ਸ਼੍ਰੀ ਦਸਮ ਗ੍ਰੰਥ

ਅੰਗ - 1164


ਕਰਤ ਸਿਕਾਰ ਕੈਸਹੂੰ ਆਯੋ ॥

ਕਿਸੇ ਤਰ੍ਹਾਂ ਸ਼ਿਕਾਰ ਖੇਡਦਿਆਂ (ਉਧਰ) ਆ ਗਿਆ

ਨ੍ਰਿਪ ਦੁਹਿਤਾ ਗ੍ਰਿਹ ਤਰ ਹ੍ਵੈ ਧਾਯੋ ॥੩॥

ਅਤੇ ਰਾਜੇ ਦੀ ਪੁੱਤਰੀ ਦੇ ਮਹੱਲ ਹੇਠੋਂ ਲੰਘਿਆ ॥੩॥

ਰਾਜ ਕੁਅਰਿ ਨਿਰਖਤਿ ਤਾ ਕੀ ਛਬਿ ॥

ਰਾਜ ਕੁਮਾਰੀ ਉਸ ਦੇ ਰੂਪ ਨੂੰ ਵੇਖ ਕੇ,

ਮਦ ਕਰਿ ਮਤ ਰਹੀ ਛਬਿ ਤਰ ਦਬਿ ॥

ਆਪਣੀ ਸੁੰਦਰਤਾ ਦੀ ਮਸਤੀ ਵਿਚ ਹੰਕਾਰੀ ਹੋਈ (ਉਸ ਅਗੇ) ਦਬ ਕੇ ਰਹਿ ਗਈ।

ਪਾਨ ਪੀਕ ਤਾ ਕੇ ਪਰ ਡਾਰੀ ॥

(ਉਸ ਨੇ) ਉਸ ਉਤੇ ਪਾਨ ਦੀ ਪੀਕ (ਥੁਕ) ਸੁਟੀ

ਮੋ ਸੌ ਕਰੈ ਕੈਸਹੂੰ ਯਾਰੀ ॥੪॥

ਕਿ ਕਿਸੇ ਤਰ੍ਹਾਂ ਮੇਰੇ ਨਾਲ ਯਾਰੀ ਗੰਢੇ ॥੪॥

ਨਾਗਰ ਕੁਅਰ ਪਲਟਿ ਤਿਹ ਲਹਾ ॥

ਨਾਗਰ ਕੁੰਵਰ ਨੇ ਪਰਤ ਕੇ ਉਸ ਵਲ ਵੇਖਿਆ।

ਤਾਹਿ ਬਿਲੋਕ ਉਰਝਿ ਕਰਿ ਰਹਾ ॥

ਉਸ ਨੂੰ ਵੇਖ ਕੇ (ਉਸ ਨਾਲ) ਅਟਕ ਗਿਆ।

ਨੈਨਨ ਨੈਨ ਮਿਲੇ ਦੁਹੂੰਅਨ ਕੇ ॥

ਦੋਹਾਂ ਦੇ ਨੈਣ ਆਪਸ ਵਿਚ ਮਿਲੇ

ਸੋਕ ਸੰਤਾਪ ਮਿਟੇ ਸਭ ਮਨ ਕੇ ॥੫॥

ਅਤੇ ਮਨ ਦੇ ਸਭ ਦੁਖ ਅਤੇ ਸੰਤਾਪ ਮਿਟ ਗਏ ॥੫॥

ਰੇਸਮ ਰਸੀ ਡਾਰਿ ਤਰ ਦੀਨੀ ॥

ਰਾਜ ਕੁਮਾਰੀ ਨੇ ਰੇਸ਼ਮ ਦੀ ਇਕ (ਪੱਕੀ) ਰੱਸੀ ਨਾਲ

ਪੀਰੀ ਬਾਧਿ ਤਵਨ ਸੌ ਲੀਨੀ ॥

ਪੀੜ੍ਹੀ ਬੰਨ੍ਹ ਕੇ ਹੇਠਾਂ ਲਟਕਾ ਦਿੱਤੀ।

ਐਂਚਿ ਤਾਹਿ ਨਿਜ ਧਾਮ ਚੜਾਯੋ ॥

ਉਸ ਨੂੰ ਖਿਚ ਕੇ ਆਪਣੇ ਮਹੱਲ ਵਿਚ ਚੜ੍ਹਾ ਲਿਆ

ਮਨ ਬਾਛਤ ਪ੍ਰੀਤਮ ਕਹ ਪਾਯੋ ॥੬॥

(ਅਤੇ ਇਸ ਤਰ੍ਹਾਂ) ਆਪਣੇ ਮਨ ਭਾਉਂਦੇ ਪ੍ਰੀਤਮ ਨੂੰ ਪ੍ਰਾਪਤ ਕਰ ਲਿਆ ॥੬॥

ਤੋਟਕ ਛੰਦ ॥

ਤੋਟਕ ਛੰਦ:

ਪਿਯ ਧਾਮ ਚੜਾਇ ਲਯੋ ਜਬ ਹੀ ॥

ਜਦੋਂ ਹੀ ਪ੍ਰੀਤਮ ਨੂੰ (ਮਹੱਲ ਵਿਚ) ਚੜ੍ਹਾ ਲਿਆ,

ਮਨ ਭਾਵਤ ਭੋਗ ਕਿਯਾ ਤਬ ਹੀ ॥

ਤਦੋਂ ਹੀ ਮਨ ਭਾਉਂਦਾ ਰਮਣ ਕੀਤਾ।

ਦੁਤਿ ਰੀਝਿ ਰਹੀ ਅਵਲੋਕਤਿ ਯੋ ॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸ ਤਰ੍ਹਾਂ ਰੀਝ ਗਈ

ਤ੍ਰਿਯ ਜੋਰਿ ਰਹੀ ਠਗ ਕੀ ਠਗ ਜ੍ਯੋ ॥੭॥

ਜਿਵੇਂ ਇਸਤਰੀ ਨੂੰ ਜ਼ੋਰ ਨਾਲ ਠਗ ਨੇ ਠਗ ਲਿਆ ਹੈ (ਅਰਥਾਂਤਰ- ਅੱਖਾਂ ਜੋੜ ਕੇ ਠਗੀ ਦੀ ਠਗੀ ਰਹਿ ਗਈ ਹੈ) ॥੭॥

ਪੁਨਿ ਪੌਢਿ ਰਹੈਂ ਉਠਿ ਕੇਲ ਕਰੈਂ ॥

(ਕਦੇ) ਲੰਬੇ ਪੈ ਕੇ ਅਤੇ ਫਿਰ ਉਠ ਕੇ ਕਾਮ-ਕ੍ਰੀੜਾ ਕਰਦੇ

ਬਹੁ ਭਾਤਿ ਅਨੰਗ ਕੇ ਤਾਪ ਹਰੈਂ ॥

ਅਤੇ ਬਹੁਤ ਤਰ੍ਹਾਂ ਨਾਲ ਕਾਮ ਦੀ ਤਪਸ਼ ਨੂੰ ਠੰਡਾ ਕਰਦੇ।

ਉਰ ਲਾਇ ਰਹੀ ਪਿਯ ਕੌ ਤ੍ਰਿਯ ਯੋ ॥

ਇਸਤਰੀ ਪ੍ਰਿਯ ਨੂੰ ਇਸ ਤਰ੍ਹਾਂ ਛਾਤੀ ਨਾਲ ਲਗਾ ਕੇ ਰਖਦੀ

ਜਨੁ ਹਾਥ ਲਗੇ ਨਿਧਨੀ ਧਨ ਜ੍ਯੋ ॥੮॥

ਮਾਨੋ ਨਿਰਧਨ ਨੂੰ ਖ਼ਜ਼ਾਨਾ ਮਿਲ ਗਿਆ ਹੋਵੇ ॥੮॥

ਮਦਨੋਦਿਤ ਆਸਨ ਕੌ ਕਰਿ ਕੈ ॥

ਮਦਨੋਦਿਤ ਆਸਣ ਨੂੰ ਕਰਦੇ

ਸਭ ਤਾਪ ਅਨੰਗਹਿ ਕੋ ਹਰਿ ਕੈ ॥

ਅਤੇ ਕਾਮ ਦੇਵ ਦੇ ਸੰਤਾਪ ਨੂੰ ਦੂਰ ਕਰਦੇ।

ਲਲਿਤਾਸਨ ਬਾਰ ਅਨੇਕ ਧਰੈ ॥

ਅਨੇਕ ਵਾਰ ਲਲਿਤ ਆਸਣ ਕਰਦੇ

ਦੋਊ ਕੋਕ ਕੀ ਰੀਤਿ ਸੌ ਪ੍ਰੀਤਿ ਕਰੈ ॥੯॥

ਅਤੇ ਕੋਕ ਸ਼ਾਸਤ੍ਰ ਵਿਚ ਦਸੀ ਕਾਮ-ਕ੍ਰੀੜਾ ਦੀ ਵਿਧੀ ਨਾਲ ਪ੍ਰੀਤ ਕਰਦੇ ॥੯॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਆਸਨ ਕਰੈ ਚੁੰਬਨ ਕਰਤ ਅਪਾਰ ॥

(ਉਹ) ਭਾਂਤ ਭਾਂਤ ਦੇ ਆਸਣ ਕਰਦੇ ਅਤੇ ਬੇਹਿਸਾਬ ਚੁੰਬਨ ਲੈਂਦੇ।

ਛੈਲ ਛੈਲਨੀ ਰਸ ਪਗੇ ਰਹੀ ਨ ਕਛੂ ਸੰਭਾਰ ॥੧੦॥

ਯੁਵਕ ਅਤੇ ਮੁਟਿਆਰ ਕਾਮ ਦੇ ਰਸ ਵਿਚ ਮਗਨ ਸਨ ਅਤੇ (ਉਨ੍ਹਾਂ ਨੂੰ) ਕੋਈ ਸੁੱਧ ਬੁੱਧ ਨਹੀਂ ਰਹੀ ਸੀ ॥੧੦॥

ਚੌਪਈ ॥

ਚੌਪਈ:

ਹਸਿ ਹਸਿ ਕੇਲ ਦੋਊ ਮਿਲ ਕਰੈ ॥

ਦੋਵੇਂ ਹੱਸਦੇ ਹੱਸਦੇ ਮਿਲ ਕੇ ਕਾਮ-ਕਲੋਲ ਕਰ ਰਹੇ ਸਨ

ਪਲਟਿ ਪਲਟਿ ਪ੍ਰਿਯ ਕੌ ਤ੍ਰਿਯ ਧਰੈ ॥

ਅਤੇ ਪਲਟ ਪਲਟ ਕੇ ਪ੍ਰੇਮੀ ਪ੍ਰੇਮਿਕਾ ਨੂੰ ਧਾਰਨ ਕਰ ਰਿਹਾ ਸੀ।

ਹੇਰਿ ਰੂਪ ਤਾ ਕੋ ਬਲਿ ਜਾਈ ॥

ਉਸ ਦਾ ਰੂਪ ਵੇਖ ਕੇ ਰਾਜ ਕੁਮਾਰੀ ਬਲਿਹਾਰ ਜਾ ਰਹੀ ਸੀ

ਛੈਲਨਿ ਛੈਲ ਨ ਤਜ੍ਯੋ ਸੁਹਾਈ ॥੧੧॥

ਅਤੇ ਪ੍ਰੇਮਿਕਾ ਤੋਂ ਪ੍ਰੇਮੀ ਨੂੰ ਛਡਿਆ ਨਹੀਂ ਜਾ ਰਿਹਾ ਸੀ ॥੧੧॥

ਤਬ ਤਹ ਤਾਹਿ ਪਿਤਾਵਤ ਭਯੋ ॥

ਤਦ ਉਥੇ ਉਸ ਦਾ ਪਿਤਾ ਆ ਗਿਆ।

ਰਾਜ ਸੁਤਾ ਜਿਯ ਮੈ ਦੁਖ ਪਯੋ ॥

ਰਾਜ ਕੁਮਾਰੀ ਨੇ ਮਨ ਵਿਚ ਦੁਖ ਪਾਇਆ।

ਚਿਤ ਮੈ ਕਹੀ ਕਵਨ ਬਿਧਿ ਕੀਜੈ ॥

ਚਿਤ ਵਿਚ ਸੋਚਣ ਲਗੀ ਕਿ ਕਿਹੜਾ ਢੰਗ ਵਰਤੀਏ

ਜਾ ਤੈ ਪਤਿ ਪਿਤੁ ਤੇ ਇਹ ਲੀਜੈ ॥੧੨॥

ਕਿ ਪਿਤਾ ਤੋਂ ਇਹ ਪਤੀ ਰੂਪ ਵਿਚ ਪ੍ਰਾਪਤ ਕਰੀਏ ॥੧੨॥

ਆਪਿ ਪਿਤਾ ਕੇ ਆਗੂ ਗਈ ॥

(ਉਹ ਉਠ ਕੇ) ਆਪ ਪਿਤਾ ਦੇ ਅਗੋਂ ਗਈ

ਇਹ ਬਿਧਿ ਬਚਨ ਬਖਾਨਤ ਭਈ ॥

ਅਤੇ ਇਸ ਤਰ੍ਹਾਂ ਬਚਨ ਕਹਿਣ ਲਗੀ।

ਬਿਜਿਯਾ ਏਕ ਨ੍ਰਿਪਤਿ ਬਹੁ ਖਈ ॥

ਇਕ ਰਾਜੇ ਨੇ ਬਹੁਤ ਭੰਗ ਖਾ ਲਈ ਹੈ

ਤਾ ਤੇ ਬੁਧਿ ਤਾ ਕੀ ਸਭ ਗਈ ॥੧੩॥

ਜਿਸ ਕਰ ਕੇ ਉਸ ਦੀ ਸਾਰੀ ਹੋਸ਼ ਖ਼ਤਮ ਹੋ ਗਈ ਹੈ ॥੧੩॥

ਦੋਹਰਾ ॥

ਦੋਹਰਾ:

ਬਿਜਿਯਾ ਖਾਏ ਤੇ ਤਿਸੈ ਰਹੀ ਨ ਕਛੂ ਸੰਭਾਰ ॥

ਭੰਗ ਖਾ ਕੇ ਉਸ ਨੂੰ ਕੁਝ ਵੀ ਸੁੱਧ ਨਹੀਂ ਰਹੀ ਹੈ।

ਆਨਿ ਹਮਾਰੇ ਗ੍ਰਿਹ ਧਸਾ ਅਪਨੋ ਧਾਮ ਬਿਚਾਰਿ ॥੧੪॥

ਸਾਡੇ ਘਰ ਨੂੰ ਆਪਣਾ ਘਰ ਸਮਝ ਕੇ (ਇਥੇ) ਆ ਵੜਿਆ ਹੈ ॥੧੪॥

ਚੌਪਈ ॥

ਚੌਪਈ:

ਤਬ ਮੈ ਹੇਰਿ ਤਿਸੈ ਗਹਿ ਲੀਨਾ ॥

ਤਦ ਮੈਂ ਉਸ ਨੂੰ ਵੇਖ ਕੇ ਪਕੜ ਲਿਆ