ਅਤੇ ਅੱਠ ਟੋਟੇ ਹੋ ਕੇ ਨਿਛਾਵਰ ਹੋ ਗਈ ॥੩॥
ਦੋਹਰਾ:
ਭੈੜੀ ਪ੍ਰੀਤ (ਜੋ ਇਕ ਵਾਰ) ਲਗ ਗਈ, (ਉਹ ਫਿਰ) ਛਡਿਆਂ ਛਡੀ ਨਹੀਂ ਜਾ ਸਕਦੀ।
ਉਹ ਮਸਤ ਹੋ ਗਈ ਮਾਨੋ ਸ਼ਰਾਬ ਪੀਤੀ ਹੋਵੇ ਅਤੇ ਮਨ ਵਿਚ ਮੋਹੀ ਗਈ ॥੪॥
ਚੌਪਈ:
(ਉਸ ਨੇ) ਇਕ ਦਾਸੀ ਉਥੇ (ਯਾਰ ਪਾਸ) ਭੇਜੀ
ਅਤੇ ਜੋ (ਗੱਲ ਉਸ ਦੇ) ਮਨ ਵਿਚ ਸੀ, ਉਸ ਨੂੰ ਦਸ ਦਿੱਤੀ।
ਉਹ ਸਖੀ ਚਲ ਕੇ ਯਾਰ ਪਾਸ ਪਹੁੰਚੀ
ਅਤੇ ਕਈ ਤਰ੍ਹਾਂ ਨਾਲ ਉਸ ਨੂੰ ਸਮਝਾਉਣ ਲਗੀ ॥੫॥
ਅੜਿਲ:
ਤਦ ਉਹ ਸੁੰਦਰ (ਛਬੀਲ ਦਾਸ) ਨੌਜਵਾਨ ਉਥੇ ਚਲ ਕੇ ਆ ਗਿਆ।
(ਉਸ) ਯੁਵਕ ਨਾਲ ਕਈ ਤਰ੍ਹਾਂ ਨਾਲ ਸੰਯੋਗ ਕਰ ਕੇ ਰਾਜ ਕੁਮਾਰੀ ਨੇ ਬਹੁਤ ਸੁਖ ਪ੍ਰਾਪਤ ਕੀਤਾ।
ਉਹ ਪ੍ਰੀਤਮ ਨੂੰ ਭੁਜਾਵਾਂ ਵਿਚ ਲੈ ਕੇ ਬਹੁਤ ਲਿਪਟ ਰਹੀ ਸੀ (ਅਤੇ ਛਬੀਲ ਦਾਸ ਨੇ ਵੀ ਉਸ ਨੂੰ)
ਦ੍ਰਿੜ੍ਹਤਾ ਪੂਰਵਕ ਆਸਣ ਦਿੱਤਾ ਹੋਇਆ ਸੀ ਅਤੇ ਇਧਰ ਉਧਰ ਹਿਲਣ ਨਹੀਂ ਦਿੰਦਾ ਸੀ ॥੬॥
ਦੋਹਰਾ:
(ਉਸ ਦਾ) ਮਿਤਰ ਇਕ ਸੁਘੜ, ਦੂਜਾ ਜਵਾਨ ਅਤੇ ਤੀਜਾ ਸੁੰਦਰ ਸੀ।
ਉਹ ਸਦਾ ਰਾਤ ਦਿਨ ਪਲ ਪਲ ਉਸ ਦੇ ਚਿਤ ਵਿਚ ਵਸਿਆ ਰਹਿੰਦਾ ਸੀ ॥੭॥
ਚੌਪਈ:
ਇਕ ਦਿਨ ਮਿਤਰ ਨੇ ਇਸ ਤਰ੍ਹਾਂ ਕਿਹਾ,
ਤੇਰੇ ਪਿਤਾ ਦੇ ਡਰ ਕਰ ਕੇ (ਮੈਂ) ਬਹੁਤ ਡਰਿਆ ਹੋਇਆ ਹਾਂ।
ਜੇ ਤੇਰੇ ਨਾਲ ਸੰਯੋਗ ਕਰਦਿਆਂ ਰਾਜਾ ਮੈਨੂੰ ਵੇਖ ਲਏ
ਤਾਂ ਪਕੜ ਕੇ ਯਮਲੋਕ ਭੇਜ ਦੇਵੇਗਾ ॥੮॥
ਰਾਜ ਕੁਮਾਰੀ ਨੇ ਹਸ ਕੇ ਕਿਹਾ,
ਤੁਸੀਂ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਜਾਣਦੇ।
ਮੈਂ ਤੈਨੂੰ ਪੁਰਸ਼ ਭੇਸ ਵਿਚ ਸੇਜ ਉਤੇ ਬੁਲਾਵਾਂਗੀ,
ਤਦ ਹੀ ਮੈਂ ਤੇਰੀ ਯਾਰ ਅਖਵਾਵਾਂਗੀ ॥੯॥
ਉਸ (ਯਾਰ) ਨੂੰ ਰੋਮ ਨਾਸ ਕਰਨ ਵਾਲਾ (ਤੇਲ) ਲਗਾਇਆ
ਅਤੇ ਉਸ ਦੀ ਦਾੜ੍ਹੀ ਮੁੱਛਾਂ (ਦੇ ਸਾਰੇ ਵਾਲ) ਸਾਫ਼ ਕਰ ਦਿੱਤੇ।
ਉਸ ਦੇ ਹੱਥ ਵਿਚ ਤੂੰਬੀ ਦੇ ਦਿੱਤੀ
ਅਤੇ ਮਿਤਰ ਦਾ (ਇਕ) ਗਵੈਣ ਵਾਲਾ ਰੂਪ ਕਰ ਦਿੱਤਾ ॥੧੦॥
(ਫਿਰ ਉਸ ਨੂੰ ਉਥੇ) ਬੁਲਵਾ ਲਿਆ, ਜਿਥੇ ਪਿਤਾ ਬੈਠਿਆ ਸੀ।
(ਉਸ ਗਵੈਣ) ਤੋਂ ਚੰਗੇ ਚੰਗੇ ਗੀਤ ਗਵਾਏ।
ਉਸ ਦਾ ਸੰਗੀਤ ਸੁਣ ਕੇ ਰਾਜਾ ਬਹੁਤ ਰੀਝ ਗਿਆ
ਅਤੇ ਉਸ ਗਵੈਣ ਨੂੰ 'ਚੰਗਾ ਚੰਗਾ' ਕਿਹਾ ॥੧੧॥
ਸੰਕਰ ਦੇਈ ਨੇ ਇਸ ਤਰ੍ਹਾਂ ਕਿਹਾ,
ਹੇ ਗਵੈਣ! ਤੂੰ ਮੇਰੀ (ਇਕ) ਗੱਲ ਸੁਣ।
ਤੂੰ ਪੁਰਸ਼ ਦਾ ਭੇਸ ਧਾਰ ਕੇ ਨਿੱਤ ਇਥੇ ਆਇਆ ਕਰ
ਅਤੇ ਇਥੇ ਮਿਠੀ ਧੁਨ ਵਾਲੇ ਗੀਤ ਗਾਇਆ ਕਰ ॥੧੨॥
ਇਹ ਸੁਣ ਕੇ ਉਸ ਨੇ ਪੁਰਸ਼ ਦਾ ਭੇਸ ਧਾਰਨ ਕਰ ਲਿਆ।
(ਇੰਜ ਲਗਦਾ ਸੀ) ਮਾਨੋ ਪੂਰਬ ਦਿਸ਼ਾ ਵਿਚ ਚੰਨ ਚੜ੍ਹਿਆ ਹੋਵੇ।
ਸਾਰੇ ਲੋਕ ਉਸ ਨੂੰ ਇਸਤਰੀ ਸਮਝਦੇ ਸਨ,
ਪਰ ਮੂਰਖ ਇਸਤਰੀ ਚਰਿਤ੍ਰ ਨੂੰ ਨਹੀਂ ਸਮਝਦੇ ਸਨ ॥੧੩॥
ਅੜਿਲ:
(ਉਹ) ਮਿਤਰ ਪੁਰਸ਼ ਦਾ ਭੇਸ ਧਾਰ ਕੇ ਆਉਂਦਾ ਸੀ
ਅਤੇ ਆ ਕੇ ਰਾਜ ਕੁਮਾਰੀ ਨਾਲ ਕਾਮ-ਕ੍ਰੀੜਾ ਕਰਦਾ ਸੀ।
ਉਸ ਨੂੰ ਗਵੈਣ ਸਮਝ ਕੇ ਕੋਈ ਵੀ ਨਹੀਂ ਰੋਕਦਾ ਸੀ।
(ਕੋਈ ਵੀ) ਮੂਰਖ ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝਦਾ ਸੀ ॥੧੪॥
ਦੋਹਰਾ: