ਅਤੇ ਤੁਸੀਂ ਬਾਦਸ਼ਾਹ ਨੂੰ ਇਸ ਤਰ੍ਹਾਂ ਕਹੋ ॥੧੮॥
ਤੁਸੀਂ ਮੇਰਾ ਇਕ ਬਸਤ੍ਰ ਲੈ ਲੈਣਾ
ਅਤੇ (ਉਸ ਨੂੰ) ਪਹਿਲੀ ਪਾਲਕੀ ਵਿਚ ਰਖ ਦੇਣਾ।
ਉਸ ਉਤੇ ਭੌਰੇ ਗੂੰਜਦੇ ਜਾਣਗੇ।
(ਇਸ ਦਾ) ਭੇਦ ਅਭੇਦ ਲੋਕੀਂ ਨਹੀਂ ਸਮਝ ਸਕਣਗੇ ॥੧੯॥
ਤਦ ਗੋਰੇ ਅਤੇ ਬਾਦਲ ਨੇ ਉਹੀ ਕੁਝ ਕੀਤਾ
ਜਿਸ ਪ੍ਰਕਾਰ ਪਦਮਨੀ ਨੇ ਸਮਝਾਇਆ ਸੀ।
ਕਿਲ੍ਹੇ ਕੋਲ ਪਹੁੰਚ ਕੇ ਪਾਲਕੀਆਂ ਰਖ ਦਿੱਤੀਆਂ
ਅਤੇ ਪਦਮਨੀ ਦੀ (ਮਿਥਿਆ) ਪਾਲਕੀ ਅਗੇ ਕਰ ਦਿੱਤੀ ॥੨੦॥
ਦੋਹਰਾ:
ਪਦਮਨੀ ਦੇ ਬਸਤ੍ਰਾਂ ਤੇ ਬਹੁਤ ਸਾਰੇ ਭੌਰੇ ਗੁੰਜਾਰ ਕਰਨ ਲਗੇ।
ਸਭ ਲੋਕ (ਉਸ ਨੂੰ) ਪਦਮਨੀ (ਦੀ ਪਾਲਕੀ) ਹੀ ਸਮਝਦੇ ਅਤੇ ਬਸਤ੍ਰ ਬਾਰੇ ਵਿਚਾਰ ਤਕ ਨਾ ਕਰ ਸਕੇ ॥੨੧॥
ਚੌਪਈ:
ਉਸ ਵਿਚ ਇਕ ਲੁਹਾਰ ਬਿਠਾਇਆ ਹੋਇਆ ਸੀ
ਜਿਸ ਨੇ ਪਦਮਨੀ ਦੇ ਬਸਤ੍ਰ ਪਾਏ ਹੋਏ ਸਨ।
ਛੈਣੀ ਅਤੇ ਹਥੌੜਾ ਲੈ ਕੇ
ਉਸ ਲੁਹਾਰ ਦੇ ਹੱਥ ਵਿਚ ਦੇ ਦਿੱਤੇ ਸਨ ॥੨੨॥
ਦਿੱਲੀ ਦੇ ਬਾਦਸ਼ਾਹ (ਅਲਾਉੱਦੀਨ) ਨੂੰ ਦੂਤ ਨੇ ਦਸਿਆ
ਕਿ ਪਦਮਨੀ ਤੁਹਾਡੇ ਘਰ ਆ ਪਹੁੰਚੀ ਹੈ।
(ਉਸ ਨੇ ਕਿਹਾ ਹੈ ਕਿ ਮੈਂ) ਪਹਿਲਾਂ ਰਾਣਾ ਨੂੰ ਮਿਲ ਆਵਾਂ,
ਫਿਰ ਆ ਕੇ ਤੇਰੀ ਸੇਜ ਨੂੰ ਸੁਹਾਵਣਾ ਬਣਾਵਾਂਗੀ ॥੨੩॥
ਇਹ ਕਹਿ ਕੇ ਲੁਹਾਰ ਉਥੇ (ਰਾਜਾ ਰਤਨ ਸੈਨ ਪਾਸ) ਚਲਾ ਗਿਆ
ਅਤੇ ਉਸ ਦੀਆਂ ਬੇੜੀਆਂ ਕਟਣ ਲਗਾ।
ਉਸ ਨੂੰ ਪਹਿਲੀ ਪਾਲਕੀ ਵਿਚ ਬਿਠਾਇਆ।
ਇਸ ਤੋਂ ਉਸ ਨੂੰ (ਦੂਜੀ) ਪਾਲਕੀ (ਵਿਚ) ਪਹੁੰਚਾਇਆ ॥੨੪॥
(ਰਾਣਾ) ਇਕ (ਪਾਲਕੀ) ਤੋਂ ਬਾਦ
ਹੋਰਨਾਂ ਵਿਚੋਂ ਨਿਕਲਦਾ ਹੋਇਆ ਉਥੋਂ ਖਿਸਕ ਗਿਆ।
ਇਸ ਛਲ ਨਾਲ ਉਥੇ (ਆਪਣੇ ਕਿਲ੍ਹੇ ਵਿਚ) ਜਾ ਪਹੁੰਚਿਆ।
ਤਦ ਕਿਲ੍ਹੇ ਵਿਚ ਵਧਾਈ ਦੇ ਨਗਾਰੇ ਵਜਣ ਲਗੇ ॥੨੫॥
ਕਿਲੇ ਉਤੇ ਜਦ ਵਧਾਈ ਦੇ ਨਗਾਰੇ ਵਜਣ ਲਗੇ
ਤਾਂ ਸੂਰਮਿਆਂ ਨੇ ਕ੍ਰਿਪਾਨਾਂ ਕਢ ਲਈਆਂ।
ਜਿਸ ਉਤੇ ਪਹੁੰਚ ਕੇ ਖੜਗ ਦਾ ਵਾਰ ਕੀਤਾ,
ਇਕੋ ਹੀ ਵਾਰ ਨਾਲ ਮਾਰ ਹੀ ਦਿੱਤਾ ॥੨੬॥
ਧਮ ਧਮ ਕਰਦੇ ਵੱਡੇ ਸੂਰਮੇ ਧਰਤੀ ਉਤੇ ਡਿਗ ਰਹੇ ਸਨ,
ਮਾਨੋ ਆਰਿਆਂ ਨਾਲ ਬ੍ਰਿਛ ਕਟ ਕੇ ਸੁਟੇ ਜਾਂਦੇ ਹੋਣ।
ਉਹ ਬਹੁਤ ਰੋਹ ਨਾਲ ਭਰੇ ਹੋਏ ਜੂਝ ਜੂਝ ਕੇ ਮਰ ਰਹੇ ਸਨ
ਅਤੇ ਉਨ੍ਹਾਂ ਨੂੰ ਫਿਰ ਘੋੜਿਆਂ ਉਤੇ ਚੜ੍ਹਿਆ ਹੋਇਆ ਨਹੀਂ ਵੇਖਿਆ ਗਿਆ ਸੀ ॥੨੭॥
ਦੋਹਰਾ:
ਅਲਾਉਦੀਨ ਬਾਦਸ਼ਾਹ ਨੂੰ ਤਦ ਭਜਾ ਦਿੱਤਾ ਗਿਆ
ਅਤੇ ਇਹ ਚਰਿਤ੍ਰ ਵਿਖਾ ਕੇ ਰਾਣਾ ਰਤਨ ਸੈਨ ਕਿਲ੍ਹੇ ਵਿਚ ਪਹੁੰਚ ਗਿਆ ॥੨੮॥
ਖ਼ਜ਼ਾਨਾ ਖੋਲ੍ਹ ਕੇ ਗੋਰਾ ਅਤੇ ਬਾਦਲ ਨੂੰ ਬਹੁਤ ਧਨ ਦਿੱਤਾ ਗਿਆ।
ਉਸ ਦਿਨ ਤੋਂ ਪਦਮਨੀ ਨਾਲ (ਰਾਣੇ ਦੀ) ਪ੍ਰੀਤ ਬਹੁਤ ਵਧ ਗਈ ॥੨੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੯ ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੯॥੩੭੨੭॥ ਚਲਦਾ॥
ਦੋਹਰਾ:
ਤ੍ਰਿਗਤ ਦੇਸ ਦਾ ਦ੍ਰੁਗਤਿ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ
ਜੋ ਦੇਗ ਅਤੇ ਤੇਗ (ਦੇ ਚਲਾਣ) ਵਿਚ ਨਿਪੁਣ ਸੀ ਅਤੇ ਕਾਮ ਦੇਵ ਵਰਗਾ ਸੁੰਦਰ ਸੀ ॥੧॥
ਤੋਟਕ ਛੰਦ:
ਉਸ ਦੀ ਉਡਗਿੰਦ੍ਰ ਪ੍ਰਭਾ ਨਾਂ ਦੀ ਇਕ ਇਸਤਰੀ ਸੀ