼ਨਾਨ ਕਰ ਕੇ ਅਤੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ,
ਮੁਨੀ ਉਠ ਕੇ ਬਨ ਵਿਚ ਚਲਾ ਗਿਆ।
ਜਿਥੇ ਸਾਲ, ਤਮਾਲ ਅਤੇ ਮਢਾਲ ਨਾਂ ਦੇ ਬ੍ਰਿਛ ਸ਼ੋਭਦੇ ਸਨ ਅਤੇ
(ਜਿਸ ਵਿਚ) ਸੂਰਜ ਦੇ ਰਥ ਦੇ ਘੋੜਿਆਂ ਦੇ ਪੈਰ ਫਸੇ ਹੋਏ ਸਨ ॥੩੭੦॥
ਉਥੇ (ਉਸ ਨੇ) ਇਕ ਵੱਡਾ ਤਲਾ ਵੇਖਿਆ।
ਉਥੇ ਯੋਗ ਸਾਧਨਾ ਕਰਨ ਲਈ ਰਿਸ਼ੀ ਚਲਿਆ ਗਿਆ।
ਉਥੇ ਪੱਤਰਾਂ ਦੇ ਓਹਲੇ (ਦੱਤ ਮੁਨੀ ਨੇ) ਇਕ ਸ਼ਿਕਾਰੀ ਵੇਖਿਆ।
ਉਸ ਦਾ ਤਨ ਸ਼ੁੱਧ ਸੋਨੇ ਵਾਂਗ ਚਮਕਦਾ ਸੀ ॥੩੭੧॥
(ਉਸ ਨੇ) ਹੱਥ ਵਿਚਲੀ ਕਮਾਨ ਵਿਚ ਲਿਸ਼ਕਦਾ ਹੋਇਆ ਤੀਰ ਕਸਿਆ ਹੋਇਆ ਸੀ।
(ਉਹ) ਹਿਰਨਾਂ ਨੂੰ ਮਾਰਨ ਲਈ ਕਰੋੜਾਂ ਜੁਗਤਾਂ ਕਰਦਾ ਹੁੰਦਾ ਸੀ।
(ਦੱਤ) ਸੇਵਕਾਂ ਦੇ ਸਾਰੇ ਜੱਥੇ ਨੂੰ ਨਾਲ ਲਿਆਂ
ਉਥੇ ਪਹੁੰਚ ਗਿਆ, ਜਿਥੇ ਉਹ ਬਨ ਸੀ ॥੩੭੨॥
(ਉਸ ਦੇ) ਸੋਨੇ ਰੰਗੇ ਉਜਲੇ ਅੰਗ ਚਮਕ ਰਹੇ ਸਨ,
ਮਾਨੋ ਮੁਨੀ ਰਾਜ ਬਸੰਤ ਰੁਤ ਬਣੇ ਹੋਣ।
ਰਾਤ ਨੂੰ ਰਿਸ਼ੀ ਨੇ ਬਹੁਤ ਸੇਵਕ ਨਾਲ ਲਏ ਹੋਏ ਸਨ
ਜਿਨ੍ਹਾਂ ਵਿਚ (ਰਿਸ਼ੀ) ਬਦਲ ਵਿਚ ਦੂਜ (ਦੇ ਚੰਦ੍ਰਮੇ) ਵਾਂਗ ਵੇਖਿਆ ਗਿਆ ਸੀ ॥੩੭੩॥
ਰਿਸ਼ੀ (ਬਦਲਾਂ ਵਾਂਗ) ਉੱਚਾ ਨਾਦ ਕਰਦਾ ਸੀ।
ਉਥੇ ਬਹੁਤ ਉੱਚਾ ਰੌਲਾ ਰੱਪਾ ਮਚਿਆ ਹੋਇਆ ਸੀ।
ਮੁਨੀ ਲੋਕ ਥਾਂ ਥਾਂ ਉਤੇ ਜਲ ਪਾਨ ਕਰ ਰਹੇ ਸਨ,
ਮਾਨੋ ਬਨ ਵਿਚ ਰਿਸ਼ੀਆਂ ਦੀ ਮਾਲਾ ਬਣੀ ਹੋਈ ਹੋਵੇ ॥੩੭੪॥
(ਰਿਸ਼ੀ ਨੇ) ਸ਼ਰੀਰ ਉਤੇ ਉਜਲੀ ਵਿਭੂਤੀ ਮਲੀ ਹੋਈ ਸੀ।
ਬਿਨਾ ਕਿਸੇ ਆਸ ਦੇ ਯੋਗ ਦੀਆਂ ਵਿਧੀਆਂ ਕਰਦਾ ਸੀ।
ਨਿਉਲੀ ਆਦਿ ਸਾਰੇ ਕਰਮ ਕਰਦਾ ਸੀ।
ਚੌਹਾਂ ਚੱਕਾਂ ਦੇ ਲੋਕ ਰਿਸ਼ੀ ਦੇ ਦਾਸ ਹੋ ਗਏ ਸਨ ॥੩੭੫॥
(ਉਸ ਦਾ) ਸ਼ਰੀਰ ਕਾਮਦੇਵ ਵਾਂਗ ਅਭੰਗ ਅਤੇ ਅਖੰਡ ਸੀ।
ਬਨ ਵਿਚ ਸੰਨਿਆਸ ਦੀਆਂ ਬਹੁਤ ਵਿਧੀਆਂ ਸਾਧੀਆਂ ਹੋਈਆਂ ਸਨ।
ਜਟਾਵਾਂ ਸੋਭਦੀਆਂ ਸਨ, ਮਾਨੋ ਸ਼ਿਵ ਹੋਵੇ। (ਇੰਜ ਪ੍ਰਤੀਤ ਹੁੰਦਾ ਸੀ)
ਮਾਨੋ ਸ਼ਿਵ ਦੀਆਂ ਜੋਗ ਜਟਾਵਾਂ ਹੀ ਪ੍ਰਗਟ ਹੋਈਆਂ ਹੋਣ ॥੩੭੬॥
(ਜਟਾਵਾਂ) ਮਾਨੋ ਸ਼ਿਵ ਦੇ ਸਿਰੋਂ ਨਿਕਲ ਰਹੀ ਗੰਗਾ ਦੀਆਂ ਧਾਰਾਵਾਂ ਵਾਂਗ ਖਿਲਰ ਰਹੀਆਂ ਹੋਣ।
(ਇੰਜ ਪ੍ਰਤੀਤ ਹੋ ਰਿਹਾ ਹੈ ਕਿ) ਇਹ (ਦੱਤ) ਯੋਗ ਦੀਆਂ ਜਟਾਵਾਂ ਵਿਚੋਂ ਪ੍ਰਗਟ ਹੋ ਰਿਹਾ ਹੋਵੇ।
ਸਾਰਿਆਂ ਤਪਸਵੀਆਂ ਨੇ (ਦੱਤ ਸਮੇਤ) ਖੂਬ ਤਪ ਕੀਤਾ।
ਮੁਨੀ ਨੇ ਜੇਹੜੇ (ਬਲਵਾਨ ਸਨ, ਉਨ੍ਹਾਂ ਦੀਆਂ ਸ਼ਕਤੀਆਂ ਨੂੰ) ਖੋਹ ਲਿਆ ਸੀ (ਅਰਥਾਤ ਹੀਨ ਕਰ ਦਿੱਤਾ ਸੀ) ॥੩੭੭॥
ਵੇਦਾਂ ਵਿਚ ਜਿਤਨੇ ਵੀ ਯੋਗ ਸਾਧਨ ਕਹੇ ਗਏ ਹਨ,
ਉਹ ਸਾਰੇ ਹੀ ਰਿਸ਼ੀ ਨੇ ਸ਼ਰੀਰ ਉਤੇ ਸਾਧ ਲਏ ਹਨ।