ਸ਼੍ਰੀ ਦਸਮ ਗ੍ਰੰਥ

ਅੰਗ - 89


ਕਾਟ ਕੈ ਦਾਮਨ ਛੇਦ ਕੈ ਭੇਦ ਕੈ ਸਿੰਧੁਰ ਕੀ ਕਰੀ ਭਿੰਨ ਅੰਬਾਰੀ ॥

(ਵੈਰੀ ਦਲ ਦੇ ਅੰਬਾਰੀ ਨੂੰ ਕਸਣ ਵਾਲੇ) ਰੱਸੇ ਕਟ ਦਿੱਤੇ, ਤੰਗ ਤੋੜ ਦਿੱਤਾ ਅਤੇ ਹਾਥੀ ਦੀ ਅੰਬਾਰੀ ਉਸ ਤੋਂ ਵੱਖਰੀ ਕਰ ਦਿੱਤੀ,

ਮਾਨਹੁ ਆਗ ਲਗਾਇ ਹਨੂ ਗੜ ਲੰਕ ਅਵਾਸ ਕੀ ਡਾਰੀ ਅਟਾਰੀ ॥੧੩੨॥

ਮਾਨੋ ਹਨੂਮਾਨ ਨੇ ਲੰਕਾ ਦੇ ਕਿਲ੍ਹੇ ਨੂੰ ਅੱਗ ਲਾ ਕੇ ਮਹੱਲ ਦੀ ਅਟਾਰੀ ਹੇਠਾਂ ਸੁਟ ਦਿੱਤੀ ਹੋਵੇ ॥੧੩੨॥

ਤੋਰ ਕੈ ਮੋਰ ਕੈ ਦੈਤਨ ਕੇ ਮੁਖ ਘੋਰ ਕੇ ਚੰਡਿ ਮਹਾ ਅਸਿ ਲੀਨੋ ॥

ਚੰਡੀ ਨੇ (ਹੱਥ ਵਿਚ) ਤਲਵਾਰ ਧਾਰਨ ਕਰ ਕੇ ਦੈਂਤਾਂ ਦੇ ਭਿਆਨਕ ਮੁਖਾਂ ਨੂੰ ਤੋੜ ਮਰੋੜ ਦਿੱਤਾ।

ਜੋਰ ਕੈ ਕੋਰ ਕੈ ਠੋਰ ਕੈ ਬੀਰ ਸੁ ਰਾਛਸ ਕੋ ਹਤਿ ਕੈ ਤਿਹ ਦੀਨੋ ॥

(ਜਿਹੜੇ) ਦੈਂਤ ਕਤਾਰਾਂ ਬੰਨ੍ਹ ਕੇ ਅਗੇ ਠਿਲ੍ਹ ਕੇ ਆਏ ਸਨ, ਉਨ੍ਹਾਂ ਨੂੰ (ਦੇਵੀ ਨੇ) ਮਾਰ ਦਿੱਤਾ।

ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾਡ ਚਬੀਨੋ ॥

(ਪਹਿਲਾਂ ਦੇਵੀ ਨੇ) ਦੈਂਤਾਂ ਨੂੰ ਭੈਭੀਤ ਕਰਕੇ (ਡਰ ਵਿਚ) ਡੋਬ ਕੇ ਉਤਸਾਹ-ਹੀਨ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਹੱਡੀਆਂ ਦਾ ਚਬੀਨਾ ਬਣਾ ਦਿੱਤਾ

ਸ੍ਰਉਣ ਕੋ ਪਾਨ ਕਰਿਓ ਜਿਉ ਦਵਾ ਹਰਿ ਸਾਗਰ ਕੋ ਜਲ ਜਿਉ ਰਿਖਿ ਪੀਨੋ ॥੧੩੩॥

ਅਤੇ (ਉਨ੍ਹਾਂ ਦੇ) ਲਹੂ ਨੂੰ ਪੀ ਲਿਆ ਜਿਵੇਂ ਜੰਗਲ ਦੀ ਅੱਗ ਨੂੰ ਸ੍ਰੀ ਕ੍ਰਿਸ਼ਨ ਨੇ ਅਤੇ ਅਗਸਤ ਰਿਸ਼ੀ ਨੇ ਸਮੁੰਦਰ ਦੇ ਜਲ ਨੂੰ ਪੀ ਲਿਆ ਸੀ ॥੧੩੩॥

ਚੰਡਿ ਪ੍ਰਚੰਡ ਕੁਵੰਡ ਕਰੰ ਗਹਿ ਜੁਧ ਕਰਿਓ ਨ ਗਨੇ ਭਟ ਆਨੇ ॥

ਪ੍ਰਚੰਡ ਚੰਡੀ ਨੇ ਹੱਥ ਵਿਚ ਧਨੁਸ਼ ਪਕੜ ਕੇ (ਉਥੇ) ਆਏ ਹੋਏ ਅਣਗਿਣਤ ਯੋਧਿਆਂ ਨਾਲ ਯੁੱਧ ਕੀਤਾ।

ਮਾਰਿ ਦਈ ਸਭ ਦੈਤ ਚਮੂੰ ਤਿਹ ਸ੍ਰਉਣਤ ਜੰਬੁਕ ਗ੍ਰਿਝ ਅਘਾਨੇ ॥

(ਦੈਂਤਾਂ ਦੀ) ਸਾਰੀ ਫ਼ੌਜ ਮਾਰ ਦਿੱਤੀ। ਉਨ੍ਹਾਂ ਦੇ ਲਹੂ ਨਾਲ ਗਿਦੜ ਅਤੇ ਗਿਰਝਾਂ ਰਜ ਗਈਆਂ।

ਭਾਲ ਭਇਆਨਕ ਦੇਖਿ ਭਵਾਨੀ ਕੋ ਦਾਨਵ ਇਉ ਰਨ ਛਾਡਿ ਪਰਾਨੇ ॥

ਚੰਡੀ ਦੇ ਭਿਆਨਕ ਮੱਥੇ (ਅਥਵਾ ਮੁਖ) ਨੂੰ ਵੇਖ ਕੇ ਦੈਂਤ ਰਣ-ਭੂਮੀ ਨੂੰ ਇਸ ਤਰ੍ਹਾਂ ਛਡ ਕੇ ਭਜ ਗਏ

ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉ ਪਾਤ ਉਡਾਨੇ ॥੧੩੪॥

ਜਿਸ ਤਰ੍ਹਾਂ ਤੇਜ਼ ਹਵਾ ਦੇ ਜ਼ੋਰ ਨਾਲ ਚਲਣ ਤੇ ਪਿੱਪਲ ਤੇ ਪੱਤਰ ਉਡ ਜਾਂਦੇ ਹਨ ॥੧੩੪॥

ਆਹਵ ਮੈ ਖਿਝ ਕੈ ਬਰ ਚੰਡ ਕਰੰ ਧਰ ਕੈ ਹਰਿ ਪੈ ਅਰਿ ਮਾਰੇ ॥

ਯੁੱਧ ਵਿਚ ਖਿਝ ਕੇ ਚੰਡੀ ਨੇ ਹੱਥ ਵਿਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ।

ਏਕਨ ਤੀਰਨ ਚਕ੍ਰ ਗਦਾ ਹਤਿ ਏਕਨ ਕੇ ਤਨ ਕੇਹਰਿ ਫਾਰੇ ॥

ਕਈਆਂ ਨੂੰ ਤੀਰਾਂ ਨਾਲ, ਚੱਕਰ ਅਤੇ ਗਦਾ ਨਾਲ ਮਾਰ ਦਿੱਤਾ ਅਤੇ ਕਈਆਂ ਦੇ ਸ਼ਰੀਰ ਨੂੰ ਸ਼ੇਰ ਨੇ ਪਾੜ ਦਿੱਤਾ।

ਹੈ ਦਲ ਗੈ ਦਲ ਪੈਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ ॥

ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਸੈਨਾ ਅਤੇ ਪੈਦਲ (ਫ਼ੌਜ) ਨੂੰ ਮਾਰ ਦਿੱਤਾ ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਵਾਂਝਿਆ ਕਰ ਦਿੱਤਾ।

ਸਿੰਧੁਰ ਐਸੇ ਪਰੇ ਤਿਹ ਠਉਰ ਜਿਉ ਭੂਮ ਮੈ ਝੂਮਿ ਗਿਰੇ ਗਿਰ ਭਾਰੇ ॥੧੩੫॥

ਉਥੇ ਹਾਥੀ ਇਸ ਤਰ੍ਹਾਂ ਡਿਗੇ ਪਏ ਸਨ ਜਿਸ ਤਰ੍ਹਾਂ ਧਰਤੀ ਦੇ ਹਿਲਣ ਨਾਲ ਵਡੇ ਵਡੇ ਪਰਬਤ ਡਿਗੇ ਹੋਏ ਹਨ ॥੧੩੫॥

ਦੋਹਰਾ ॥

ਦੋਹਰਾ:

ਰਕਤ ਬੀਜ ਕੀ ਚਮੂੰ ਸਭ ਭਾਗੀ ਕਰਿ ਤਿਹ ਤ੍ਰਾਸ ॥

ਰਕਤ-ਬੀਜ ਦੀ ਸਾਰੀ ਫ਼ੌਜ ਉਸ (ਚੰਡੀ ਦੇ) ਡਰ ਕਾਰਨ ਭਜ ਗਈ।

ਕਹਿਓ ਦੈਤ ਪੁਨਿ ਘੇਰ ਕੈ ਕਰੋ ਚੰਡਿ ਕੋ ਨਾਸ ॥੧੩੬॥

ਦੈਂਤ ਨੇ ਫਿਰ (ਫ਼ੌਜ ਨੂੰ) ਇੱਕਠਾ ਕਰ ਕੇ ਕਿਹਾ ਕਿ ਚੰਡੀ ਨੂੰ ਨਸ਼ਟ ਕਰ ਦਿਓ ॥੧੩੬॥

ਸ੍ਵੈਯਾ ॥

ਸ੍ਵੈਯਾ:

ਕਾਨਨ ਮੈ ਸੁਨਿ ਕੈ ਇਹ ਬਾਤ ਸੁ ਬੀਰ ਫਿਰੇ ਕਰ ਮੈ ਅਸਿ ਲੈ ਲੈ ॥

ਕੰਨਾਂ ਨਾਲ ਇਹ ਗੱਲ ਸੁਣ ਕੇ ਹੱਥਾਂ ਵਿਚ ਤਲਵਾਰਾਂ ਲਈ ਵੀਰ (ਦੈਂਤ) ਮੁੜ ਪਏ

ਚੰਡਿ ਪ੍ਰਚੰਡ ਸੋ ਜੁਧੁ ਕਰਿਓ ਬਲਿ ਕੈ ਅਤ ਹੀ ਮਨ ਕ੍ਰੁਧਤ ਹ੍ਵੈ ਕੈ ॥

ਅਤੇ ਬਹੁਤ ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨਾਲ ਜ਼ੋਰਦਾਰ ਯੁੱਧ ਕੀਤਾ।

ਘਾਉ ਲਗੈ ਤਿਨ ਕੇ ਤਨ ਮੈ ਇਮ ਸ੍ਰਉਣ ਗਿਰਿਓ ਧਰਨੀ ਪਰੁ ਚੁਐ ਕੈ ॥

ਉਨ੍ਹਾਂ ਦੇ ਸ਼ਰੀਰ ਤੇ ਲਗੇ ਜ਼ਖ਼ਮਾਂ ਵਿਚੋਂ ਲਹੂ ਚੋ ਚੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗਦਾ ਹੈ (ਜਿਸ ਤਰ੍ਹਾਂ ਝਰਨਿਆਂ ਵਿਚੋਂ ਜਲ ਡਿਗਦਾ ਹੈ)

ਆਗ ਲਗੇ ਜਿਮੁ ਕਾਨਨ ਮੈ ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਵੈ ਕੈ ॥੧੩੭॥

ਜਿਵੇਂ ਜੰਗਲ ਵਿਚ ਅੱਗ ਲਗਣ ਨਾਲ (ਤਿੜ ਤਿੜ ਦੀ ਆਵਾਜ਼ ਆਉਂਦੀ ਹੈ) ਤਿਵੇਂ ਸ਼ਰੀਰ ਉਤੇ ਤੀਰ ਵਜਣ ਦੀ ਧੁਨੀ ਹੋ ਰਹੀ ਹੈ ॥੧੩੭॥

ਆਇਸ ਪਾਇ ਕੈ ਦਾਨਵ ਕੋ ਦਲ ਚੰਡਿ ਕੇ ਸਾਮੁਹੇ ਆਇ ਅਰਿਓ ਹੈ ॥

(ਰਕਤ-ਬੀਜ ਦੀ) ਆਗਿਆ ਪ੍ਰਾਪਤ ਕਰ ਕੇ ਦੈਂਤਾਂ ਦੀ ਫ਼ੌਜ ਚੰਡੀ ਦੇ ਸਾਹਮਣੇ ਆ ਕੇ ਡਟ ਗਈ।

ਢਾਰ ਅਉ ਸਾਗ ਕ੍ਰਿਪਾਨਨਿ ਲੈ ਕਰ ਮੈ ਬਰ ਬੀਰਨ ਜੁਧ ਕਰਿਓ ਹੈ ॥

ਹੱਥਾਂ ਵਿਚ ਢਾਲਾਂ, ਬਰਛੀਆਂ ਅਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ।

ਫੇਰ ਫਿਰੇ ਨਹਿ ਆਹਵ ਤੇ ਮਨ ਮਹਿ ਤਿਹ ਧੀਰਜ ਗਾਢੋ ਧਰਿਓ ਹੈ ॥

ਉਹ (ਦੈਂਤ) ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿਚ ਦ੍ਰਿੜ੍ਹ ਕਰਕੇ ਜੰਗ ਤੋਂ ਹਟਾਇਆਂ ਵੀ ਨਹੀਂ ਹਟਦੇ ਹਨ।

ਰੋਕ ਲਈ ਚਹੂੰ ਓਰ ਤੇ ਚੰਡਿ ਸੁ ਭਾਨ ਮਨੋ ਪਰਬੇਖ ਪਰਿਓ ਹੈ ॥੧੩੮॥

(ਉਨ੍ਹਾਂ ਨੇ) ਚੰਡੀ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ ਪਰਿਵੇਖ (ਚਾਨਣ ਦਾ ਘੇਰਾ) ਪਿਆ ਹੋਇਆ ਹੋਵੇ ॥੧੩੮॥

ਕੋਪ ਕੈ ਚੰਡਿ ਪ੍ਰਚੰਡ ਕੁਵੰਡ ਮਹਾ ਬਲ ਕੈ ਬਲਵੰਡ ਸੰਭਾਰਿਓ ॥

ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹ ਧਨੁਸ਼ ਨੂੰ ਧਾਰਨ ਕੀਤਾ

ਦਾਮਿਨਿ ਜਿਉ ਘਨ ਸੇ ਦਲ ਪੈਠਿ ਕੈ ਕੈ ਪੁਰਜੇ ਪੁਰਜੇ ਦਲੁ ਮਾਰਿਓ ॥

ਅਤੇ (ਵੈਰੀ) ਸੈਨਾ ਵਿਚ ਦਾਖਲ ਹੋ ਕੇ (ਉਸ ਨੂੰ) ਪੁਰਜ਼ੇ ਪੁਰਜ਼ੇ ਕਰ ਦਿੱਤਾ ਜਿਵੇਂ ਬਦਲਾਂ ਦੇ ਸਮੂਹ ਵਿਚ ਬਿਜਲੀ (ਚਮਕਦੀ ਹੈ)।

ਬਾਨਨਿ ਸਾਥ ਬਿਦਾਰ ਦਏ ਅਰਿ ਤਾ ਛਬਿ ਕੋ ਕਵਿ ਭਾਉ ਬਿਚਾਰਿਓ ॥

ਵੈਰੀਆਂ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ, ਉਸ ਨਜ਼ਾਰੇ ਲਈ ਕਵੀ ਦੇ ਮਨ ਵਿਚ ਇਹ ਆਇਆ

ਸੂਰਜ ਕੀ ਕਿਰਨੇ ਸਰਮਾਸਹਿ ਰੇਨ ਅਨੇਕ ਤਹਾ ਕਰਿ ਡਾਰਿਓ ॥੧੩੯॥

ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੋਹਰੇ ਦੇ ਜਲ-ਕਣ ਉਡ ਜਾਂਦੇ ਹਨ (ਤਿਵੇਂ ਤੀਰਾਂ ਨੇ ਵੈਰੀਆਂ ਦੇ ਸ਼ਰੀਰਾਂ ਦੇ ਤੂੰਬੇ ਅਥਵਾ ਚੀਥੜੇ) ਉਡਾ ਦਿੱਤੇ ਹਨ ॥੧੩੯॥

ਚੰਡਿ ਚਮੂੰ ਬਹੁ ਦੈਤਨ ਕੀ ਹਤਿ ਫੇਰਿ ਪ੍ਰਚੰਡ ਕੁਵੰਡ ਸੰਭਾਰਿਓ ॥

ਚੰਡੀ ਨੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਮਾਰ ਕੇ ਫਿਰ ਪ੍ਰਚੰਡ ਧਨੁਸ਼ ਨੂੰ ਧਾਰਨ ਕੀਤਾ।

ਬਾਨਨ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾ ਭਭਕਾਰਿਓ ॥

ਬਾਣਾਂ ਨਾਲ (ਵੈਰੀ ਦੀ) ਸੈਨਾ ਪਾੜ ਦਿੱਤੀ ਅਤੇ ਬਲਵਾਨ ਸ਼ੇਰ ਵੀ ਜ਼ੋਰ ਨਾਲ ਦਹਾੜ੍ਹਿਆ।

ਮਾਰ ਦਏ ਸਿਰਦਾਰ ਬਡੇ ਧਰਿ ਸ੍ਰਉਣ ਬਹਾਇ ਬਡੋ ਰਨ ਪਾਰਿਓ ॥

ਵਡੇ ਵਡੇ (ਸੈਨਿਕ) ਸਰਦਾਰ ਮਾਰ ਦਿੱਤੇ ਅਤੇ ਧਰਤੀ ਉਤੇ ਲਹੂ ਵਹਾ ਕੇ ਤਕੜਾ ਯੁੱਧ ਕੀਤਾ।

ਏਕ ਕੇ ਸੀਸ ਦਇਓ ਧਨੁ ਯੌ ਜਨੁ ਕੋਪ ਕੈ ਗਾਜ ਨੇ ਮੰਡਪ ਮਾਰਿਓ ॥੧੪੦॥

ਇਕ (ਦੈਂਤ) ਦੇ ਸਿਰ ਉਤੇ ਇਸ ਤਰ੍ਹਾਂ ਧਨੁਸ਼ ਮਾਰਿਆ ਮਾਨੋ ਬਿਜਲੀ ਨੇ ਕ੍ਰੋਧ ਕਰ ਕੇ ਮਹੱਲ ਢਾਹ ਦਿੱਤਾ ਹੋਵੇ ॥੧੪੦॥

ਦੋਹਰਾ ॥

ਦੋਹਰਾ:

ਚੰਡਿ ਚਮੂੰ ਸਭ ਦੈਤ ਕੀ ਐਸੇ ਦਈ ਸੰਘਾਰਿ ॥

ਦੈਂਤ ਦੀ ਸਾਰੀ ਫ਼ੌਜ ਨੂੰ ਚੰਡੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ

ਪਉਨ ਪੂਤ ਜਿਉ ਲੰਕ ਕੋ ਡਾਰਿਓ ਬਾਗ ਉਖਾਰਿ ॥੧੪੧॥

ਜਿਸ ਤਰ੍ਹਾਂ ਹਨੂਮਾਨ ('ਪਉਨ-ਪੂਤ') ਨੇ ਲੰਕਾ ਦਾ ਬਾਗ ਪੁਟ ਸੁਟਿਆ ਸੀ ॥੧੪੧॥

ਸ੍ਵੈਯਾ ॥

ਸ੍ਵੈਯਾ:

ਗਾਜ ਕੈ ਚੰਡਿ ਮਹਾਬਲਿ ਮੇਘ ਸੀ ਬੂੰਦਨ ਜਿਉ ਅਰਿ ਪੈ ਸਰ ਡਾਰੇ ॥

ਬਲਵਾਨ ਚੰਡੀ ਨੇ ਬਦਲ ਵਾਂਗ ਗੱਜ ਕੇ ਤੀਰਾਂ ਨੂੰ ਬੂੰਦਾਂ ਵਾਂਗ ਵੈਰੀ ਉਤੇ ਸੁਟਿਆ।

ਦਾਮਿਨਿ ਸੋ ਖਗ ਲੈ ਕਰਿ ਮੈ ਬਹੁ ਬੀਰ ਅਧੰ ਧਰ ਕੈ ਧਰਿ ਮਾਰੇ ॥

ਬਿਜਲੀ ਵਰਗੀ ਤਲਵਾਰ ਹੱਥ ਵਿਚ ਲੈ ਕੇ ਬਹੁਤ ਸੂਰਮਿਆਂ ਦੇ ਅੱਧੇ ਅੱਧੇ ਟੁਕੜੇ ਕਰ ਕੇ ਧਰਤੀ ਉਤੇ ਸੁਟ ਦਿੱਤੇ।

ਘਾਇਲ ਘੂਮ ਪਰੇ ਤਿਹ ਇਉ ਉਪਮਾ ਮਨ ਮੈ ਕਵਿ ਯੌ ਅਨੁਸਾਰੇ ॥

ਜਖ਼ਮੀ ਭੁਆਟੜੀ ਖਾ ਕੇ ਉਥੇ ਇਸ ਤਰ੍ਹਾਂ ਡਿਗੇ ਹੋਏ ਹਨ, (ਉਨ੍ਹਾਂ ਉਤੇ) ਕਵੀ ਮਨ ਵਿਚ ਇੰਜ ਉਪਮਾ ਢੁਕਾਉਂਦਾ ਹੈ,

ਸ੍ਰਉਨ ਪ੍ਰਵਾਹ ਮਨੋ ਸਰਤਾ ਤਿਹ ਮਧਿ ਧਸੀ ਕਰਿ ਲੋਥ ਕਰਾਰੇ ॥੧੪੨॥

ਮਾਨੋ ਲਹੂ ਦਾ ਪ੍ਰਵਾਹ ਨਦੀ ਹੋਵੇ ਅਤੇ ਉਸ ਵਿਚ ਧਸੀਆਂ ਲੋਥਾਂ ਕੰਢੇ ਹੋਣ ॥੧੪੨॥

ਐਸੇ ਪਰੇ ਧਰਨੀ ਪਰ ਬੀਰ ਸੁ ਕੈ ਕੈ ਦੁਖੰਡ ਜੁ ਚੰਡਿਹਿ ਡਾਰੇ ॥

ਇਸ ਤਰ੍ਹਾਂ ਚੰਡੀ ਦੁਆਰਾ ਦੋ ਦੋ ਟੁਕੜੇ ਕੀਤੇ ਸੂਰਵੀਰ ਧਰਤੀ ਉਤੇ ਪਏ ਹਨ।

ਲੋਥਨ ਉਪਰ ਲੋਥ ਗਿਰੀ ਬਹਿ ਸ੍ਰਉਣ ਚਲਿਓ ਜਨੁ ਕੋਟ ਪਨਾਰੇ ॥

ਲੋਥਾਂ ਉਤੇ ਲੋਥ ਡਿਗੀ ਹੋਈ ਹੈ, ਲਹੂ ਇਸ ਤਰ੍ਹਾਂ ਵਗ ਰਿਹਾ ਹੈ ਮਾਨੋ ਕਰੋੜਾਂ ਪਰਨਾਲੇ ਵਗ ਰਹੇ ਹੋਣ।

ਲੈ ਕਰਿ ਬਿਯਾਲ ਸੋ ਬਿਯਾਲ ਬਜਾਵਤ ਸੋ ਉਪਮਾ ਕਵਿ ਯੌ ਮਨਿ ਧਾਰੇ ॥

(ਭੂਤ-ਗਣ) ਹੱਥ ਵਿਚ ਹਾਥੀ ਨੂੰ ਲੈ ਕੇ (ਦੂਜੇ) ਹਾਥੀ ਨਾਲ ਟਕਰਾਉਂਦੇ ਹਨ, ਉਸ ਦ੍ਰਿਸ਼ ਦੀ ਉਪਮਾ ਕਵੀ ਦੇ ਮਨ ਵਿਚ ਇਸ ਪ੍ਰਕਾਰ ਆਈ ਹੈ,

ਮਾਨੋ ਮਹਾ ਪ੍ਰਲਏ ਬਹੇ ਪਉਨ ਸੋ ਆਪਸਿ ਮੈ ਭਿਰ ਹੈ ਗਿਰਿ ਭਾਰੇ ॥੧੪੩॥

ਮਾਨੋ ਮਹਾ ਪਰਲੋ ਵੇਲੇ ਹਵਾ ਦੇ ਚਲਣ ਨਾਲ ਵਡੇ ਵਡੇ ਪਹਾੜ ਆਪਸ ਵਿਚ ਟਕਰਾ ਰਹੇ ਹੋਣ ॥੧੪੩॥

ਲੈ ਕਰ ਮੈ ਅਸਿ ਦਾਰੁਨ ਕਾਮ ਕਰੇ ਰਨ ਮੈ ਅਰਿ ਸੋ ਅਰਿਣੀ ਹੈ ॥

ਹੱਥ ਵਿਚ ਵੈਰੀ ਦੀ ਵੈਰਨ ਤਲਵਾਰ ਨੂੰ ਲਏ ਜਾਣ ਤੇ (ਉਹ) ਯੁੱਧ-ਭੂਮੀ ਵਿਚ ਭਿਆਨਕ ਕੰਮ ਕਰਦੀ ਹੈ।

ਸੂਰ ਹਨੇ ਬਲਿ ਕੈ ਬਲੁਵਾਨ ਸੁ ਸ੍ਰਉਨ ਚਲਿਓ ਬਹਿ ਬੈਤਰਨੀ ਹੈ ॥

ਬਲਵਾਨ ਸੂਰਮਿਆਂ ਨੂੰ ਬਲ-ਪੂਰਵਕ ਮਾਰ ਦਿੱਤਾ ਗਿਆ ਅਤੇ ਲਹੂ ਵੈਤਰਨੀ ਨਦੀ ਹੋ ਕੇ ਵਗਣ ਲਗਿਆ।


Flag Counter