ਭੜੂਏ ਆਪਣੀਆਂ ਇਸਤਰੀਆਂ ਸਹਿਤ ਉਥੇ ਹੀ ਰਹੇ (ਭਾਵ ਡੁਬ ਗਏ)।
ਇਕ ਸੌ ਸਠ ਵੇਸਵਾਵਾਂ ਰੁੜ੍ਹ ਗਈਆਂ ॥੨੪॥
ਦੋਹਰਾ:
ਪਾਣੀ ਨਾਲ ਭਿਜ ਕੇ (ਉਨ੍ਹਾਂ ਦੇ) ਜਾਮੇ ਦਸ ਦਸ ਮਣ ਦੇ ਹੋ ਗਏ ਅਤੇ ਛੇ ਛੇ ਮਣ ਦੀਆਂ ਸਲਵਾਰਾਂ ਹੋ ਗਈਆਂ।
ਸਾਰੀਆਂ ਵੇਸਵਾਵਾਂ ਡੁਬ ਮਰੀਆਂ, ਉਨ੍ਹਾਂ ਨੂੰ ਕੋਈ ਵੀ ਬਾਹਰ ਨਾ ਕਢ ਸਕਿਆ ॥੨੫॥
ਚੌਪਈ:
ਤਦ ਰਾਣੀ ਰਾਜੇ ਕੋਲ ਚਲ ਕੇ ਗਈ
ਅਤੇ ਕਈ ਢੰਗਾਂ ਨਾਲ ਸਮਝਾਉਣ ਲਗੀ।
ਹੇ ਪਤੀ ਦੇਵ! ਤੁਸੀਂ ਕੁਝ ਵੀ ਦੁਖ ਨਾ ਮਨਾਓ।
ਇਨ੍ਹਾਂ ਰਾਣੀਆਂ ਨਾਲ ਵਿਹਾਰ ਕਰੋ ॥੨੬॥
(ਮੈਂ ਤੁਹਾਨੂੰ) ਹੋਰ ਵੇਸਵਾਵਾਂ ਬੁਲਾ ਦਿੰਦੀ ਹਾਂ।
ਉਨ੍ਹਾਂ ਨਾਲ ਕਾਮ-ਕ੍ਰੀੜਾ ਕਰਨਾ।
ਜੋ ਤੁਹਾਨੂੰ ਕਰਤਾਰ ਨੇ ਰਖ ਲਿਆ ਹੈ
(ਤਾਂ ਫਿਰ) ਸੁੰਦਰੀਆਂ ਕਈ ਹਜ਼ਾਰ ਹੋਰ ਹੋ ਜਾਣਗੀਆਂ ॥੨੭॥
ਦੋਹਰਾ:
ਮੂਰਖ ਰਾਜਾ ਚੁਪ ਹੋ ਰਿਹਾ ਅਤੇ ਚਰਿਤ੍ਰ ਨੂੰ ਵਿਚਾਰ ਨਾ ਸਕਿਆ।
ਰਾਣੀ ਨੇ ਦਿਨ ਦੀਵੀਂ ਇਕ ਸੌ ਸਠ ਵੇਸਵਾਵਾਂ ਦਾ ਅਖਾੜਾ ਸੰਘਾਰ ਦਿੱਤਾ ॥੨੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੮॥੩੩੩੬॥ ਚਲਦਾ॥
ਚੌਪਈ:
ਬ੍ਰਜ ਦੇਸ਼ ਵਿਚ ਇਕ ਅਹੀਰਨ (ਗੁਜਰੀ) ਰਹਿੰਦੀ ਸੀ।
ਉਸ ਨੂੰ ਸਾਰੇ ਸ਼ਾਹ ਪਰੀ ਕਹਿੰਦੇ ਸਨ।
ਉਸ ਦਾ ਸ਼ਰੀਰ ਬਹੁਤ ਸੁੰਦਰ ਸੀ
ਜਿਸ ਨੂੰ ਵੇਖ ਕੇ ਚੰਦ੍ਰਮਾ ਸ਼ਰਮਿੰਦਾ ਹੁੰਦਾ ਸੀ ॥੧॥
ਉਥੇ ਇਕ ਰੰਗੀ ਰਾਮ ਨਾਂ ਦਾ ਅਹੀਰ ਰਹਿੰਦਾ ਸੀ।
ਉਸ ਇਸਤਰੀ ਦੀ ਉਸ ਨਾਲ ਲਗਨ ਲਗ ਗਈ ਸੀ।
ਜਦ ਉਹ ਆਪਣੇ ਪਤੀ ਨੂੰ ਸੁਤਾ ਹੋਇਆ ਸਮਝਦੀ
ਤਾਂ ਉਸ (ਅਹੀਰ) ਨਾਲ ਪ੍ਰੇਮ-ਕ੍ਰੀੜਾ ਕਰਦੀ ॥੨॥
ਇਕ ਦਿਨ ਉਸ ਦਾ ਪਤੀ ਸੁੱਤਾ ਹੋਇਆ ਸੀ
ਅਤੇ ਬਹੁਤ ਕਾਮ-ਕੇਲ ਕਰ ਕੇ ਦੁਖ ਨੂੰ ਖ਼ਤਮ ਕਰ ਦਿੱਤਾ ਸੀ।
ਰੰਗੀ ਰਾਮ ਵੀ ਉਥੇ ਆ ਗਿਆ,
ਪਰ ਮੌਕਾ ਨਾ ਮਿਲਣ ਕਰ ਕੇ ਘਰ ਨੂੰ ਪਰਤ ਚਲਿਆ ॥੩॥
ਇਸਤਰੀ ਜਾਗਦੀ ਸੀ, (ਉਸ ਨੇ) ਵੇਖ ਲਿਆ
ਅਤੇ ਮਿਤਰ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ।
ਇਕ ਕਾਨਿਆਂ ਦੀ ਖਾਰੀ ਹੁੰਦੀ ਸੀ, (ਉਸ ਨੂੰ) ਖਿਚ ਕੇ ਮੰਗਵਾ ਲਿਆ
ਅਤੇ ਆਪਣੇ ਪਲੰਘ ਦੇ ਨੇੜੇ ਰਖ ਦਿੱਤਾ ॥੪॥
(ਉਸ ਨੇ) ਪ੍ਰਿਯ ਦੇ ਸ਼ਰੀਰ ਨੂੰ ਜਫੀ ਪਾ ਲਈ
ਅਤੇ ਆਪਣਾ ਪੇਡੂ ਖਾਰੀ ਉਤੇ ਧਰ ਦਿੱਤਾ।
ਮਨ ਦੀ ਇੱਛਾ ਅਨੁਸਾਰ ਭੋਗ ਕੀਤਾ।
ਮੂਰਖ ਪਤੀ ('ਨਾਹ') ਨੇ ਭੇਦ ਨਹੀਂ ਪਾਇਆ ॥੫॥
ਅੜਿਲ:
(ਉਸ ਨੇ) ਉਸ ਨਾਲ ਚਿਮਟ ਚਿਮਟ ਕੇ ਬਹੁਤ ਭੋਗ ਕੀਤਾ
ਅਤੇ ਬੁਲ੍ਹ ਚੂਸ ਕੇ ਯਾਰ ਨੂੰ ਵਿਦਾ ਕਰ ਦਿੱਤਾ।
ਮੂਰਖ ਪਤੀ ਸੁੱਤਾ ਰਿਹਾ ਅਤੇ ਕੁਝ ਵੀ ਭੇਦ ਨਾ ਸਮਝ ਸਕਿਆ।
ਇਸ ਨੇ ਖਾਰੀ ਉਤੇ ਧਰ ਕੇ ਕਿਹੋ ਜਿਹਾ ਕਰਮ ਕੀਤਾ ॥੬॥
ਦੋਹਰਾ:
(ਉਸ ਦੀ) ਛਾਤੀ ਤਾਂ ਪਤੀ ਨਾਲ ਲਗੀ ਰਹੀ ਅਤੇ ਯਾਰ ਨਾਲ ਕੇਲ-ਕ੍ਰੀੜਾ ਕਰਨ ਲਈ (ਪੇਡੂ ਖਾਰੀ ਵਲ) ਕਰ ਦਿੱਤਾ।