ਸ਼੍ਰੀ ਦਸਮ ਗ੍ਰੰਥ

ਅੰਗ - 1054


ਬੇਰੀ ਏਕ ਬੈਠਿ ਸੁਖ ਕੀਜੈ ॥

ਇਕ ਬੇੜੀ ਵਿਚ (ਤੁਸੀਂ ਤੇ ਮੈਂ) ਬੈਠ ਕੇ ਸੁਖ ਮੰਨਾਈਏ

ਦੂਜੀ ਨਾਵ ਬੇਸਵਨ ਦੀਜੈ ॥੧੨॥

ਅਤੇ ਦੂਜੀ ਬੇੜੀ ਵੇਸਵਾਵਾਂ ਨੂੰ ਦੇਈਏ ॥੧੨॥

ਹਮ ਤੁਮ ਬੈਠਿ ਨਾਵ ਸੁਖ ਕੈਹੈ ॥

(ਇਕ) ਬੇੜੀ ਵਿਚ ਤੁਸੀਂ ਤੇ ਮੈਂ ਬੈਠ ਕੇ ਸੁਖ ਪ੍ਰਾਪਤ ਕਰੀਏ

ਇਨ ਬੇਸ੍ਵਨ ਤੇ ਗੀਤਿ ਗਵੈਹੈ ॥

ਅਤੇ ਇਨ੍ਹਾਂ ਵੇਸਵਾਵਾਂ ਤੋਂ ਗੀਤ ਗਵਾਈਏ।

ਜੋ ਸੁੰਦਰਿ ਇਨ ਤੇ ਲਖਿ ਲਿਜਿਯਹੁ ॥

ਇਨ੍ਹਾਂ ਵਿਚੋਂ ਜੋ (ਤੁਹਾਨੂੰ) ਸੁੰਦਰ ਲਗੇ,

ਤਾ ਸੌ ਭੋਗ ਰਾਵ ਤੁਮ ਕਿਜਿਯਹੁ ॥੧੩॥

ਉਸ ਨਾਲ ਹੇ ਰਾਉ ਜੀ! ਤੁਸੀਂ ਭੋਗ ਕਰਨਾ ॥੧੩॥

ਸੋ ਸੁਨਿ ਰਾਵ ਅਨੰਦਿਤ ਭਯੋ ॥

ਇਹ ਗੱਲ ਸੁਣ ਕੇ ਰਾਜਾ ਆਨੰਦਿਤ ਹੋਇਆ

ਤ੍ਰਿਯਨ ਸਹਿਤ ਬੇਸ੍ਵਨ ਲੈ ਗਯੋ ॥

ਅਤੇ ਰਾਣੀਆਂ ਸਮੇਤ ਵੇਸਵਾਵਾਂ ਨੂੰ ਉਥੇ ਲੈ ਗਿਆ

ਆਮੂੰ ਜਹਾ ਬਹਿਤ ਨਦ ਭਾਰੋ ॥

ਜਿਥੇ ਆਮੂੰ ਨਾਂ ਦਾ ਵੱਡਾ ਦਰਿਆ ਵਗਦਾ ਸੀ

ਜਨੁ ਬਿਧਿ ਅਸਟਮ ਸਿੰਧੁ ਸਵਾਰੋ ॥੧੪॥

(ਜੋ ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਧਾਤਾ ਨੇ ਅੱਠਵਾਂ ਸਮੁੰਦਰ ਬਣਾਇਆ ਹੋਵੇ ॥੧੪॥

ਨੀਕੀ ਨਾਵ ਰਾਨਿਯਨ ਲਈ ॥

ਚੰਗੀ ਬੇੜੀ ਰਾਣੀ ਨੇ ਆਪ ਰਖ ਲਈ

ਬੇਰੀ ਬੁਰੀ ਬੇਸ੍ਵਨ ਦਈ ॥

ਅਤੇ ਨੁਕਸ ਵਾਲੀ ਬੇੜੀ ਵੇਸਵਾਵਾਂ ਨੂੰ ਦੇ ਦਿੱਤੀ।

ਅਪਨੇ ਰਾਵ ਤੀਰ ਬੈਠਾਰਿਯੋ ॥

ਰਾਜੇ ਨੂੰ ਆਪਣੇ ਕੋਲ ਬਿਠਾ ਲਿਆ।

ਮੂਰਖ ਭੇਦ ਨ ਕਛੂ ਬਿਚਾਰਿਯੋ ॥੧੫॥

(ਉਹ) ਮੂਰਖ ਇਸ ਭੇਦ ਨੂੰ ਨਾ ਸਮਝ ਸਕਿਆ ॥੧੫॥

ਤਬ ਰਾਨੀ ਤਿਨ ਅਤਿ ਧਨੁ ਦੀਨੋ ॥

ਤਦ ਰਾਣੀ ਨੇ ਮਲਾਹਾਂ ('ਬੇਰਿਯਾਰ') ਨੂੰ ਬਹੁਤ ਧਨ ਦੇ ਕੇ

ਬੇਰਿਯਾਰ ਅਪਨੇ ਬਸਿ ਕੀਨੋ ॥

(ਉਨ੍ਹਾਂ) ਮਲਾਹਾਂ ਨੂੰ ਆਪਣੇ ਵਸ ਵਿਚ ਕਰ ਲਿਆ

ਜਹਾ ਬਹਤ ਆਮੂੰ ਨਦ ਭਾਰੋ ॥

(ਅਤੇ ਕਿਹਾ) ਜਿਥੇ ਆਮੂੰ ਨਦੀ ਦਾ (ਤੇਜ਼) ਵਹਾ ਹੋਵੇ,

ਬੇਸ੍ਵਨ ਤਹੀ ਬੋਰਿ ਤੁਮ ਡਾਰੋ ॥੧੬॥

ਵੇਸਵਾਵਾਂ ਨੂੰ ਉਥੇ ਡਬੋ ਦਿਓ ॥੧੬॥

ਅਰਧ ਨਦੀ ਨਵਕਾ ਜਬ ਗਈ ॥

ਜਦ ਨੌਕਾ ਨਦੀ ਦੇ ਅੱਧ ਵਿਚ ਪਹੁੰਚ ਗਈ

ਤਬ ਹੀ ਫੋਰਿ ਮਲਾਹਨ ਦਈ ॥

ਤਾਂ ਮਲਾਹਾਂ ਨੇ ਉਸ ਨੂੰ ਤੋੜ ਦਿੱਤਾ।

ਸਭ ਬੇਸ੍ਵਾ ਡੂਬਨ ਤਬ ਲਾਗੀ ॥

ਤਦ ਸਭ ਵੇਸਵਾਵਾਂ ਡੁਬਣ ਲਗੀਆਂ

ਭਰੂਵਨਿ ਦਸੋ ਦਿਸਨ ਕਹ ਭਾਗੀ ॥੧੭॥

ਤਾਂ ਦਾਸੀਆਂ ('ਭਰੁਵਨਿ' ਭੜੂਈ ਦੀ ਇਸਤਰੀ) ਦਸਾਂ ਦਿਸ਼ਾਵਾਂ ਵਲ ਭਜਣ ਲਗੀਆਂ (ਅਰਥਾਤ ਇਧਰ ਉਧਰ ਭਜਣ ਲਗੀਆਂ) ॥੧੭॥

ਬੇਸ੍ਵਾ ਸਕਲ ਗੁਚਕਿਯਨ ਖਾਹੀ ॥

ਸਾਰੀਆਂ ਵੇਸਵਾਵਾਂ ਗ਼ੋਤੇ ਖਾਣ ਲਗੀਆਂ।

ਠੌਰ ਨ ਰਹੀ ਭਾਜਿ ਜਿਤ ਜਾਹੀ ॥

(ਨੇੜੇ) ਕੋਈ ਥਾਂ ਨਹੀਂ ਸੀ ਜਿਥੇ ਭਜ ਕੇ ਜਾਂਦੀਆਂ।

ਹਾਇ ਹਾਇ ਰਾਨੀ ਤਬ ਕਰਈ ॥

ਤਦ ਰਾਨੀ 'ਹਾਇ ਹਾਇ' ਕਰਨ ਲਗੀ (ਅਤੇ ਕਹਿਣ ਲਗੀ ਕਿ)

ਇਨ ਮੂਏ ਰਾਜਾ ਇਹ ਮਰਈ ॥੧੮॥

ਇਨ੍ਹਾਂ ਦੇ ਮੋਇਆਂ ਇਹ ਰਾਜਾ ਵੀ ਮਰ ਜਾਏਗਾ ॥੧੮॥

ਰਾਵ ਸੁਨਤ ਇਨ ਕਹੈ ਨਿਕਾਰਹੁ ॥

ਰਾਜੇ ਨੂੰ ਸੁਣਾਉਂਦੀ ਹੋਈ ਕਹਿੰਦੀ ਕਿ ਇਨ੍ਹਾਂ ਨੂੰ ਬਚਾਓ

ਸਖਿਯਨ ਕਹਿਯੋ ਬੋਰ ਗਹਿ ਡਾਰਹੁ ॥

ਅਤੇ ਸਖੀਆਂ ਨੂੰ ਕਹਿੰਦੀ ਕਿ ਇਨ੍ਹਾਂ ਨੂੰ ਡਬੋ ਦਿਓ।

ਅਮਿਤ ਮ੍ਰਿਦੰਗ ਬਹਤ ਕਹੂੰ ਜਾਹੀ ॥

ਕਿਤੇ ਬੇਸ਼ੁਮਾਰ ਢੋਲਕੀਆਂ ਰੁੜ੍ਹੀ ਜਾ ਰਹੀਆਂ ਸਨ

ਬੇਸ੍ਵਾ ਕਹੀ ਗੁਚਕਿਯਨ ਖਾਹੀ ॥੧੯॥

ਅਤੇ ਕਿਤੇ ਵੇਸਵਾਵਾਂ ਗ਼ੋਤੇ ਖਾ ਰਹੀਆਂ ਸਨ ॥੧੯॥

ਮੁਰਲੀ ਮੁਰਜ ਤੰਬੂਰਾ ਬਹੈ ॥

ਮੁਰਲੀਆਂ, ਮੁਰਜ ਅਤੇ ਤੰਬੂਰੇ ਵਹਿ ਰਹੇ ਸਨ।

ਭਰੂਆ ਬਹੇ ਜਾਤਿ ਨਹਿ ਕਹੇ ॥

(ਅਨੇਕ) ਭੜੂਏ ਰੁੜ੍ਹ ਰਹੇ ਸਨ, (ਜਿਨ੍ਹਾਂ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਭਰੂਅਨਿ ਕਹੂੰ ਪੁਕਾਰਤ ਜਾਹੀ ॥

ਕਿਤੇ ਭੜੂਇਆਂ ਦੀਆਂ ਇਸਤਰੀਆਂ ਪੁਕਾਰਦੀਆਂ ਜਾ ਰਹੀਆਂ ਸਨ

ਬੇਸ੍ਵਨ ਰਹੀ ਕਛੂ ਸੁਧਿ ਨਾਹੀ ॥੨੦॥

ਅਤੇ ਵੇਸਵਾਵਾਂ ਨੂੰ ਕੋਈ ਸੁੱਧ ਨਹੀਂ ਰਹੀ ਸੀ ॥੨੦॥

ਡੂਬਿ ਡੂਬਿ ਭਰੂਆ ਕਹੂੰ ਮਰੇ ॥

ਕਿਤੇ ਭੜੂਏ ਡੁਬ ਡੁਬ ਕੇ ਮਰ ਗਏ ਸਨ,

ਭਰੂਅਨਿ ਉਦਰ ਨੀਰ ਸੋ ਭਰੇ ॥

ਕਿਤੇ ਭੜੂਇਆਂ ਦੀਆਂ ਇਸਤਰੀਆਂ ਦੇ ਪੇਟ ਪਾਣੀ ਨਾਲ ਭਰ ਗਏ ਸਨ।

ਬੇਸ੍ਵਾ ਏਕ ਜਿਯਤ ਨਹਿ ਬਾਚੀ ॥

ਇਕ ਵੇਸਵਾ ਵੀ ਜੀਉਂਦੀ ਨਹੀਂ ਬਚੀ।

ਐਸੀ ਮਾਰ ਕਿਰੀਚਕ ਮਾਚੀ ॥੨੧॥

ਅਜਿਹੀ ਮਾਰ ਮਚੀ (ਜਿਹੀ ਭੀਮ ਸੈਨ ਨੇ) ਕ੍ਰੀਚਕਾਂ (ਉਤੇ ਕੀਤੀ ਸੀ) ॥੨੧॥

ਗੁਚਕਿ ਖਾਤ ਬੇਸ੍ਵਾ ਜੇ ਗਈ ॥

ਜੇ ਗ਼ੋਤੇ ਖਾਂਦੀ ਕੋਈ ਵੇਸਵਾ (ਬਚ) ਗਈ

ਟੰਗਰਨਿ ਪਕਰਿ ਬੋਰਿ ਸੋਊ ਦਈ ॥

ਤਾਂ ਉਸ ਨੂੰ ਟੰਗੋਂ ਪਕੜ ਕੇ ਡਬੋ ਦਿੱਤਾ ਗਿਆ।

ਹਾਇ ਹਾਇ ਨ੍ਰਿਪ ਠਾਢ ਪੁਕਾਰੈ ॥

ਰਾਜਾ ਖੜੋਤਾ ਹੋਇਆ 'ਹਾਏ-ਹਾਏ' ਕਰਨ ਲਗਾ

ਕੋ ਪਹੁਚੈ ਤਿਨ ਖੈਂਚਿ ਨਿਕਾਰੈ ॥੨੨॥

(ਅਤੇ ਕਹਿਣ ਲਗਾ ਕਿ) ਉਥੇ ਕੋਈ ਪਹੁੰਚੇ ਅਤੇ (ਉਨ੍ਹਾਂ ਨੂੰ) ਖਿਚ ਕੇ ਬਾਹਰ ਕਢੇ ॥੨੨॥

ਜੋ ਬੇਸ੍ਵਾ ਕਾਢਨ ਕਹ ਗਯੋ ॥

ਜੋ ਵੀ ਵੇਸਵਾਵਾਂ ਨੂੰ ਕਢਣ ਲਈ ਗਿਆ,

ਡੂਬਤ ਵਹੂ ਨਦੀ ਮਹਿ ਭਯੋ ॥

ਉਹ ਵੀ ਨਦੀ ਵਿਚ ਡੁਬ ਮੋਇਆ।

ਧਾਰ ਧਾਰ ਭਰੁਅਨਿ ਇਕ ਕਰਹੀ ॥

ਭੜੂਇਆਂ ਦੀਆਂ ਇਸਤਰੀਆਂ (ਨਦੀ ਦੀ) ਧਾਰ ਨਾਲ ਧਾਰ ਹੋ ਗਈਆਂ

ਡੂਬਿ ਡੂਬਿ ਸਰਿਤਾ ਮੋ ਮਰਹੀ ॥੨੩॥

ਅਤੇ ਨਦੀ ਵਿਚ ਡੁਬ ਡੁਬ ਕੇ ਮਰ ਗਈਆਂ ॥੨੩॥

ਕੂਕਿ ਕੂਕਿ ਬੇਸ੍ਵਾ ਸਭ ਹਾਰੀ ॥

ਸਾਰੀਆਂ ਵੇਸਵਾਵਾਂ ਚੀਖ਼ ਪੁਕਾਰ ਕਰ ਕਰ ਕੇ ਹਾਰ ਗਈਆਂ

ਕਿਨਹੀ ਪੁਰਖ ਨ ਐਂਚਿ ਨਿਕਾਰੀ ॥

(ਪਰ) ਕਿਸੇ ਪੁਰਸ਼ ਨੇ ਉਨ੍ਹਾਂ ਨੂੰ ਖਿਚ ਕੇ ਨਾ ਕਢਿਆ।