ਸ਼੍ਰੀ ਦਸਮ ਗ੍ਰੰਥ

ਅੰਗ - 51


ਸੁ ਮਾਰਿ ਝਾਰਿ ਤੀਰਿਯੰ ॥

ਤੇ ਤੀਰਾਂ ਦੀ ਮਾਰ ਨਾਲ (ਪਰਪੱਖ ਵਾਲਿਆਂ ਨੂੰ) ਝਾੜ ਦਿੰਦੇ ਹਨ।

ਸਬਦ ਸੰਖ ਬਜਿਯੰ ॥

ਸੰਖ ਦੇ ਵਜਣ ਦੀ ਧੁਨ ਆਉਂਦੀ ਹੈ

ਸੁ ਬੀਰ ਧੀਰ ਸਜਿਯੰ ॥੧੮॥

ਅਤੇ ਸੂਰਮੇ ਧੀਰਜ ਨਾਲ ਸੁਸਜਿਤ ਹੁੰਦੇ ਹਨ ॥੧੮॥

ਰਸਾਵਲ ਛੰਦ ॥

ਰਸਾਵਲ ਛੰਦ:

ਤੁਰੀ ਸੰਖ ਬਾਜੇ ॥

ਬਿਗਲ ਅਤੇ ਸੰਖ ਵਜ ਰਹੇ ਹਨ।

ਮਹਾਬੀਰ ਸਾਜੇ ॥

ਵੱਡੇ ਸੂਰਮੇ ਸਜ ਰਹੇ ਹਨ।

ਨਚੇ ਤੁੰਦ ਤਾਜੀ ॥

ਤੇਜ਼ ਚਾਲ ਵਾਲੇ ਘੋੜੇ ਨਚ ਰਹੇ ਹਨ

ਮਚੇ ਸੂਰ ਗਾਜੀ ॥੧੯॥

ਅਤੇ ਧਰਮ-ਵੀਰ ਸੂਰਮੇ ਮਸਤ ਹੋਏ ਫਿਰ ਰਹੇ ਹਨ ॥੧੯॥

ਝਿਮੀ ਤੇਜ ਤੇਗੰ ॥

ਤੇਜ਼ ਤਲਵਾਰਾਂ ਚਮਕ ਰਹੀਆਂ ਹਨ,

ਮਨੋ ਬਿਜ ਬੇਗੰ ॥

ਮਾਨੋ ਬਿਜਲੀ ਤੇਜ਼ੀ ਨਾਲ ਚਲ ਰਹੀ ਹੋਵੇ।

ਉਠੈ ਨਦ ਨਾਦੰ ॥

ਧੌਂਸਿਆਂ (ਨਦ) ਦੀ ਆਵਾਜ਼ ਆ ਰਹੀ ਹੈ।

ਧੁਨ ਨ੍ਰਿਬਿਖਾਦੰ ॥੨੦॥

ਇਹ ਧੁਨ ਨਿਰੰਤਰ (ਸੁਣਾਈ ਦੇ ਰਹੀ ਹੈ) ॥੨੦॥

ਤੁਟੇ ਖਗ ਖੋਲੰ ॥

(ਕਿਤੇ) ਤਲਵਾਰਾਂ ਅਤੇ ਸਿਰ ਦੇ ਖੋਲ ਟੁੱਟੇ ਪਏ ਹਨ,

ਮੁਖੰ ਮਾਰ ਬੋਲੰ ॥

(ਕਿਤੇ ਸੂਰਮੇ) ਮੂੰਹ ਤੋਂ ਮਾਰੋ-ਮਾਰੋ ਬੋਲ ਰਹੇ ਹਨ।

ਧਕਾ ਧੀਕ ਧਕੰ ॥

ਕਿਤੇ ਧਕਮਧੱਕੀ ਹੋ ਰਹੀ ਹੈ,

ਗਿਰੇ ਹਕ ਬਕੰ ॥੨੧॥

ਕਿਤੇ ਹੱਕੇ-ਬੱਕੇ ਹੋਏ (ਸੂਰਮੇ) ਡਿਗੇ ਹੋਏ ਹਨ ॥੨੧॥

ਦਲੰ ਦੀਹ ਗਾਹੰ ॥

(ਕਿਤੇ) ਵੱਡਿਆਂ ਦਲਾਂ ਨੂੰ ਲਤਾੜਿਆ ਜਾ ਰਿਹਾ ਹੈ,

ਅਧੋ ਅੰਗ ਲਾਹੰ ॥

(ਕਿਤੇ) ਅੱਧੇ ਅੰਗ ਵਢੇ ਜਾ ਰਹੇ ਹਨ,

ਪ੍ਰਯੋਘੰ ਪ੍ਰਹਾਰੰ ॥

(ਕਿਤੇ ਵੀਰ) ਲੋਹੇ ਦੀ ਗਦਾ ਮਾਰਦੇ ਹਨ

ਬਕੈ ਮਾਰ ਮਾਰੰ ॥੨੨॥

ਅਤੇ (ਕਿਤੇ) 'ਮਾਰੋ' 'ਮਾਰੋ' ਕਹਿੰਦੇ ਹਨ ॥੨੨॥

ਨਦੀ ਰਕਤ ਪੂਰੰ ॥

ਲਹੂ ਨਾਲ ਨਦੀ ਭਰ ਗਈ ਹੈ,

ਫਿਰੀ ਗੈਣਿ ਹੂਰੰ ॥

ਆਕਾਸ਼ ਵਿਚ ਹੂਰਾਂ ਵਿਚਰਦੀਆਂ ਹਨ।

ਗਜੇ ਗੈਣਿ ਕਾਲੀ ॥

ਕਾਲੀ ਦੇਵੀ ਆਸਮਾਨ ਵਿਚ ਗਜ ਰਹੀ ਹੈ

ਹਸੀ ਖਪਰਾਲੀ ॥੨੩॥

ਅਤੇ ਖੱਪਰ ਭਰ ਕੇ ਪੀਣ ਵਾਲੀਆਂ (ਕਲਜੋਗਣਾਂ) ਹਸਦੀਆਂ ਹਨ ॥੨੩॥

ਮਹਾ ਸੂਰ ਸੋਹੰ ॥

ਵੱਡੇ ਸੂਰਮੇ ਸੋਭਦੇ ਹਨ,

ਮੰਡੇ ਲੋਹ ਕ੍ਰੋਹੰ ॥

ਜੋ ਜੰਗ ਵਿਚ ਕ੍ਰੋਧ ਨਾਲ ਭੜਕੇ ਹੋਏ ਹਨ।

ਮਹਾ ਗਰਬ ਗਜਿਯੰ ॥

ਵੱਡੇ ਹੰਕਾਰ ਨਾਲ ਗਜਦੇ ਹਨ

ਧੁਣੰ ਮੇਘ ਲਜਿਯੰ ॥੨੪॥

(ਜਿਨ੍ਹਾਂ ਦੀ) ਆਵਾਜ਼ (ਸੁਣ ਕੇ) ਬਦਲ ਵੀ ਸ਼ਰਮਿੰਦਾ ਹੁੰਦਾ ਹੈ ॥੨੪॥

ਛਕੇ ਲੋਹ ਛਕੰ ॥

(ਸੂਰਮੇ) ਸ਼ਸਤ੍ਰਾਂ ਦੀ ਸਾਜ ਸਜਾਵਟ ਨਾਲ ਸੱਜੇ ਹੋਏ ਹਨ

ਮੁਖੰ ਮਾਰ ਬਕੰ ॥

ਅਤੇ ਮੂੰਹ ਤੋਂ 'ਮਾਰੋ' 'ਮਾਰੋ' ਬੋਲਦੇ ਹਨ।

ਮੁਖੰ ਮੁਛ ਬੰਕੰ ॥

(ਸੂਰਮਿਆਂ ਦੇ) ਮੂੰਹ ਉਤੇ ਕੁੰਡਲੀਆਂ ਮੁੱਛਾਂ ਹਨ

ਭਿਰੇ ਛਾਡ ਸੰਕੰ ॥੨੫॥

ਅਤੇ ਨਿਸੰਗ ਹੋ ਕੇ ਲੜ ਰਹੇ ਹਨ ॥੨੫॥

ਹਕੰ ਹਾਕ ਬਾਜੀ ॥

(ਯੋਧਿਆਂ ਨੇ) ਘੋੜਿਆਂ (ਬਾਜੀ) ਨੂੰ ਹਕ ਕੇ

ਘਿਰੀ ਸੈਣ ਸਾਜੀ ॥

ਸੈਨਾ ਨੂੰ ਘੇਰ ਲਿਆ ਹੈ,

ਚਿਰੇ ਚਾਰ ਢੂਕੇ ॥

ਚਿੜ੍ਹੇ ਹੋਏ (ਸੂਰਮੇ) ਚੌਹਾਂ ਪਾਸਿਆਂ ਤੋਂ ਢੁਕ ਰਹੇ ਹਨ

ਮੁਖੰ ਮਾਰ ਕੂਕੇ ॥੨੬॥

ਅਤੇ ਮੂੰਹ ਤੋਂ ਮਾਰੋ-ਮਾਰੋ ਬੋਲ ਰਹੇ ਹਨ ॥੨੬॥

ਰੁਕੇ ਸੂਰ ਸੰਗੰ ॥

ਸਾਂਗਾਂ ਨਾਲ ਸੂਰਮੇ ਅਟਕੇ ਹੋਏ ਹਨ,

ਮਨੋ ਸਿੰਧੁ ਗੰਗੰ ॥

ਮਾਨੋ ਸਮੁੰਦਰ ਨਾਲ ਗੰਗਾ ਮਿਲ ਗਈ ਹੋਵੇ।

ਢਹੇ ਢਾਲ ਢਕੰ ॥

(ਕਈ) ਢਾਲਾਂ ਦੇ ਓਹਲੇ ਲੁਕ ਗਏ ਹਨ

ਕ੍ਰਿਪਾਣ ਕੜਕੰ ॥੨੭॥

ਅਤੇ (ਢਾਲ ਉਤੇ ਵਜਣ ਕਾਰਨ) ਕ੍ਰਿਪਾਨਾਂ ਨੂੰ ਕੜਕਾ ਦਿੰਦੇ ਹਨ ॥੨੭॥

ਹਕੰ ਹਾਕ ਬਾਜੀ ॥

ਘੋੜਿਆਂ ਨੂੰ ਲਲਕਾਰਿਆ ਜਾਂ ਹੱਕਿਆ ਜਾ ਰਿਹਾ ਹੈ,

ਨਚੇ ਤੁੰਦ ਤਾਜੀ ॥

ਉਹ ਤੇਜ਼ ਚਾਲ ਵਾਲੇ ਘੋੜੇ ਨਚਦੇ ਹਨ।

ਰਸੰ ਰੁਦ੍ਰ ਪਾਗੇ ॥

(ਸੂਰਮੇ) ਰੌਦਰ ਰਸ ਵਿਚ ਰੰਗੇ ਹੋਏ ਹਨ

ਭਿਰੇ ਰੋਸ ਜਾਗੇ ॥੨੮॥

ਅਤੇ ਕ੍ਰੋਧਿਤ ਹੋਣ ਤੇ ਲੜ ਰਹੇ ਹਨ ॥੨੮॥

ਗਿਰੇ ਸੁਧ ਸੇਲੰ ॥

ਤਿਖੇ ਨੇਜ਼ਿਆਂ ਨਾਲ (ਸੂਰਮੇ) ਡਿਗੇ ਪਏ ਹਨ

ਭਈ ਰੇਲ ਪੇਲੰ ॥

ਅਤੇ (ਉਨ੍ਹਾਂ ਵਿਚ) ਧਕਮਧੱਕੀ ਹੋ ਰਹੀ ਹੈ।

ਪਲੰਹਾਰ ਨਚੇ ॥

ਮਾਸਾਹਾਰੀ ਜੀਵ ਨਚ ਰਹੇ ਹਨ

ਰਣੰ ਬੀਰ ਮਚੇ ॥੨੯॥

ਅਤੇ ਯੁੱਧ ਵਿਚ ਸੂਰਮੇ ਚਾਉ ਨਾਲ ਜੁਟੇ ਹੋਏ ਹਨ ॥੨੯॥


Flag Counter