ਸ਼੍ਰੀ ਦਸਮ ਗ੍ਰੰਥ

ਅੰਗ - 316


ਗਾਵਤ ਗੀਤ ਬਿਲਾਵਲ ਮੈ ਜੁਰਿ ਬਾਹਨਿ ਸ੍ਯਾਮ ਕਥਾ ਇਹ ਸਾਜੈ ॥

ਉਹ ਬਿਲਾਵਲ (ਰਾਗ) ਵਿਚ ਗੀਤ ਗਾਉਂਦੀਆਂ ਹਨ ਅਤੇ ਬਾਂਹਵਾਂ ਵਿਚ ਬਾਂਹਵਾਂ ਪਾ ਕੇ ਸ਼ਿਆਮ ਦੇ ਗੀਤ ਗਾਉਂਦੀਆਂ ਹਨ।

ਅੰਗਿ ਅਨੰਗ ਬਢਿਓ ਤਿਨ ਕੇ ਪਿਖ ਕੈ ਜਿਹ ਲਾਜ ਕੋ ਭਾਜਨ ਭਾਜੈ ॥੨੪੦॥

ਉਨ੍ਹਾਂ ਦੇ ਸ਼ਰੀਰ ਵਿਚ ਕਾਮ ਵੱਧ ਗਿਆ ਹੈ, (ਇਸ ਲਈ ਉਨ੍ਹਾਂ ਦੇ ਹਾਵ-ਭਾਵ) ਵੇਖ ਕੇ ਲੱਜਾ ਦੇ ਭਾਂਡੇ ਵੀ ਭਜ ਜਾਂਦੇ ਹਨ ॥੨੪੦॥

ਗਾਵਤ ਗੀਤ ਬਿਲਾਵਲ ਮੈ ਸਭ ਹੀ ਮਿਲਿ ਗੋਪਿਨ ਉਜਲ ਕਾਰੀ ॥

ਗੋਰੀਆਂ ਅਤੇ ਕਾਲੀਆਂ ਸਾਰੀਆਂ ਗੋਪੀਆਂ ਮਿਲ ਕੇ ਬਿਲਾਵਲ (ਰਾਗ ਵਿਚ) ਗੀਤ ਗਾਉਂਦੀਆਂ ਹਨ।

ਕਾਨਰ ਕੋ ਭਰਤਾ ਕਰਬੇ ਕਹੁ ਬਾਛਤ ਹੈ ਪਤਲੀ ਅਰੁ ਭਾਰੀ ॥

ਪਤਲੀਆਂ ਤੇ ਮੋਟੀਆਂ (ਸਾਰੀਆਂ) ਹੀ ਕ੍ਰਿਸ਼ਨ ਨੂੰ ਭਰਤਾ ਬਣਾਉਣ ਦੀ ਇੱਛਾ ਕਰਦੀਆਂ ਹਨ।

ਸ੍ਯਾਮ ਕਰੈ ਤਿਨ ਕੇ ਮੁਖ ਕੌ ਪਿਖਿ ਜੋਤਿ ਕਲਾ ਸਸਿ ਕੀ ਫੁਨਿ ਹਾਰੀ ॥

ਸ਼ਿਆਮ ਕਵੀ ਕਹਿੰਦੇ ਹਨ, ਉਨ੍ਹਾਂ ਦੇ ਮੂੰਹ ਨੂੰ ਵੇਖ ਕੇ ਚੰਦ੍ਰਮਾ ਦੀ ਕਲਾ ਹਾਰ ਗਈ ਹੈ।

ਨ੍ਰਹਾਵਤ ਹੈ ਜਮੁਨਾ ਜਲ ਮੈ ਜਨੁ ਫੂਲ ਰਹੀ ਗ੍ਰਿਹ ਮੈ ਫੁਲਵਾਰੀ ॥੨੪੧॥

ਜਮੁਨਾ ਦੇ ਜਲ ਵਿਚ (ਇੰਜ) ਨਹਾ ਰਹੀਆਂ ਹਨ, ਮਾਨੋ ਘਰ ਵਿਚ ਹੀ ਫੁਲਵਾੜੀ ਖਿੜੀ ਹੋਈ ਹੋਵੇ ॥੨੪੧॥

ਨ੍ਰਹਾਵਤ ਹੈ ਗੁਪੀਆ ਜਲ ਮੈ ਤਿਨ ਕੇ ਮਨ ਮੈ ਫੁਨਿ ਹਉਲ ਨ ਕੋ ॥

(ਜਮੁਨਾ ਦੇ) ਜਲ ਵਿਚ ਗੋਪੀਆਂ ਨਹਾਉਂਦੀਆਂ ਹਨ, ਪਰ ਉਨ੍ਹਾਂ ਦੇ ਮਨ ਵਿਚ ਕੋਈ ਖੌਫ਼ ਨਹੀਂ ਹੈ।

ਗੁਨ ਗਾਵਤ ਤਾਲ ਬਜਾਵਤ ਹੈ ਤਿਹ ਜਾਇ ਕਿਧੌ ਇਕ ਠਉਲਨ ਕੋ ॥

(ਕ੍ਰਿਸ਼ਨ ਦੇ) ਗੁਣ ਗਾਉਂਦੀਆਂ ਹਨ ਤੇ ਤਾੜੀਆਂ ਮਾਰਦੀਆਂ ਹਨ ਅਤੇ ਉਥੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਹਨ।

ਮੁਖਿ ਤੇ ਉਚਰੈ ਇਹ ਭਾਤਿ ਸਭੈ ਇਤਨੋ ਸੁਖ ਨ ਹਰਿ ਧਉਲਨ ਕੋ ॥

ਸਾਰੀਆਂ ਮੂੰਹੋਂ ਇਸ ਤਰ੍ਹਾਂ ਉਚਾਰਦੀਆਂ ਹਨ (ਕਿ) ਇੰਦਰ ਦੇ (ਮਹੱਲਾਂ) ਵਿਚ ਵੀ ਇੰਨਾ ਸੁਖ ਨਹੀਂ ਹੈ।

ਕਬਿ ਸ੍ਯਾਮ ਬਿਰਾਜਤ ਹੈ ਅਤਿ ਸਹੀ ਇਕ ਬਨਿਓ ਸਰ ਸੁੰਦਰ ਕਉਲਨ ਕੋ ॥੨੪੨॥

ਸ਼ਿਆਮ ਕਵੀ (ਕਹਿੰਦੇ ਹਨ, ਉਹ ਜਮਨਾ ਵਿਚ) ਸੁੰਦਰਤਾ ਸਹਿਤ ਬਿਰਾਜਦੀਆਂ ਹਨ, (ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਇਹ ਕੌਲ ਫੁਲਾਂ ਦਾ ਤਲਾ ਹੋਵੇ ॥੨੪੨॥

ਗੋਪੀ ਬਾਚ ਦੇਵੀ ਜੂ ਸੋ ॥

ਗੋਪੀਆਂ ਦੇਵੀ ਜੀ ਨੂੰ ਕਹਿੰਦੀਆਂ ਹਨ:

ਸਵੈਯਾ ॥

ਸਵੈਯਾ:

ਲੈ ਅਪੁਨੇ ਕਰ ਜੋ ਮਿਟੀਆ ਤਿਹ ਥਾਪ ਕਹੈ ਮੁਖ ਤੇ ਜੁ ਭਵਾਨੀ ॥

ਆਪਣੇ ਹੱਥ ਵਿਚ ਮਿੱਟੀ ਲੈ ਕੇ ਉਸ ਨੂੰ ਥਪਦਿਆਂ ਹੋਇਆਂ ਕਹਿੰਦੀਆਂ ਹਨ ਕਿ ਇਹ ਦੇਵੀ ਹੈ।

ਪਾਇ ਪਰੈ ਤਿਹ ਕੇ ਹਿਤ ਸੋ ਕਰਿ ਕੋਟਿ ਪ੍ਰਨਾਮੁ ਕਹੈ ਇਹ ਬਾਨੀ ॥

ਪ੍ਰੇਮ ਨਾਲ ਉਸ ਦੇ ਪੈਰੀਂ ਪੈਂਦੀਆਂ ਹਨ, ਕਰੋੜਾਂ ਵਾਰ ਪ੍ਰਣਾਮ ਕਰ ਕੇ, ਮੂੰਹੋਂ ਇਹ ਗੱਲ ਕਹਿੰਦੀਆਂ ਹਨ,

ਪੂਜਤ ਹੈ ਇਹ ਤੇ ਹਮ ਤੋ ਤੁਮ ਦੇਹੁ ਵਹੈ ਜੀਅ ਮੈ ਹਮ ਠਾਨੀ ॥

(ਹੇ ਦੁਰਗਾ!) ਅਸੀਂ ਤੈਨੂੰ ਇਸ ਕਰ ਕੇ ਪੂਜਦੀਆਂ ਹਾਂ ਕਿ ਅਸਾਂ ਦਿਲ ਵਿਚ ਜੋ ਧਾਰਿਆ ਹੋਇਆ ਹੈ ਸਾਨੂੰ ਓਹੀ ਵਰ ਦਿਓ।

ਹ੍ਵੈ ਹਮਰੋ ਭਰਤਾ ਹਰਿ ਜੀ ਮੁਖਿ ਸੁੰਦਰਿ ਹੈ ਜਿਹ ਕੋ ਸਸਿ ਸਾਨੀ ॥੨੪੩॥

ਕ੍ਰਿਸ਼ਨ ਸਾਡਾ ਪਤੀ ਹੋ ਜਾਵੇ, ਜਿਸ ਦਾ ਮੂੰਹ ਚੰਦ੍ਰਮਾ ਦੇ ਸਮਾਨ ਸੁੰਦਰ ਹੈ ॥੨੪੩॥

ਭਾਲਿ ਲਗਾਵਤ ਕੇਸਰ ਅਛਤ ਚੰਦਨ ਲਾਵਤ ਹੈ ਸਿਤ ਕੈ ॥

(ਦੁਰਗਾ ਦੀ ਮੂਰਤੀ ਦੇ) ਮੱਥੇ ਉਤੇ ਕੇਸਰ ਤੇ ਚਾਵਲ ਲਾਉਂਦੀਆਂ ਹਨ ਅਤੇ ਸਫ਼ੈਦ ਚੰਦਨ (ਰਗੜ ਕੇ) ਲਗਾਉਂਦੀਆਂ ਹਨ।

ਫੁਨਿ ਡਾਰਤ ਫੂਲ ਉਡਾਵਤ ਹੈ ਮਖੀਆ ਤਿਹ ਕੀ ਅਤਿ ਹੀ ਹਿਤ ਕੈ ॥

ਫਿਰ (ਉਸ ਉਤੇ) ਫੁਲ ਚੜ੍ਹਾਉਂਦੀਆਂ ਹਨ ਅਤੇ ਬਹੁਤ ਹਿਤ ਨਾਲ ਮੱਖੀਆਂ ਉਡਾਉਂਦੀਆਂ ਹਨ।

ਪਟ ਧੂਪ ਪਚਾਮ੍ਰਿਤ ਦਛਨਾ ਪਾਨ ਪ੍ਰਦਛਨਾ ਦੇਤ ਮਹਾ ਚਿਤ ਕੈ ॥

ਕਪੜੇ, ਧੂਪ, ਕੜਾਹੀ, ਦੱਛਣਾ ਅਤੇ ਪਾਨ (ਆਦਿ ਭੇਟਾ ਚੜ੍ਹਾ ਕੇ) ਚਿਤ ਦੀ ਪੂਰੀ ਚਾਹ ਨਾਲ ਪ੍ਰਦੱਖਣਾ ਕਰਦੀਆਂ ਹਨ।

ਬਰਬੇ ਕਹੁ ਕਾਨ੍ਰਹ ਉਪਾਉ ਕਰੈ ਮਿਤ ਹੋ ਸੋਊ ਤਾਤ ਕਿਧੌ ਕਿਤ ਕੈ ॥੨੪੪॥

ਸ੍ਰੀ ਕ੍ਰਿਸ਼ਨ ਨੂੰ ਵਰਨ ਲਈ ਅਥਵਾ ਮਿੱਤਰ ਵਜੋਂ ਗ੍ਰਹਿਣ ਕਰਨ ਲਈ ਗੋਪੀਆਂ ਕਈ ਤਰ੍ਹਾਂ ਦੇ ਉਪਾਉ ਕਰਦੀਆਂ ਹਨ ॥੨੪੪॥

ਗੋਪੀ ਬਾਚ ਦੇਵੀ ਜੂ ਸੋ ॥

ਗੋਪੀਆਂ ਦੇਵੀ ਜੀ ਪ੍ਰਤਿ ਕਹਿੰਦੀਆਂ ਹਨ:

ਕਬਿਤੁ ॥

ਕਬਿੱਤ:

ਦੈਤਨ ਸੰਘਾਰਨੀ ਪਤਿਤ ਲੋਕ ਤਾਰਨੀ ਸੁ ਸੰਕਟ ਨਿਵਾਰਨੀ ਕਿ ਐਸੀ ਤੂੰ ਸਕਤਿ ਹੈ ॥

(ਹੇ ਦੇਵੀ!) ਤੂੰ ਦੈਂਤਾਂ ਨੂੰ ਮਾਰਨ ਵਾਲੀ, ਪਤਿਤਾਂ ਨੂੰ ਤਾਰਨ ਵਾਲੀ, ਸੰਕਟਾਂ ਨੂੰ ਨਿਵਾਰਨ ਵਾਲੀ ਅਜਿਹੀ ਸ਼ਕਤੀਵਰ ਹੈਂ।

ਬੇਦਨ ਉਧਾਰਨੀ ਸੁਰੇਾਂਦ੍ਰ ਰਾਜ ਕਾਰਨੀ ਪੈ ਗਉਰਜਾ ਕੀ ਜਾਗੈ ਜੋਤਿ ਅਉਰ ਜਾਨ ਕਤ ਹੈ ॥

ਵੇਦਾਂ ਦਾ ਉੱਧਾਰ ਕਰਨ ਵਾਲੀ ਹੈਂ, ਇੰਦਰ ਤੋਂ ਰਾਜ ਕਰਾਉਣ ਵਾਲੀ ਹੈਂ, ਦੁਰਗਾ ਦੀ ਜੋਤਿ ਜਗਤ ਵਿਚ (ਲਟ ਲਟ ਕਰ ਕੇ) ਜਗ ਰਹੀ ਹੈ। (ਇਸ ਦੇ ਸਮਾਨ) ਹੋਰ ਕੋਈ ਕਿਹੜਾ ਜਾਣਿਆ ਜਾ ਸਕਦਾ ਹੈ?

ਧੂਅ ਮੈ ਨ ਧਰਾ ਮੈ ਨ ਧਿਆਨ ਧਾਰੀ ਮੈ ਪੈ ਕਛੂ ਜੈਸੇ ਤੇਰੇ ਜੋਤਿ ਬੀਚ ਆਨਨ ਛਕਤਿ ਹੈ ॥

(ਇਸ ਦੇ ਮੁਖ ਦਾ ਉਜਾਲਾ) ਆਕਾਸ਼ ਵਿਚ ਨਹੀਂ, ਧਰਤੀ ਉਤੇ ਨਹੀਂ ਅਤੇ ਨਾ ਹੀ ਧਿਆਨ ਧਰਨ ਵਾਲੇ ਪੁਰਸ਼ਾਂ (ਵਿਚ) ਕੁਝ (ਦਿਸਦਾ ਹੈ) ਜਿਸ ਤਰ੍ਹਾਂ ਦਾ ਪ੍ਰਕਾਸ਼ ਤੇਰੇ ਮੂੰਹ ਉਤੇ ਸੋਭ ਰਿਹਾ ਹੈ।

ਦਿਨਸ ਦਿਨੇਸ ਮੈ ਦਿਵਾਨ ਮੈ ਸੁਰੇਸ ਮੈ ਸੁਪਤ ਮਹੇਸ ਜੋਤਿ ਤੇਰੀ ਐ ਜਗਤਿ ਹੈ ॥੨੪੫॥

(ਜਿਵੇਂ) ਦਿਨ ਵਿਚ ਸੂਰਜ ਦਾ, ਦੇਵਤਿਆਂ ਦੇ ਦਰਬਾਰ ਵਿਚ ਬੈਠੇ ਹੋਏ ਇੰਦਰ ਦਾ, ਭੈਰਵਾਂ ('ਸੁਪਤ') ਵਿਚੋਂ ਮਹਾਦੇਵ ਦਾ ਪ੍ਰਕਾਸ਼ ਹੈ, (ਇਸ ਤਰ੍ਹਾਂ ਦੀ) ਤੇਰੀ ਜੋਤਿ ਜਗਤ ਵਿਚ ਜਗਮਗ ਕਰ ਰਹੀ ਹੈ ॥੨੪੫॥

ਬਿਨਤੀ ਕਰਤ ਸਭ ਗੋਪੀ ਕਰਿ ਜੋਰਿ ਜੋਰਿ ਸੁਨਿ ਲੇਹੁ ਬਿਨਤੀ ਹਮਾਰੀ ਇਹ ਚੰਡਿਕਾ ॥

ਸਾਰੀਆਂ ਗੋਪੀਆਂ ਹੱਥ ਜੋੜ ਕੇ ਬੇਨਤੀਆਂ ਕਰਦੀਆਂ (ਹੋਈਆਂ ਕਹਿੰਦੀਆਂ ਹਨ) ਹੇ ਚੰਡਿਕਾ! ਸਾਡੀ ਇਹ ਬੇਨਤੀ ਸੁਣ ਲਵੋ।

ਸੁਰ ਤੈ ਉਬਾਰੇ ਕੋਟਿ ਪਤਿਤ ਉਧਾਰੇ ਚੰਡ ਮੁੰਡ ਮੁੰਡ ਡਾਰੇ ਸੁੰਭ ਨਿਸੁੰਭ ਕੀ ਖੰਡਿਕਾ ॥

ਤੂੰ ਹੀ ਦੇਵਤਿਆਂ ਨੂੰ ਉਬਾਰਿਆ ਸੀ, ਕ੍ਰੋੜਾਂ ਹੀ ਪਾਪੀਆਂ ਨੂੰ ਤਾਰਿਆ ਸੀ, ਚੰਡ ਤੇ ਮੁੰਡ ਦਾ ਸਿਰ ਲਾਹ ਸੁਟਿਆ ਸੀ ਅਤੇ ਸੁੰਭ ਨਿਸੁੰਭ ਨੂੰ ਖੰਡ ਖੰਡ ਕੀਤਾ ਸੀ।

ਦੀਜੈ ਮਾਗਿਯੋ ਦਾਨ ਹ੍ਵੈ ਪ੍ਰਤਛ ਕਹੈ ਮੇਰੀ ਮਾਈ ਪੂਜੇ ਹਮ ਤੁਮੈ ਨਾਹੀ ਪੁਜੈ ਸੁਤ ਗੰਡਕਾ ॥

(ਫਿਰ ਕਹਿੰਦੀਆਂ ਹਨ) ਹੇ ਸਾਡੀ ਮਾਤਾ! ਪ੍ਰਤੱਖ ਹੋ ਕੇ (ਮੂੰਹ) ਮੰਗਿਆ ਦਾਨ ਦਿਓ, ਅਸੀਂ ਸਦਾ ਤੇਰੀ ਪੂਜਾ ਕਰਾਂਗੀਆਂ, ਠਾਕੁਰ (ਸਾਲਗ੍ਰਾਮ) ਦੀ ਪੂਜਾ ਨਹੀਂ ਕਰਾਂਗੀਆਂ।

ਹ੍ਵੈ ਕਰਿ ਪ੍ਰਸੰਨ੍ਯ ਤਾ ਕੋ ਕਹਿਓ ਸੀਘ੍ਰ ਮਾਨ ਦੀਨੋ ਵਹੈ ਬਰ ਦਾਨ ਫੁਨਿ ਰਾਨਿਨ ਕੀ ਮੰਡਿਕਾ ॥੨੪੬॥

(ਉਸੇ ਵੇਲੇ) ਪ੍ਰਸੰਨ ਹੋ ਕੇ ਯੁੱਧਾਂ ਨੂੰ ਮੰਡਿਤ ਕਰਨ ਵਾਲੀ ਦੇਵੀ ਨੇ ਉਨ੍ਹਾਂ ਨੂੰ ਛੇਤੀ ਨਾਲ ਕਿਹਾ, ਤੁਹਾਡਾ ਕਿਹਾ ਮੰਨ ਕੇ ਮੈਂ ਤੁਹਾਨੂੰ ਉਹੀ ਵਰ ਦਾਨ ਦਿੱਤਾ ਹੈ ॥੨੪੬॥

ਦੇਵੀ ਜੀ ਬਾਚ ਗੋਪਿਨ ਸੋ ॥

ਦੇਵੀ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਹ੍ਵੈ ਭਰਤਾ ਅਬ ਸੋ ਤੁਮਰੋ ਹਰਿ ਦਾਨ ਇਹੇ ਦੁਰਗਾ ਤਿਨ ਦੀਨਾ ॥

ਉਹ ਕ੍ਰਿਸ਼ਨ ਹੁਣ ਤੁਹਾਡਾ ਪਤੀ ਹੋਵੇਗਾ, ਦੁਰਗਾ ਨੇ ਉਨ੍ਹਾਂ (ਗੋਪੀਆਂ ਨੂੰ) ਇਹ ਵਰਦਾਨ ਦਿੱਤਾ।

ਸੋ ਧੁਨਿ ਸ੍ਰਉਨਨ ਮੈ ਸੁਨ ਕੈ ਤਿਨ ਕੋਟਿ ਪ੍ਰਨਾਮ ਤਬੈ ਉਠਿ ਕੀਨਾ ॥

ਉਨ੍ਹਾਂ ਨੇ ਇਸ ਆਵਾਜ਼ ਨੂੰ ਕੰਨਾਂ ਨਾਲ ਸੁਣ ਕੇ ਉਸੇ ਵੇਲੇ ਉਠ ਕੇ (ਦੁਰਗਾ ਨੂੰ) ਕ੍ਰੋੜਾਂ ਵਾਰ ਨਮਸਕਾਰ ਕੀਤਾ।

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪਨੇ ਮਨ ਮੈ ਫੁਨਿ ਚੀਨਾ ॥

ਉਸ ਵੇਲੇ ਦੀ ਛਬੀ ਦੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ।

ਹੈ ਇਨ ਕੋ ਮਨੁ ਕਾਨਰ ਮੈ ਅਉ ਜੋ ਪੈ ਰਸ ਕਾਨਰ ਕੇ ਸੰਗਿ ਭੀਨਾ ॥੨੪੭॥

(ਕਿ) ਇਨ੍ਹਾਂ ਦਾ ਮਨ ਕ੍ਰਿਸ਼ਨ ਵਿਚ ਰਮ ਗਿਆ ਹੈ ਅਤੇ ਕਾਨ੍ਹ ਦੇ ਰਸ ਵਿਚ ਹੀ ਭਿਜ ਗਿਆ ਹੈ ॥੨੪੭॥

ਪਾਇ ਪਰੀ ਤਿਹ ਕੇ ਤਬ ਹੀ ਸਭ ਭਾਤਿ ਕਰੀ ਬਹੁ ਤਾਹਿ ਬਡਾਈ ॥

(ਸਾਰੀਆਂ ਗੋਪੀਆਂ) ਉਸੇ ਵੇਲੇ ਦੇਵੀ ਦੇ ਚਰਨੀ ਪੈ ਗਈਆਂ ਅਤੇ ਸਭ ਤਰ੍ਹਾਂ ਨਾਲ ਉਸ (ਦੁਰਗਾ) ਦੀ ਬਹੁਤ ਵਡਿਆਈ ਕੀਤੀ

ਹੈ ਜਗ ਕੀ ਕਰਤਾ ਹਰਤਾ ਦੁਖ ਹੈ ਸਭ ਤੂ ਗਨ ਗੰਧ੍ਰਬ ਮਾਈ ॥

ਕਿ ਹੇ ਮਾਤਾ! ਤੂੰ ਜਗਤ ਦੀ ਕਰਤਾ ਹੈ ਅਤੇ ਸਾਰੇ ਦੁਖਾਂ ਨੂੰ ਨਸ਼ਟ ਕਰਨ ਵਾਲੀ ਹੈ। ਸਾਰੇ ਗਣ ਗੰਧਰਬ ਤੇਰੇ ਹੀ (ਰੂਪ ਹਨ)।

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ ॥

ਉਸ ਅਤਿ ਅਧਿਕ ਸ਼ੋਭਾ ਦੀ ਉਪਮਾ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਨਾਲ ਕਹਿ ਕੇ ਸੁਣਾਇਆ ਹੈ

ਲਾਲ ਭਈ ਤਬ ਹੀ ਗੁਪੀਆ ਫੁਨਿ ਬਾਤ ਜਬੈ ਮਨ ਬਾਛਤ ਪਾਈ ॥੨੪੮॥

ਕਿ ਗੋਪੀਆਂ ਉਸੇ ਵੇਲੇ (ਖੁਸ਼ੀ ਨਾਲ) ਲਾਲ ਹੋ ਗਈਆਂ ਜਦ ਕਿ (ਉਨ੍ਹਾਂ ਦੀ) ਮਨ ਇਛਿਤ ਗੱਲ ਪੂਰੀ ਹੋ ਗਈ ॥੨੪੮॥

ਲੈ ਬਰਦਾਨ ਸਭੈ ਗੁਪੀਆ ਅਤਿ ਆਨੰਦ ਕੈ ਮਨਿ ਡੇਰਨ ਆਈ ॥

ਵਰਦਾਨ ਲੈ ਕੇ ਸਾਰੀਆਂ ਗੋਪੀਆਂ ਮਨ ਵਿਚ ਬੜੀਆਂ ਆਨੰਦਿਤ ਹੋ ਕੇ ਘਰਾਂ ਨੂੰ ਆ ਗਈਆਂ।

ਗਾਵਤ ਗੀਤ ਸਭੈ ਮਿਲ ਕੈ ਇਕ ਹ੍ਵੈ ਕੈ ਪ੍ਰਸੰਨ੍ਯ ਸੁ ਦੇਤ ਬਧਾਈ ॥

ਸਾਰੀਆਂ ਮਿਲ ਕੇ ਗੀਤ ਗਾਉਂਦੀਆਂ ਹਨ ਅਤੇ ਕੋਈ ਇਕ ਪ੍ਰਸੰਨ ਹੋ ਕੇ (ਦੂਜੀ ਨੂੰ) ਵਧਾਈ ਦਿੰਦੀ ਹੈ।

ਪਾਤਨ ਸਾਥ ਖਰੀ ਤਿਨ ਕੀ ਉਪਮਾ ਕਬਿ ਨੇ ਮੁਖ ਤੇ ਇਮ ਗਾਈ ॥

ਉਹ ਸਾਰੀਆਂ ਪੰਕਤੀ ਬਣਾ ਕੇ ਖੜੀਆਂ ਹਨ; ਉਨ੍ਹਾਂ ਦੀ ਉਪਮਾ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਕਹੀ ਹੈ,

ਮਾਨਹੁ ਪਾਇ ਨਿਸਾਪਤਿ ਕੋ ਸਰ ਮਧਿ ਖਿਰੀ ਕਵੀਆ ਧੁਰ ਤਾਈ ॥੨੪੯॥

ਮਾਨੋ ਚੰਦ੍ਰਮਾ ਨੂੰ ਪ੍ਰਾਪਤ ਕਰ ਕੇ ਤਲਾ ਵਿਚ (ਇਕ ਪਾਸੇ ਤੋਂ ਦੂਜੇ) ਪਾਸੇ ਤਕ ਕੰਮੀਆਂ ਖਿੜੀਆਂ ਹੋਈਆਂ ਹੋਣ ॥੨੪੯॥

ਪ੍ਰਾਤ ਭਏ ਜਮਨਾ ਜਲ ਮੈ ਮਿਲਿ ਧਾਇ ਗਈ ਸਭ ਹੀ ਗੁਪੀਆ ॥

ਸਵੇਰ ਹੋਣ ਤੇ ਸਾਰੀਆਂ ਗੋਪੀਆਂ ਮਿਲ ਕੇ ਜਮਨਾ ਦੇ ਜਲ ਵਲ ਤੁਰ ਪਈਆਂ।

ਮਿਲਿ ਗਾਵਤ ਗੀਤ ਚਲੀ ਤਿਹ ਜਾ ਕਰਿ ਆਨੰਦ ਭਾਮਿਨ ਮੈ ਕੁਪੀਆ ॥

ਸਭ ਇਸਤਰੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਉਧਰ ਨੂੰ ਚਲ ਪਈਆਂ ਅਤੇ ਖੁਸ਼ੀ ਨਾਲ ਫੁਲੀਆਂ ਨਹੀਂ ਸਮਾਉਂਦੀਆਂ।

ਤਬ ਹੀ ਫੁਨਿ ਕਾਨ੍ਰਹ ਚਲੇ ਤਿਹ ਜਾ ਜਮੁਨਾ ਜਲ ਕੋ ਫੁਨਿ ਜਾ ਜੁ ਪੀਆ ॥

ਉਸੇ ਵੇਲੇ ਕ੍ਰਿਸ਼ਨ ਵੀ ਉਥੇ ਚਲੇ ਗਏ ਅਤੇ ਜਾ ਕੇ ਜਮਨਾ ਤੋਂ ਪਾਣੀ ਪੀਤਾ। (ਕ੍ਰਿਸ਼ਨ ਦੇ ਆਉਣ ਤੇ ਸਭ ਚੁਪ ਹੋ ਗਈਆਂ)

ਸੋਊ ਦੇਖਿ ਤਬੈ ਭਗਵਾਨ ਕਹੇ ਨਹਿ ਬੋਲਹੁ ਰੀ ਕਰਿ ਹੋ ਚੁਪੀਆ ॥੨੫੦॥

ਉਨ੍ਹਾਂ ਨੂੰ ਵੇਖ ਕੇ ਕ੍ਰਿਸ਼ਨ ਨੇ ਕਿਹਾ, ਓਇ! ਬੋਲਦੀਆਂ ਨਹੀਂ ਚੁਪ ਕਰ ਗਈਆਂ ਹੋ ॥੨੫੦॥