ਉਨ੍ਹਾਂ ਦੇ ਜੋ ਪੁੱਤਰ ਪੋਤਰੇ ਹੋਏ,
ਉਹ ਵੀ ਇਸ ਜਗਤ ਵਿਚ ਰਾਜ ਕਰਦੇ ਰਹੇ ॥੨੫॥
ਕਿਥੋਂ ਤਕ (ਉਨ੍ਹਾਂ ਦੇ ਹਾਲ ਦਾ) ਵਰਣਨ ਕਰ ਕੇ ਸੁਣਾਵਾਂ,
ਉਨ੍ਹਾਂ ਦੇ ਨਾਂਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ।
ਚੌਹਾਂ ਯੁਗਾਂ ਵਿਚ ਜੋ (ਰਾਜੇ ਹੁੰਦੇ) ਆਏ,
ਉਨ੍ਹਾਂ ਦੇ ਨਾਂ ਗਿਣਾਏ ਨਹੀਂ ਜਾ ਸਕਦੇ ॥੨੬॥
ਜੇ ਹੁਣ ਤੇਰੀ ਕ੍ਰਿਪਾ ਨਾਲ ਬਲ ਪ੍ਰਾਪਤ ਕਰਾਂ
(ਤਾਂ ਉਨ੍ਹਾਂ ਦੇ) ਨਾਂ ਯਥਾ-ਬੁੱਧੀ ਆਖ ਸੁਣਾਵਾਂ।
ਕਾਲ ਕੇਤੁ ਅਤੇ ਕਾਲ ਰਾਇ (ਦੇ ਨਾਂ) ਲੈਂਦਾ ਹਾਂ
ਜਿਨ੍ਹਾਂ ਦੇ ਘਰ ਅਣਗਿਣਤ ਪੁੱਤਰ ਪੈਦਾ ਹੋਏ ॥੨੭॥
ਕਾਲ ਕੇਤੁ ਬਹੁਤ ਬਲਵਾਨ ਹੋਇਆ
ਜਿਸ ਨੇ ਕਾਲ ਰਾਇ ਨੂੰ ਨਗਰ ਤੋਂ ਕਢ ਦਿੱਤਾ।
ਉਥੋਂ ਉਹ ਭਜ ਕੇ ਸਨੌਢ ਦੇਸ਼ ਨੂੰ ਚਲਿਆ ਗਿਆ
ਅਤੇ ਉਥੋਂ ਦੀ ਰਾਜ-ਕੁਮਾਰੀ ਨਾਲ (ਉਸ ਦਾ) ਵਿਆਹ ਹੋਇਆ ॥੨੮॥
ਉਸ (ਰਾਜ ਕੁਮਾਰੀ) ਤੋਂ ਘਰ ਵਿਚ ਜੋ ਪੁੱਤਰ ਪੈਦਾ ਹੋਇਆ,
ਉਸ ਦਾ ਨਾਂ ਸੋਢੀ ਰਾਇ ਰਖਿਆ।
ਉਸ ਦਿਨ ਤੋਂ ਸਨੌਢ ਬੰਸ ਚਲਿਆ
(ਜੋ) ਪਰਮ ਪਵਿਤਰ ਪੁਰਸ਼ (ਪਰਮਾਤਮਾ) ਨੇ ਸਾਜਿਆ ਸੀ ॥੨੯॥
ਉਸ (ਸੋਢੀ ਰਾਇ) ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ,
ਉਹ (ਸਭ) ਜਗਤ ਵਿਚ ਸੋਢੀ ਅਖਵਾਏ।
ਜਗਤ ਵਿਚ ਉਹ ਬਹੁਤ ਪ੍ਰਸਿੱਧ ਹੋ ਗਏ
ਅਤੇ ਉਨ੍ਹਾਂ ਦੇ ਘਰ (ਦਿਨੋ ਦਿਨ) ਧਨ ਦਾ ਵਾਧਾ ਹੁੰਦਾ ਰਿਹਾ ॥੩੦॥
(ਉਨ੍ਹਾਂ ਨੇ) ਅਨੇਕ ਤਰ੍ਹਾਂ ਨਾਲ ਰਾਜ ਕੀਤਾ
ਅਤੇ ਦੇਸ਼-ਦੇਸ਼ਾਂਤਰਾਂ ਦੇ ਰਾਜੇ ਜਿੱਤ ਲਏ।
ਜਿਥੇ ਕਿਥੇ ਉਨ੍ਹਾਂ ਨੇ ਧਰਮ ਦਾ ਵਿਸਤਾਰ ਕੀਤਾ
ਅਤੇ ਸਿਰ ਉਤੇ ਛਤ੍ਰ ਝੁਲਵਾਇਆ ॥੩੧॥
(ਉਨ੍ਹਾਂ ਨੇ) ਬਹੁਤ ਵਾਰ ਰਾਜਸੂਯ ਯੱਗ ਕੀਤੇ
ਅਤੇ ਦੇਸ਼ਾਂ ਦੇ ਸੁਆਮੀਆਂ (ਰਾਜਿਆਂ) ਨੂੰ ਜਿੱਤ ਲਿਆ।
(ਉਨ੍ਹਾਂ ਨੇ) ਬਹੁਤ ਵਾਰ ਅਸ਼੍ਵਮੇਧ ਯੱਗ ਵੀ ਕੀਤੇ
ਅਤੇ ਆਪਣੀ ਕੁਲ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ ॥੩੨॥
ਫਿਰ (ਉਨ੍ਹਾਂ ਦੀ) ਬੰਸ ਵਿਚ ਝਗੜਾ ਬਹੁਤ ਵਧ ਗਿਆ
ਜਿਸ ਨੂੰ ਕੋਈ ਵੀ ਭਲਾ ਪੁਰਸ਼ ਮੇਟ ਨਾ ਸਕਿਆ।
ਬਾਂਕੇ ਵੀਰ ਯੋਧਿਆਂ ਦੇ ਸਮੂਹ ਫਿਰਨ ਲਗੇ
ਅਤੇ ਸ਼ਸਤ੍ਰ ਫੜ ਫੜ ਕੇ ਯੁੱਧ-ਭੂਮੀ ਨੂੰ ਤੁਰ ਪਏ ॥੩੩॥
ਧਨ ਅਤੇ ਧਰਤੀ ਦਾ ਪੁਰਾਣਾ ਵੈਰ ਹੈ
ਜਿਨ੍ਹਾਂ ਦਾ ਘੇਰਿਆ ਹੋਇਆ ਸਾਰਾ ਜਗਤ ਮਰ ਰਿਹਾ ਹੈ।
ਮੋਹ ਅਤੇ ਹੰਕਾਰ ਹੀ (ਇਸ) ਝਗੜੇ ਦੇ ਪ੍ਰਸਾਰ (ਦੇ ਕਾਰਨ ਹਨ)
ਅਤੇ ਕਾਮ-ਕ੍ਰੋਧ ਨੇ ਸਾਰਾ ਜਗਤ ਜਿਤ ਲਿਆ ਹੈ ॥੩੪॥
ਦੋਹਰਾ:
ਧਨ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ ਦਾ (ਸਾਰਾ) ਜਗਤ ਗੁਲਾਮ ਹੈ
ਅਤੇ ਜਿਸ ਨੂੰ ਸਾਰੇ ਝਾਕਦੇ ਫਿਰਦੇ ਹਨ ਅਤੇ (ਧਨਵਾਨਾਂ ਦੇ ਘਰਾਂ ਨੂੰ) ਚਲ ਕੇ ਪ੍ਰਨਾਮ ਕਰਦੇ ਹਨ ॥੩੫॥
ਚੌਪਈ:
ਕਾਲ ਦਾ ਕੋਈ ਸ਼ੁਮਾਰ ਨਹੀਂ ਹੈ
ਜਿਸ ਨੇ ਵੈਰ, ਵਿਵਾਦ ਅਤੇ ਹੰਕਾਰ ਨੂੰ ਜਨਮ ਦਿੱਤਾ ਹੈ।
ਲੋਭ ਇਸ ਜਗਤ ਦਾ ਮੂਲ (ਆਧਾਰ) ਬਣ ਗਿਆ ਹੈ
ਜਿਸ ਦੀ ਚਾਹਤ ਕਰਕੇ ਸਭ ਮਰ ਰਹੇ ਹਨ ॥੩੬॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸ਼ੁਭ ਬੰਸ ਬਰਨਨ' ਦੇ ਨਾਂ ਵਾਲਾ ਦੂਜਾ ਅਧਿਆਇ (ਸੰਪੂਰਨ ਹੁੰਦਾ ਹੈ) ਸਭ ਸੁਭ ਹੈ ॥੨॥੧੩੭॥
ਭੁਜੰਗ ਪ੍ਰਯਾਤ ਛੰਦ: