ਉਸ ਕੋਲੋਂ ਮਣੀ ਰੂਪ ਧਨ ਖੋਹ ਲਿਆ ਹੈ
ਅਤੇ ਤੁਹਾਡੀ ਇਸਤਰੀ ਨੂੰ ਬਹੁਤ ਦੁਖ ਦਿੱਤਾ ਹੈ ॥੨੦੬੯॥
ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸੁਣ ਲਿਆ,
(ਤਦ) ਹੋਰ ਸਾਰੇ ਕਾਰਜ ਛਡ ਕੇ ਆ ਗਏ।
ਕ੍ਰਿਸ਼ਨ ਦੇ ਆਉਣ (ਦੀ ਸੂਚਨਾ) ਬਰਮਾਕ੍ਰਿਤ ਨੂੰ ਮਿਲ ਗਈ
ਅਤੇ (ਉਸ ਨੇ) ਸਤਿਧੰਨਾ ਨੂੰ ਇਹ ਗੱਲ ਦਸੀ ॥੨੦੭੦॥
ਅੜਿਲ:
ਹੇ ਸਤਿਧੰਨਾ! ਹੁਣ ਗੱਲ ਦਸ, ਮੈਂ ਕੀ ਕਰਾਂ।
ਕਹੇਂ (ਤਾਂ) ਜਾ ਕੇ (ਪੈਰੀ) ਪੈ ਜਾਵਾਂ, ਕਹੇ (ਤਾਂ) ਲੜ ਕੇ ਮਰ ਜਾਵਾਂ।
ਦੋਹਾਂ ਵਿਚ ਇਕ ਗੱਲ ਮੈਨੂੰ ਸਮਝਾ ਕੇ ਕਹਿ।
(ਹੇ ਭਾਈ!) ਕੋਈ ਅਜਿਹਾ ਉਪਾ ਹੈ ਕਿ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਮਾਰ ਦੇਵਾਂ ॥੨੦੭੧॥
ਕ੍ਰਿਤਬਰਮਾ ਦੀ ਗੱਲ ਸੁਣ ਕੇ ਉਸ ਨੇ ਇਸ ਤਰ੍ਹਾਂ ਕਿਹਾ,
ਕ੍ਰਿਸ਼ਨ ਪ੍ਰਚੰਡ ਬਲਵਾਨ ਹੈ, ਜਿਸ ਵੈਰੀ ਨੂੰ ਚਾਹਿਆ (ਉਸ ਨੇ ਮਾਰ ਦਿੱਤਾ ਹੈ)।
ਫਿਰ ਸਾਡੇ ਵਿਚ ਉਸ ਨਾਲ ਜਾ ਕੇ ਲੜਨ ਦਾ ਬਲ ਨਹੀਂ ਹੈ।
(ਹੇ ਭਾਈ!) ਉਸ ਨੇ ਛਿਣਾਂ ਵਿਚ ਕੰਸ ਨੂੰ ਮਾਰ ਕੇ ਸੁਖ ਪਾਇਆ ਹੈ ॥੨੦੭੨॥
ਉਸ ਦੀਆਂ ਗੱਲਾਂ ਸੁਣ ਕੇ (ਬਰਮਾਕ੍ਰਿਤ) ਅਕਰੂਰ ਕੋਲ ਆਇਆ।
ਸ੍ਰੀ ਕ੍ਰਿਸ਼ਨ (ਵਲੋਂ ਪੈਦਾ ਹੋਈ) ਦੁਬਿਧਾ ਦਾ ਭੇਦ ਉਸ ਨੂੰ ਸੁਣਾਇਆ।
ਉਸ ਨੇ ਕਿਹਾ ਹੁਣ ਤੇਰੇ (ਬਚਣ ਦਾ) ਇਹੀ ਉਪਾ ਹੈ।
(ਹੇ ਭਾਈ!) ਕ੍ਰਿਸ਼ਨ ਕੋਲੋਂ ਉਹੀ ਬਚੇਗਾ ਜੋ ਆਪਣੇ ਪ੍ਰਾਣਾਂ ਨੂੰ (ਕਿਸੇ ਪਾਸੇ ਭਜ ਕੇ) ਬਚਾ ਲਵੇਗਾ ॥੨੦੭੩॥
ਸਵੈਯਾ:
ਉਸ ਨੂੰ ਮਣੀ ਦੇ ਕੇ (ਬਰਮਾਕ੍ਰਿਤ) ਉਦਾਸ ਹੋ ਗਿਆ ਅਤੇ ਚਿਤ ਵਿਚ ਇਹ ਵਿਚਾਰਿਆ ਕਿ ਕਿਸ ਪਾਸੇ ਵਲ ਭਜ ਜਾਵਾਂ।
ਮੈਂ ਕ੍ਰਿਸ਼ਨ ਦਾ ਬਹੁਤ ਅਪਰਾਧ ਕੀਤਾ ਹੈ ਅਤੇ ਮਣੀ (ਦੀ ਪ੍ਰਾਪਤੀ) ਲਈ ਸਤ੍ਰਾਜਿਤ ਵਰਗੇ ਬਲਵਾਨ ਨੂੰ ਮਾਰ ਦਿੱਤਾ ਹੈ।
ਉਸੇ ਲਈ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਨੇ ਆਪਣੀ ਸਾਰੀ ਸ਼ਕਤੀ ਸੰਭਾਲ ਲਈ ਹੈ।
ਜੇ ਮੈਂ (ਇਥੇ) ਰਹਿੰਦਾ ਹਾਂ, ਤਾਂ (ਇਹ) ਮਾਰ ਦੇਵੇਗਾ। ਇਸ ਡਰ ਕਰ ਕੇ (ਉਹ) ਉਤਰ ਦਿਸ਼ਾ ਵਲ ਚਲਾ ਗਿਆ ॥੨੦੭੪॥
ਦੋਹਰਾ:
ਸਤਿਧੰਨਾ ਮਣੀ ਨੂੰ ਲੈ ਕੇ ਡਰ ਦਾ ਮਾਰਿਆ ਜਿਥੇ ਭਜ ਕੇ ਗਿਆ ਸੀ,
ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹ ਕੇ ਉਥੇ ਹੀ ਜਾ ਪਹੁੰਚੇ ॥੨੦੭੫॥
ਡਰਦਾ ਮਾਰਿਆ ਵੈਰੀ (ਸਤਿਧੰਨਾ) ਪੈਰ ਪਿਆਦਾ ਹੀ ਭਜੀ ਜਾ ਰਿਹਾ ਸੀ।
ਤਦ ਸ੍ਰੀ ਕ੍ਰਿਸ਼ਨ ਨੇ ਕ੍ਰਿਪਾਨ ਨਾਲ ਉਸ ਨੂੰ ਮਾਰ ਦਿੱਤਾ ॥੨੦੭੬॥
ਉਸ ਨੂੰ ਮਾਰ ਕੇ, (ਉਸ ਦੀ) ਫੋਲਾ ਫਾਲੀ ਕੀਤੀ, ਪਰ ਮਣੀ ਹੱਥ ਨਾ ਲਗੀ।
(ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਇਸ ਤਰ੍ਹਾਂ ਕਿਹਾ ਕਿ ਮਣੀ ਹਥ ਨਹੀਂ ਆਈ ॥੨੦੭੭॥
ਸਵੈਯਾ:
ਬਲਰਾਮ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਸ੍ਰੀ ਕ੍ਰਿਸ਼ਨ ਨੇ ਅਜ ਮੇਰੇ ਕੋਲੋਂ ਮਣੀ ਲੁਕਾ ਲਈ ਹੈ।
ਮਣੀ ਨੂੰ ਅਕਰੂਰ ਲੈ ਕੇ ਬਨਾਰਸ ਚਲਾ ਗਿਆ ਸੀ, ਇਸ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ।
(ਬਲਰਾਮ ਨੇ) ਇਸ ਤਰ੍ਹਾਂ (ਕਹਿ ਕੇ) ਸੁਣਾਇਆ, ਹੇ ਕ੍ਰਿਸ਼ਨ! ਇਕ ਰਾਜਾ ਮੇਰਾ ਸੇਵਕ ਹੈ, ਮੈਂ ਉਸ ਕੋਲ ਚਲਿਆ ਹਾਂ।
ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ (ਉਹ) ਚਲਾ ਗਿਆ, (ਪਰ) ਉਸ ਦੇ ਮਨ ਵਿਚ ਸ੍ਰੀ ਕ੍ਰਿਸ਼ਨ ਵਾਲੀ ਦੁਬਿਧਾ (ਬੈਠੀ ਹੋਈ ਸੀ) ॥੨੦੭੮॥
ਦੋਹਰਾ:
ਜਦ ਬਲਰਾਮ ਉਸ (ਰਾਜੇ) ਕੋਲ ਚਲਾ ਗਿਆ ਤਾਂ ਰਾਜੇ ਨੇ ਸੁਖ ਮਾਣਿਆ
ਅਤੇ ਅਗੋਂ ਦੀ ਆ ਕੇ ਉਸ ਨੂੰ ਆਪਣੇ ਘਰ ਲੈ ਗਿਆ ॥੨੦੭੯॥
ਬਲਰਾਮ ਗਦਾ ਯੁੱਧ ਵਿਚ ਸਭ ਤੋਂ ਚਤੁਰ ਜਾਂ ਪ੍ਰਬੀਨ ਹੈ, ਇਹ ਗੱਲ ਸਾਰਿਆਂ ਤੋਂ ਸੁਣ ਕੇ
ਤਦੋਂ ਦੁਰਯੋਧਨ ਨੇ ਬਲਰਾਮ ਤੋਂ ਆ ਕੇ (ਗਦਾ ਚਲਾਉਣ ਦੀ) ਸਾਰੀ ਵਿਧੀ ਸਿਖ ਲਈ ॥੨੦੮੦॥
ਸਵੈਯਾ:
ਸਤਿਧੰਨਾ ਨੂੰ ਮਾਰ ਕੇ ਜਦ ਸ੍ਰੀ ਕ੍ਰਿਸ਼ਨ ਦੁਆਰਿਕਾ ਦੇ ਅੰਦਰ ਆਇਆ, (ਤਾਂ ਉਸ ਨੇ) ਇਹ ਸੁਣ ਲਿਆ
ਕਿ ਅਕਰੂਰ ਬਨਾਰਸ ਵਿਚ ਬਹੁਤ ਸੋਨਾ ਦਾਨ ਕਰ ਰਿਹਾ ਹੈ।
(ਤਾਂ) ਸ੍ਰੀ ਕ੍ਰਿਸ਼ਨ ਨੇ ਆਪਣੇ ਮਨ ਵਿਚ ਇਹ ਭਾਂਪ ਲਿਆ ਕਿ ਸੂਰਜ ਦੀ ਦਿੱਤੀ ਹੋਈ ਮਣੀ ਉਸੇ ਕੋਲ ਹੈ।
(ਫਿਰ ਤੁਰਤ) ਇਕ ਭਲਾ ਪੁਰਸ਼ ਉਸ ਕੋਲ ਭੇਜ ਕੇ ਉਸ ਨੂੰ ਆਪਣੇ ਪਾਸ ਬੁਲਵਾ ਲਿਆ ॥੨੦੮੧॥
ਜਦ ਉਹ ਸ੍ਰੀ ਕ੍ਰਿਸ਼ਨ ਕੋਲ ਆਇਆ, (ਤਾਂ) ਉਸ ਕੋਲੋਂ (ਕ੍ਰਿਸ਼ਨ ਨੇ) ਮਣੀ ਮੰਗ ਲਈ।
ਜੋ (ਮਣੀ) ਸੂਰਜ ਨੇ ਰੀਝ ਕੇ (ਸਤ੍ਰਾਜਿਤ) ਨੂੰ ਦਿੱਤੀ ਸੀ ਅਤੇ ਜਿਸ ਕਰ ਕੇ ਸਤਿਧੰਨਾ ਦੀ ਦੇਹ ਗਈ ਸੀ।